ਬੀਬੀ ਜਗੀਰ ਕੌਰ ਖਿਲਾਫ਼ ਵੀ ਹੋ ਸਕਦੀ ਹੈ ਧਾਰਮਿਕ ਕਾਰਵਾਈ

-ਨਰਿੰਦਰ ਪਾਲ
ਸਾਬਕਾ ਅਕਾਲੀ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਦੇ ਸਿੱਖ ਰਹਿਤ ਮਰਿਆਦਾ ਅਨੁਸਾਰ ਬੱਜ਼ਰ ਕੁਰਹਿਤ ਦੇ ਦੋਸ਼ ਅਧੀਨ ਘਿਰ ਜਾਣ ਉਪਰੰਤ ਕਮੇਟੀ ਦੀ ਸਾਬਕਾ ਪ੍ਰਧਾਨ, ਸਾਬਕਾ ਅਕਾਲੀ ਮੰਤਰੀ ਤੇ ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜਗੀਰ ਕੌਰ ਖਿਲਾਫ ਵੀ ਇਨਾਂ ਹੀ ਦੋਸ਼ਾਂ ਤਹਿਤ ਜਥੇਦਾਰਾਂ ਦੀ 13 ਅਕਤੂਬਰ ਨੂੰ ਹੋਣ ਵਾਲੀ ਇੱਕਤਰਤਾ ਵਿੱਚ ਵਿਚਾਰ ਹੋ ਸਕਦੀ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸ੍ਰ:ਸੁਖਪਾਲ ਸਿੰਘ ਖਹਿਰਾ ਨੇ ਕੁਝ ਦਿਨ ਪਹਿਲਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਭੇਜੀ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਇੱਕ ਪਾਸੇ ਤਾਂ ਕਮੇਟੀ ਮੈਂਬਰ ਤੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਵਲੋਂ ਇਕ ਗੈਰ ਔਰਤ ਨਾਲ ਹਮ ਬਿਸਤਰ ਹੋਣ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਪੰਜ ਸਿੰਘ ਸਾਹਿਬਾਨ ਨੇ ਤੁਰੰਤ ਲੰਗਾਹ ਨੂੰ ਸਿੱਖ ਪੰਥ ‘ਚੋਂ ਕਾਰਜ ਕਰ ਦਿੱਤਾ ਹੈ। ਪ੍ਰੰਤੂ ਇਸਦੇ ਉਲਟ ਪੰਜ ਸਾਲ ਪਹਿਲਾਂ ਕੇਂਦਰੀ ਜਾਂਚ ਬਿਊਰੋ ਦੀ ਪਟਿਆਲਾ ਅਦਾਲਤ ਵਲੋਂ ਆਪਣੀ ਹੀ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੀ ਗਈ ਬੀਬੀ ਜਗੀਰ ਕੌਰ ਖਿਲਾਫ,ਧਾਰਮਿਕ ਰਵਾਇਤਾਂ ਅਨੁਸਾਰ ਕੋਈ ਕਾਰਵਾਈ ਨਹੀ ਕੀਤੀ ਗਈ। ਸ੍ਰ:ਖਹਿਰਾ ਨੇ ਜਥੇਦਾਰ ਨੂੰ ਹੀ ਸਵਾਲ ਕੀਤਾ ਸੀ ਕਿ ਕੀ ਆਪਣੀ ਹੀ ਧੀ ਅਤੇ ਉਸਦੇ ਗਰਭ ਵਿੱਚ ਪਲ ਰਹੇ ਬੱਚੇ ਦਾ ਕਤਲ ਸਿੱਖ ਰਹਿਤ ਮਰਿਆਦਾ ਅਨੁਸਾਰ ਬੱਜ਼ਰ ਕੁਰਹਿਤ ਨਹੀ ਹੈ? ਇਸ ਸਬੰਧੀ ਜਦੋਂ ਗਿਆਨੀ ਗੁਰਬਚਨ ਸਿੰਘ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨਾਂ ਦੱਸਿਆ ਕਿ ਬੀਬੀ ਜਗੀਰ ਕੌਰ ਮਾਮਲੇ ਤੇ ਪੁੱਜੀ ਸ਼ਿਕਾਇਤ ਉਪਰ 13 ਅਕਤੂਬਰ ਨੂੰ ਹੋਣ ਵਾਲੀ ਸਿੰਘ ਸਾਹਿਬਾਨ ਦੀ ਇਕਤਰਤਾ ਵਿੱਚ ਵਿਚਾਰ ਹੋ ਸਕਦੀ ਹੈ। ਜਿਕਰਯੋਗ ਹੈ ਕਿ ਸਾਲ 2000 ਵਿੱਚ ਆਪਣੀ ਧੀਅ ਅਤੇ ਉਸਦੇ ਗਰਭ ਵਿੱਚ ਪਲ ਰਹੇ ਬੱਚੇ ਦੇ ਕਤਲ ਦੇ ਸੰਗੀਨ ਦੋਸ਼ ਬੀਬੀ ਜਗੀਰ ਕੌਰ ਖਿਲਾਫ ਲੱਗੇ ਸਨ ਪ੍ਰੰਤੂ ਪੰਜਾਬ ਵਿੱਚ ਬਾਦਲਾਂ ਦੀ ਸਰਕਾਰ ਦੇ ਚਲਦਿਆਂ ਬੀਬੀ ਖਿਲਾਫ ਸ਼ਿਕਾਇਤ ਕਰਨ ਵਾਲੇ ਉਸਦੇ ਦਮਾਦ ਖਿਲਾਫ ਹੀ ਪੁਲਿਸ ਕੇਸ ਦਰਜ ਕਰਵਾ ਦਿੱਤਾ ਗਿਆ। ਪ੍ਰੰਤੂ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਰਾਹੀਂ ਕੇਂਦਰੀ ਜਾਂਚ ਬਿਊਰੋ ਪਾਸ ਜਾ ਪੁੱਜਾ ਜਿਸ ਤੇ ਜਾਂਚ ਬਿਊਰੋ ਦੀ ਪਟਿਆਲਾ ਸਥਿਤ ਅਦਾਲਤ ਨੇ ਬੀਬੀ ਜਗੀਰ ਕੌਰ ਨੂੰ ਦੋਸ਼ੀ ਕਰਾਰ ਦੇ ਕੇ ਸਜਾ ਵੀ ਸੁਣਾ ਦਿੱਤੀ। ਬੀਬੀ ਜਗੀਰ ਕੌਰ ਨੇ ਸਜਾ ਖਿਲਾਫ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਅਪੀਲ ਦਾਇਰ ਕਰਦਿਆਂ ਜਮਾਨਤ ਵੀ ਕਰਵਾ ਲਈ ਤੇ ਉਹ ਬਾਦਲਾਂ ਵਲੋਂ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਵੀ ਥਾਪ ਦਿੱਤੇ ਗਏ।ਬੀਤੇ ਦਿਨੀ ਅਚਨਚੇਤ ਹੀ ਬਾਦਲਾਂ ਦੇ ਧੜਵੈਲ ਆਗੂ ਸੁੱਚਾ ਸਿੰਘ ਲੰਗਾਹ ਉਪਰ ਪਰਾਈ ਔਰਤ ਨਾਲ ਜਬਰ ਜਿਨਾਹ ਤੇ ਧੋਖੇ ਧੜੀ ਦੇ ਦੋਸ਼ ਲੱਗੇ ਤੇ ਇਕ ਵੀਡੀਓ ਵੀ ਸ਼ੋਸ਼ਲ ਮੀਡੀਆ ਤੇ ਜਨਤਕ ਹੋ ਗਈ। ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਪੰਜ ਸਿੰਘ ਸਾਹਿਬਾਨ ਨੇ ਲੰਗਾਹ ਨੂੰ ਸਿੱਖੀ ‘ਚੋਂ ਖਾਰਜ ਕਰਦਿਆ ਇਹ ਵੀ ਫੈਸਲਾ ਕੀਤਾ ਕਿ ਭਵਿੱਖ ਵਿੱਚ ਵੀ ਕਿਸੇ ਵੀ ਬਜ਼ਰ ਕੁਰਹਿਤ ਦੇ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ ।ਜਿਸਦੇ ਚਲਦਿਆਂ ਸੁਖਪਾਲ ਸਿੰਘ ਖਹਿਰਾ ਨੇ ਇਕ ਵਾਰ ਫਿਰ ਬੀਬੀ ਜਗੀਰ ਕੌਰ ਦਾ ਮਾਮਲਾ ਜਥੇਦਾਰ ਸਾਹਮਣੇ ਪੇਸ਼ ਕਰ ਦਿੱਤਾ।