ਕਦੇ ਜਿਉਂ ਚਿੜੀਏ ਕਦੇ ਮਰ ਚਿੜੀਏ

ਡੇਰਾ ਮੁਖੀ ਖਿਲਾਫ ਹੁਣ ਐਸ ਜੀ ਪੀ ਸੀ 295 ਏ ਦਾ ਕਰਾਊ ਪਰਚਾ
-ਪੰਜਾਬੀਲੋਕ ਬਿਊਰੋ
ਗੁਰਮੀਤ ਰਾਮ ਰਹੀਮ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮੁੱਦੇ ‘ਤੇ ਸ਼੍ਰੋਮਣੀ ਕਮੇਟੀ ਨੇ ਹੁਣ ਇਕਦਮ ਪਾਸਾ ਪਲਟ ਲਿਆ ਹੈ, ਪਹਿਲਾਂ 90 ਲੱਖ ਰੁਪਏ ਦੇ ਇਸ਼ਤਿਹਾਰ ਲਵਾ ਕੇ ਮਾਫੀ ਦੀ ਪ੍ਰੋੜਤਾ ਕੀਤੀ ਹੁਣ ਧਾਰਾ 295-ਏ ਲਈ ਕਾਰਵਾਈ ਕਰਨ ਦੇ ਯਤਨ ਕਰ ਰਹੀ ਹੈ। ਇਸ ਮਾਮਲੇ ਵਿਚ 29 ਸਤੰਬਰ 2015 ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਤਤਕਾਲੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸੱਦੇ ਗਏ ਜਨਰਲ ਹਾਊਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੋਏ ਹੁਕਮ ਜਿਸ ਵਿਚ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦਾ ਸਪੱਸ਼ਟੀਕਰਨ ਖਿਮਾ ਯਾਚਨਾ ਪੱਤਰ ਨੂੰ ਪ੍ਰਵਾਨ ਕਰਨ ਤੇ ਮਾਫ਼ੀ ਦੇ ਦਿੱਤੀ ਗਈ ਸੀ, ਉਸ ਬਾਰੇ ਸਮੂਹ ਸਿੱਖ ਜਗਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੋਏ ਫ਼ੈਸਲੇ ਨੂੰ ਪ੍ਰਵਾਨ ਕਰਨ ਤੇ ਅਪੀਲ ਰੂਪੀ ਮਤਾ ਹਾਊਸ ਵਿਚ ਪੜ ਕੇ ਪ੍ਰਵਾਨ ਕੀਤਾ ਗਿਆ ਸੀ। ਹੁਣ ਜਦੋਂ ਸਾਧ ਬਲਾਤਕਾਰੀ ਸਿੱਧ ਹੋ ਕੇ ਜੇਲ ਵਿੱਚ ਡੱਕਿਆ ਗਿਆ ਹੈ ਤਾਂ ਲੱਡੂ ਮੁੱਕ ਗਏ ਯਰਾਨੇ ਟੁੱਟ ਗਏ ਵਾਂਗ ਐਸ ਜੀ ਪੀ ਸੀ ਬਾਦਲਕਿਆਂ ਵਾਂਗ ਸਾਧ ਦੀ ਤੋਏ ਤੋਏ ਕਰਨ ਲੱਗੀ ਹੈ, ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਬਡੂੰਗਰ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਸਤੰਬਰ 2015 ਵਿਚ ਹਾਊਸ ਨੂੰ ਕੋਈ ਮਾਨਤਾ ਨਹੀਂ ਸੀ, ਇਸ ਲਈ ਹਾਊਸ ਦਾ ਮਤਾ, ਮਤਾ ਨਹੀਂ ਮੰਨਿਆ ਜਾ ਸਕਦਾ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਜਦ ਹਾਊਸ ਹੀ ਨਹੀਂ ਸੀ ਤਾਂ ਸ਼੍ਰੋਮਣੀ ਕਮੇਟੀ ਦੇ ਹਾਊਸ ਦਾ ਮਤਾ ਕਿਵੇਂ ਹੋ ਸਕਦਾ ਹੈ। ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ 2011 ਵਿਚ ਚੁਣੇ ਹੋਏ ਨੁਮਾਇੰਦਿਆਂ ਨੂੰ ਅਕਤੂਬਰ 2016 ਵਿਚ ਮਾਨਤਾ ਪ੍ਰਾਪਤ ਹੋਈ ਹੈ।