• Home »
  • ਖਬਰਾਂ
  • » ਲੁਧਿਆਣਾ ਵਿਖੇ ਪਾਦਰੀ ਦੀ ਹੱਤਿਆ ਮਨੁੱਖਤਾ ਵਿਰੁੱਧ ਅਪਰਾਧ ਕਰਾਰ

ਲੁਧਿਆਣਾ ਵਿਖੇ ਪਾਦਰੀ ਦੀ ਹੱਤਿਆ ਮਨੁੱਖਤਾ ਵਿਰੁੱਧ ਅਪਰਾਧ ਕਰਾਰ

-ਪੰਜਾਬੀਲੋਕ ਬਿਊਰੋ
ਲੁਧਿਆਣਾ ਦੇ ਸਲੇਮ ਟਾਬਰੀ ਦੇ ਪੀਰੂਬੰਦਾ ਇਲਾਕੇ ਵਿੱਚ ਪਾਦਰੀ ਸੁਲਤਾਨ ਮਸੀਹ ਦੀ ਹੱਤਿਆ ਤੋਂ ਬਾਅਦ ਗੁੱਸੇ ਵਿੱਚ ਆਏ ਮਸੀਹ ਭਾਈਚਾਰੇ ਨੇ ਕੌਮੀ ਮਾਰਗ ਨੰਬਰ ਇਕ ਉਤੇ ਜਲੰਧਰ ਬਾਈਪਾਸ ਉਪਰ ਜਾਮ ਲਾ ਦਿੱਤਾ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਪਾਦਰੀ ਸੁਲਤਾਨ ਮਸੀਹ ਦਾ ਗਿਰਜਾਘਰ ਦੇ ਨਾਲ ਹੀ ਘਰ ਹੈ। ਸ਼ਨਿੱਚਰਵਾਰ ਰਾਤੀਂ ਕਰੀਬ ਪੌਣੇ ਨੌਂ ਵਜੇ ਉਹ ਫੋਨ ਸੁਣਦੇ ਹੋਏ ਘਰ ਤੋਂ ਬਾਹਰ ਆ ਗਏ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਨਾਂ ਨੂੰ ਤਿੰਨ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਉਨਾਂ ਦੀ ਮੌਤ ਹੋ ਗਈ। ਗੁੱਸੇ ਵਿੱਚ ਆਏ ਮਸੀਹ ਭਾਈਚਾਰੇ ਨੇ ਜਲੰਧਰ ਬਾਈਪਾਸ ‘ਤੇ ਕੌਮੀ ਮਾਰਗ ਜਾਮ ਕਰ ਦਿੱਤਾ, ਜਿਸ ਕਾਰਨ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਪ੍ਰਦਰਸ਼ਨਕਾਰੀਆਂ ਨੇ ਕਿਸੇ ਵੀ ਵਾਹਨ ਨੂੰ ਨਹੀਂ ਲੰਘਣ ਦਿੱਤਾ। ਪੁਲੀਸ ਨੇ ਥਾਣਾ ਬਸਤੀ ਜੋਧੇਵਾਲ ਕੋਲ ਤੇ ਹੋਟਲ ਅਮਲਤਾਸ ਕੋਲ ਬੈਰੀਕੇਡ ਲਾ ਕੇ ਟਰੈਫਿਕ ਰੋਕ ਦਿੱਤਾ ਤਾਂ ਕਿ ਕਿਸੇ ਵੀ ਵਾਹਨ ਚਾਲਕ ਨੂੰ ਨੁਕਸਾਨ ਨਾ ਹੋਵੇ। ਪ੍ਰਦਰਸ਼ਨ ਕਾਰਨ ਸਾਰੇ ਸ਼ਹਿਰ ਵਿੱਚ ਟਰੈਫਿਕ ਵਿਵਸਥਾ ਗੜਬੜਾ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀ ਕੌਮੀ ਮਾਰਗ ਨਾਲ ਸਰਵਿਸ ਲੇਨ ‘ਤੇ ਵੀ ਇਕੱਠੇ ਹੋ ਗਏ ਸਨ। ਉਹ ਕਿਸੇ ਵੀ ਵਾਹਨ ਨੂੰ ਨਹੀਂ ਲੰਘਣ ਦੇ ਰਹੇ ਸਨ। ਜਦੋਂ ਇਕ ਪੁਲੀਸ ਅਧਿਕਾਰੀ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨਾਂ ਵਿਚਾਲੇ ਤਿੱਖੀ ਬਹਿਸ ਹੋ ਗਈ। ਮੌਕੇ ਉਤੇ ਮੌਜੂਦ ਹੋਰ ਪੁਲੀਸ ਮੁਲਾਜ਼ਮਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਇਆ ਤੇ ਆਪਣੇ ਅਧਿਕਾਰੀਆਂ ਨੂੰ ਉਥੋਂ ਲੈ ਗਏ। ਪ੍ਰਦਰਸ਼ਨ ਦੀ ਸੂਚਨਾ ਮਿਲਦੇ ਹੀ ਕਾਂਗਰਸੀ ਵਿਧਾਇਕ ਸੁਰਿੰਦਰ ਡਾਬਰ, ਭਾਰਤ ਭੂਸ਼ਣ ਆਸ਼ੂ, ਸੰਜੈ ਤਲਵਾੜ, ਕੁਲਦੀਪ ਸਿੰਘ ਵੈਦ, ਭੁਪਿੰਦਰ ਸਿੱਧੂ ਤੇ ਜ਼ਿਲਾ ਕਾਂਗਰਸ ਪ੍ਰਧਾਨ ਗੁਰਪ੍ਰੀਤ ਗੋਗੀ ਮੌਕੇ ਉਤੇ ਪੁੱਜੇ। ਇਸ ਦੌਰਾਨ ਪੁਲੀਸ ਕਮਿਸ਼ਨਰ ਆਰ.ਐਨ. ਢੋਕੇ ਹੋਰ ਪੁਲੀਸ ਅਧਿਕਾਰੀਆਂ ਨਾਲ ਜਲੰਧਰ ਬਾਈਪਾਸ ਪੁੱਜੇ।
ਇਸ ਮਗਰੋਂ ਵਿਧਾਇਕਾਂ ਤੇ ਪੁਲੀਸ ਕਮਿਸ਼ਨਰ ਨੇ ਮਸੀਹ ਭਾਈਚਾਰੇ ਦੇ ਵਫ਼ਦ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਪੁਲੀਸ ਕਮਿਸ਼ਨਰ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਲਦੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਧਰਨਾ ਸਮਾਪਤ ਹੋਇਆ। ਦੂਜੇ ਪਾਸੇ ਪਾਦਰੀ ਸੁਲਤਾਨ ਮਸੀਹ ਦੇ ਭਰਾ ਰਾਜੂ ਮਸੀਹ ਤੇ ਕ੍ਰਿਸ਼ਚਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਐਲਬਰਟ ਦੂਆ ਨੇ ਕਿਹਾ ਕਿ ਜਦੋਂ ਤੱਕ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ, ਉਦੋਂ ਤੱਕ ਲਾਸ਼ ਨੂੰ ਦਫ਼ਨਾਇਆ ਨਹੀਂ ਜਾਵੇਗਾ। ਉਨਾਂ ਕਿਹਾ ਕਿ 11 ਮੈਂਬਰੀ ਕਮੇਟੀ ਬਣਾਈ ਜਾ ਰਹੀ ਹੈ, ਜੋ ਸੰਘਰਸ਼ ਬਾਰੇ ਫੈਸਲਾ ਲਵੇਗੀ।
ਪੁਲੀਸ ਕਮਿਸ਼ਨਰ ਆਰ.ਐਨ. ਢੋਕੇ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਕਾਇਮ ਕਰ ਦਿੱਤੀ ਹੈ। ਇਹ ਟੀਮ ਡਿਪਟੀ ਕਮਿਸ਼ਨਰ ਆਫ਼ ਪੁਲੀਸ ਕਰਾਈਮ ਗਗਨਅਜੀਤ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ ਹੈ। ਇਸ ਵਿੱਚ ਏਡੀਸੀਪੀ 1, ਏਸੀਪੀ ਜਾਂਚ ਤੇ ਥਾਣਾ ਸਲੇਮ ਟਾਬਰੀ ਦੇ ਮੁੱਖ ਅਫ਼ਸਰ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਸੂਬਾ ਸਰਕਾਰ ਨੇ ਪੀੜਤ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਮਾਲੀ ਸਹਾਇਤਾ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।
ਪਾਦਰੀ ਦੀ ਹੱਤਿਆ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਸੁਰੇਸ਼ ਅਰੋੜਾ ਨੂੰ ਨਿਰਦੇਸ਼ ਦਿੱਤਾ ਕਿ ਫਿਰਕੂ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਕਰਨ। ਮੁੱਖ ਮੰਤਰੀ ਨੇ ਪੁਲੀਸ ਅਤੇ ਖ਼ੁਫ਼ੀਆ ਏਜੰਸੀਆਂ ਵਿੱਚ ਆਪਸੀ ਤਾਲਮੇਲ ਯਕੀਨੀ ਬਣਾਉਣ ਵਾਸਤੇ ਵੀ ਕਿਹਾ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਅਗਾਊਂ ਕਦਮ ਚੁੱਕੇ ਜਾ ਸਕਣ। ਉਨਾਂ ਕਿਹਾ ਕਿ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਨੂੰ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਕੀਤਾ ਜਾਵੇਗਾ। ਉਨਾਂ ਡਿਊਟੀ ਵਿੱਚ ਅਣਗਹਿਲੀ ਵਰਤਣ ਵਾਲੇ ਪੁਲੀਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ। ਪਾਦਰੀ ਸੁਲਤਾਨ ਮਸੀਹ ਦੀ ਹੱਤਿਆ ਦੀ ਨਿਖੇਧੀ ਕਰਦਿਆਂ ਉਨਾਂ ਫੀਲਡ ਅਧਿਕਾਰੀਆਂ ਨੂੰ ਮਸੀਹ ਭਾਈਚਾਰੇ ਦੇ ਸਥਾਨਕ ਆਗੂਆਂ ਨਾਲ ਤਾਲਮੇਲ ਬਣਾਉਣ ਅਤੇ ਉਨਾਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਜਨਵਰੀ 2016 ਤੋਂ ਪੰਜਾਬ ਵਿੱਚ ਮਿੱਥ ਕੇ ਕੀਤੀਆਂ ਹੱਤਿਆਵਾਂ ਦੀ ਸੀਬੀਆਈ ਜਾਂਚ ਵਿੱਚ ਤੇਜ਼ੀ ਲਿਆਉਣ ਦਾ ਮਾਮਲਾ ਪਹਿਲਾਂ ਹੀ ਪ੍ਰਧਾਨ ਮੰਤਰੀ ਕੋਲ ਉਠਾਇਆ ਹੈ।
ਲੁਧਿਆਣਾ ਵਿਖੇ ਪਾਦਰੀ ਦੀ ਹੱਤਿਆ ਨੂੰ ਮਨੁੱਖਤਾ ਵਿਰੁੱਧ ਅਪਰਾਧ ਦੱਸਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਨਾਲ ਮੁਲਾਕਾਤ ਕੀਤੀ ਗਈ ਅਤੇ ਉਨਾਂ ਨੂੰ ਪੰਜਾਬ ਸਰਕਾਰ ਵਲੋਂ ਭਰੋਸਾ ਦਿੱਤਾ ਕਿ ਇਸ ਘਿਨਾਉਣੇ ਜੁਰਮ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਗਿਰੀਸ਼ ਦਿਆਲਨ ਸਮੇਤ ਬਿਸ਼ਪ ਨਾਲ ਮੁਲਾਕਾਤ ਮੌਕੇ ਸ੍ਰੀ ਸ਼ਰਮਾ ਨੇ ਕਿਹਾ ਕਿ ਕੁਝ ਪੰਜਾਬ ਵਿਰੋਧੀ ਤਾਕਤਾਂ ਵਲੋਂ ਅਜਿਹੀਆਂ ਘਿਨਾਉਣੀਆਂ ਵਾਰਦਾਤਾਂ ਨਾਲ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਝੀ ਕੋਸ਼ੀਸ਼ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਲੁਧਿਆਣਾ ਵਿਖੇ ਅੰਜਾਮ ਦਿੱਤੀ ਗਈ ਘਟਨਾ ਪੰਜਾਬ ਵਿਰੋਧੀ ਤਾਕਤਾਂ ਦੀ ਉਸ ਸੌੜੀ ਸੋਚ ਦਾ ਨਤੀਜਾ ਹੈ, ਜਿਸ ਤਹਿਤ ਉਸ ਸੂਬੇ ਦੀ ਭਾਈਚਾਰਕ ਏਕਤਾ ਨੂੰ ਸੱਟ ਮਾਰਨਾ ਚਾਹੁੰਦੇ ਹਨ। ਲੋਕਾਂ ਨੂੰ ਸੂਬੇ ਦੀ ਭਾਈਚਾਰਕ ਸਾਂਝ ਤੇ ਏਕਤਾ ਲਈ ਇਕ ਮੁੱਠ ਹੋਣ ਦਾ ਸੱਦਾ ਦਿੰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਸਮਾਜ ਵਿਰੋਧੀ ਤਾਕਤਾਂ  ਨੂੰ ਭਾਂਜ ਦਿੱਤੀ ਹੈ। ਉਨਾਂ ਕਿਹਾ ਕਿ ਪੰਜਾਬ ਗੁਰੂਆਂ,ਪੀਰਾਂ ਦੀ ਧਰਤੀ ਹੈ, ਜਿਨਾ ਦੀਆਂ ਸਿੱਖਿਆਵਾਂ ਸਾਨੂੰ ਸਭ ਨੂੰ ਸਮਾਜਿਕ ਤੇ ਭਾਈਚਾਰਕ ਏਕਤਾ ਦਾ ਸੁਨੇਹਾ ਦਿੰਦੀਆਂ ਹਨ। ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਵਲੋਂ ਸਮਾਜ ਵਿਰੋਧੀ ਤੱਤਾਂ ‘ਤੇ ਕਰੜੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਸ ਹਮਲੇ ਲਈ ਜਿੰਮੇਵਾਰ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੌਰਾਨ ਬਿਸ਼ਪ ਫਰੈਂਕੋਂ ਮੁਲੱਕਲ ਨੇ ਲੋਕਾਂ ਤੇ ਵਿਸ਼ੇਸ਼ ਕਰਕੇ ਈਸਾਈ ਭਾਈਚਾਰੇ ਨੂੰ ਸੱਦਾ ਦਿੱਤਾ ਹੈ ਕਿ ਉਹ ਭਾਈਚਾਰਚਕ ਏਕਤਾ ਤੇ ਅਮਨ ਸ਼ਾਂਤੀ ਬਣਾਈ ਰੱਖਣ। ਬਿਸ਼ਪ ਨੇ ਕਿਹਾ ਕਿ ਉਨਾਂ ਨੂੰ ਪੂਰਨ ਭਰੋਸਾ ਹੈ ਕਿ ਸੂਬਾ ਸਰਕਾਰ ਇਸ ਮਨੁੱਖਤਾ ਵਿਰੋਧੀ ਜੁਰਮ ਦੇ ਦੋਸ਼ੀਆਂ ਨੂੰ ਲਾਮਿਸਾਲੀ ਸਜ਼ਾ ਦਿਵਾਏਗੀ। ਉਨਾਂ ਕਿਹਾ ਕਿ ਇਹ ਮਨੁੱਖਤਾ ਵਿਰੋਧੀ ਕਾਰਾ ਸੂਬੇ ਦੀ ਏਕਤਾ ਨੂੰ ਤਾਰ-ਤਾਰ ਕਰਨ ਦਾ ਯਤਨ ਹੈ ਪਰ ਪੰਜਾਬ ਅੰਦਰ ਸਾਰੇ ਧਰਮਾਂ,ਵਰਗਾਂ ਦੀ ਸਾਂਝ ਬਹੁਤ ਪੀਡੀ ਹੈ । ਇਸ ਮੌਕੇ ਫਾਦਰ ਪੀਟਰ ਵੀ ਮੌਜੂਦ ਸਨ।