ਬਾਦਲ ਪਾਸੋਂ ਕੌਣ ਵਾਪਸ ਲਵੇਗਾ ਫ਼ਖਰ-ਏ-ਕੌਮ ਦਾ ਖਿਤਾਬ ?

-ਨਰਿੰਦਰ ਪਾਲ ਸਿੰਘ
ਜੇਕਰ ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਤੇ ਇਸਦੇ ਨਾਇਕ ਸੰਤ ਜਰਨੈਲ ਸਿੰਘ ਖਾਲਸਾ ਦੀ ਸ਼ਾਨ ਖਿਲਾਫ ਬੋਲਣ ਜਾਂ ਲਿਖਣ ਵਾਲੇ ਨੂੰ ਦਿੱਤਾ ਸਨਮਾਨ ਵਾਪਿਸ ਲਿਆ ਜਾ ਸਕਦਾ ਹੈ ਤਾਂ ਜਿਨਾਂ ਦੀ ਅਗਵਾਈ ਵਿੱਚ ਚਲਦੀਆਂ ਸਰਕਾਰਾਂ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੋਵੇ ਉਨਾਂ ਪਾਸੋਂ ਸਨਮਾਨ ਵਾਪਿਸ ਕਿਉਂ ਨਹੀ ?ਇਹ ਸਵਾਲ ਬੀਤੀ ਕੱਲ ਸ਼੍ਰੋਮਣੀ ਕਮੇਟੀ ਵਲੋਂ ਕਾਲਮਨਵੀਸ ਕੁਲਦੀਪ ਨਈਅਰ ਵਲੋਂ ਸੰਤ ਜਰਨੈਲ ਸਿੰਘ ਪ੍ਰਤੀ ਕੀਤੀ ਟਿਪਣੀ ਦੇ ਰੋਸ ਵਜੋਂ ਸਾਲ 2006 ਵਿੱਚ ਦਿੱਤਾ ਸਨਮਾਨ ਵਾਪਿਸ ਲਏ ਜਾਣ ਬਾਅਦ ਸਿੱਖ ਹਲਕਿਆਂ ਵਿੱਚ ਬੜੀ ਤੀਬਰਤਾ ਨਾਲ ਉਠਾਇਆ ਗਿਆ ਹੈ ।ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਨੇ ਸ਼ੋਸ਼ਲ ਮੀਡੀਆ ਦੇ ਮਾਧਿਅਮ ਫੇਸ ਬੁੱਕ ਤੇ ਟਿਪਣੀ ਦਰਜ ਕਰਦਿਆਂ ਕਿਹਾ ਹੈ ਕਿ ਯਕੀਨਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਖਿਲਾਫ ਕੁਲਦੀਪ ਨਈਅਰ ਵਲੋਂ ਕੀਤੀ ਟਿਪਣੀ ਨੂੰ ਸੰਤਾਂ ਦੇ ਨਿਰਾਦਰ ਵਜੋਂ ਲਿਆ ਗਿਆ ਹੈ ।ਉਹ ਲਿਖਦੇ ਹਨ ਕਿ ਹਾਲਾਂਕਿ ਸੰਤ ਜੀ ਗੁਰੂ ਸਾਹਿਬ ਤੋਂ ਉਪਰ ਨਹੀ ਹਨ ਫਿਰ ਵੀ ਉਨਾਂ ਦੇ ਖਿਲਾਫ ਕਿਸੇ ਟਿਪਣੀ ਨੂੰ ਅਪਮਾਨ ਵਜੋਂ ਲਿਆ ਜਾਂਦਾ ਹੈ ।
ਬੀਬੀ ਕਿਰਨਜੋਤ ਕੌਰ ਅੱਗੇ ਲਿਖਦੇ ਹਨ ਕਿ ‘ਮੈਨੂੰ ਹੈਰਾਨੀ ਹੁੰਦੀ ਹੈ ਕਿ ਜਿਹੜੇ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਰੋਕ ਸਕੇ ,ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਨਾ ਦਿਵਾ ਸਕੇ ਉਨਾਂ  ਨੂੰ ਦਿੱਤੇ ਸਨਮਾਨ ਵਾਪਿਸ ਲੈਣ ‘ਤੇ ਵੀ ਵਿਚਾਰ ਹੋਵੇਗੀ ? ਇਸ ਸਬੰਧੀ ਜਦੋਂ ਬੀਬੀ ਕਿਰਨਜੋਤ ਨਾਲ ਗਲ ਕਰਦਿਆਂ ਇਹ ਪੁੱਛਿਆ ਗਿਆ ਕਿ ਆਖਿਰ ਸੂਬੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਵਿੱਚ ਅਸਫਲ ਰਹੇ ਸ੍ਰ: ਪਰਕਾਸ਼ ਸਿੰਘ ਬਾਦਲ ਨੂੰ ਦਿੱਤਾ ਸਨਮਾਨ ‘ਫਖਰ-ਏ-ਕੌਮ’ ਕੌਣ ਵਾਪਿਸ ਲਵੇ ਤਾਂ ਉਨਾਂ ਕਿਹਾ ਕਿ ਜਿਸ ਨੇ ਦਿੱਤਾ ਹੈ ।ਬੀਬੀ ਕਿਰਨਜੋਤ ਕੌਰ ਦਾ ਇਸ਼ਾਰਾ ਸਪਸ਼ਟ ਸੀ ਕਿ ਸ੍ਰ: ਪਰਕਾਸ਼  ਸਿੰਘ ਬਾਦਲ ਨੂੰ ਜੋ ਸਨਮਾਨ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਦਿੱਤਾ ਗਿਆ ਸੀ ਉਥੋਂ ਹੀ ਵਾਪਿਸ ਲਿਆ ਜਾਵੇ। ਖਾਲਸਾ ਕਾਲਜ ਚਵਿੰਡਾ ਦੇਵੀ ਤੋਂ ਸੇਵਾਮੁਕਤ ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਕਿਹਾ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਸਮੁੱਚਾ ਜੀਵਨ ਗੁਰਬਾਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਰਾ ਦਰਸਾਏ ਵਡਮੁੱਲੇ ਸਿੱਖ ਸਿਧਾਂਤਾਂ ਨੂੰ ਸਮਰਪਿਤ ਰਿਹਾ ਹੈ ।ਉਨਾਂ ਕਿਹਾ  ਕਿ ਸੰਤ ਜੀ ਨੂੰ ਜੋ ਸਿਖਿਆ ਬਚਪਨ ਵਿੱਚ ਮਿਲੀ ਤੇ ਜੋ ਉਨਾਂ ਨੇ ਦਮਦਮੀ ਟਕਸਾਲ ਦੇ ਵਿਦਿਆਰਥੀ ਅਤੇ ਮੁਖੀ ਵਜੋਂ ਕਮਾਈ ਉਹ ਸੰਪੂਰਣ ਤੌਰ ਤੇ ਗੁਰ ਸਿਧਾਤਾਂ ਨੂੰ ਪ੍ਰਚਾਰਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਨੂੰ ਸਮਰਪਿਤ ਰਹੀ ।
ਪ੍ਰਿੰਸੀਪਲ ਬਲਜਿੰਦਰ ਸਿੰਘ ਕਹਿੰਦੇ ਹਨ ਕਿ ਸੰਤ ਜੀ ਹਮੇਸ਼ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਦੀ ਬਹਾਲੀ ਲਈ ਜੀਵੇ ਹਨ ਕਿਸੇ ਵਿਅਕਤੀ ਲਈ ਨਹੀ ਬਲਕਿ ਉਨਾਂ ਦੀ ਸ਼ਹਾਦਤ ਦਾ ਸਫਰ ਵੀ ਅਪ੍ਰੈਲ 1978 ਵਿੱਚ ਗੁਰਸ਼ਬਦ ਦੇ ਨਿਰਾਦਰ ਦੇ ਖਿਲਾਫ ਜੂਝਦਿਆਂ ਸ਼ੁਰੂ ਹੁੰਦਾ ਹੈ ।ਉਨਾਂ ਕਿਹਾ ਕਿ ਤਖਤਾਂ ਤੇ ਬੈਠੇ ਜਥੇਦਾਰਾਂ ਦੀ ਤਰਾਸਦੀ ਹੈ ਕਿ ਉਹ ਸਿਆਸੀ ਲੋਕਾਂ ਦੇ ਕਦਮਾਂ ਵਿੱਚ ਬੈਠਣ ਸਿੱਖ ਗਏ ਹਨ।ਪਰਕਾਸ਼ ਸਿੰਘ ਬਾਦਲ ਦੇ ਰਾਜ ਭਾਗ ਦੌਰਾਨ ਸਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਦੋ ਵਾਰ ਨਹੀ 80 ਵਾਰ ਨਿਰਾਦਰ ਹੋਣਾ , ਦੋਸ਼ੀਆਂ ਦੀ ਗ੍ਰਿਫਤਾਰੀ ਖਾਤਰ ਰੋਸ ਪ੍ਰਗਟਾਣ ਵਾਲਿਆਂ ਨੂੰ ਗੋਲੀਆਂ ਨਾਲ ਭੁੰਨਣਾ ਤੇ ਫਿਰ ਦੋਸ਼ੀ ਪੁਲਸੀਆਂ ਨੂੰ ਬਚਾਉਣਾ ਪਰਕਾਸ਼ ਸਿੰਘ ਬਾਦਲ ਦੀ ਪ੍ਰਾਪਤੀ ਹੈ ਜੋ ਗੁਰੂ ਗ੍ਰੰਥ ਦੇ ਨਾਲ ਨਾਲ ਗੁਰੂ ਪੰਥ ਦਾ ਵੀ ਨਿਰਾਦਰ ਹੈ ।ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਕਿਹਾ ਐਨਾ ਕੁਝ ਵਾਪਰਨ ਦੇ ਬਾਵਜੂਦ ਵੀ ਪਰਕਾਸ਼ ਸਿੰਘ ਬਾਦਲ ਪਾਸੋਂ ਦਿੱਤਾ ਸਨਮਾਨ ਵਾਪਿਸ ਨਾ ਲੈਣਾ ਜਥੇਦਾਰਾਂ ਦੀ ਮੁਜ਼ਰਮਾਨਾ ਚੁੱਪ ,ਇਹੀ ਸੁਨੇਹਾ ਦਿੰਦੀ ਹੈ ਕਿ ਗੁਰਦੁਆਰਾ ਨਿਜ਼ਾਮ ੱਿਵਚ ਸੱਭ ਅੱਛਾ ਨਹੀ ਹੈ ।ਤੁਰੰਤ ਤਬਦੀਲੀ ਦੀ ਲੋੜ ਹੈ ।
ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਤੇ ਸੰਸਥਾ ਅਕਾਲ ਪੁਰਖ ਕੀ ਫੌਜ ਦੇ ਡਾਇਰੈਕਟਰ ਐਡਵੋਕੇਟ ਜਸਵਿੰਦਰ ਸਿੰਘ ਨੇ ਕਿਹਾ ਹੈ ਕਿ ਸਰਵ ਉਚ ਸਿੱਖ ਸੰਸਥਾ ਵਲੋਂ ਕਿਸੇ ਨੂੰ ਜੀਉਂਦੇ ਜੀਅ ਸਨਮਾਨ ਦੇਣਾ ਤੇ ਉਹ ਵੀ ਕਿਸੇ ਸਿਆਸੀ ਵਿਅਕਤੀ ਨੂੰ ਕਦਾਚਿਤ ਸਹੀ ਨਹੀ ਹੈ ।ਜੇ ਕਿਧਰੇ ਕਿਸੇ ਦੀ ਕੋਈ ਅਜੇਹੀ ਅਹਿਮ ਪ੍ਰਾਪਤੀ ਰਹੀ ਵੀ ਹੋਵੇ ਤਾਂ ਉਹ ਵੀ ਮਰਨ ਉਪਰਾਂਤ ਸਮੁਚੇ ਜੀਵਨ ਕਰਮ ਦਾ ਲੇਖਾ ਜੋਖਾ  ਕਰਨ ਬਾਅਦ ।ਵਾਰ ਵਾਰ ਬਾਦਲ ਵਰਗੇ ‘ਫਖਰ-ਏ-ਕੌਮ’ ਪੈਦਾ ਨਾ ਕੀਤੇ ਜਾਣ।
ਜਸਪਾਲ ਸਿੰਘ ਹੇਰਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਿੰਦੂਤਵੀ ਸੋਚ ਦੇ ਮਾਲਕ ਕੁਲਦੀਪ ਨਈਅਰ ਤੋਂ ਸਨਮਾਨ ਵਾਪਸ ਲੈਣਾ ਸ਼ਲਾਘਾਯੋਗ ਤੇ ਸਹੀ ਕਦਮ ਹੈ। ਉਸ ਲਈ ਸ਼੍ਰੋਮਣੀ ਕਮੇਟੀ ਵਧਾਈ ਦੀ ਪਾਤਰ ਹੈ। ਪ੍ਰੰਤੂ ਹੁਣ ਜਿਹੜਾ ਸੁਆਲ ਪੰਥਕ ਪਰਿਵਾਰ ਦੀ ਵਾਰਿਸ ਬੀਬੀ ਕਿਰਨਜੋਤ ਕੌਰ ਨੇ ਚੁੱਕਿਆ ਹੈ। ਉਸਦਾ ਜਵਾਬ ਕੌਣ ਦੇਵੇਗਾ? ਬੀਬੀ ਕਿਰਨਜੋਤ ਕੌਰ ਦੇ ਨਿਸ਼ਾਨੇ ‘ਤੇ ਪ੍ਰਕਾਸ਼ ਸਿੰਘ ਬਾਦਲ ਹਨ ਜਿਨਾਂ ਨੂੰ ”ਫ਼ਖ਼ਰ-ਏ-ਕੌਮ” ਅਤੇ ਪੰਥ ਰਤਨ ਐਵਾਰਡ ਜੱਥੇਦਾਰਾਂ ਨੇ ਦਿੱਤੇ ਹਨ। ਪ੍ਰਕਾਸ਼ ਸਿੰਘ ਬਾਦਲ ਸਿਰ ਦੋਸ਼ ਹੈ ਕਿ ਉਸਨੇ ਕਿਸੇ ਵੀ ਹੋਰ ਪੰਥਕ ਦੁਸ਼ਮਣ ਤਾਕਤਾਂ ਤੋਂ ਵੱਧ ਪੰਥ ਦਾ ਘਾਣ ਕੀਤਾ ਹੈ। ਇਸੇ ਬਾਦਲ ਦੇ ਰਾਜ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਾਨਾਵਾਂ ਨਿਰੰਤਰ ਹੁੰਦੀਆਂ ਰਹੀਆਂ।  ਦੋਸ਼ੀਆਂ ਨੂੰ ਫੜਨ ਦੀ ਥਾਂ ਸ਼ਾਂਤਮਈ ਰੋਸ ਧਰਨੇ ‘ਤੇ ਬੈਠੀਆਂ ਸਿੱਖ ਸੰਗਤਾਂ ‘ਤੇ ਗੋਲੀ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰਵਾ ਦਿੱਤਾ। ਸੌਦਾ ਸਾਧ ਨੂੰ ਬਿਨਾਂ ਮੰਗਿਆ ਮਾਫ਼ੀ (ਵੋਟਾਂ ਲਈ) ਦੇਣ ਲਈ ਜਥੇਦਾਰਾਂ ਨੂੰ ਆਪਣੀ ਚੰਡੀਗੜ ਕੋਠੀ ਤਲਬ ਕੀਤਾ ਅਤੇ ਸੌਦਾ ਸਾਧ ਨੂੰ ਮਾਫ਼ੀ ਦੇਣ ਦੇ ਹੁਕਮ ਸੁਣਾਏ। ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਨੂੰ ਸੱਤਾ ਦੀ ਤਾਕਤ ਨਾਲ ਦਬਾਉਣ ਲਈ ਹਰ ਜ਼ੋਰ-ਜ਼ੁਲਮ ਕੀਤਾ। ਸਿੱਖਾਂ ਦੀ ਸਿਰਮੌਰ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ, ਪੰਜ ਪਿਆਰੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਭੋਗ ਪਾਏ। ਉਨਾਂ ਨੂੰ ਆਪਣੇ ‘ਪਟਾਰੇ’ ਵਿਚ ਕੈਦ ਕਰ ਲਿਆ। ਜਿਸ ਕਾਰਨ ਸਿਰਫ਼ ਬਾਦਲ ਹੀ ਬਾਦਲ ਹੋਣ ਲੱਗੀ। ਵਿਰੋਧ ਵਿਚ ਉੱਠੀ ਹਰ ਆਵਾਜ਼ ਬੰਦ ਕਰ ਦਿੱਤੀ ਜਾਂਦੀ ਜਾਂ ਦਬਾਅ ਨਾਲ ਚੁੱਪ ਕਰਾ ਦਿੱਤੀ ਜਾਂਦੀ। ਜਿਸ ਬਾਦਲ ਨੇ ਕੌਮ ਨਾਲ ਐਨਾ ਵੱਡੀ ਧ੍ਰੋਹ ਕਮਾਇਆ ਹੋਵੇ ਫਿਰ ਉਸ ਬਾਦਲ ਨੂੰ ਦਿੱਤੇ ‘ਪੰਥ ਰਤਨ’ ਤੇ ਫ਼ਖ਼ਰ-ਏ-ਕੌਮ ਵਰਗੇ ਐਵਾਰਡ ਵਾਪਸ ਕਿਉਂ ਨਹੀਂ ਲਏ ਜਾਂਦੇ? ਅਸੀਂ ਸਮਝਦੇ ਹਾਂ ਕਿ ਭਾਵੇਂ ਅਸਲ ਵਿਚ ਲੋਕ ਨਾਇਕ ਉਹ ਹੀ ਹੁੰਦਾ ਹੈ ਜਿਹੜਾ ਲੋਕਾਂ ਦੇ ਮਨਾਂ ਉਤੇ ਰਾਜ ਕਰਦਾ ਹੋਵੇ, ਉਹ ਲੋਕਾਂ ਨਾਲ ਤੇ ਲੋਕ ਹਮੇਸ਼ਾਂ ਉਸ ਨਾਲ ਖੜੇ ਹੋਣੇ ਚਾਹੀਦੇ ਹਨ। ਬਾਦਲਾਂ ਦੇ ਮਾਮਲੇ ਵਿਚ ਐਸਾ ਕੁਝ ਨਹੀਂ। ਸਿੱਖਾਂ ਤੇ ਪੰਜਾਬੀਆਂ ਨੇ ਬਾਦਲਾਂ ਨੂੰ ਉਨਾਂ ਦੇ ਕਾਲੇ ਕਾਰਨਾਮਿਆਂ ਵਿਰੁੱਧ ਸਜ਼ਾ ਦਿੱਤੀ ਹੈ। ਇਸ ਵਿਚ ਕੋਈ ਸ਼ੱਕ ਨਹੀਂ। ਪ੍ਰੰਤੂ ਅਗਲਾ ਕੌੜਾ ਸੱਚ ਇਹ ਵੀ ਹੈ ਕਿ ਜਦੋਂ ਤੱਕ ਬਾਦਲਾਂ ਨੂੰ ਸਿੱਖ  ਸਿਆਸਤ ਦੇ ਵਿਹੜੇ ਵਿਚੋਂ ਬਾਹਰ ਨਹੀਂ ਕੱਢਿਆ ਜਾਂਦਾ, ਉਦੋ ਤੱਕ ਸਿੱਖ ਸਿਆਸਤ, ਹਿੰਦੂਤਵੀਆਂ ਦੇ ਨਾਗਪੁਰੀ ਤਖ਼ਤਾ ਦੀ ਗ਼ੁਲਾਮ ਰਹੇਗੀ। ਅੱਜ ਲੋੜ ਹੈ ਕਿ ਕੌਮ ਇਨਾਂ ਦੰਭੀ, ਪਾਖੰਡੀ, ਮਕਾਰ, ਲੋਭੀ, ਲਾਲਸੀ ਬਾਬਿਆਂ ਦੇ ਡੇਰਿਆਂ ਨੂੰ ਵਧਾਉਣ-ਫੈਲਾਉਣ ਵਿਚ ਸ਼ਾਮਲ ਹਰ ਸਿਆਸੀ ਆਗੂ  ਉਤੇ ਰੋਕ ਲਾਈ ਜਾਵੇ ਅਤੇ ਉਨਾਂ ਨੂੰ ਸਿੱਖ ਪੰਥ ਵਿਚੋਂ ਬਾਹਰ ਕੀਤਾ ਜਾਵੇ। ਸਾਨੂੰ ਭਲੀਭਾਂਤ ਪਤਾ ਹੈ ਕਿ ਬੀਬੀ ਕਿਰਨਜੋਤ ਕੌਰ ਦੇ ਸੁਆਲ ਦਾ ਜਵਾਬ ਬਾਦਲ ਦਲੀਆਂ ਨੇ ਨਹੀਂ ਦੇਣਾ। ਪੰ੍ਰਤੂ ਪਾਰਟੀ ਦੇ ਅੰਦਰੋ ਉਠੀ ਇਹ ਚੰਗਿਆੜੀ ਇਕ ਦਿਨ ਭਾਂਬੜ ਜ਼ਰੂਰ ਬਣੇਗੀ ਅਤੇ ਉਸ ਦਿਨ ਹੀ ਸਿੱਖ ਦੁਸ਼ਮਣ ਰੂਪੀ ਰਾਵਣ ਵੀ ਫੂਕਿਆ ਜਾਵੇਗਾ। ਕੁਦਰਤ ਨੇ ਬਾਦਲ ਦਲ ਦੇ ਅੰਦਰ ਬੈਠੇ ਉਨਾਂ ਸਿੱਖ ਆਗੂਆਂ ਨੂੰ ਪਸ਼ਚਾਤਾਪ ਕਰਨ ਦਾ ਮੌਕਾ ਦਿੱਤਾ ਹੈ। ਜਿਨਾਂ ਨੇ ਪਿਛਲੇ 10 ਸਾਲ, ਬਾਦਲਾਂ ਦੀਆਂ ਸਿੱਖ ਮਾਰੂ ਨੀਤੀਆਂ ਵਿਰੁੱਧ ਅੱਖਾਂ, ਮੂੰਹ ਤੇ ਕੰਨ ਬੰਦ ਕਰੀ ਰੱਖੇ ਸਨ। ਜੇ ਅੱਜ ਉਹ ਗੁਰੂ ਸਾਹਿਬ ਦੀ ਬੇਅਦਬੀ ਦੀ ਸਜ਼ਾ ਇਨਾਂ ਪੰਥ ਦੋਖੀ ਤਾਕਤਾਂ ਨੂੰ ਦੇਣ ਲਈ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਦੇ ਹਨ ਤਾਂ ਕੌਮ ਉਨਾਂ ਨੂੰ ਸਿਰ ਮੱਥੇ ਬਿਠਾਊਗੀ ਤੇ ਪਿਛਲੇ ਪਾਪ ਵੀ ਧੋਤੇ ਜਾਣਗੇ।