• Home »
  • ਖਬਰਾਂ
  • » ਭਾਗੀਵਾਂਦਰ ਵਾਸੀਆਂ ਨੇ ਅੱਕ ਕੇ ਚੁੱਕਿਆ ਭਿਆਨਕ ਕਦਮ-ਆਪ ਵਿਧਾਇਕਾ

ਭਾਗੀਵਾਂਦਰ ਵਾਸੀਆਂ ਨੇ ਅੱਕ ਕੇ ਚੁੱਕਿਆ ਭਿਆਨਕ ਕਦਮ-ਆਪ ਵਿਧਾਇਕਾ

ਪੂਰਾ ਪਿੰਡ ਕਾਤਲ, ਵਸਨੀਕਾਂ ਨੇ ਸੀ ਐਮ ਨੂੰ ਲਿਖੀ ਚਿੱਠੀ
-ਅਮਨਦੀਪ ਹਾਂਸ
ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿੱਚ ਨਸ਼ਾ ਤਸਕਰ ਦੱਸਦਿਆਂ ਪਿੰਡ ਦੇ ਲੋਕਾਂ ਵੱਲੋਂ ਵੱਢੇ ਟੁੱਕੇ 25 ਸਾਲਾ ਵਿਨੋਦ ਕੁਮਾਰ ਉਰਫ਼ ਸੋਨੂੰ ਅਰੋੜਾ ਦੇ ਪਰਿਵਾਰ ਨੇ ਕਾਤਲਾਂ ਦੀ ਗ੍ਰਿਫ਼ਤਾਰੀ  ਹੋਣ ਤਕ ਸਸਕਾਰ ਕਰਨ ਤੋਂ ਨਾਂਹ ਕਰ ਦਿੱਤੀ ਹੈ।ਦਰਜ ਕੇਸ ਵਿਚ ਕਿਸੇ ਵੀ ਵਿਅਕਤੀ ਦਾ ਨਾਮ ਨਹੀਂ ਹੈ। ਮ੍ਰਿਤਕ ਦੇ ਪਿਤਾ ਦੀ ਵੀ ਉਡੀਕ ਹੈ, ਜੋ ਨਸ਼ਾ ਤਸਕਰੀ ਦੇ ਮਾਮਲੇ ‘ਚ ਜੇਲ ਵਿੱਚ ਬੰਦ ਹੈ। ਉਸ ਕੋਲੋਂ ਵੀ ਸਮੈਕ ਫੜੀ ਗਈ ਸੀ।
ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲੇ ਅਜੇ ਵੀ ਇਸ ਮਾਮਲੇ ਨੂੰ ਨਸ਼ਾ ਤਸ਼ਕਰੀ ਦੀ ਥਾਂ ਆਪਸੀ ਰੰਜਿਸ਼ ਦਾ ਮਾਮਲਾ ਦੱਸ ਰਹੇ ਹਨ। ਤੇ ਕਿਹਾ ਹੈ ਕਿ ਸੋਨੂੰ ਅਰੋੜਾ ਨੂੰ ਘਰੋਂ ਚੁੱਕ ਕੇ ਪਿੰਡ ਦੀ ਮਹਿਲਾ ਸਰਪੰਚ ਦੇ ਪੁੱਤ ਤੇ ਹੋਰਨਾਂ ਨੇ ਵੱਢ ਟੁੱਕ ਕੀਤੀ, ਮੁਲਜ਼ਮ ਆਮ ਆਦਮੀ ਪਾਰਟੀ ਦਾ ਆਗੂ ਹੈ ਤੇ ਹਲਕੇ ਦੀ ਵਿਧਾਇਕਾ ਦਾ ਅਤਿ ਨਜ਼ਦੀਕੀ ਹੋਣ ਕਾਰਨ ਪੁਲੀਸ ਉਸ ਨੂੰ ਬਚਾ ਰਹੀ ਹੈ। ਸੋਨੂੰ ਅਰੋੜਾ ਨੇ ਵੀ ਮੌਤ ਤੋਂ ਪਹਿਲਾਂ ਬਠਿੰਡਾ ਵਿੱਚ ਮੀਡੀਆ ਨੂੰ ਦਿੱਤੇ ਬਿਆਨਾਂ ਵਿੱਚ ਸਾਰੇ ਦੋਸ਼ ਪਿੰਡ ਦੀ ਮਹਿਲਾ ਸਰਪੰਚ ਦੇ ਪੁੱਤਰ ‘ਤੇ ਹੀ ਲਗਾਏ ਸਨ।
ਇਸ ਮਾਮਲੇ ‘ਚ 4 ਹਜ਼ਾਰ ਦੀ ਅਬਾਦੀ ਵਾਲੇ ਪਿੰਡ ਦੇ ਲੋਕਾਂ ਨੇ ਇਕਜੁਟ ਹੋ ਕੇ ਕਿਹਾ ਹੈ ਕਿ ਹਾਂ ਅਸੀਂ ਚਿੱਟਾ ਸਪਲਾਇਰ ਦਾ ਕਤਲ ਕੀਤਾ ਹੈ, ਜੀਹਨੇ ਜੋ ਕਰਨਾ ਹੈ ਕਰ ਲਵੇ.. ਤੇ ਪੁਲਿਸ ਮਹੌਲ ਹੋਰ ਖਰਾਬ ਹੋਣ ਦੇ ਡਰੋਂ ਕੋਈ ਕਾਰਵਾਈ ਨਹੀਂ ਕਰ ਰਹੀ। ਡੀ ਐਸ ਪੀ ਵਰੇਂਦਰ ਸਿੰਘ ਨੇ ਕਿਹਾ ਹੈ ਕਿ ਮਾਮਲਾ ਬੇਹੱਦ ਨਾਜ਼ੁਕ ਹੈ, ਜਦ ਸਾਰਾ ਪਿੰਡ ਕਤਲ ਦਾ ਜੁਰਮ ਕਬੂਲ ਰਿਹਾ ਹੋਵੇ, ਤਾਂ ਓਥੇ ਤੁਸੀਂ ਕੀ ਕਾਰਵਾਈ ਕਰ ਸਕਦੇ ਹੋ, ਪਰ ਪ੍ਰਸ਼ਾਸਨ ਸੋਚ ਸਮਝ ਕੇ ਹਰ ਪਹਿਲੂ ਦੀ ਵਿਚਾਰ ਕਰਕੇ ਕਾਰਵਾਈ ਕਰੇਗਾ।
ਇਸ ਮਸਲੇ ਵਿੱਚ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਨਾਮ ਆਉਣ ‘ਤੇ  ਹਲਕੇ ਦੀ ਆਪ ਵਿਧਾਇਕਾ ਪ੍ਰੋ ਬਲਜਿੰਦਰ ਕੌਰ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਨੇ ਪਾਰਟੀ ਬਾਜ਼ੀ ਤੋਂ ਉਪਰ ਉਠ ਕੇ ਇਕੱਠੇ ਹੋ ਕੇ ਸਾਂਝੀ ਤੌਰ ‘ਤੇ ਇਕ ਚਿੱਠੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜਪਾਲ ਬੀ ਪੀ ਬਦਨੌਰ ਤੇ ਪੁਲਿਸ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਲਿਖੀ ਹੈ ਕਿ ਇਸ ਕਤਲ ਕਾਂਡ ਲਈ ਸਾਰਾ ਪਿੰਡ ਜ਼ੁੰਮੇਵਾਰ ਹੈ। ਉਹਨਾਂ ਕਿਹਾ ਕਿ ਇਸ ਸਾਰੀ ਘਟਨਾ ਲਈ ਸਿੱਧੇ ਰੂਪ ਵਿੱਚ ਕੈਪਟਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਹੀ ਜ਼ਿਮੇਵਾਰ ਹੈ, ਕਿਉਂਕਿ ਪਿੰਡ ਦੇ ਲੋਕਾਂ ਨੇ ਅਣਗਿਣਤ ਸ਼ਿਕਾਇਤਾਂ ਮ੍ਰਿਤਕ ਦੇ ਕਥਿਤ ਨਸ਼ਾ ਤਸਕਰੀ ਤੇ ਔਰਤਾਂ ਨਾਲ ਛੇੜਛਾੜ ਦੇ ਸੰਦਰਭ ਵਿੱਚ ਕੀਤੀਆਂ ਸਨ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਮੁੰਡੇ ਨੂੰ ਕੁਝ ਦਿਨ ਪਹਿਲਾਂ ਜ਼ਮਾਨਤ ਮਿਲੀ ਸੀ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਘਟਨਾ ਤੋਂ ਦੋ ਦਿਨ ਪਹਿਲਾਂ ਪਿੰਡ ਵਾਸੀ ਪ੍ਰੋ ਬਲਜਿੰਦਰ ਕੌਰ ਕੋਲ ਗਏ ਸਨ, ਉਹਨਾਂ ਨੇ ਤਲਵੰਡੀ ਸਾਬੋ ਦੇ ਡੀ ਐਸ ਪੀ ਵੀਰੇਂਦਰ ਨਾਲ ਗੱਲ ਕੀਤੀ ਤੇ ਮ੍ਰਿਤਕ ਵਿਨੋਦ ਕੁਮਾਰ ਉਰਫ ਸੋਨੂੰ ਦੀਆਂ ਹਰਕਤਾਂ ਤੋਂ ਜਾਣੂ ਕਰਵਾਇਆ ਸੀ ਤੇ ਕਾਰਵਾਈ ਕਰਨ ਲਈ ਕਿਹਾ ਸੀ ਤਾਂ ਡੀ ਐਸ ਪੀ ਨੇ ਟਾਲ-ਮਟੋਲ ਕਰਕੇ ਸਾਰ ਦਿੱਤਾ ਸੀ। ਪ੍ਰੋ ਬਲਜਿੰਦਰ ਕੌਰ ਨੇ ਕਿਹਾ ਕਿ ਪਿੰਡ ਦੇ ਲੋਕਾਂ ਨੇ ਅੱਕ ਕੇ ਅਜਿਹਾ ਕਦਮ ਚੁੱਕਿਆ, ਪਰ ਜੋ ਵੀ ਹੋਇਆ ਉਹ ਬੇਹੱਦ ਨਿੰਦਣਯੋਗ ਹੈ, ਫੇਰ ਵੀ ਇਸ ਘਟਨਾ ਦੇ ਪਿੱਛੇ ਕੈਪਟਨ ਸਰਕਾਰ ਦੀਆਂ ਨਕਾਮੀਆਂ ਹੀ ਹਨ, ਜਿਹਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਦੇ ਇਕ ਮਹੀਨੇ ਦੇ ਅੰਦਰ ਅੰਦਰ ਨਸ਼ਾ ਖਤਮ ਕਰ ਦਿਆਂਗੇ, ਚੰਗਾ ਪ੍ਰਸ਼ਾਸਨ ਦਿਆਂਗੇ, ਪਰ ਹਾਲਾਤ ਸਗੋਂ ਹੋਰ ਵਿਗੜਦੇ ਜਾ ਰਹੇ ਨੇ। ਵਿਧਾਇਕਾ ਨੇ ਨਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਇਹੋ ਜਿਹੀਆਂ ਸਮੱਸਿਆਵਾਂ ਤੇ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਮੁੱਦਿਆਂ ‘ਤੇ ਗੱਲ ਕਰਨ ਲਈ ਮੈਂ ਖੁਦ ਕੈਪਟਨ ਨੂੰ ਚਿੱਠੀ ਲਿਖ ਕੇ ਦੋ ਮਹੀਨੇ ਤੋਂ ਸਮਾਂ ਮੰਗ ਰਹੀ ਹਾਂ, ਪਰ ਕੋਈ ਸੁਣਵਾਈ ਨਹੀਂ ਹੋ ਰਹੀ।