ਨਰਾਇਣ ਦਾਸ ਨੂੰ ਤਲਬ ਕਰਨ ਦਾ ਮਾਮਲਾ- ਸਿੰਘ ਸਾਹਿਬਾਨ ਸ਼ਸ਼ੋਪੰਜ ਚ

-ਪੰਜਾਬੀਲੋਕ ਬਿਊਰੋ
ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਇਤਰਾਜ਼ਯੋਗ ਟਿਪਣੀਆਂ ਕਰਨ ਵਾਲੇ ਸਾਧ ਨਰਾਇਣ ਦਾਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਨ ਦੇ ਮਾਮਲੇ ਵਿੱਚ ਸਿੰਘ ਸਾਹਿਬਾਨ ਸ਼ਸ਼ੋਪੰਜ ਵਿੱਚ ਪੈ ਗਏ ਹਨ। ਕਿਉਂਕਿ ਕਿਸੇ ਵੀ ਗੈਰ ਸਿੱਖ ਨੂੰ ਅਕਾਲ ਤਖਤ ਸਾਹਿਬ ਵਿਖੇ ਤਲਬ ਨਹੀਂ ਕੀਤਾ ਜਾ ਸਕਦਾ। ਨਰਾਇਣ ਦਾਸ ਨੇ 20 ਮਈ ਨੂੰ ਸਾਰੇ ਮਾਮਲੇ ਤੇ ਈਮੇਲ ਜ਼ਰੀਏ ਮਾਫੀਨਾਮਾ ਭੇਜਦਿਆਂ ਅਕਾਲ ਤਖਤ ਤੇ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ, ਤਾਂ ਜੋ ਖਾਲਸਾ ਪੰਥ ਤੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਮਾਫੀ ਮੰਗ ਸਕੇ.. ਹੁਣ ਸਿੰਘ ਸਾਹਿਬਾਨ ਨੇ ਅਗਲੀ ਬੈਠਕ ਤੱਕ ਮਾਮਲਾ ਟਾਲ ਦਿੱਤਾ ਹੈ।
ਇਸ ਬਾਰੇ ਪੱਤਰਕਾਰਾਂ ਨੂੰ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਪੀ ਏ ਨੇ ਕਿਹਾ ਕਿ ਜਥੇਦਾਰ ਸਾਹਿਬ ਸ਼ਹਿਰ ਚ ਨਹੀਂ, ਉਹਨਾਂ ਨੂੰ ਨਰਾਇਣ ਦਾਸ ਦੀ ਈਮੇਲ ਬਾਰੇ ਦੱਸ ਦਿੱਤਾ ਗਿਆ ਹੈ, ਜਦ ਜਥੇਦਾਰ ਸਾਹਿਬ ਸ਼ਹਿਰ ਆਉਣਗੇ, ਫੇਰ ਅਗਲਾ ਆਦੇਸ਼ ਜਾਰੀ ਕਰਨਗੇ। ਪੀ ਏ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਕਿਸੇ ਗੈਰ ਸਿੱਖ ਨੂੰ ਤਲਬ ਨਹੀਂ ਕੀਤਾ ਜਾ ਸਕਦਾ, ਪਰ ਉਹ ਅਕਾਲ ਤਖਤ ਦੇ ਦਫਤਰ ਚ ਆ ਸਕਦਾ ਹੈ।