• Home »
  • ਖਬਰਾਂ
  • » ਬਹਿਬਲ ਕਲਾਂ ਕਾਂਡ ਦੀ ਵੀਡੀਓ ਹੋਈ ਨਸ਼ਰ

ਬਹਿਬਲ ਕਲਾਂ ਕਾਂਡ ਦੀ ਵੀਡੀਓ ਹੋਈ ਨਸ਼ਰ

-ਪੰਜਾਬੀਲੋਕ ਬਿਊਰੋ
ਯੂਨਾਈਟਿਡ ਅਕਾਲੀ ਦਲ ਵਲੋਂ ਬਹਿਬਲ ਕਲਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਰੋਸ ਜ਼ਾਹਿਰ ਕਰ ਰਹੀ ਸੰਗਤ ‘ਤੇ ਪੁਲਿਸ ਦੇ ਗੋਲੀ ਕਾਂਡ ਦੀ ਸੀਸੀਟੀਵੀ ਫੁਟੇਜ਼ ਜਾਰੀ ਕੀਤੀ ਗਈ ਹੈ। ਦਲ ਨੇ ਸਾਬਕਾ ਡੀਜੀਪੀ ਤੇ ਪੁਲਿਸ ‘ਤੇ ਬਿਨਾਂ ਵਜਾ ਗੋਲੀ ਚਲਾਉਣ ਅਤੇ ਪੁਲਿਸ ਵਲੋਂ ਖੁਦ ਅੱਗ ਭੜਕਾਉਣ ਦੇ ਇਲਜ਼ਾਮ ਲਾਏ ਹਨ। ਯੂਨਾਈਟਿਡ ਅਕਾਲੀ ਦਲ ਨੇ ਕਿਹਾ ਹੈ ਕਿ ਵੀਡੀਓ ‘ਚ ਚੱਲੀਆਂ ਗੋਲੀਆਂ ਦੇ ਖਾਲੀ ਖੋਲ ਵੀ ਦਿੱਸਦੇ ਹਨ। ਸਬੂਤ ਮਿਟਾਉਣ ਦੇ ਮਕਸਦ ਨਾਲ ਪੁਲਿਸ ਇਨਾਂ ਖੋਲਾਂ ਇਕੱਠੇ ਕਰਦੀ ਵੀ ਦਿਖਾਈ ਦੇ ਰਹੀ ਹੈ। ਸੀਸੀਟੀਵੀ ਵੀਡੀਓ ਦਿਖਾਉਦਿਆਂ ਯੂਨਾਈਟਿਡ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਦੌਰਾਨ ਵੀਡੀਓ ਜਾਰੀ ਕਰਦਿਆਂ ਮੰਗ ਕੀਤੀ ਹੈ ਕਿ ਵੀਡੀਓ ਦੇ ਆਧਾਰ ‘ਤੇ ਤਫਤੀਸ਼ ਕੀਤੀ ਜਾਵੇ ਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਪਾਰਟੀ ਆਗੂ ਗੁਰਦੀਪ ਸਿੰਘ ਨੇ ਕਿਹਾ ਕਿ ਉਨਾਂ ਨੂੰ ਸਿਰਫ ਤਿੰਨ ਦਿਨ ਪਹਿਲਾਂ ਮਿਲੀ ਵੀਡੀਓ ‘ਚ ਸਾਫ ਦਿੱਸਦਾ ਹੈ ਕਿ ਪੁਲਿਸ ਸ਼ਾਂਤ ਬੈਠੇ ਲੋਕਾਂ ‘ਤੇ ਕਿਵੇਂ ਲਾਠੀਚਾਰਜ ਕਰ ਰਹੀ ਹੈ। ਵੀਡੀਓ ‘ਚ ਲਗਾਤਾਰ ਫੋਨ ‘ਤੇ ਗੱਲ ਕਰ ਰਹੇ ਆਈਜੀ ਬਾਰੇ ਤਫਤੀਸ਼ ਕੀਤੀ ਜਾਵੇ ਕਿ ਅਫਸਰ ਨੂੰ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸਨ। ਉਨਾਂ ਇਹ ਵੀ ਇਲਜ਼ਾਮ ਲਾਇਆ ਕਿ ਉਸ ਵੇਲੇ ਦੇ ਸੰਸਦੀ ਸਕੱਤਰ ਤੇ ਅਕਾਲੀ ਆਗੂ ਮਨਤਾਰ ਸਿੰਘ ਬਰਾੜ ਦੇ ਘਰ ਤੜਕੇ ਤਿੰਨ ਵਜੇ ਤੱਕ ਚੱਲੀ ਮੀਟਿੰਗ ‘ਚ ਤਤਕਾਲੀ ਡੀਜੀਪੀ ਵੱਲੋਂ ਡੀਸੀ ਤੇ ਐਸਐਸਪੀ ‘ਤੇ ਗੋਲੀ ਚਲਵਾਉਣ ਲਈ ਦਬਾਅ ਵੀ ਪਾਇਆ ਗਿਆ ਸੀ ਕਿ ਲਿਖ ਕੇ ਦਿਓ ਕਿ ਹਾਲਤ ਵੱਸੋਂ ਬਾਹਰ ਹੈ ਪਰ ਉਸ ਦੌਰਾਨ ਐਸਐਸਪੀ ਤੇ ਡੀਸੀ ਨਹੀਂ ਮੰਨੇ ਸਨ। ਉਨਾਂ ਉਸ ਵੇਲੇ ਅਸਤੀਫਾ ਦੇਣ ਦੀ ਗੱਲ ਵੀ ਕਹੀ ਸੀ।
ਉਨਾਂ ਕਿਹਾ ਕਿ ਉਹ ਇਹ ਸਾਰੇ ਸਬੂਤ ਮੁੱਖ ਮੰਤਰੀ ਤੇ ਜਾਂਚ ਕਰ ਰਹੇ ਕਮਿਸ਼ਨ ਨੂੰ ਦੇ ਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰਨਗੇ।