• Home »
  • ਖਬਰਾਂ
  • » ਕਿਸਾਨੀ ਖੁਦਕੁਸ਼ੀਆਂ ਦੇ ਪ੍ਰੇਸ਼ਾਨ ਕਰਦੇ ਅੰਕੜੇ

ਕਿਸਾਨੀ ਖੁਦਕੁਸ਼ੀਆਂ ਦੇ ਪ੍ਰੇਸ਼ਾਨ ਕਰਦੇ ਅੰਕੜੇ

-ਪੰਜਾਬੀਲੋਕ ਬਿਊਰੋ
ਪੰਜਾਬ ਦੀ ਮਾਲਵਾ ਪੱਟੀ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੇ ਖੇਤਰਾਂ ਵਿੱਚ ਕਰਜ਼ੇ ਮਾਰੇ ਕਿਸਾਨਾਂ ਵਲੋਂ ਵੱਡੀ ਗਿਣਤੀ ਖੁਦਕੁਸ਼ੀਆਂ ਕੀਤੀਆਂ ਗਈਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਦਾਅਵਾ ਹੈ ਕਿ ਜੇਕਰ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਤਾਂ ਕੈਪਟਨ ਸਰਕਾਰ ਦੇ ਕਾਰਜਕਾਲ ਵਿੱਚ ਕਿਸਾਨ ਆਤਮ ਹੱਤਿਆ ਦਾ ਅੰਕੜਾ 2 ਸੌ ਦੇ ਪਾਰ ਹੋਵੇਗਾ। ਭਾਕਿਯੂ ਏਕਤਾ ਉਗਰਾਹਾਂ ਨੇ ਇਕ ਅਪ੍ਰੈਲ ਤੋਂ ਲੈ ਕੇ 7 ਅਗਸਤ ਤੱਕ ਪੰਜਾਬ ਵਿਚ ਆਰਥਿਕ ਤੰਗੀ ਦੇ ਚਲਦਿਆਂ ਕਿਸਾਨਾਂ ਵੱਲੋਂ ਆਤਮ ਹੱਤਿਆ ਕਰਨ ਦੀ ਸੂਚੀ ਜਾਰੀ ਕੀਤੀ ਹੈ। ਸੰਗਰੂਰ ਅਤੇ ਬਰਨਾਲਾ ਦੇ 40 ਤੋਂ ਜ਼ਿਆਦਾ ਕਿਸਾਨਾਂ ਨੇ ਮੌਤ ਨੂੰ ਗਲੇ ਲਾਇਆ ਹੈ। ਇਸ ਤੋਂ ਇਲਾਵਾ ਫਤਿਹਗੜ ਸਾਹਿਬ, ਪਟਿਆਲਾ, ਲੁਧਿਆਣਾ, ਫਰੀਦਕੋਟ, ਮੁਕਤਸਰ, ਫਿਰੋਜ਼ਪੁਰ, ਗੁਰਦਾਸਪੁਰ, ਤਰਨਤਾਰਨ ਆਦਿ ਜ਼ਿਲਿਆਂ ਦੇ ਕਿਸਾਨ ਵੀ ਖੁਦਕੁਸ਼ੀਆਂ ਕਰ ਰਹੇ ਹਨ। ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰ ਵੱਲੋਂ 80 ਕਿਸਾਨਾਂ ਵੱਲੋਂ ਆਤਮ ਹੱਤਿਆ ਕਰਨ ਸੰਬੰਧੀ ਦਾਅਵਾ ਕੀਤਾ ਗਿਆ ਸੀ ਜਦਕਿ ਉਕਤ ਦਾਅਵਾ ਸੱਚਾਈ ਤੋਂ ਕੋਹਾਂ ਦੂਰ ਹੈ। ਪੰਜਾਬ ਵਿਚ ਪਿਛਲੇ ਚਾਰ ਮਹੀਨਿਆਂ ਵਿੱਚ 2 ਸੌ ਤੋਂ ਜਿਆਦਾ ਕਿਸਾਨ ਮੌਤ ਦੇ ਮੂੰਹ ਵਿਚ ਚਲੇ ਗਏ ਹਨ। ਕੁਝ ਮਾਮਲੇ ਤਾਂ ਸਾਹਮਣੇ ਵੀ ਨਹੀਂ ਆਉਂਦੇ ਹਨ। ਉਨਾਂ ਕਿਸਾਨਾਂ ਦੇ ਇਸ ਨਾਜ਼ੁਕ ਹਾਲਤ ਦੇ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੀ ਨੀਤੀਆਂ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਸਰਕਾਰਾਂ ਖੇਤੀ ਨੂੰ ਲਾਭਦਾਇਕ ਧੰਦਾ ਬਨਾਉਣ ਅਤੇ ਕਿਸਾਨਾਂ ਦਾ ਕਰਜ ਮਾਫ ਹੋਵੇ।