• Home »
  • ਖਬਰਾਂ
  • » ਸਰਹੱਦੀ ਕਿਸਾਨਾਂ ਵਲੋਂ ਖੇਤੀ ਬੰਦ ਕਰਨ ਦੀ ਧਮਕੀ

ਸਰਹੱਦੀ ਕਿਸਾਨਾਂ ਵਲੋਂ ਖੇਤੀ ਬੰਦ ਕਰਨ ਦੀ ਧਮਕੀ

-ਪੰਜਾਬੀਲੋਕ ਬਿਊਰੋ
ਪੰਜਾਬ ਬਾਰਡਰ ਏਰੀਆ ਦੇ ਕਿਸਾਨਾਂ ਨੇ ਰੋਕਾਂ ਤੋਂ ਤੰਗ ਆ ਕੇ ਖੇਤੀ ਛੱਡਣ ਦੀ ਧਮਕੀ ਦਿੱਤੀ ਹੈ। ਕਿਸਾਨ ਸੰਘਰਸ਼ ਵੈਲਫੇਅਰ ਸੁਸਾਇਟੀ ਦੀ ਇਕ ਹੰਗਾਮੀ ਮੀਟਿਗ ਪੰਜਾਬ ਪ੍ਰਧਾਨ ਰਘਬੀਰ ਸਿੰਘ ਦੀ ਪ੍ਰਧਾਨਗੀ ਹੇਠ ਕਸਬਾ ਖੇਮਕਰਨ ਦੇ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਹੋਈ। ਇਸ ਮੀਟਿੰਗ ਦੌਰਾਨ ਪ੍ਰਧਾਨ ਰਘਬੀਰ ਸਿੰਘ ਨੇ ਕਿਹਾ ਕਿ ਭਾਰਤ-ਪਕਿਸਤਾਨ ਨਾਲ ਸਰਹੱਦ ਤੇ ਤਾਰੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹਲਾਤ ਇਹ ਬਣ ਚੁੱਕੇ ਹਨ ਕਿ ਹੁਣ ਤਾਰੋਂ ਪਾਰ ਖੇਤੀ ਕਰਨੀ ਕਿਸਾਨਾਂ ਵਾਸਤੇ ਘਾਟੇ ਦਾ ਸੌਦਾ ਸਾਬਿਤ ਹੋ ਰਿਹਾ ਹੈ।ਸਰਹੱਦੀ ਕਿਸਾਨ ਕਰਜਾਈ ਹੋ ਚੁੱਕੇ ਹਨ। ਸੈਕਟਰ ਖੇਮਕਰਨ ‘ਚ ਤਾਇਨਾਤ ਬੀਐੱਸਐੱਫ ਦੀ 191 ਬਟਾਲੀਅਨ ਦੇ ਕਮਾਂਡੈਂਟ ਨਾਲ ਤਾਰੋਂ ਪਾਰ ਖੇਤੀ ਕਰਨ ਲਈ ਸਾਰੇ ਗੇਟ ਖੋਲਣ ਦੀ ਬੇਨਤੀ ਕੀਤੀ ਗਈ ਸੀ, ਜਿਸ ਨੂੰ ਉਹਨਾਂ ਨੇ ਬੀਐੱਸਐੱਫ ਕੋਲ ਨਫਰੀ ਘੱਟ ਹੋਣ ਦਾ ਬਹਾਨਾ ਲੱਗਾ ਕੇ ਨਕਾਰ ਦਿੱਤਾ ਹੈ। ਜਿਸ ਦੇ ਰੋਸ ਵਜੋਂ 10 ਪਿੰਡਾਂ ਦੇ ਕਿਸਾਨਾਂ ਨੇ ਇਹ ਫ਼ੈਸਲਾ ਕੀਤਾ ਹੈ ਕਿ ਜਦੋਂ ਤਕ ਬੀਐੱਸਐੱਫ ਤਾਰ ਤੋਂ ਪਾਰ ਜਾਣ ਵਾਲੇ ਸਾਰੇ ਗੇਟ ਨਹੀਂ ਖੋਲੇਗੀ ਉਦੋਂ ਤਕ ਉਹ ਕਿਸੇ ਵੀ ਗੇਟ ਰਾਹੀਂ ਖੇਤੀ ਕਰਨ ਨਹੀਂ ਜਾਣਗੇ ਤੇ ਵਾਹੀ ਖੇਤੀ ਦਾ ਸਾਰਾ ਕੰਮ ਬੰਦ ਰੱਖਣਗੇ।
ਪ੍ਰਧਾਨ ਰਘਬੀਰ ਸਿੰਘ ਨੇ ਕਿਹਾ ਕਿ ਬੀਐੱਸਐੱਫ ਨੇ ਪੰਜਾਬ ਹਾਈ ਕੋਰਟ ‘ਚ ਚੱਲ ਰਹੇ ਕੇਸ ਐਲਪੀਏ ਨੰਬਰ 35/2012 ਦੌਰਾਨ ਇਹ ਹਲਫੀਆਂ ਬਿਆਨ ਦਿੱਤਾ ਸੀ ਕਿ ਉਹ ਤਾਰੋਂ ਪਾਰ ਕਿਸਾਨਾਂ ਨੂੰ ਖੇਤਾਂ ‘ਚ ਕੰਮ ਕਰਨ ਲਈ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦੇਣਗੇ ਪਰ ਬੀਐੱਸਐੱਫ ਆਪਣੇ ਵਾਅਦੇ ਤੋਂ ਮੁਕਰ ਰਹੀ ਹੈ।
ਇਸ ਮੀਟਿੰਗ ਤੋਂ ਉਪਰੰਤ ਕਿਸਾਨ ਅਤੇ ਕਿਸਾਨ ਆਗੂ ਬੀਐੱਸਐੱਫ 191 ਬਟਾਲਿਅਨ ਦੇ ਹੈੱਡ ਕੁਆਰਟਰ ਪਹੁੰਚੇ ਤੇ ਉੱਥੇ ਜਾ ਕੇ ਬੀਐੱਸਐੱਫ ਦੇ ਅਧਿਕਾਰੀ ਏਅੇਨ ਤਿਵਾੜੀ ਨੂੰ ਆਈ ਜੀ ਬੀਐੱਸਐੱਫ ਦੇ ਨਾਂ ਮੰਗ ਪੱਤਰ ਦਿੱਤਾ।।ਜਿਸ ‘ਚ ਕਿਸਾਨਾਂ ਵੱਲੋਂ ਅਲਟੀਮੇਟਮ ਦਿੱਤਾ ਗਿਆ ਕਿ ਜੇਕਰ ਬੀਐੱਸਐੱਫ ਵੱਲੋਂ 21 ਮਈ ਤੱਕ ਇਨਾਂ ਮੰਗਾਂ ‘ਤੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਤੇ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਨਾਲ ਲੈ ਕੇ ਇਹ ਸੰਘਰਸ਼ ਕੀਤਾ ਜਾਵੇਗਾ।