• Home »
  • ਖਬਰਾਂ
  • » ਕੈਪਟਨ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਬੀਜੇਪੀ ਵਰਕਰਾਂ ‘ਤੇ ਵਰੀਆਂ ਜਲ ਤੋਪਾਂ

ਕੈਪਟਨ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਬੀਜੇਪੀ ਵਰਕਰਾਂ ‘ਤੇ ਵਰੀਆਂ ਜਲ ਤੋਪਾਂ

-ਪੰਜਾਬੀਲੋਕ ਬਿਊਰੋ
ਅੱਜ ਚੰਡੀਗੜ ਵਿੱਚ ਕਿਸਾਨੀ ਕਰਜਾ ਮੁਕਤੀ ਦੀ ਮੰਗ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਪੰਜਾਬ ਬੀਜੇਪੀ ਕਿਸਾਨ ਮੋਰਚਾ ਦੇ ਪ੍ਰਦਰਸ਼ਨ ਕਰ ਰਹੇ ਲੀਡਰਾਂ ਤੇ ਵਰਕਰਾਂ ‘ਤੇ ਚੰਡੀਗੜ ਪੁਲਿਸ ਨੇ ਜਲ ਤੋਪਾਂ ਵਰਾਈਆਂ। ਪੁਲਿਸ ਨੇ ਇਨਾਂ ਨੂੰ 25 ਸੈਕਟਰ ਦੇ ਚੌਕ ‘ਚ ਰੋਕਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਇਹ ਨਾ ਰੁਕੇ ਤਾਂ ਪੁਲਿਸ ਨੇ ਵਾਟਰ ਕੈਨਨ ਵਰਾਏ। ਦਰਅਸਲ ਅੱਜ ਪੰਜਾਬ ਭਰ ‘ਚੋਂ ਬੀਜੇਪੀ ਕਿਸਾਨ ਮੋਰਚਾ ਦੇ ਵਰਕਰ ਪੰਜਾਬ ਸਰਕਾਰ ਤੋਂ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਦੀ ਮੰਗ ਨੂੰ ਲੈ ਕੇ ਚੰਡੀਗੜ ਪੁੱਜੇ ਸਨ। ਇਨਾਂ ਨੇ ਬੀਜੇਪੀ ਦਫ਼ਤਰ ਤੋਂ ਮੁੱਖ ਮੰਤਰੀ ਦੀ ਕੋਠੀ ਤੱਕ ਜਾਣਾ ਸੀ। ਇਹ ਮੁੱਖ ਮੰਤਰੀ ਨੂੰ ਕਿਸਾਨਾਂ ਨਾਲ ਜੁੜੀਆਂ ਮੰਗਾਂ ਪ੍ਰਤੀ ਮੈਮੋਰੰਡਮ ਵੀ ਦੇਣਾ ਚਾਹੁੰਦੇ ਸੀ।
ਬੀਜੇਪੀ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਸੁਖਪਾਲ ਨੰਨੂ ਨੇ ਕਿਹਾ ਕਿ ਪ ਕੈਪਟਨ ਸਰਕਾਰ ਨੇ ਕਿਸਾਨ ਕਰਜ਼ਾ ਮੁਕਤੀ ਦੇ ਮਾਮਲੇ ‘ਤੇ ਕਿਸਾਨਾਂ ਨਾਲ ਵਾਅਦਾਖ਼ਿਲਾਫੀ ਕੀਤੀ ਹੈ। ਇਸ ਮਾਮਲੇ ‘ਤੇ ਸਰਕਾਰ ਬਰਖ਼ਾਸਤ ਹੋਣੀ ਚਾਹੀਦੀ ਹੈ। ਅਕਾਲੀ ਦਲ ਤੇ ਬੀਜੇਪੀ ਵੱਲੋਂ ਪੰਜਾਬ ਭਰ ‘ਚ ਡੀ ਸੀਜ਼ ਨੂੰ ਵੀ ਇਸ ਮਾਮਲੇ ‘ਤੇ ਮੈਮੋਰੰਡਮ ਦਿੱਤੇ ਸਨ।
ਓਧਰ ਹਰਿਆਣਾ ਵਿੱਚ ਕਿਸਾਨਾਂ ਨੇ ਹੱਕੀ ਮੰਗਾਂ ਨੂੰ ਲੈ ਕੇ ਸੂਬੇ ਦੀ ਭਾਜਪਾ ਸਰਕਾਰ ਖਿਲਾਫ ਕਿਸਾਨਾਂ ਨੇ ਅੱਧ ਨੰਗੇ ਹੋ ਕੇ ਰੋਸ ਵਿਖਾਵਾ ਕੀਤਾ। ਪੀ ਐਮ ਮੋਦੀ ਦਾ ਪੁਤਲਾ ਵੀ ਫੂਕਿਆ। ਕਰਨਾਲ ਦੇ ਛੋਟੂ ਰਾਮ ਚੌਕ ਵਿੱਚ ਹੋਏ ਇਸ ਵਿਰੋਧ ਪ੍ਰਦਰਸ਼ਨ ਵਿੱਚ ਸੂਬੇ ਭਰ ਤੋਂ ਸੈਂਕੜੇ ਕਿਸਾਨ ਆਏ। ਕਾਸਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ 9 ਅਗਸਤ ਤੋਂ ਲੈ ਕੇ 15 ਅਗਸਤ ਤੱਕ ਪੂਰੇ ਦੇਸ਼ ਵਿੱਚ ਕਿਸਾਨ ਗ੍ਰਿਫਤਾਰੀਆਂ ਦੇਣਗੇ। ਕਿਸਾਨਾਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਭੁਲਾਅ ਦਿੱਤੇ ਹਨ, ਚੋਣਾਂ ਜਿੱਤਣ ਤੋਂ ਪਹਿਲਾਂ ਭਾਜਪਾ ਦੇ ਲੀਡਰ ਵੀ ਕਿਸਾਨਾਂ ਦੇ ਨਾਲ ਇਹੋ ਜਿਹੇ ਪ੍ਰਦਰਸ਼ਨ ਕਰਦੇ ਰਹੇ ਹਨ।