• Home »
  • ਖਬਰਾਂ
  • » ਰੋਹਿੰਗਯਾ ਮੁੱਦੇ ‘ਤੇ ਭਾਰਤ ‘ਚ ਰੋਹ

ਰੋਹਿੰਗਯਾ ਮੁੱਦੇ ‘ਤੇ ਭਾਰਤ ‘ਚ ਰੋਹ

-ਪੰਜਾਬੀਲੋਕ ਬਿਊਰੋ
ਰੋਹਿੰਗਯਾ ਮੁਸਲਮਾਨਾਂ ਦੇ ਚੱਲ ਰਹੇ ਮਸਲੇ ਨੂੰ ਲੈ ਕੇ ਦਿੱਲੀ ਵਿਖੇ ਹਮਦਰਦ ਲੋਕਾਂ ਵੱਲੋਂ ਮਿਆਂਮਾਰ ਦੇ ਸਫ਼ਾਰਤਖ਼ਾਨੇ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਮੁੱਦੇ ‘ਤੇ ਭਾਰਤ ਸਰਕਾਰ ਸਪੱਸ਼ਟ ਹੈ ਕਿ ਉਹ ਰੋਹਿੰਗਯਾ ਨੂੰ ਦੇਸ਼ ਵਿੱਚ ਨਹੀਂ ਰਹਿਣ ਦੇਵੇਗੀ। ਕੇਂਦਰੀ ਰਾਜ ਮੰਤਰੀ ਹੰਸਰਾਜ ਅਹੀਰ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਵਿਦੇਸ਼ੀਆਂ ਨੂੰ ਇੱਥੇ ਵੱਸਣ ਦਾ ਕੋਈ ਅਧਿਕਾਰ ਨਹੀ ਹੈ।ਸੰਯੁਕਤ ਰਾਸ਼ਟਰ ਵਲੋਂ ਭਾਰਤ ਦੀ ਅਲੋਚਨਾ ਕੀਤੀ ਗਈ ਜਿਸ ‘ਤੇ ਕੇਂਦਰੀ ਰਾਜ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਇਹ ਸਭ ਭਾਰਤ ਦੀ ਰੋਹਿੰਗਯਾ ਮੁਸਲਮਾਨਾਂ ਦੇ ਮੁੱਦੇ ‘ਤੇ ਭਾਰਤ ਦਾ ਅਕਸ ਖਰਾਬ ਕਰਨ ਦੀ ਸੋਚੀ ਸਮਝੀ ਚਾਲ ਹੈ। ਭਾਰਤ ਅਜਿਹੀਆਂ ਅਲੋਚਨਾਵਾਂ ਨੂੰ ਨਜ਼ਰਅੰਦਾਜ਼ ਕਰਦਾ ਹੈ।
ਬਰਮਾ ਵਿੱਚ ਰੋਹਿੰਗਆ ਦੇ ਨਾਲ ਨਾਲ ਹਿੰਦੂਆਂ ਨੂੰ ਵੀ ਤਸ਼ੱਦਦ ਝੱਲਣਾ ਪੈ ਰਿਹਾ ਹੈ, ਜਿਸ ‘ਤੇ ਆਲ ਇੰਡੀਆ ਮਜਲਿਸ ਏ ਮੁਸਲਮੀਨ ਦੇ ਪ੍ਰਮੁੱਖ ਅਸੱਦੂਦੀਨ ਓਵੈਸੀ ਨੇ ਮੋਦੀ ਸਰਕਾਰ ‘ਤੇ ਕਟਾਖਸ਼ ਕੀਤਾ ਹੈ ਕਿ ਪਹਿਲਾਂ ਮੀਆਂਮਾਰ ਵਿੱਚ ਫਸੇ 200 ਹਿੰਦੂ ਪਰਿਵਾਰਾਂ ਨੂੰ ਤਾਂ ਬਚਾਅ ਕੇ ਲੈ ਆਓ, ਜੋ ਜੰਗਲਾਂ ਵੱਲ ਭੱਜਣ ਨੂੰ ਮਜਬੂਰ ਨੇ।
ਇਹ ਵੀ ਖਬਰ ਆ ਰਹੀ ਹੈ ਕਿ ਭਾਰਤ ਵਿੱਚ ਸ਼ਰਨ ਲੈ ਕੇ ਰਹਿ ਰਹੇ ਰੋਹਿੰਗਯਾ ਮੁਸਲਮਾਨਾਂ ਨੇ ਸੁਪਰੀਮ ਕੋਰਟ ਦਾ ਦਰ ਖੜਕਾਇਆ ਹੈ ਤੇ ਅਰਜੀ ਦੇ ਕੇ ਕਿਹਾ ਹੈ ਕਿ ਉਹਨਾਂ ਦਾ ਅੱਤਵਾਦ ਨਾਲ ਕੋਈ ਲੈਣ ਦੇਣ ਨਹੀਂ ਉਹ ਤਾਂ ਦਰ ਦਰ ਦੇ ਧੱਕੇ ਗਰੀਬ ਲੋਕ ਹਨ। ਜੰਮੂ ਵਿੱਚ ਰਹਿ ਰਹੇ 10 ਹਜ਼ਾਰ ਰੋਹਿੰਗਯਾ ਨੇ ਕਿਹਾ ਹੈ ਕਿ ਸਾਲ ਪਹਿਲਾਂ ਪੁਲਿਸ ਨੇ ਹਰ ਜੀਅ ਦੀ ਜਾਂਚ ਪੜਤਾਲ ਕਰਕੇ ਰਿਪੋਰਟ ਦਿੱਤੀ ਸੀ ਕਿ ਕੋਈ ਵੀ ਕਿਸੇ ਅਪਰਾਧਕ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੈ, ਤੇ ਅਸੀਂ ਪੁਲਿਸ ਨੂੰ ਹਰ ਮਾਮਲੇ ਵਿੱਚ ਪੂਰਾ ਸਹਿਯੋਗ ਦਿੰਦੇ ਹਾਂ। ਇਸ ਅਰਜ਼ੀ ‘ਤੇ ਅਗਲੇ ਸੋਮਵਾਰ ਸੁਣਵਾਈ ਹੋਣੀ ਹੈ।
ਇਸ ਦੇ ਨਾਲ ਹੀ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਦੀ ਅਪੀਲ ‘ਤੇ ਵੀ ਸੁਣਵਾਈ ਹੋਣੀ ਹੈ, ਜੋ ਉਹਨਾਂ ਨੇ ਰੋਹਿੰਗਯਾ ਨੂੰ ਮੀਆਂਮਾਰ ਵਾਪਸ ਭੇਜਣ ਦੇ ਮੋਦੀ ਸਰਕਾਰ ਦੇ ਫੈਸਲੇ ਖਿਲਾਫ ਕੀਤੀ ਹੋਈ ਹੈ।