• Home »
  • ਖਬਰਾਂ
  • » ਗੁੱਤਾਂ ਕੱਟਣ ਦੇ ਸ਼ੱਕ ‘ਚ ਦਿਮਾਗੀ ਬਿਮਾਰ ਮੁਸਲਮ ਨੌਜਵਾਨ ਦੀ ਕੁੱਟਮਾਰ

ਗੁੱਤਾਂ ਕੱਟਣ ਦੇ ਸ਼ੱਕ ‘ਚ ਦਿਮਾਗੀ ਬਿਮਾਰ ਮੁਸਲਮ ਨੌਜਵਾਨ ਦੀ ਕੁੱਟਮਾਰ

-ਪੰਜਾਬੀਲੋਕ ਬਿਊਰੋ
ਮੁਲਕ ਵਿੱਚ ਇਸ ਵਕਤ ਦਹਿਸ਼ਤ ਦਾ ਕਾਰਨ ਬਣਿਆ ਹੋਇਆ ਹੈ ਰਹੱਸਮਈ ਹਾਲਤ ਵਿੱਚ ਕੁੜੀਆਂ ਬੁੜੀਆਂ ਦੀਆਂ ਗੁੱਤਾਂ ਦਾ ਕੱਟਿਆ ਜਾਣਾ। ਪੂਰੇ ਮੁਲਕ ਵਿੱਚ 100 ਤੋਂ ਵੱਧ ਵਾਰਦਾਤਾਂ ਵਾਪਰ ਰਹੀਆਂ ਨੇ ਤੇ ਨਾਲ ਹੀ ਅਫਵਾਹ ਫੈਲ ਰਹੀ ਹੈ ਕਿ ਜੀਹਦੀ ਗੁੱਤ ਕੱਟੀ ਗਈ, ਉਹਦੀ ਤਿੰਨ ਦਿਨਾਂ ਵਿੱਚ ਮੌਤ ਹੋ ਜਾਵੇਗੀ.
ਇਸ ਦਹਿਸ਼ਤੀ ਮਹੌਲ ਦੀ ਭੇਟ ਚੜਨ ਲੱਗੇ ਨੇ ਦਲਿਤ ਤੇ ਮੁਸਲਮਾਨ, ਆਗਰਾ ਕੋਲ ਇਕ ਬਜ਼ੁਰਗ ਦਲਿਤ ਮਹਿਲਾ ਨੂੰ ਲੋਕਾਂ ਨੇ ਗੁੱਤਾਂ ਕੱਟਣ ਵਾਲੇ ਗਰੋਹ ਦੀ ਮੈਂਬਰ ਆਖ ਕੇ ਕੁੱਟ ਕੁੱਟ ਕੇ ਮਾਰ ਦਿੱਤਾ ਸੀ, ਪ੍ਰਸ਼ਾਸਨ ‘ਚ ਕੋਈ ਹਿੱਲ ਜੁੱਲ ਨਹੀਂ ਹੋਈ ਤਾਂ ਹੁਣ ਸੀਕਰੀ ਵਿੱਚ ਇਕ ਮੁਸਲਮ ਗੱਭਰੂ ਨੂੰ ਗੁੱਤਾਂ ਕੱਟਣ ਵਾਲਾ ਕਹਿ ਕੇ ਬੇਰਹਿਮੀ ਨਾਲ ਕੁੱਟਿਆ ਮਾਰਿਆ ਗਿਆ। ਰਾਜਸਥਾਨ ਵਿੱਚ ਵਾਪਰੀ ਇਸ ਘਟਨਾ ਦਾ ਪੀੜਤ ਹਾਫਿਜ਼ ਮੁਹੰਮਦ ਮੁਕੀਮ ਦਿਮਾਗੀ ਬਿਮਾਰ ਦੱਸਿਆ ਜਾ ਰਿਹਾ ਹੈ, ਉਸ ਨੂੰ ਨੂੜ ਕੇ ਭੀੜ ਕੁੱਟਦੀ ਮਾਰਦੀ ਰਹੀ ਤੇ ਇਸ ਦੀ ਵੀਡੀਓ ਵੀ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਗਈ। ਮਾਮਲਾ ਵੀਡੀਓ ਸਮੇਤ ਪੁਲਿਸ ਕੋਲ ਵੀ ਪੁੱਜਿਆ ਹੈ ਪਰ ਕਿਸੇ ਕਾਰਵਾਈ ਦੀ ਖਬਰ ਨਹੀਂ ਹੈ।
ਇਸ ਦੌਰਾਨ ਪੰਜਾਬ ਤੋਂ ਖਬਰ ਆਈ ਹੈ ਕਿ ਇਥੇ ਰਾਤ ਵੇਲੇ ਕੁੜੀਆਂ ਅਤੇ ਔਰਤਾਂ ਦੇ ਵਾਲ ਕੱਟਣ ਦੀਆਂ ਘਟਨਾਵਾਂ ਦੇ ਮਾਮਲੇ ਵਿੱਚ ਕੌਮੀ ਸੇਵਾ ਯੋਜਨਾ ਅਤੇ ਤਰਕਸ਼ੀਲ ਸੁਸਾਇਟੀ ਦੇ ਆਗੂ ਲੋਕਾਂ ਨੂੰ ਵਹਿਮਾਂ-ਭਰਮਾਂ ‘ਚੋਂ ਕੱਢਣ ਲਈ ਸਾਹਮਣੇ ਆਏ ਹਨ ਪਰ ਪੰਜਾਬ ਸਰਕਾਰ ਦੇ ਸਿਵਲ ਅਤੇ ਪੁਲੀਸ ਅਧਿਕਾਰੀਆਂ ਨੇ ਅਜੇ ਘੇਸਲ ਮਾਰ ਰੱਖੀ ਹੈ। ਮਾਨਸਾ ਹਲਕੇ ਵਿੱਚ ਅਗਾਂਹ ਵਧੂ ਵਿਚਾਰਾਂ ਨੂੰ ਪ੍ਰਣਾਈਆਂ ਵਿਦਿਆਰਥਣਾਂ ਨੇ ਸਭ ਤੋਂ ਪਹਿਲਾਂ ਅੰਧ ਵਿਸ਼ਵਾਸ਼ ਦਾ ਸ਼ਿਕਾਰ ਹੋਏ ਲੋਕਾਂ ਦੇ ਹੌਸਲੇ ਵਧਾਉਣ ਦਾ ਉਪਰਾਲਾ ਕੀਤਾ ਹੈ। ਲੜਕੀਆਂ ਵੱਲੋਂ ਘਰ-ਘਰ ਜਾਕੇ, ਜਿਥੇ ਲੋਕਾਂ ਨੂੰ ਸੁਚੇਤ ਤੇ ਜਾਗਰੂਕ ਕੀਤਾ ਗਿਆ, ਉਥੇ ਲੋਕਾਂ ਦੇ ਘਰਾਂ ਦੇ ਬੂਹੇ ਅੱਗਿਓ ੋ ਟੰਗੇ ਨਿੰਮ ਦੇ ਪੱਤੇ ਉਤਰਵਾਏ ਗਏ। ਤਰਕਸ਼ੀਲ ਸੁਸਾਇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਨਵੇਂ ਵਾਲਾਂ ਦੀ ਬਜਾਰ ਵਿੱਚ ਕੀਮਤ ਵਧੇਰੇ ਹੋਣ ਕਰਕੇ ਨਸ਼ੇੜੀ ਲੋਕ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹੋ ਸਕਦੇ ਹਨ ਤੇ ਇਹ ਸ਼ਰਾਰਤ ਵਜੋਂ ਕੀਤੀ ਕਾਰਵਾਈ ਵੀ ਹੋ ਸਕਦੀ ਹੈ।
ਮਾਨਸਿਕ ਰੋਗ ਦੀ ਉਪਜ ਵੀ ਹੋ ਸਕਦਾ ਹੈ। ਤਰਕਸ਼ੀਲਾਂ ਨੇ ਜਿੱਥੇ ਵੀ ਕਿਤੇ ਵਾਲ ਕੱਟੇ ਜਾਣ ਦੀ ਘਟਨਾ ਵਾਪਰਦੀ ਹੈ ਉਹਨਾਂ ਤੱਕ ਪਹੁੰਚ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਘਟਨਾ ਪਿੱਛੇ ਹੈ ਕੌਣ ਇਸ ਦਾ ਪਤਾ ਲਾਇਆ ਜਾ ਸਕੇ, ਹਾਲੇ ਤੱਕ ਕਿਸੇ ਨੇ ਤਰਕਸ਼ੀਲਾਂ ਤੱਕ ਮਾਮਲਾ ਨਹੀਂ ਪੁਚਾਇਆ।