ਭਾਰਤ ਸਰਕਾਰ ਦੇ ਨੁਮਾਇੰਦਿਆਂ ਨੂੰ ਬੋਲਣ ਦੀ ਕੀਤੀ ਮਨਾਹੀ ‘ਤੇ ਸਿੱਖ ਸੰਗਤ ਕਾਇਮ

-ਪੰਜਾਬੀਲੋਕ ਬਿਊਰੋ
ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਨੇ ਦੱਸਿਆ ਕਿ ਅਮਰੀਕਾ, ਕੈਨੇਡਾ ਤੇ ਇੰਗਲੈਂਡ ਦੇ ਗੁਰਦੁਆਰਾ ਸਾਹਿਬ ਤੇ ਨਗਰ ਕੀਰਤਨਾਂ ਵਿਚ ਸਟੇਜ ‘ਤੇ ਭਾਰਤ ਸਰਕਾਰ ਦੇ ਨੁਮਾਇੰਦਿਆਂ ਨੂੰ ਬੋਲਣ ਦੀ ਕੀਤੀ ਗਈ ਮਨਾਹੀ ‘ਤੇ ਸਿੱਖ ਸੰਗਤ ਪੂਰੀ ਤਰ੍ਹਾਂ ਕਾਇਮ ਹੈ ਅਤੇ ਡੱਟ ਕੇ ਪਹਿਰਾ ਦੇ ਰਹੀ ਹੈ ਕਿ ਭਾਰਤ ਸਰਕਾਰ ਦੇ ਨੁਮਾਇੰਦਿਆਂ ਨੂੰ ਗੁਰੂ ਘਰ ਦੀ ਕਿਸੇ ਵੀ ਸਟੇਜ ‘ਤੇ ਬੋਲਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਅਮਰੀਕਾ ਦੇ 96 ਗੁਰਦੁਆਰਾ ਸਾਹਿਬ ਸਮੇਤ ਕੈਨੇਡਾ, ਅਤੇ ਇੰਗਲੈਂਡ ਦੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਇਕ ਅਹਿਮ ਫ਼ੈਸਲਾ ਲਿਆ ਗਿਆ ਸੀ ਕਿ ਭਾਰਤ ਸਰਕਾਰ ਦੇ ਨੁਮਾਇੰਦਿਆਂ ਨੂੰ ਕਿਸੇ ਵੀ ਗੁਰਦੁਆਰਾ ਸਾਹਿਬ ਦੀ ਸਟੇਜ ਜਾਂ ਨਗਰ-ਕੀਰਤਨਾਂ ਸਮੇਂ ਕਿਸੇ ਵੀ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾਵੇਗਾ। ਜਿਸ ਨਾਲ ਭਾਰਤ ਸਰਕਾਰ ਨੂੰ ਵੱਡਾ ਝਟਕਾ ਲੱਗਾ ਸੀ ਅਤੇ ਭਾਰਤ ਸਰਕਾਰ ਉਸ ਦਿਨ ਤੋਂ ਹੀ ਲਗਾਤਾਰ ਆਪਣੇ ਨੁਮਾਇੰਦਿਆਂ ਰਾਹੀਂ ਇਹ ਕੋਸ਼ਿਸ਼ ਕਰ ਰਹੀ ਹੈ ਕਿ ਕਿਵੇਂ ਇਸ ਅਹਿਮ ਫ਼ੈਸਲੇ ਨੂੰ ਪੂਰਨ ਰੂਪ ਵਿਚ ਲਾਗੂ ਹੋਣ ਤੋਂ ਰੋਕਿਆ ਜਾਵੇ। ਹੁਣ ਜਦੋਂ ਖ਼ਾਲਸਾ ਸਾਜਨਾ ਦਿਵਸ ਦੇ ਸੰਬੰਧ ਵਿਚ ਵੱਡੀ ਗਿਣਤੀ ਵਿਚ ਨਗਰ ਕੀਰਤਨ ਕੱਢੇ ਜਾ ਰਹੇ ਹਨ ਤੇ ਭਾਰਤ ਸਰਕਾਰ ਦੇ ਨੁਮਾਇੰਦੇ ਇਨ੍ਹਾਂ ਨਗਰ-ਕੀਰਤਨਾਂ ਵਿਚ ਸ਼ਾਮਿਲ ਹੋਣ ਅਤੇ ਸਟੇਜਾਂ ਤੱਕ ਪਹੁੰਚ ਕਰਨ ਲਈ ਪੂਰੀ ਤਰਾਂ ਸਰਗਰਮ ਹੋ ਚੁੱਕੇ ਹਨ। ਭਾਰਤੀ ਕੌਂਸਲੇਟਾਂ ਵੱਲੋਂ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਨੂੰ ਭਾਰਤੀ ਅੰਬੈਸੀਆਂ ਵਿਚ ਮਨਾਉਣ ਦੇ ਵੀ ਮਨਸੂਬੇ ਘੜੇ ਜਾ ਰਹੇ ਹਨ।