• Home »
  • ਪੰਥਕ ਮਾਮਲੇ
  • » ਅਜ਼ਾਦੀ ਸੰਘਰਸ਼ ਦੌਰਾਨ ਸਿੱਖਾਂ ਦੇ ਯੋਗਦਾਨ ਨੂੰ ਕਿਉਂ ਵਿਸਾਰਿਆ??

ਅਜ਼ਾਦੀ ਸੰਘਰਸ਼ ਦੌਰਾਨ ਸਿੱਖਾਂ ਦੇ ਯੋਗਦਾਨ ਨੂੰ ਕਿਉਂ ਵਿਸਾਰਿਆ??

-ਪ੍ਰਭਪਰੀਤ ਨਰੂਲਾ
ਪਟਿਆਲਾ ਦੇ ਖ਼ਾਲਸਾ ਕਾਲਜ ਵਿੱਚ ਆਜ਼ਾਦੀ ਸੰਘਰਸ਼ ਦੇ ਪਹਿਲੇ ਸ਼ਹੀਦ ਭਾਈ ਮਹਾਰਾਜ ਸਿੰਘ ਨੂੰ ਸਮਰਪਿਤ ‘ਭਾਰਤ ਦੀ ਜੰਗ-ਏ-ਆਜ਼ਾਦੀ ਵਿੱਚ ਪੰਜਾਬੀਆਂ ਦਾ ਯੋਗਦਾਨ’ ਵਿਸ਼ੇ ‘ਤੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਨ। ਇਸ ਮੌਕੇ ਬਡੂੰਗਰ ਨੇ ਕਿਹਾ ਕਿ ਗਿਆਨ ਦੇ ਇਸ ਸੰਸਾਰ ਵਿੱਚ ਕੋਈ ਸੀਮਾਂ ਨਹੀਂ ਪਰ ਦੁਨੀਆਂ ‘ਤੇ ਮਹਾਨ ਕਹਾਉਣ ਵਾਲੇ ਪੋਰਸ ਤੇ ਅਕਬਰ ਵਰਗੇ ਬਾਦਸ਼ਾਹਾਂ ਨੂੰ ਵੀ ਪੰਜਾਬ ਦੀ ਧਰਤੀ ‘ਤੇ ਮੂੰਹ ਦੀ ਖਾਣੀ ਪਈ। ਉਨਾਂ ਕਿਹਾ ਕਿ ਸੱਤਾ ‘ਤੇ ਕਾਬਜ਼ ਧਿਰ ਦਾ ਇਹ ਫਰਜ਼ ਬਣਦਾ ਹੈ ਕਿ ਪਰਜਾ ਦੀ ਜਾਨ ਮਾਲ ਤੇ ਸਾਂਭ-ਸੰਭਾਲ ਦਾ ਫ਼ਿਕਰ ਕਰਨ ਪਰ ਇਸ ਆਦਰਸ਼ ਦੀ ਪਾਲਣਾ ਮੁਗਲ ਸ਼ਾਸਕਾਂ ਜਾਂ ਸੱਤਾ ‘ਤੇ ਕਾਬਜ਼ ਰਹੀਆਂ ਹੋਰ ਧਿਰਾਂ ਨੇ ਨਹੀਂ ਕੀਤੀ ਸਿਰਫ਼ ਸਿੱਖਾਂ ਨੇ ਇਸ ਆਦਰਸ਼ ਨੂੰ ਨਿਭਾਇਆ। ਉਨਾਂ ਕਿਹਾ ਕਿ ਹਿੰਦੁਸਤਾਨ ਦੀ ਜਾਨ-ਮਾਲ ਦੀ ਰਾਖੀ ਲਈ ਸੰਘਰਸ਼ ਕਰਨ ਦੀ ਜਾਗ ਨਾ ਸਿਰਫ਼ ਸਿੱਖ ਗੁਰੂ ਸਹਿਬਾਨ ਨੇ ਲਾਈ ਸਗੋਂ ਭਗਤਾਂ ਨੇ ਵੀ ਇਸ ਵਿੱਚ ਯੋਗਦਾਨ ਪਾਇਆ। ਪ੍ਰੋ. ਬਡੂੰਗਰ ਨੇ ਕਿਹਾ ਕਿ ਇਹ ਮਸਲਾ ਧਿਆਨ ਦੀ ਮੰਗ ਕਰਦਾ ਹੈ ਕਿ ਭਾਰਤ ਦੀ ਜੰਗ-ਏ-ਆਜ਼ਾਦੀ ਵਿੱਚ ਅਣਗਿਣਤ ਸ਼ਹੀਦੀਆਂ ਦੇ ਕੇ ਆਪਣਾ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਨਾਲ ਅਜੋਕੇ ਦੌਰ ਵਿੱਚ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ। ਇਹ ਵਿਤਕਰਾ ਪੰਜਾਬੀਆਂ ਦੇ ਘਰ ਉਜਾੜ ਕੇ ਬਣਾਏ ਚੰਡੀਗੜ ਦੇ ਪੰਜਾਬ ਦੇ ਹਿੱਸੇ ਨਾ ਆਉਣ ਦੇ ਰੂਪ ਵਿੱਚ ਵੀ ਹੈ। ਪੰਜਾਬ ਦੇ ਪਾਣੀਆਂ ਦੀ ਵੰਡ ਦੇ ਰੂਪ ਵਿੱਚ ਵੀ ਹੈ।
ਇਸ ਮੌਕੇ ਵਿਸ਼ੇਸ਼ ਬੁਲਾਰੇ ਵਜੋਂ ਪਹੁੰਚੇ ਰਿਟਾਇਰਡ ਪ੍ਰੋਫ਼ੈਸਰ ਡਾ. ਸ਼ਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਖ਼ਾਸ ਵਰਤਾਰੇ ਦਾ ਨਾਮ ਹੈ। ਉਨਾਂ ਨੇ ਕਿਹਾ ਕਿ ਪੰਜਾਬ ਪਹਿਲਾਂ ਸਪਤ ਸਿੰਧੂ ਫਿਰ ਪੰਚਨਦ ਤੇ ਪੰਜ-ਆਬ ਬਣਿਆ। ਉਨਾਂ ਨੇ 526 ਸਾਲਾਂ ਦੇ ਸਿੱਖ ਇਤਿਹਾਸ ਨੂੰ ਕੁਰਬਾਨੀਆਂ ਨਾਲ ਭਰਿਆ ਹੋਇਆ ਇਤਿਹਾਸ ਦੱਸਦੇ ਹੋਏ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਦਾ ਜਨਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਸ਼ੁਰੂ ਹੋ ਗਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਕਹਿ ਕੇ ਗੁਲਾਮੀ ਦੀਆਂ ਤੰਦਾਂ ਨੂੰ ਤੋੜ ਕੇ ਆਜ਼ਾਦੀ ਵੱਲ ਪਹਿਲਾ ਕਦਮ ਪੁੱਟਿਆ ਸੀ। ਉਨਾਂ ਨੇ ਇਹ ਵੀ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਹਾਦਤ ਦੇਣ ਵੇਲੇ ਪੰਜਾਬੀ ਬਹੁ ਗਿਣਤੀ ਵਿੱਚ ਹੁੰਦੇ ਹਨ ਪਰ ਜਦੋਂ ਉਨਾਂ ਨੂੰ ਬਣਦਾ ਹੱਕ ਦੇਣ ਦੀ ਵਾਰੀ ਆਉਂਦੀ ਹੈ ਤਾਂ ਉਨਾਂ ਨੂੰ ਘੱਟ ਗਿਣਤੀ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਸਾਨੂੰ ਇਸ ਮਸਲੇ ਵੱਲ ਧਿਆਨ ਦੇਣ ਦੀ ਲੋੜ ਹੈ।
ਭਾਈ ਵੀਰ ਸਿੰਘ ਚੇਅਰ ਦੇ ਮੁਖੀ ਡਾ. ਗੁਰਨਾਇਬ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਸਾਨੂੰ ਸਿਰਫ਼ ਖਿੱਤੇ ਨਾਲ ਨਹੀਂ ਬੰਨਿਆ ਸਗੋਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਅਸੀਮ ਬ੍ਰਹਿਮੰਡ ਨੂੰ ਦੇਖਣ ਦੀ ਦ੍ਰਿਸ਼ਟੀ ਦਿੱਤੀ ਹੈ। ਉਨਾਂ ਨੇ ਸਿੱਖ ਇਤਿਹਾਸ ਤੇ ਆਧੁਨਿਕ ਸਾਹਿਤ ਵਿਚੋਂ ਉਦਾਹਰਨਾਂ ਦੇ ਕੇ ਪੰਜਾਬੀਆਂ ਵੱਲੋਂ ਆਜ਼ਾਦੀ ਦੇ ਸੰਘਰਸ਼ ਵਿੱਚ ਪਾਏ ਯੋਗਦਾਨ ਬਾਰੇ ਦੱਸਿਆ। ਉਨਾਂ ਨੇ ਇਸ ਗੱਲ ਦਾ ਵਿਸ਼ੇਸ਼ ਜ਼ਿਕਰ ਕੀਤਾ ਕਿ ਪੰਜਾਬੀ ਜਿਥੇ ਸਰੀਰਕ ਪੱਖ ਤੋਂ ਮਜਬੂਤ ਸਨ ਉੱਥੇ ਹੀ ਉਨਾਂ ਦਾ ਬੌਧਿਕ ਪੱਧਰ ਵੀ ਉੱਚਾ ਸੀ।