• Home »
  • ਖਬਰਾਂ
  • » ਤੇਜ ਬਹਾਦਰ ਦਾ ਪਰਿਵਾਰ ਸਰਕਾਰ ਨਾਲ ਖਫਾ

ਤੇਜ ਬਹਾਦਰ ਦਾ ਪਰਿਵਾਰ ਸਰਕਾਰ ਨਾਲ ਖਫਾ

-ਪੰਜਾਬੀਲੋਕ ਬਿਊਰੋ
ਜਵਾਨਾਂ ਨੂੰ ਦਿੱਤੇ ਜਾਂਦੇ ਮਾੜੇ ਖਾਣੇ ਦੀ ਸ਼ਿਕਾਇਤ ਕਰਨ ਵਾਲੇ ਬੀ.ਐੱਸ.ਐਫ. ਜਵਾਨ ਤੇਜ ਬਹਾਦਰ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ, ਉਹ ਅੱਜ ਆਪਣੇ ਘਰ ਰੇਵਾੜੀ ਪਹੁੰਚੇ। ਇਸ ਮੌਕੇ ਵੱਡੀ ਗਿਣਤੀ ਮੀਡੀਆ ਕਰਮੀ ਵੀ ਉਹਨਾਂ ਨਾਲ ਗੱਲਬਾਤ ਕਰਨ ਲਈ ਜਾ ਪੁੱਜੇ, ਤੇਜ ਬਹਾਦਰ ਨੇ ਕਿਹਾ ਕਿ ਉਹ ਇਨਸਾਫ਼ ਲਈ ਆਖ਼ਰੀ ਦਮ ਤੱਕ ਲੜਾਈ ਕਰਦੇ ਰਹਿਣਗੇ।  ਤੇਜ਼ ਬਹਾਦਰ ਨੇ ਦੋਸ਼ ਲਾਇਆ ਹੈ ਕਿ ਫ਼ੌਜ ਵਿਚ ਸਭ ਤੋਂ ਵੱਧ ਭ੍ਰਿਸ਼ਟਾਚਾਰ ਹੈ।
ਸਰਕਾਰ ਤੇ ਬੀ ਐਸ ਐਫ ਨਾਲ ਨਰਾਜ਼ ਤੇਜ਼ ਬਹਾਦਰ ਦੀ ਪਤਨੀ ਸ਼ਰਮੀਲਾ ਨੇ ਆਖਿਆ ਹੈ ਕਿ ਜੇਕਰ ਅਜਿਹਾ ਹੀ ਚੱਲਦਾ ਗਿਆ ਤਾਂ ਕਿਹੜੀ ਮਾਂ ਆਪਣੇ ਪੁੱਤਰ ਨੂੰ ਫ਼ੌਜ ਵਿੱਚ ਭੇਜੇਗੀ। ਆਪਣੀ ਪਤੀ ਦੀ ਬਰਾਖਸਤੀ ਨੂੰ ਲੈ ਕੇ ਸ਼ਰਮੀਲਾ ਨੇ ਆਖਿਆ ਹੈ ਕਿ ਮੇਰੇ ਪਤੀ ਦਾ ਕੋਰਟ ਮਾਰਸ਼ਲ ਕਰ ਦਿੱਤਾ ਗਿਆ ਹੈ। ਉਸ ਨੇ ਜਵਾਨਾਂ ਦੇ ਹਿੱਤ ਵਿੱਚ ਕਦਮ ਚੁੱਕਿਆ ਤੇ ਦੇਸ਼ ਨੂੰ ਆਪਣਾ ਖਾਣਾ ਦਿਖਾਇਆ ਸੀ। ਉਨਾਂ ਆਖਿਆ ਕਿ ਇੰਨਾ ਵੱਡਾ ਕਿਹੜਾ ਗੁਨਾਹ ਹੋ ਗਿਆ ਸੀ ਕਿ ਉਸ ਦੇ ਪਤੀ ਨੂੰ 20 ਸਾਲ ਦੀ ਨੌਕਰੀ ਤੋਂ ਬਾਅਦ ਬਰਖ਼ਾਸਤ ਕਰ ਦਿੱਤਾ ਗਿਆ। 20 ਸਾਲ ਦੀ ਨੌਕਰੀ ਦੌਰਾਨ ਤੇਜ਼ ਬਹਾਦਰ ਪੱਛਮੀ ਬੰਗਾਲ, ਮਨੀਪੁਰ, ਅਸਮ, ਤ੍ਰਿਪੁਰਾ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਚੁੱਕਾ ਹੈ। ਤੇਜ਼ ਬਹਾਦਰ ਦਾ ਕਹਿਣਾ ਹੈ ਕਿ ਉਸ ਨੂੰ ਡਿਊਟੀ ਦੌਰਾਨ 16 ਵਾਰ ਸਨਮਾਨ ਵੀ ਮਿਲ ਚੁੱਕਾ ਹੈ।
ਪਰ ਬੀ ਐਸ ਐਫ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਸਰਹੱਦ ਉੱਤੇ ਤਾਇਨਾਤ ਹੋਰ ਜਵਾਨਾਂ ਦੇ ਵੀ ਬਿਆਨ ਲਏ ਗਏ। ਇਸ ਵਿੱਚ ਖ਼ਰਾਬ ਖਾਣੇ ਨੂੰ ਲੈ ਕੇ ਕੋਈ ਸ਼ਿਕਾਇਤ ਨਹੀਂ ਮਿਲੀ।