ਨਿਆਰੀ ਸ਼ਹਾਦਤ ਨੂੰ ਅਕੀਦਤ ਦੇ ਫੁੱਲ ਵੀ ਨਿਆਰੇ ਢੰਗ ਨਾਲ ਭੇਂਟ ਕਰੀਏ

ਜਸਪਾਲ ਸਿੰਘ ਹੇਰਾਂ

ਉਹ ਕੌਮ ਹੀ ਆਪਣੇ ਵਿਰਸੇ ਦੀ ਅਸਲ ਵਾਰਿਸ ਅਖਵਾ ਸਕਦੀ ਹੈ ਜਿਹੜੀ ਕੌਮ ਆਪਣੇ ਵਿਰਸੇ ਨੂੰ ਸੰਭਾਲਣ ਦੇ ਸਮਰੱਥ ਹੋਵੇ, ਉਹ ਉਨਾਂ ਬੁਨਿਆਦਾਂ ਨੂੰ ਜਿਨਾਂ ’ਤੇ ਕੌਮ ਦੀ ਉਸਾਰੀ ਹੋਈ ਹੋਵੇ, ਹੋਰ ਪਕੇਰਾ ਕਰੇ ਪ੍ਰੰਤੂ ਜਿਹੜੀ ਕੌਮ ਆਪਣੀਆਂ ਨੀਹਾਂ ਹੀ ਖੋਰਣ ਲੱਗ ਪਵੇ ਉਹ ਅਕਸਰ ਨਿਮਾਣੀ ਤੇ ਨਿਤਾਣੀ ਹੋ ਜਾਂਦੀ ਹੈ ਅਤੇ ਉਸਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਜਾਂਦਾ ਹੈ। ਆਪਣੇ ਵਿਰਸੇ ਨੂੰ ਯਾਦ ਕਰਦਿਆਂ ਸ਼ਹੀਦਾਂ ਦੀ ਯਾਦ ’ਚ ਜੋੜ ਮੇਲੇ ਮਨਾਏ ਜਾਂਦੇ ਹਨ। ਉਨਾਂ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ ਜਾਂਦੇ ਹਨ। ਲੱਖਾਂ ਦੀ ਗਿਣਤੀ ’ਚ ਸੰਗਤ ਨਤਮਸਤਕ ਹੁੰਦੀ ਹੈ। ਇਨਾਂ ਜੋੜ ਮੇਲਿਆਂ ’ਤੇ ਖੂਬ ਰੋਣਕ ਹੁੰਦੀ ਹੈ ਅਤੇ ਜੇ ਨਹੀਂ ਹੁੰਦਾ ਤਾਂ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇਣ ਦਾ ਸੰਕਲਪ ਨਹੀਂ ਹੁੰਦਾ। ਹਾਲਾਂ ਕਿ ਸ਼ਹੀਦ ਦਾ ਇੱਕੋ-ਇੱਕ ਸੁਨੇਹਾ ਉਸਦੀ ਸੋਚ ਨੂੰ ਬਚਾਉਣ ਦਾ ਹੀ ਹੁੰਦਾ ਹੈ। ਚੱਲ ਰਿਹਾ ਹਫ਼ਤਾ ਕੌਮ ਦੇ ਉਨਾਂ ਮਹਾਨ ਸ਼ਹੀਦਾਂ ਦੀ ਸ਼ਹੀਦੀ ਦਾ ਹਫ਼ਤਾ ਹੈ, ਜਿਨਾਂ ਨੇ ਜਿੱਥੇ ਆਪਣੀ ਲਾਸਾਨੀ ਸ਼ਹਾਦਤ ਨਾਲ ਕੌਮ ਦੀ ਬੁਨਿਆਦ ਨੂੰ ਪਕੇਰਾ ਕੀਤਾ ਉਥੇ ਦੁਨੀਆ ਨੂੰ ਸਿੱਖੀ ਦੀ ਆਕਾਸ਼ ਛੂਹਦੀ ਮਹਾਨਤਾ ਤੋਂ ਜਾਣੂ ਕਰਵਾਇਆ। ਵੱਡੇ ਸਾਹਿਬਜ਼ਾਦੇ, ਤਿੰਨ ਪਿਆਰੇ, ਚਮਕੌਰ ਜੰਗ ਦੇ ਸ਼ਹੀਦ, ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਇਸ ਹਫ਼ਤੇ ਹੋਈ ਅਤੇ ਇਸ ਸ਼ਹੀਦੀ ਹਫ਼ਤੇ ਨੂੰ ਉਸ ਲਾਸਾਨੀ ਸ਼ਹਾਦਤ ਦੇ ਸਿਧਾਂਤ ਅਤੇ ਮਿਸ਼ਨ ਦੇ ਪ੍ਰਤੀਕ ਵਜੋਂ ਮਨਾਉਣ ਲਈ ਅਸੀਂ ਕੌਮ ਨੂੰ ਵਾਰ-ਵਾਰ ਹੋਕਾ ਦਿੱਤਾ ਹੈ, ਕਿ ਛੋਟੇ ਸਾਹਿਬਜ਼ਾਦਿਆਂ ਦੀ ਬੇਜੋੜ ਸ਼ਹਾਦਤ ਨੂੰ ਕੌਮ ਇਕ ਵਿਲੱਖਣ ਅੰਦਾਜ਼ ਵਿੱਚ ਜ਼ਰੂਰ ਮਨਾਵੇ ਤਾਂ ਕਿ ਸਮੁੱਚੇ ਵਿਸ਼ਵ ਵਿੱਚ ਜਿੱਥੇ ਵੀ ਸਿੱਖਾਂ ਦੀ ਹੋਂਦ ਹੈ, ਦੁਨੀਆ ਨੂੰ ਇਸ ਲਾਸਾਨੀ ਸ਼ਹਾਦਤ ਦੀ ਜਾਣਕਾਰੀ ਪ੍ਰਾਪਤ ਹੋਵੇ। ਅਸੀਂ ਹਰ ਵਾਰ ਕੌਮ ਨੂੰ ਜੋਦੜੀ ਕੀਤੀ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨ ਇਕ ਪੱਕਾ ਸਮਾਂ ਮਿਥ ਕੇ ਉਸ ਸ਼ਹਾਦਤ ਨੂੰ ਵਿਲੱਖਣ ਅੰਦਾਜ਼ ’ਚ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣ। ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ-ਬੇਮਿਸ਼ਾਲ ਅਤੇ ਮਾਸੂਮ ਸ਼ਹਾਦਤ ਜਿਹੜੀ ਵਿਸ਼ਵ ਇਤਿਹਾਸ ਦੀ ਵਿਲੱਖਣ ਘਟਨਾ ਹੈ, ਉਸ ਪ੍ਰਤੀ ਸੰਸਾਰ ਨੂੰ ਜਾਗਰੂਕ ਕਰਨ ਲਈ ਅਤੇ ਹਰ ਸਿੱਖ ’ਚ ਦਸਮੇਸ਼ ਪਿਤਾ ਦੀ ਸੋਚ ਨੂੰ ਬਚਾਉਣ ਦੇ ਜਜ਼ਬੇ ਨੂੰ ਜਗਾਈ ਰੱਖਣ ਲਈ ਇਸ ਦਿਹਾੜੇ ਦੀ ਵਿਲੱਖਣਤਾ ਹੋਣੀ ਅਤਿ ਜ਼ਰੂਰੀ ਹੈ। ਚੰਗਾ ਹੋਵੇ ਜੇ ਕੌਮ ਇਸ ਅਹਿਸਾਸ ਨੂੰ ਜੀਵਤ ਰੱਖੇ ਕਿ ਜਿਸ ਤਰਾਂ ਉਸ ਘੜੀ ਜਦੋਂ ਜਾਬਰ ਹਕੂਮਤ ਦੇ ਹੁਕਮ ’ਤੇ ਜਲਾੱਦ ਨੇ ਛੋਟੇ-ਛੋਟੇ ਦੋ ਮਾਸੂਮ ਬੱਚਿਆਂ ਦੇ ਸੀਸ ’ਤੇ ਤਲਵਾਰ ਚਲਾਈ ਸੀ, ਉਸ ਸਮੇਂ ਜਿਵੇਂ ਸਮਾਂ ਰੁਕ ਗਿਆ ਸੀ, ਅੰਬਰ ਰੋ ਪਿਆ ਸੀ, ਧਰਤੀ ਦੀ ਸੀਨਾਂ ਫਟ ਗਿਆ ਸੀ, ਪੌਣ ਥੰਮ ਗਈ ਸੀ ਅਤੇ ਵਾਤਾਵਰਣ ’ਚ ਪੂਰਨ ਸੰਨਾਟਾ ਛਾ ਗਿਆ ਸੀ, ਅੱਜ ਵੀ ਕੌਮ ਉਸ ਪਲ ਨੂੰ ਆਪਣੇ ਮਨ ’ਚ ਤੱਕ ਰਹੀ ਵਿਖਾਈ ਦੇਣੀ ਚਾਹੀਦੀ ਹੈ। ਜਿਸ ਸ਼ਹੀਦੀ ਦਾ ਕਰਜ਼ਾ ਅਸੀਂ ਕਈ ਪੀੜੀਆਂ ਦੀ ਕੁਰਬਾਨੀ ਦੇ ਕੇ ਵੀ ਚੁਕਾ ਨਹੀਂ ਸਕਦੇ, ਉਸ ਸ਼ਹਾਦਤ ਨੂੰ ਯਾਦ ਕਰਨ ਲਈ, ਪੂਰੇ ਵਰੇ ’ਚੋਂ ਸਿਰਫ਼ 2 ਮਿੰਟ ਕੱਢਣੇ ਵੀ ਜੇ ਸਾਡੇ ਲਈ ਔਖੇ ਹਨ ਤਾਂ ਅਸੀਂ ਨਾ ਤਾਂ ਉਨਾਂ ਮਹਾਨ ਲਾਸਾਨੀ ਸ਼ਹੀਦਾਂ ਦੇ ਵਾਰਿਸ ਅਖਵਾ ਸਕਦੇ ਹਾਂ ਅਤੇ ਨਾ ਹੀ ਉਨਾਂ ਮਹਾਨ ਸ਼ਹੀਦਾਂ ਦੀ ਸੋਚ ਨੂੰ ਬਚਾਉਣ ਵਾਲੇ ਮਾਰਗ ਦੇ ਪਾਂਧੀ ਬਣ ਸਕਦੇ ਹਾਂ। ਭਾਵੇਂ ਸਿੱਖੀ ਦੇ ਸਕੂਲ ’ਚ ਦਾਖ਼ਲਾ ਹੀ ਸ਼ਹਾਦਤ ਨਾਲ ਹੁੰਦਾ ਹੈ, ਪ੍ਰੰਤੂ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੇ ਪਲ ਨੂੰ ਇਤਿਹਾਸਕ ਪਲ ਵਜੋਂ ਮਨਾਉਣਾ, ਉਸ ਘਟਨਾ ਦੀ ਮਹਾਨਤਾ, ਮੰਤਵ ਅਤੇ ਮਿਸ਼ਨ ਦੀ ਯਾਦ ਨੂੰ ਤਾਜ਼ਾ ਕਰਨ ਲਈ ਅਤਿ ਜ਼ਰੂਰੀ ਹੁੰਦਾ ਹੈ, ਇਸ ਲਈ ਅਸੀਂ ਹਰ ਪੰਥ ਦਰਦੀ ਨੂੰ ਅਪੀਲ ਕਰਾਂਗੇ ਕਿ ਸ਼ਾਹਿਬਜ਼ਾਦਿਆਂ ਦੀ ਯਾਦ ’ਚ ਉਹ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਉਨਾਂ ਨੂੰ ਆਪਣੀ ਅਕੀਦਤ ਦੇ ਫੁੱਲ ਭੇਂਟ ਕਰਨ ਲਈ ਜੋ ਵੀ ਵਿਲੱਖਣ ਅੰਦਾਜ਼ ਕੌਮ ਨੂੰ ਦਿੱਤਾ ਜਾਂਦਾ ਹੈ, ਉਸ ’ਤੇ ਜ਼ਰੂਰ ਪਹਿਰਾ ਦੇਵੇ। ਅਸੀਂ ਕੌਮ ਦੇ ਜਥੇਦਾਰ ਸਾਹਿਬਾਨ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਇਸ ਸਬੰਧੀ ਸਮੁੱਚੀ ਕੌਮ ਨੂੰ ਅਜਿਹਾ ਆਦੇਸ਼ ਜਾਰੀ ਕਰਨ ਤਾਂ ਕਿ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਵਿਸ਼ਵ ਭਰ ਵਿੱਚ ਬੈਠੇ ਸਿੱਖ ਇਕ ਮਿੱਥੇ ਸਮੇਂ ’ਤੇ ਮਿੱਥੇ ਅੰਦਾਜ਼ ਅਨੁਸਾਰ ਅਕੀਦਤ ਦੇ ਫੁੱਲ ਭੇਂਟ ਕਰ ਸਕਣ। ਦੂਸਰਾ ਸ਼ਹੀਦੀ ਜੋੜ ਮੇਲਿਆਂ ’ਤੇ ਸਿਆਸੀ ਦੂਸ਼ਣਬਾਜ਼ੀ ਨੂੰ ਹੁਣ ਕੌਮ ਵੱਲੋਂ ਹੀ ਸਖ਼ਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ। ਕਿਉਂਕਿ ਸਿਆਸੀ ਧਿਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼ਹੀਦੀ ਜੋੜ ਮੇਲਿਆਂ ਨੂੰ ਸਿਆਸਤ ਲਈ ਨਾਂਹ ਵਰਤਣ ਬਾਰੇ ਕਈ ਵਾਰ ਅਪੀਲਾਂ ਕੀਤੀਆਂ ਹਨ, ਜਿਨਾਂ ਦਾ ਕੋਈ ਅਸਰ ਵਿਖਾਈ ਨਹੀਂ ਦਿੱਤਾ। ਸਿਆਸੀ ਧਿਰਾਂ ਇਨਾਂ ਜੋੜ ਮੇਲਿਆਂ ’ਤੇ ਜੁੜਣ ਵਾਲੀਆਂ ਭੀੜਾਂ ਦਾ ਸਿਆਸੀ ਲਾਹਾਂ ਲੈਣ ਲਈ ਹੀ ਇਸ ਸਮੇਂ ਸਿਆਸੀ ਕਾਨਫਰੰਸਾਂ ਕਰਦੀਆਂ ਹਨ ਅਤੇ ਉਨਾਂ ਵੱਲੋਂ ਕੀਤੇ ਗਏ ਦੂਸ਼ਿਤ ਵਾਤਾਵਰਣ ਨੇ ਹੀ ਕੌਮ ਦੀ ਸੋਚ ਨੂੰ ਜੰਗਾਲ ਲਾ ਛੱਡਿਆ ਹੈ ਅਤੇ ਜੰਗਾਲੀ ਸੋਚ ਕਦੇ ਵੀ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਨਹੀਂ ਦੇ ਸਕਦੀ। ਜਦੋਂ ਤੱਕ ਸਿੱਖ ਸੰਗਤਾਂ ਸ਼ਹੀਦੀ ਜੋੜ ਮੇਲਿਆਂ ਦੀ ਮਹਾਨਤਾ ਨੂੰ ਮਨਾਂ ’ਚ ਵਸਾ ਨਹੀਂ ਲੈਂਦੀਆਂ ਅਤੇ ਸ਼ਹੀਦੀ ਜੋੜ ਮੇਲੇ ’ਤੇ ਆਮ ਮੇਲੇ ਦੇ ਫ਼ਰਕ ਨੂੰ ਸਪੱਸ਼ਟ ਰੂਪ ’ਚ ਰੂਪਮਾਨ ਨਹੀਂ ਕਰ ਲਿਆ ਜਾਂਦਾ। ਉਦੋਂ ਤੱਕ ਸਿਆਸਤ ਦੇ ਪ੍ਰਛਾਵੇਂ ਤੋਂ ਇਨਾਂ ਪਵਿੱਤਰ ਧਾਰਮਿਕ ਸਮਾਗਮਾਂ ਨੂੰ ਬਚਾਉਣਾ ਸੰਭਵ ਨਹੀਂ ਹੈ। ਅਸੀਂ ਵਾਰ-ਵਾਰ ਲਿਖਿਆ ਹੈ ਕਿ ਅਤੇ ਕੌਮ ਦੇ ਧਾਰਮਿਕ ਆਗੂਆਂ ਅਤੇ ਬੁੱਧੀਜੀਵੀਆਂ ਅੱਗੇ ਦੁਹਾਈ ਦਿੱਤੀ ਹੈ ਕਿ ਉਹ ਕੌਮ ਨੂੰ ਜਗਾਉਣ ਲਈ ਹੋਕਾ ਦੇਣ ਤਾਂ ਕਿ ਸ਼ਹੀਦੀ ਜੋੜ ਮੇਲਿਆਂ ਤੇ ਜਾਣ ਵਾਲੀ ਸਿੱਖ ਸੰਗਤ ਸਿਆਸੀ ਕਾਨਫਰੰਸਾਂ ਵੱਲ ਮੂੰਹ ਹੀ ਨਾਂਹ ਕਰੇ। ਉਹ ਸਿਰਫ਼ ਤੇ ਸਿਰਫ਼ ਗੁਰੂ ਸਾਹਿਬ ਅੱਗੇ ਨਤਮਸਤਕ ਹੋਣ ਅਤੇ ਸ਼ਹੀਦਾਂ ਵੱਲੋਂ ਕੀਤੇ ਕਾਰਨਾਮਿਆਂ ਨੂੰ ਆਪਣੇ ਮਨਾਂ ਵਿੱਚ ਰੂਪਮਾਨ ਕਰਦੇ ਹੋਏ ਆਪਣੇ ਫਰਜ਼ ਨੂੰ ਯਾਦ ਕਰਨ। ਦੋ ਦਿਨਾਂ ਤੋਂ ਬਾਅਦ ਜਦੋਂ ਅਸੀਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾ ਰਹੇ ਹੋਵਾਂਗੇ, ਉਸ ਸਮੇਂ ਮਹਾਨ ਵਿਲੱਖਣ ਸ਼ਹਾਦਤ ਨੂੰ ਜਿਸਦੀ ਦੁਨੀਆ ’ਚ ਹੋਰ ਕੋਈ ਉਦਾਹਰਣ ਨਹੀਂ ਮਿਲਦੀ, ਤਾਂ ਸਾਡਾ ਇਹ ਕੌਮੀ ਫਰਜ਼ ਬਣ ਜਾਂਦਾ ਹੈ ਕਿ ਅਸੀਂ ਉਸ ਨਿਆਰੀ ਸ਼ਹਾਦਤ ਨੂੰ ਅਕੀਦਤ ਦੇ ਫੁੱਲ ਵੀ ਨਿਆਰੇ ਢੰਗ ਨਾਲ ਭੇਂਟ ਕਰੀਏ। ਸਾਰੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਇਸ ਪਾਸੇ ਕੌਮ ਨੂੰ ਜਗਾਉਣ ਲਈ ਅੱਜ ਤੋਂ ਹੀ ਉਸ ਨਿਆਰੇ ਸਰੂਪ ਜਿਸ ਅੰਦਾਜ਼ ’ਚ ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਨਾ ਹੈ, ਦਾ ਪ੍ਰਚਾਰ ਘਰ-ਘਰ ਪਹੁੰਚਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।