• Home »
  • ਖਬਰਾਂ
  • » ਚਿੱਟੀ ਮੱਖੀ ਤੋਂ ਪ੍ਰਭਾਵਿਤ ਨਰਮੇ ਦਾ ਕੈਪਟਨ ਨੇ ਲਿਆ ਜਾਇਜ਼ਾ

ਚਿੱਟੀ ਮੱਖੀ ਤੋਂ ਪ੍ਰਭਾਵਿਤ ਨਰਮੇ ਦਾ ਕੈਪਟਨ ਨੇ ਲਿਆ ਜਾਇਜ਼ਾ

-ਪੰਜਾਬੀਲੋਕ ਬਿਊਰੋ
ਮਾਲਵੇ ਦੇ ਨਰਮਾ ਪੱਟੀ ਇਸ ਵਾਰ ਵੀ ਚਿੱਟੀ ਮੱਖੀ ਦੇ ਕਹਿਰ ਦਾ ਸ਼ਿਕਾਰ ਹੋ ਰਹੀ ਹੈ। ਸੀ ਐਮ ਕੈਪਟਨ ਅਮਰਿੰਦਰ ਸਿੰਘ ਖੁਦ ਪ੍ਰਭਾਵਿਤ ਨਰਮੇ ਦਾ ਜਾਇਜ਼ਾ ਲੈਣ ਪੁੱਜੇ।
ਮਾਨਸਾ ਵਿਖੇ ਪ੍ਰਭਾਵਿਤ ਫਸਲ ਦਾ ਜਾਇਜ਼ਾ ਲੈਣ ਮੌਕੇ ਕਿਸਾਨਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਆਖਿਆ ਕਿ ਨਕਲੀ ਕੀਟਨਾਸ਼ਕਾਂ ਦੀ ਸਪਲਾਈ ਲਈ ਜ਼ਿੰਮੇਵਾਰ ਲੋਕਾਂ ਨੂੰ ਕਿਸੇ ਵੀ ਸੂਰਤ ‘ਚ ਬਖਸ਼ਿਆ ਨਹੀਂ ਜਾਏਗਾ ਅਤੇ ਜੇਕਰ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਵੀ ਅਣਗਹਿਲੀ ਵਰਤਣ ਦਾ ਦੋਸ਼ੀ ਪਾਏ ਗਏ ਤਾਂ ਉਨਾਂ ਨੂੰ ਵੀ ਸਜ਼ਾ ਭੁਗਤਣੀ ਪਵੇਗੀ।  ਕੈਪਟਨ ਨੇ ਕਿਹਾ ਕਿ ਸੋਕੇ ਅਤੇ ਹੁੰਮਸ ਵਿੱਚ ਚਿੱਟੀ ਮੱਖੀ ਦਾ ਫੈਲਾਅ ਹੋਣ ਦੀ ਸਥਿਤੀ ਨਾਲ ਨਜਿੱਠਣ ਵਾਸਤੇ ਢੰਗ ਤਰੀਕੇ ਤਲਾਸ਼ਣ ਲਈ ਬੁੱਧਵਾਰ ਨੂੰ ਮੀਟਿੰਗ ਸੱਦੀ ਗਈ ਹੈ। ਉਨਾਂ ਨੇ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਦੱਸਿਆ ਕਿ ਸਥਿਤੀ ‘ਤੇ ਲਗਾਤਾਰ ਨਿਗਰਾਨੀ ਰੱਖਣ ਲਈ ਮੀਟਿੰਗ ਦੌਰਾਨ ਵਿਆਪਕ ਨਿਗਰਾਨੀ ਯੋਜਨਾ ਨੂੰ ਅੰਤਿਮ ਰੂਪ ਦੇ ਕੇ ਇਸ ਨੂੰ ਲਾਗੂ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਾਹ ‘ਤੇ ਨਾ ਤੁਰਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਐਲਾਨ ਕੀਤੇ ਗਏ ਕਰਜ਼ਾ ਮਾਫੀ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨਾਂ ਨੇ ਕਿਸਾਨਾਂ ਨੂੰ ਮੁੜ ਭਰੋਸਾ ਦਿਵਾਇਆ ਕਿ ਕਾਸ਼ਤ ਦੇ ਚਾਰ ਮਹੀਨਿਆਂ ਦੌਰਾਨ ਉਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਾਈ ਜਾਵੇਗੀ। ਕਿਸਾਨਾਂ ਨੂੰ 33 ਬੀਜਾਂ ਦੀਆਂ ਕਿਸਮਾਂ ਵਿੱਚੋਂ ਸਿਰਫ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਿਫਾਰਸ਼ ਕੀਤੀਆਂ ਕਿਸਮਾਂ ਅਤੇ ਕੀਟਨਾਸ਼ਕਾਂ ਨੂੰ ਖਰੀਦਣ ਦੀ ਅਪੀਲ ਕਰਦੇ ਹੋਏ ਮੁੱਖ ਮੰਤਰੀ ਨੇ ਉਨਾਂ ਨੂੰ ਗੁਜਰਾਤ ਤੋਂ ਸਸਤੇ ਅਤੇ ਬਿਨਾ ਮਾਅਰਕਾ ਵਾਲੇ ਬੀਜ ਨਾ ਖਰੀਦਣ ਲਈ ਆਖਿਆ। ਮੁੱਖ ਮੰਤਰੀ ਨੇ ਕੁਝ ਇਲਾਕਿਆਂ ਵਿੱਚ ਘਟੀਆ ਕਿਸਮ ਦੇ ਬੀਜ ਬੀਜਣ ਦੇ ਨਤੀਜੇ ਵਜੋਂ ਬੀਜਾਂ ਦੇ ਘੱਟ ਜੰਮਣ ‘ਤੇ ਵੀ ਚਿੰਤਾ ਪ੍ਰਗਟ ਕੀਤੀ ਹੈ।  ਮੁੱਖ ਮੰਤਰੀ ਨੇ ਕਿਸਾਨਾਂ ਵੱਲੋਂ ਵਰਤੇ ਜਾ ਰਹੇ ਬੀਜਾਂ ਨੂੰ ਟੈਸਟ ਕਰਨ ਵਾਸਤੇ ਖੇਤੀਬਾੜੀ ਵਿਭਾਗ ਨੂੰ ਆਖਿਆ ਅਤੇ ਵਿਭਾਗ ਨੂੰ ਕਿਹਾ ਕਿ ਉਹ ਯਕੀਨੀ ਬਣਾਏ ਕਿ ਫਸਲ ਦੀ ਕਾਸ਼ਤ ਲਈ ਸਿਰਫ ਖਰੇ ਬੀਜ ਹੀ ਬੀਜੇ ਜਾਣ। ਉਨਾਂ ਨੇ ਪੰਜਾਬ ਤੋਂ ਬਾਹਰੋਂ ਆ ਰਹੇ ਬੀਜਾਂ ਦੇ ਮਾਮਲੇ ਵਿੱਚ ਵੀ ਵਿਭਾਗ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਕਿਉਂਕਿ ਬਹੁਤ ਸਾਰੀਆਂ ਕਿਸਮਾਂ ਦੇ ਜਾਅਲੀ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ। ਪਿੰਡ ਖਿਆਲਾ ਕਲਾਂ ਵਿਖੇ ਮਲਕੀਤ ਸਿੰਘ ਨਾਂ ਦੇ ਕਿਸਾਨ ਦਾ 3.5 ਏਕੜ ਨਰਮਾ ਚਿੱਟੀ ਮੱਖੀ ਦੇ ਕਾਰਨ ਪ੍ਰਭਾਵਿਤ ਹੋਇਆ ਹੈ। ਉਸ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਭਰੋਸਾ ਦਵਾਇਆ ਕਿ ਖੇਤੀਬਾੜੀ ਵਿਭਾਗ ਇਸ ਨੁਕਸਾਨ ਦਾ ਅਨੁਮਾਨ ਲਾਏਗਾ ਅਤੇ ਮੁਆਵਜ਼ੇ ਦੇ ਸਬੰਧ ਵਿੱਚ ਫੈਸਲਾ ਛੇਤੀ ਹੀ ਲਿਆ ਜਾਵੇਗਾ।  ਮੁੱਖ ਮੰਤਰੀ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਚਿੱਟੀ ਮੱਖੀ ਦਾ ਅਸਰ ਨਰਮੇ ਦੀ ਫਸਲ ‘ਤੇ ਘਟਿਆ ਹੈ ਅਤੇ ਇਹ ਅਸਰ ਕੁਝ ਇਲਾਕਿਆਂ ਤੱਕ ਸੀਮਿਤ ਹੈ। ਉਨਾਂ ਦੱਸਿਆ ਕਿ ਮਾਨਸਾ ਵਿੱਚ ਨਰਮੇ ਦੀ ਕੁੱਲ ਬੀਜਾਂਦ ਦਾ ਇਕ ਫੀਸਦੀ ਤੋਂ ਘੱਟ ਹਿੱਸਾ ਪ੍ਰਭਾਵਿਤ ਹੋਇਆ ਹੈ। ਬਠਿੰਡਾ ਵਿਖੇ 1.3 ਫੀਸਦੀ, ਸ੍ਰੀ ਮੁਕਤਸਰ ਸਾਹਿਬ ਵਿਖੇ 2 ਫੀਸਦੀ ਫਸਲ ਪ੍ਰਭਾਵਿਤ ਹੋਈ ਹੈ ਜਦਕਿ ਫਾਜ਼ਿਲਕਾ, ਮੋਗਾ ਅਤੇ ਫਰੀਦਕੋਟ ਵਿੱਚ ਇਸ ਦਾ ਮਾਮੂਲੀ ਪ੍ਰਭਾਵ ਪਿਆ ਹੈ। ਭਾਵੇਂ ਇਸ ਵੇਲੇ ਚਿੱਟੀ ਮੱਖੀ ਦਾ ਅਸਰ ਜ਼ਿਆਦਾ ਮਾਰੂ ਨਹੀਂ ਹੈ ਪਰ ਮੁੱਖ ਮੰਤਰੀ ਨੇ ਖੇਤੀਬਾੜੀ ਵਿਭਾਗ ਤੇ ਸਬੰਧਤ ਅਧਿਕਾਰੀਆਂ ਨੂੰ ਇਸ ਦੇ ਵਧਣ ਤੋਂ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਇਸ ਮੌਕੇ ਮੁੱਖ ਮੰਤਰੀ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਖੇਤੀਬਾੜੀ ਵਿਭਾਗ ਤੇ ਪੰਜਾਬ ਖੇਤੀਬਾੜੀ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।