• Home »
  • ਖਬਰਾਂ
  • » ਪੁਲਿਸ ਦੀ ਬਦਇੰਤਜ਼ਾਮੀ ਕਰਕੇ 20 ਮਿੰਟ ਗੱਡੀ ‘ਚ ‘ਤੜੇ’ ਰਹੇ ਸੱਜਣ

ਪੁਲਿਸ ਦੀ ਬਦਇੰਤਜ਼ਾਮੀ ਕਰਕੇ 20 ਮਿੰਟ ਗੱਡੀ ‘ਚ ‘ਤੜੇ’ ਰਹੇ ਸੱਜਣ

-ਪੰਜਾਬੀਲੋਕ ਬਿਊਰੋ
ਕੈਪਟਨ ਸਰਕਾਰ ਨੇ ਸ. ਹਰਜੀਤ ਸਿੰਘ ਸੱਜਣ ਦੇ ਜੱਦੀ ਪਿੰਡ ਵਿੱਚ ਹੋਣ ਵਾਲੇ ਸਵਾਗਤ ਨੂੰ ਪੁਲਿਸ ਪ੍ਰਸਾਸਨ ਜ਼ਰੀਏ ਪੂਰੀ ਤਰਾਂ ਫੇਲ ਕਰਕੇ ਰੱਖ ਦਿੱਤਾ। ਪੁਲਿਸ ਨੇ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਨੂੰ ਕੋਈ ਸਹਿਯੋਗ ਨਹੀਂ ਦਿੱਤਾ। ਪਿੰਡ ਬੰਬੇਲੀ ਦੇ ਮੁੱਖ ਗੇਟ ਤੋਂ ਗੁਰੂ ਘਰ ਤੱਕ ਸ. ਸੱਜਣ ਨੇ ਖੁੱਲੀ ਜੀਪ ਵਿੱਚ ਸਵਾਰ ਹੋ ਕੇ ਜਾਣਾ ਸੀ, ਪਰ ਉਸ 10 ਮੀਟਰ ਦੇ ਰਾਹ ‘ਤੇ ਲੋਕਾਂ ਦੀ ਵੱਡੀ ਭੀੜ ਜੁਟੀ ਹੋਈ ਸੀ ਰਾਹ ਬਣਾਉਣ ਲਈ ਤੇ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੇ ਕੋਈ ਪ੍ਰਬੰਧ ਨਾ ਕੀਤਾ, ਅਫਸਰਾਂ ਤੋਂ ਲੈ ਕੇ ਹੇਠਲੇ ਮੁਲਾਜ਼ਮਾਂ ਤੱਕ ਸਭ ਲਾਪਰਵਾਹੀ ਨਾਲ ਇਧਰ ਓਧਰ ਘੁੰਮਦੇ ਰਹੇ, ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਨੇ ਭੜ ਭਰੇ ਰਾਹ ਤੋਂ ਸ. ਸੱਜਣ ਨੂੰ ਲਿਜਾਣ ਤੋਂ ਹੱਥ ਖੜੇ ਕਰ ਦਿੱਤੇ, ਕਾਫਲੇ ਨੂੰ 20 ਮਿੰਟ ਓਥੇ ਹੀ ਰੁਕਣਾ ਪਿਆ, ਤੇ 20 ਮਿੰਟ ਸ. ਸੱਜਣ ਪਿੰਡ ਦੀ ਫਿਰਨੀ ‘ਤੇ ਬੰਦ ਗੱਡੀ ਵਿੱਚ ਬੈਠੇ ਰਹਿਣ ਨੂੰ ਮਜਬੂਰ ਹੋ ਗਏ।
ਰਾਹ ਖਾਲੀ ਹੋਣ ਮਗਰੋਂ ਸ. ਸੱਜਣ ਗੁਰੂ ਘਰ ਵਿੱਚ ਮੱਥਾ ਟੇਕ ਕੇ ਘਰ ਚਲੇ ਗਏ, ਪੰਜਾਬ ਪੁਲਿਸ ਦੀ ਨਲਾਇਕੀ ਕਾਰਨ ਸਮਾਗਮ ਵਿੱਚ ਸ਼ਾਮਲ ਨਾ ਹੋ ਸਕੇ। ਜਿੱਥੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਨਾ ਸੀ।
ਸੁਰੱਖਿਆ ਦੇ ਮੱਦੇਨਜ਼ਰ ਘਰ ਵਿੱਚ ਵੀ ਕਿਸੇ ਨੂੰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਸੀ, ਰਿਸ਼ਤੇਦਾਰ, ਇਥੋਂ ਤੱਕ ਕਿ ਨਾਨਕਾ ਪਰਿਵਾਰ ਵੀ ਕਾਫੀ ਚਿਰ ਬਾਹਰ ਖੜਾ ਰਿਹਾ। ਹਰਜੀਤ ਸਿੰਘ ਸੱਜਣ ਨੇ ਸਾਰਾ ਘਰ ਘੁੰਮਿਆ, ਛੱਤ ‘ਤੇ ਚੜ ਕੇ ਲੋਕਾਂ ਦਾ ਪਿਆਰ ਕਬੂਲਿਆ।
ਜਦ ਮੀਡੀਆ ਨੇ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਬਦਇੰਤਜ਼ਾਮੀ ਬਾਰੇ ਸਵਾਲ ਕੀਤੇ ਤਾਂ ਪੂਰੀ ਢੀਠਤਾਈ ਨਾਲ ਕਿਹਾ ਗਿਆ ਕਿ ਸਾਡੇ ਤਾਂ ਇੰਤਜਾਮ ਬੜੇ ਵਧੀਆ ਸਨ, ਫੁੱਲ ਪਰੂਫ ਸੁਰੱਖਿਆ ਦਿੱਤੀ ਹੈ ਅਸੀਂ..।
ਖੈਰ ਮੀਡੀਆ ਵਿੱਚ ਪੰਜਾਬ ਪੁਲਿਸ ਤੇ ਕੈਪਟਨ ਸਰਕਾਰ ਦੀ ਇਸ ਖਾਸ ਪ੍ਰਾਹੁਣੇ ਪ੍ਰਤੀ ਵਰਤੀ ਲਾਪਰਵਾਹੀ ਦੀ ਸਖਤ ਅਲੋਚਨਾ ਹੋ ਰਹੀ ਹੈ।