• Home »
  • ਖਬਰਾਂ
  • » ਪਿਛਲੇ 14 ਦਿਨਾਂ ‘ਚ 34 ਹੋਰ ਕਿਸਾਨਾਂ ਨੇ ਦਿੱਤੀ ਜਾਨ

ਪਿਛਲੇ 14 ਦਿਨਾਂ ‘ਚ 34 ਹੋਰ ਕਿਸਾਨਾਂ ਨੇ ਦਿੱਤੀ ਜਾਨ

-ਪੰਜਾਬੀਲੋਕ ਬਿਊਰੋ
ਕੈਪਟਨ ਸਰਕਾਰ ਵਲੋਂ ਕਰਜ਼ੇ ਦੇ ਮਾਮਲੇ ਵਿੱਚ ਰਾਹਤ ਦੇ ਕੀਤੇ ਐਲਾਨ ਦੇ ਬਾਵਜੂਦ ਕਿਸਾਨੀ ਕਰਜ਼ਾ ਜਾਨਾਂ ਲੈ ਰਿਹਾ ਹੈ। ਰੋਜ਼ਾਨਾ 2-2, 3-3 ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਇਸ ਮਾਮਲੇ ਨੂੰ ਸਮੇਂ ਦੀਆਂ ਸਰਕਾਰਾਂ ਵੱਲੋਂ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਜਦੋਂ ਕਿ ਵਿਧਾਨ ਸਭਾ ਚੋਣਾਂ ਵਿੱਚ ਮੌਜੂਦਾ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਸਿਰ ਚੜੇ ਹਰ ਤਰਾਂ ਦੇ ਕਰਜੇ ਮੁਆਫ ਕਰਨ ਦੇ ਐਲਾਨ ਨਾਲ ਵੋਟਾਂ ਲੈਕੇ ਸਰਕਾਰ ਬਣਾਈ ਪਰ ਹੁਣ ਮਹਿਜ 2 ਲੱਖ ਰੁਪਏ ਬੈਂਕਾਂ ਦਾ ਕਰਜਾ ਮੁਆਫ ਕਰਨ ਦਾ ਹੀ ਐਲਾਨ ਹੋਇਆ ਜਿਸ ਕਰਕੇ ਕਿਸਾਨਾਂ ਦੀ ਉਮੀਦ ਤੇ ਫਿਰੇ ਪਾਣੀ ਨਾਲ ਖੁਦਕੁਸ਼ੀਆਂ ਦਾ ਦੌਰ ਤੇਜ ਹੋ ਗਿਆ। ਕੈਪਟਨ ਰਾਜ ਦੇ ਜਿੱਥੇ 100 ਦਿਨਾਂ ਵਿੱਚ 80, ਉਸ ਤੋਂ ਬਾਅਦ 11 ਦਿਨਾਂ ਵਿੱਚ 20 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਉਥੇ ਹੀ ਇਹਨਾਂ ਪਿਛਲੇ 14 ਦਿਨਾਂ ‘ਚ 34 ਹੋਰ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਤੇ ਕੈਪਟਨ ਰਾਜ ਦੇ ਇਹਨਾ ਚਾਰ ਮਹੀਨਿਆਂ ਵਿੱਚ ਖੁਦਕੁਸ਼ੀ ਕਰਨ ਵਾਲਿਆਂ ਦੀ ਗਿਣਤੀ 125 ਤੋਂ ਵੱਧ ਹੋ ਚੁੱਕੀ ਹੈ। ਹੈਰਾਨਗੀ ਹੈ ਕਿ ਕੈਪਟਨ ਸਾਹਿਬ ਵੱਲੋਂ ਕਰਜਾ ਮੁਆਫ 2 ਲੱਖ ਰੁਪਏ ਕੀਤਾ ਗਿਆ ਹੈ ਜਦੋਂ ਕਿ ਖੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪਰਿਵਾਰ ਨੂੰ ਆਰਥਿਕ ਮੱਦਦ ਵਜੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਸ ਕਰਕੇ ਕਿਸਾਨਾਂ ਲਈ ਜਿਊਣਾ ਔਖਾ ਤੇ ਮਰਨਾ ਸੌਖਾ ਵਾਲੀ ਕਹਾਵਤ ਸਿੱਧ ਹੁੰਦੀ ਦਿਖਾਈ ਦੇ ਰਹੀ ਹੈ।
14 ਦਿਨਾਂ ਦੀ ਰਿਪੋਰਟ ਅਨੁਸਾਰ 30 ਜੂਨ ਨੂੰ ਗੁਰਚਰਨ ਸਿੰਘ (50 ਸਾਲ) ਪੁੱਤਰ ਬਹਾਲ ਸਿੰਘ ਵਾਸੀ ਪਿੰਡ ਸ਼ੀਹਾ ਪਾੜੀ ਨੇੜੇ ਮਖੂ, ਰਣਧੀਰ ਸਿੰਘ (58 ਸਾਲ) ਵਾਸੀ ਜਿਲਾ ਐਸਏਐਸ ਨਗਰ, ਜਸਬੀਰ ਸਿੰਘ (60 ਸਾਲ) ਪੁੱਤਰ ਸੁਰੈਣ ਸਿੰਘ ਵਾਸੀ ਪਿੰਡ ਪੱਤੀ ਤਲਵੰਡੀ ਰਾਮਾ, 1 ਜੁਲਾਈ ਨੂੰ ਹਰਜਿੰਦਰ ਸਿੰਘ (40 ਸਾਲ) ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਰਾਮਨਗਰ ਭੱਠਲ, ਨੌਜਵਾਨ ਕਿਸਾਨ ਕਰਮਦੀਪ ਸਿੰਘ (35 ਸਾਲ) ਪੁੱਤਰ ਕੌਰ ਸਿੰਘ ਵਾਸੀ ਪਿੰਡ ਕਰਾਈਵਾਲਾ ਗਿੱਦੜਬਾਹਾ, ਇਕਬਾਲ ਸਿੰਘ ਪੁੱਤਰ ਕੁਲਜੀਤ ਸਿੰਘ ਪਿੰਡ ਪੁੜੈਣ ਲੁਧਿਆਣਾ, ਕੁਲਦੀਪ ਸਿੰਘ ਉਰਫ ਕਾਲਾ ਪੁੱਤਰ ਅਮਰੀਕ ਸਿੰਘ ਪਿੰਡ ਰੁੜਕੀ ਜਿਲਾ ਹੁਸ਼ਿਆਰਪੁਰ, 2 ਜੁਲਾਈ ਨੂੰ ਸੁਰਜੀਤ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਲਾਲਿਆਂਵਾਲੀ, 3 ਜੁਲਾਈ ਨੂੰ ਸੁਖਵਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਪਿਓ-ਪੁੱਤ ਨੇ ਕਰਜੇ ਤੋਂ ਦੁਖੀ ਹੋਕੇ ਖੁਦਕੁਸ਼ੀ ਕਰ ਲਈ, 3 ਜੁਲਾਈ ਨੂੰ ਹੀ ਗੁਰਦੇਵ ਸਿੰਘ (35) ਪੁੱਤਰ ਦਿਆਲ ਸਿੰਘ ਵਾਸੀ ਪਿੰਡ ਖੱਚਰ ਵਾਲਾ, ਰਣਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਬਾਲੀਆਂ ਸੰਗਰੂਰ, 4 ਜੁਲਾਈ ਨੂੰ ਜਗਰੂਪ ਸਿੰਘ ਪੁੱਤਰ ਦਲੀਜਤ ਸਿੰਘ ਪਿੰਡ ਚਾਹਲ, ਵਰਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਢਿੱਲਵਾਂ ਕਲਾਂ, 6 ਜੁਲਾਈ ਨੂੰ ਤਾਰਾ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਕੋਟ ਬੁੱਢਾ, 9 ਜੁਲਾਈ ਨੂੰ ਤਿੰਨ ਕਿਸਾਨਾਂ ਕੁਲਵੰਤ ਸਿੰਘ (65 ਸਾਲ) ਪੁੱਤਰ ਅੱਛਰ ਸਿੰਘ ਵਾਸੀ ਪਿੰਡ ਨੌਸ਼ਹਿਰਾ, ਨੌਜਵਾਨ ਕਿਸਾਨ ਜਸਕਰਨ ਸਿੰਘ (24 ਸਾਲ) ਪੁੱਤਰ ਗੁਰਰਾਜ ਸਿੰਘ ਵਾਸੀ ਪਿੰਡ ਸੱਕਾਂਵਾਲੀ ਸ਼੍ਰੀ ਮੁਕਤਸਰ ਸਾਹਿਬ ਅਤੇ ਬਲਵਿੰਦਰ ਸਿਹਾਗ (28 ਸਾਲ) ਪੁੱਤਰ ਕਿਰਪਾ ਰਾਮ ਪਿੰਡ ਖਾਰੀ ਸੁਹੇਰਾ ਨੇ ਖੁਦਕੁਸ਼ੀ ਕਰ ਲਈ, 11 ਜੁਲਾਈ ਨੂੰ ਅਪਾਹਜ ਕਿਸਾਨ ਜਸਵੀਰ ਸਿੰਘ ਜੱਸੀ (52) ਵਾਸੀ ਕੋਕਰੀ ਫੂਲਾ ਸਿੰਘ, ਨਿਰਮਲ ਸਿੰਘ ਪੁੱਤਰ ਬਖਸ਼ੀਸ਼ ਸਿੰਘ ਪਿੰਡ ਚੁੱਘੇ ਕਲਾਂ ਅਤੇ ਸੁਬੇਗ ਸਿੰਘ ਵਾਸੀ ਫਰੀਦਕੋਟ, 12 ਜੁਲਾਈ ਨੂੰ ਅਵਤਾਰ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਮਹਿਲ ਖੁਰਦ ਜਿਲਾ ਬਰਨਾਲਾ ਨੇ ਆਪਣੇ ਆਪ ਨੂੰ ਅੱਗ ਲਾਕੇ ਖੁਦਕੁਸ਼ੀ ਕਰ ਲਈ, 13 ਜੁਲਾਈ ਨੂੰ ਕੁਲਦੀਪ ਸਿੰਘ ਵਾਸੀ ਪਿੰਡ ਕੁਟੀ ਕਿਸ਼ਨਪੁਰਾ, ਬਲਦੇਵ ਸਿੰਘ ਵਾਸੀ ਕੋਟਭਾਰਾ, ਰਤਨ ਸਿੰਘ ਫਿਰੋਜ਼ਪੁਰ, ਕਿਸ਼ਨ ਦੇਵ ਬਰੇਟਾ, ਵੀਰਪਾਲ ਸਿੰਘ ਮਾਛੀਵਾੜਾ ਸਾਹਿਬ, ਗੁਰਦਰਸ਼ਨ ਸਿੰਘ ਭੁੱਚੋ ਮੰਡੀ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਇਸ ਮਾਮਲੇ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਸਿਰ ਚੜੇ ਸਾਰੇ ਕਰਜੇ ਤੇ ਖਾਸਕਰ ਆੜਤੀਆਂ ਦੇ ਕਰਜੇ ਨੂੰ ਮੁਆਫ ਕਰਨ ਦਾ ਹੱਲ ਨਹੀਂ ਨਿਕਲਦਾ ਉਦੋਂ ਤੱਕ ਕਿਸਾਨ ਇਸੇ ਤਰਾਂ ਮਰਦੇ ਰਹਿਣਗੇ ਕਿਉਂਕਿ ਬੈਂਕਾਂ ਨਾਲੋਂ ਵੱਧ ਕਰਜਾ ਆੜਤੀਆਂ ਦਾ ਚੜਿਆ ਹੋਇਆ ਹੈ ਤੇ ਕੈਪਟਨ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਚੋਣਾਂ ਵੇਲੇ ਕੀਤੇ ਵਾਅਦੇ ਨੂੰ ਪੂਰਾ ਕਰਦੇ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਬਚਾਉਣ ਲਈ ਸਮੇਂ ਦੀਆਂ ਸਰਕਾਰਾਂ ਨੇ ਜੇਕਰ ਸਮਾਂ ਰਹਿੰਦੇ ਕਰਜਾ ਮੁਆਫੀ ਦੇ ਠੋਸ ਐਲਾਨ ਨਾ ਕੀਤੇ ਤਾਂ ਆਉਣ ਵਾਲੇ ਹਾਲਾਤ ਬੜੇ ਨਾਜ਼ੁਕ ਮੌੜ ਵਿੱਚ ਪਹੁੰਚਦੇ ਦਿਖਾਈ ਦੇ ਰਹੇ ਹਨ ਜਿਹਨਾਂ ਨੂੰ ਸੰਭਾਲਣਾ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਸੰਭਾਲਣਾ ਔਖਾ ਹੋ ਜਾਣਾ ਹੈ। ਉਹਨਾਂ ਮੰਗ ਕੀਤੀ ਕਿਸਾਨਾਂ ਸਿਰ ਚੜੇ ਸਾਰੇ ਕਰਜੇ ਮੁਆਫ ਕੀਤੇ ਜਾਣ, ਸੁਆਮੀਨਾਥਨ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਯਕੀਨੀ ਬਣਾਏ ਜਾਣ ਤਾਂ ਜੋ ਇਸ ਰੁਝਾਨ ਨੂੰ ਰੋਕਿਆ ਜਾ ਸਕੇ।
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਵੀ ਕਿਹਾ ਹੈ ਕਿ ਕੈਪਟਨ ਸਰਕਾਰ ਵਲੋਂ ਕੀਤੀ ਕਰਜ਼ਾ ਮੁਆਫੀ ਬਾਰੇ ਕਿਸਾਨਾਂ ਨੂੰ ਹਾਲੇ ਤੱਕ ਸਪੱਸ਼ਟਤਾ ਨਹੀਂ ਕਿ ਕੀਹਦਾ ਕਿਹੜਾ ਕਰਜਾ ਮਾਫ ਹੋਇਆ ਹੈ, ਇਸੇ ਕਰਕੇ ਉਹ ਕੋਈ ਰਾਹਤ ਨਹੀਂ ਮਹਿਸੂਸ ਕਰ ਰਹੇ।