• Home »
  • ਖਬਰਾਂ
  • » ਦੋ ਹੋਰ ਕਿਸਾਨਾਂ ਨੇ ਮੌਤ ਨੂੰ ਗਲ਼ ਲਾਇਆ

ਦੋ ਹੋਰ ਕਿਸਾਨਾਂ ਨੇ ਮੌਤ ਨੂੰ ਗਲ਼ ਲਾਇਆ

-ਪੰਜਾਬੀਲੋਕ ਬਿਊਰੋ
ਕਿਸਾਨੀ ਕਰਜ਼ੇ ਵਲੋਂ ਮਿੱਟੀ ਦੇ ਪੁੱਤਾਂ ਨੂੰ ਨਿਗਲਣਾ ਜਾਰੀ ਹੈ, ਲੰਘੇ ਦਿਨ ਦੋ ਕਿਸਾਨਾਂ ਨੇ ਮੌਤ ਨੂੰ ਗਲ ਲਾ ਲਿਆ। ਸੰਗਰੂਰ ਜ਼ਿਲੇ ਦੇ ਪਿੰਡ ਰਾਮਗੜ ਜਵੰਧਿਆਂ ਵਿਖੇ ਇੱਕ ਕਿਸਾਨ ਵੱਲੋਂ ਕਰਜੇ ਦੇ ਬੋਝ ਦੇ ਚੱਲਦਿਆਂ ਜਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਰਾਮਗੜ ਜਵੰਧਿਆਂ ਦੇ ਕਿਸਾਨ ਗੁਰਮੇਲ ਸਿੰਘ ਉਰਫ ਹੈਪੀ (28) ਇੱਕ ਛੋਟਾ ਕਿਸਾਨ ਸੀ ਜਿਸ ਪਾਸ ਕਰੀਬ 2 ਏਕੜ ਜਮੀਨ ਸੀ ਜਿਸ ਦੀ ਵਾਹੀ ਵੀ ਉਹ ਖੁਦ ਕਰਦਾ ਸੀ ਅਤੇ ਉਸ ਦੇ ਕਮਾਈ ਨਾਲ ਹੀ ਉਸ ਦੇ ਪਰਿਵਾਰ ਦਾ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਹੁੰਦਾ ਸੀ। ਕਿਸਾਨ ਗੁਰਮੇਲ ਸਿੰਘ ਸਿਰ ਆੜਤੀਏ ਅਤੇ ਬੈਂਕ ਦਾ ਕਾਫੀ ਕਰਜਾ ਸੀ. ਜਿਸ ਕਰਕੇ ਅਕਸਰ ਉਹ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਦੇ ਚਲਦਿਆਂ ਗੁਰਮੇਲ ਸਿੰਘ ਹੈਪੀ ਨੇ ਕੋਈ ਜਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਪਿੰਡ ਮਹਿਤਾ ਦੇ ਇੱਕ ਕਿਸਾਨ ਨੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਸਪਰੇਅ ਪੀਕੇ ਅਪਣੀ ਜੀਵਨ ਲੀਲਾ ਖਤਮ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਪਰਵਿੰਦਰ ਸਿੰਘ (27) ਪੁੱਤਰ ਸੇਵਕ ਸਿੰਘ ਕਈ ਦਿਨਾਂ ਤੋਂ ਪ੍ਰੇਸ਼ਾਨ ਰਹਿ ਰਿਹਾ ਸੀ ਕਿਉਂਕਿ ਉਸ ਪਾਸ 7 ਏਕੜ ਜਮੀਨ ਠੇਕੇ ‘ਤੇ ਲੈਕੇ ਵਾਹੀ ਕਰ ਰਿਹਾ ਸੀ ਅਤੇ 7 ਏਕੜ ਜੱਦੀ ਜਾਇਦਾਦ ਸੀ, ਪਿਛਲੇ ਦਿਨੀਂ ਪਈ ਭਾਰੀ ਬਾਰਿਸ਼ ਕਾਰਨ ਉਸ ਦੀ ਝੋਨੇ ਅਤੇ ਨਰਮੇ ਦੀ ਫਸਲ ‘ਚ ਬਾਰਿਸ਼ ਦਾ ਪਾਣੀ ਭਰ ਜਾਣ ਕਾਰਨ ਬਰਬਾਦ ਹੋ ਗਈ, ਠੇਕੇ ਦੇ ਵੀ ਰੁਪੈ ਨਹੀਂ ਮੋੜੇ ਗਏ। ਰਾਤ ਸਮੇਂ ਉਹ ਘਰੋਂ ਖੇਤ ਚਲਾ ਗਿਆ ਅਤੇ ਜਾ ਕੇ ਸਪਰੇਅ ਵਾਲੀ ਦਵਾਈ ਪੀ ਕੇ ਆਤਮਹੱਤਿਆਂ ਕਰ ਲਈ,ਘਟਨਾ ਦਾ ਪਤਾ ਲੱਗਦਿਆਂ ਹੀ ਪਰਿਵਾਰਿਕ ਜੀਆਂ ਅਤੇ ਪਿੰਡ ਨਿਵਾਸੀਆਂ ਨੇ ਬੇਹੋਸ਼ੀ ਦੀ ਹਾਲਤ ‘ਚ ਪ੍ਰਾਈਵੇਟ ਕਲੀਨਿਕ ‘ਚ ਦਾਖਲ ਕਰਵਾਇਆ, ਪਰ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਆਦੇਸ਼ ਹਸਪਤਾਲ ਰੈਫਰ ਕਰ ਦਿੱਤਾ ਗਿਆ,ਪਰ ਰਾਸਤੇ ‘ਚ ਦਮ ਤੋੜ ਗਿਆ। ਮ੍ਰਿਤਕ ਅਪਣੇ ਪਿੱਛੇ ਵਿਧਵਾ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।