• Home »
  • ਖਬਰਾਂ
  • » ਵਿਧਾਨ ਸਭਾ ‘ਚ ਆਪ ਵਿਧਾਇਕਾਂ ਨਾਲ ਧੱਕਾਮੁੱਕੀ, ਪੱਗਾਂ-ਚੁੰਨੀਆਂ ਲੱਥੀਆਂ

ਵਿਧਾਨ ਸਭਾ ‘ਚ ਆਪ ਵਿਧਾਇਕਾਂ ਨਾਲ ਧੱਕਾਮੁੱਕੀ, ਪੱਗਾਂ-ਚੁੰਨੀਆਂ ਲੱਥੀਆਂ

-ਪੰਜਾਬੀਲੋਕ ਬਿਊਰੋ
ਅੱਜ ਪੰਜਾਬ ਵਿਧਾਨ ਸਭਾ ਵਿੱਚ ਜੋ ਹੋਇਆ ਉਹ ਇਤਿਹਾਸ ਦਾ ਕਾਲਾ ਪੰਨਾ ਹੋਵੇਗਾ, ਲੋਕ ਨੁਮਾਇੰਦਿਆਂ ਨੂੰ ਵਿਧਾਨ ਸਭਾ ਵਿਚੋਂ ਬਾਹਰ ਕੱਢਦਿਆਂ ਪੱਗ-ਚੁੰਨੀਆਂ ਰੋਲ਼ੀਆਂ ਗਈਆਂ। ਵਿਧਾਨ ਸਭਾ ਦੇ ਸਪੀਕਰ ਵਲੋਂ ਸੁਖਪਾਲ ਖਹਿਰਾ ਤੇ ਸਿਮਰਜੀਤ ਬੈਂਸ ਨੂੰ ਮੁਅੱਤਲ ਕੀਤਾ ਗਿਆ ਹੈ, ਅੱਜ ਗੇਟ ‘ਤੇ ਸੁਰੱਖਿਆ  ਕਰਮੀਆਂ ਨੇ ਖਹਿਰਾ ਤੇ ਬੈਂਸ ਨੂੰ ਰੋਕਿਆ, ਦੋਵਾਂ ਧਿਰਾਂ ਵਿੱਚ ਖਾਸੀ ਗਰਮੋ ਗਰਮੀ ਹੋਈ, ਸੁਖਪਾਲ ਸਿੰਘ ਖਹਿਰਾ ਤੇ ਸਿਮਰਜੀਤ ਬੈਂਸ ਨੇ ਵਿਧਾਨ ਸਭਾ ਦੇ ਗੇਟ ‘ਤੇ ਧਰਨਾ ਲਾ ਦਿੱਤਾ ਤੇ ਐਲਾਨ ਕੀਤਾ ਕਿ ਜਦੋਂ ਤੱਕ ਉਨਾਂ ਨੂੰ ਵਿਧਾਨ ਸਭਾ ਅੰਦਰ ਨਹੀਂ ਜਾਣ ਦਿੱਤਾ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਖਹਿਰਾ ਤੇ ਬੈਂਸ ਨੇ ਇਲਜ਼ਾਮ ਲਾਇਆ ਸੀ ਕਿ ਸਪੀਕਰ ਦੇ ਜਵਾਈ ਧਰੁਵ ਕੰਵਰ ਦਾ ਵੀ ਮਈਨਿੰਗ ਦਾ ਕਾਰੋਬਾਰ ਹੈ। ਉਨਾਂ ਨੇ ਰਾਣਾ ਗੁਰਜੀਤ ਤੇ ਸਪੀਕਰ ਦੇ ਜਵਾਈ ਦਾ ਮਾਮਲਾ ਵਿਧਾਨ ਸਭਾ ਉਠਾਉਣਾ ਸੀ। ਇਸ ਕਰਕੇ ਉਨਾਂ ਨੂੰ ਸਦਨ ਵਿੱਚੋਂ ਮੁਅੱਤਲ ਕਰ ਦਿੱਤਾ।
ਇਸ ‘ਤੇ ਸਦਨ ਦੇ ਅੰਦਰ ਆਪ ਵਿਧਾਇਕ ਬੈਂਸ ਤੇ ਖਹਿਰਾ ਦੇ ਹੱਕ ਵਿੱਚ ਡਟ ਗਏ, ਉਹ ਪ੍ਰਦਰਸ਼ਨ ਕਰ ਰਹੇ ਸਨ। ਸ਼ੋਰ-ਸ਼ਰਾਬੇ ਮਗਰੋਂ ਸਪੀਕਰ ਨੇ ਆਦੇਸ਼ ਦਿੱਤਾ ਕਿ ਮਾਰਸ਼ਲ ਆਪ ਵਿਧਾਇਕਾਂ ਨੂੰ ਸਦਨ ਵਿਚੋਂ ਬਾਹਰ ਕੱਢ ਦੇਣ, ਤੇ ਇਹਨਾਂ ਨੂੰ ਜਿਸ ਤਰਾਂ ਧਿੰਗੋ ਜ਼ੋਰੀ ਬਾਹਰ ਕੱਢਿਆ ਗਿਆ, ਉਸ ਨੇ ਲੋਕਤੰਤਰਕ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਦਿੱਤਾ, ਧੱਕਾ ਮੁੱਕੀ ਵਿੱਚ ਭਦੌੜ ਤੋਂ ਆਪ ਵਿਧਾਇਕ ਪਿਰਮਿਲ ਸਿੰਘ ਧੌਲਾ ਦੀ ਪੱਗ ਲਹਿ ਗਈ, ਕਈ ਵਿਧਾਇਕ ਥੱਲੇ ਡਿੱਗ ਪਏ, ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੂੰ ਸੱਟਾਂ ਵੱਜੀਆਂ, ਉਹ ਜ਼ਮੀਨ ਤੇ ਡਿੱਗ ਪਈ, ਚੁੰਨੀਆਂ ਖਿੱਚੀਆਂ ਗਈਆਂ। ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੀ ਜ਼ਖਮੀ ਹੋ ਗਏ।
ਇਸ ਦੌਰਾਨ ਅਕਾਲੀ ਦਲ ਨੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਸਾਥ ਦਿੱਤਾ। ਅਕਾਲੀ ਦਲ ਤੇ ‘ਆਪ’ ਵਿਧਾਇਕ ਇਕੱਠੇ ਹੋ ਕੇ ਧੱਕੇ ਨਾਲ ਵਿਧਾਨ ਸਭਾ ਵਿੱਚ ਦੁਬਾਰਾ ਵੜ ਗਏ। ਇਸ ਮਗਰੋਂ ਸਪੀਕਰ ਨੇ ਸਦਨ 15 ਮਿੰਟ ਲਈ ਮੁਅੱਤਲ ਕਰ ਦਿੱਤਾ।
ਆਮ ਆਦਮੀ ਪਾਰਟੀ ‘ਤੇ ਸਖਤੀ ਕਾਂਗਰਸ ਲਈ ਉਲਟੀ ਪੈ ਗਈ ਹੈ। ਇਸ ਮਾਮਲੇ ਵਿੱਚ ਅਕਾਲੀ ਦਲ ਵੀ ਆਮ ਆਦਮੀ ਪਾਰਟੀ ਨਾਲ ਡਟ ਗਿਆ ਹੈ। ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਉਨਾਂ ਵਾਸਤੇ ਹੁਣ ਕੋਈ ਸਪੀਕਰ ਨਹੀਂ। ਸਪੀਕਰ ਰਾਣਾ ਕੇ.ਪੀ. ਗੁੰਡਾ ਹੈ। ਉਸ ਨੇ ਸਿੱਖ ਦੀ ਪੱਗ ਲਾਹੀ ਹੈ। ਸਪੀਕਰ ਸਿੱਖਾਂ ਦੀ ਬੇਅਦਬੀ ਲਈ ਮਾਫ਼ੀ ਮੰਗੇ। ਸੁਖਬੀਰ ਬਾਦਲ, ਬਿਕਰਮ ਮਜੀਠੀਆ, ਅਮਨ ਅਰੋੜਾ, ਹਰਵਿੰਦਰ ਸਿੰਘ ਫੂਲਕਾ, ਕੰਵਰ ਸੰਧੂ ਇਕੱਠੇ ਇਕ ਗੱਡੀ ‘ਚ ਜਾ ਕੇ ਆਪ ਐੱਮ ਐੱਲ ਏ ਦੀ ਪੱਗ ਦੇ ਕੇ ਆਏ ।
ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਾਲੇ ਰਲੇ ਹੋਏ ਹਨ। ਉਹ ਸਦਨ ਦੀ ਮਰਿਆਦਾ ਦਾ ਘਾਣ ਕਰ ਰਹੇ ਹਨ। ਇਸ ਲਈ ਸਪੀਕਰ ਨੇ ਜੋ ਕੀਤਾ, ਉਹ ਠੀਕ ਕੀਤਾ ਹੈ।
ਓਧਰ ਮਾਰਸ਼ਲਾਂ ਵਲੋਂ ਜ਼ਬਰਦਸਤੀ ਆਪ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕੱਢਣ ਦੌਰਾਨ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਤੇ ਮਨਜੀਤ ਸਿੰਘ ਬਿਲਾਸਪੁਰ ਜ਼ਖਮੀ ਹੋਣ ਕਾਰਨ ਬੇਹੋਸ਼ ਹੋ ਗਏ ਸਨ, ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਹਸਪਤਾਲ ‘ਚ ਦਾਖਲ ਆਪ ਵਿਧਾਇਕਾਂ ਦਾ ਹਾਲ ਚਾਲ ਪੁੱਛਣ ਲਈ ਗਏ। ਤੇ ਅੱਜ ਦੀ ਇਸ ਘਟਨਾ ਨੂੰ ਲੋਕਤੰਤਰ ਲਈ ਕਾਲਾ ਦਿਨ ਦੱਸਿਆ।
ਸਾਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀ ਹੈ, ਕਾਂਗਰਸ ਸਰਕਾਰ ਦੀ ਜੰਮ ਕੇ ਅਲੋਚਨਾ ਹੋ ਰਹੀ ਹੈ, ਲੋਕ ਨੁਮਾਇੰਦਿਆਂ ਨਾਲ ਕੀਤੀ ਗਈ ਇਸ ਕਾਰਵਾਈ ਨੂੰ ਸਿਆਸੀ ਗੁੰਡਾਗਰਦੀ ਕਿਹਾ ਜਾ ਰਿਹਾ ਹੈ।
ਵਿਧਾਨ ਸਭਾ ‘ਚ ‘ਆਪ’ ਦੇ ਵਿਧਾਇਕ ਪਿਰਮਿਲ ਸਿੰਘ ਦੀ ਹੋਈ ਕੁੱਟਮਾਰ ਦੌਰਾਨ ਉਨਾਂ ਦੀ ਉੱਤਰੀ ਪਗੜੀ ਦੇ ਮਾਮਲੇ ‘ਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਗਈ ਹੈ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਭਾਈ ਪਿਰਮਿਲ ਸਿੰਘ ਦੀ ਕੁੱਟਮਾਰ ਕਰਕੇ ਮਾਰਸ਼ਲਾਂ ਵੱਲੋਂ ਉਸ ਦੀ ਦਸਤਾਰ ਦੀ ਬੇਅਦਬੀ ਕੀਤੀ ਗਈ ਹੈ, ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ। ਉਨਾਂ ਕਿਹਾ ਕਿ ਜੇਕਰ ਵਿਧਾਨ ਸਭਾ ‘ਚ ਜਿੱਥੇ ਕਾਨੂੰਨ ਪਾਸ ਹੋਣੇ ਹਨ ਅਤੇ ਸਰਕਾਰਾਂ ਨੇ ਕਈ ਅਹਿਮ ਫੈਸਲੇ ਕਰਨੇ ਹਨ, ਉਥੇ ਹੀ ਦਸਤਾਰਾਂ ਉਤਾਰਨੀਆਂ ਹਨ ਤਾਂ ‘ਸਰਕਾਰ’ ਕਿਸ ਚੀਜ਼ ਦਾ ਨਾਂ ਰਹਿ ਜਾਵੇਗਾ। ਦਸਤਾਰ ਤਾਂ ਹਰ ਇਕ ਵਿਅਕਤੀ ਦੀ ਆਨ-ਸ਼ਾਨ ਹੁੰਦੀ ਹੈ। ਜਿਸ ਦੇ ਬਦਲੇ ਕਈ ਪੁਰਾਤਨ ਕਹਾਣੀਆਂ ਚਲਦੀਆਂ ਆ ਰਹੀਆਂ ਹਨ ਪਰ ਅੱਜ ਤਾਂ ਸਰਕਾਰ ਹੀ ਇਸ ਦਸਤਾਰ ਨੂੰ ਪੈਰਾਂ ‘ਚ ਰੋਲ ਰਹੀ ਹੈ। ਉਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਉਨਾਂ ਮਾਰਸ਼ਲਾਂ ‘ਤੇ ਢੁੱਕਵੀਂ ਕਾਰਵਾਈ ਕਰਕੇ ਉਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ। ਤਾਂ ਜੋ ਅੱਗੇ ਤੋਂ ਇਸ ਤਰਾਂ ਦੀ ਕੋਈ ਵੀ ਕਾਰਵਾਈ ਕਰਨ ਦਾ ਕਿਸੇ ਵੀ ਮਾਰਸ਼ਲ ਦਾ ਹੌਸਲਾ ਨਾ ਪਵੇ।