10 ਪਾਵਨ ਸਰੂਪਾਂ ਦੀ ਬੇਅਦਬੀ, ਸੰਗਤ ਵਿੱਚ ਰੋਸ

-ਪੰਜਾਬੀਲੋਕ ਬਿਊਰੋ
ਬਠਿੰਡਾ ਵਿੱਚ ਇੱਕ ਪਰਿਵਾਰ ਵੱਲੋਂ ਗੁਰੂ ਅੰਗਦ ਦੇਵ ਜੀ ਦੇ ਨਾਮ ਤੇ ਬਣਾਏ ਗੁਰਦੁਆਰਾ ਸਾਹਿਬ ਵਿੱਚੋਂ ਪੰਜ ਸਰੂਪ ਸਾਹਿਬ ਅਤਿ ਮਾੜੀ ਹਾਲਤ ਵਿੱਚ ਮਿਲੇ ਹਨ। ਸ਼ਿਕਾਇਤ ਮਿਲਣ ਤੇ ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਕਮੇਟੀ ਮੈਂਬਰ ਬੀਬੀ ਜੋਗਿੰਦਰ ਕੌਰ ਦੀ ਅਗਵਾਈ ਵਿੱਚ ਗੁਰਦੁਆਰਾ ਹਾਜੀਰਤਨ ਸਹਿਬ ਦੇ ਪ੍ਰਬੰਧਕਾਂ ਵੱਲੋਂ ਸਰੂਪ ਸਾਹਿਬ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਲਿਆਂਦੇ ਗਏ। ਮਾਮਲੇ ਦੀ ਪੂਰੀ ਜਾਣਕਾਰੀ ਦਿੰਦਿਆਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇੱਕ ਸ਼ਿਕਾਇਤ ਮਿਲੀ ਸੀ ਅਤੇ ਇਹ ਦੱਸਿਆ ਗਿਆ ਸੀ ਕਿ ਪਰਸਰਾਮ ਨਗਰ ਦੀ ਗਲੀ ਨੰ:10/12 ਵਿੱਚ ਰਾਮ ਸਿੰਘ ਜੌੜਾ ਪਰਿਵਾਰ ਵੱਲੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਨਾਮ ਤੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਜਿਸ ਕਮਰੇ ਵਿੱਚ ਸਰੂਪ ਸਾਹਿਬ ਸੁਸ਼ੋਭਿਤ ਕੀਤੇ ਗਏ ਹਨ ਉਥੇ ਸਹੀ ਸੇਵਾ ਸੰਭਾਲ ਨਹੀ ਹੋ ਰਹੀ, ਇੱਥੋਂ ਤੱਕ ਕਿ ਨਾ ਤਾਂ ਸਰੂਪ ਸਾਹਿਬ ਦੇ ਰੁਮਾਲਾ ਸਾਹਿਬ ਦੀ ਸੇਵਾ ਹੁੰਦੀ ਹੈ ਅਤੇ ਨਾ ਹੀ ਚੰਦੋਆ ਸਾਹਿਬ ਲਾਏ ਗਏ ਹਨ ਤੇ ਨਾ ਹੀ ਸਰੂਪ ਸਾਹਿਬ ਮੰਜੀ ਸਾਹਿਬ ‘ਤੇ ਸੁਸ਼ੋਭਿਤ ਕੀਤੇ ਗਏ ਹਨ, ਇੱਥੋਂ ਤੱਕ ਕਿ ਇਹਨਾਂ ਸਰੂਪ ਸਾਹਿਬ ਨੂੰ ਪ੍ਰਕਾਸ਼ ਵੀ ਨਹੀਂ ਕੀਤਾ ਜਾ ਰਿਹਾ ਅਤੇ ਜਿਸ ਕਮਰੇ ਤੇ ਗੁਰਦੁਆਰਾ ਸਾਹਿਬ ਦਾ ਬੋਰਡ ਲਾਇਆ ਗਿਆ ਹੈ ਉਹ ਵੀ ਟੀਨ ਦੀਆਂ ਚਾਦਰਾਂ ਨਾਲ ਛੱਤਿਆ ਹੋਇਆ ਹੈ, ਮਿਲੀ ਸ਼ਿਕਾਇਤ ਤੇ ਤੁਰੰਤ ਕਾਰਵਾਈ ਕਰਦਿਆਂ ਐਗਜੈਕਟਿਵ ਕਮੇਟੀ ਮੈਂਬਰ ਬੀਬੀ ਜੋਗਿੰਦਰ ਕੋਰ ਦੀ ਅਗਵਾਈ ਵਿੱਚ ਪ੍ਰਬੰਧਕਾਂ ਵੱਲੋਂ ਜਾ ਕੇ ਦੇਖਿਆ ਤਾਂ ਸਰੂਪ ਸਾਹਿਬ ਦੀ ਹਾਲਤ ਅਤਿ ਮਾੜੀ ਸਾਹਮਣੇ ਆਈ ਜਿਸ ਕਰਕੇ ਸਰੂਪ ਸਾਹਿਬ ਸਤਿਕਾਰ ਸਹਿਤ ਗੁਰਦੁਆਰਾ ਸਾਹਿਬ ਲਿਆਂਦੇ ਗਏ ਹਨ ਅਤੇ ਉਕਤ ਪਰਿਵਾਰ ਦੇ ਮੈਂਬਰਾਂ ਨੂੰ ਤਲਬ ਵੀ ਕੀਤਾ ਗਿਆ ਹੈ ਤਾਂ ਜੋ ਸਾਰੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ ਜਾ ਸਕੇ ਅਤੇ ਬਣਦੀ ਕਾਰਵਾਈ ਵੀ ਕੀਤੀ ਜਾਏੇਗੀ। ਉਹਨਾਂ ਕਿਹਾ ਕਿ ਜੇਕਰ ਪਰਿਵਾਰ ਦੇ ਮੈਂਬਰ ਅੱਗੇ ਤੋਂ ਸਿੱਖੀ ਸਿੱਧਾਂਤਾਂ ਅਨੁਸਾਰ ਸਰੂਪ ਸਾਹਿਬ ਪ੍ਰਕਾਸ਼ ਕਰਵਾਉਣ ਅਤੇ ਸਹੀ ਸੇਵਾ ਸੰਭਾਲ ਰੱਖਣ ਦਾ ਭਰੋਸਾ ਦੇਣਗੇ ਤਾਂ ਸਰੂਪ ਸਾਹਿਬ ਦਿੱਤੇ ਵੀ ਜਾਣਗੇ। ਮੁਹੱਲਾ ਨਿਵਾਸੀਆਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਕਤ ਪਰਿਵਾਰ ਦੇ ਮੈਂਬਰ ਸਿੱਖੀ ਸਿੱਧਾਂਤਾਂ ਦੇ ਉਲਟ ਥੋਲੇ ਪਾਉਣ, ਤਵੀਤ ਕਰਨ, ਪਾਣੀ ਕਰਕੇ ਦੇਣ ਦੀ ਕਾਰਵਾਈ ਨੂੰ ਵੀ ਅੰਜਾਮ ਦਿੰਦੇ ਹਨ ਜਿਸ ਕਰਕੇ ਸਰੂਪ ਸਾਹਿਬ ਦੀ ਆੜ ਵਿੱਚ ਸਿੱਖੀ ਸਿੱਧਾਂਤਾਂ ਨੂੰ ਢਾਹ ਲਾਈ ਜਾ ਰਹੀ ਸੀ, ਇੱਥੋਂ ਤੱਕ ਕਿ ਜੀਤ ਸਿੰਘ ਨਾਮ ਦਾ ਇੱਕ ਗ੍ਰੰਥੀ ਵੀ ਬਿਠਾਇਆ ਹੋਇਆ ਸੀ ਪਰ ਕਦੇ ਵੀ ਸਰੂਪ ਸਾਹਿਬ ਪ੍ਰਕਾਸ਼ ਨਹੀਂ ਕੀਤੇ ਗਏ।
ਪਿੰਡ ਠੂਠਿਆਂਵਾਲੀ ਦੇ ਗੁਰਦੁਆਰਾ ਸਾਹਿਬ ਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਅੰਗ ਪਾਟਣ ਦੇ ਮਾਮਲੇ ਤੋਂ ਬਾਅਦ ਐਸਜੀਪੀਸੀ ਹਲਕਾ ਮਾਨਸਾ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਦੇ ਹਲਕੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੂਹਿਆਂ ਵੱਲੋਂ ਟੁੱਕਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤਾ ਲੱਗਿਆ ਹੈ ਕਿ ਇੰਨਾਂ ਸਰੂਪਾਂ ਨੂੰ ਦੇਖਣ ਲਈ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਇਕ ਟੀਮ ਵਿਸ਼ੇਸ ਤੌਰ ਤੇ ਪੁੱਜੀ, ਜਿਸ ਤੋਂ ਬਾਅਦ ਇਹ ਮਾਮਲਾ ਸਥਾਨਕ ਐਸਜੀਪੀਸੀ ਮੈਂਬਰਾਂ ਦੇ ਕਹਿਣ ਤੇ ਦਬਾਅ ਦਿੱਤਾ ਗਿਆ। ਜਦ ਕਿ ਠੂਠਿਆਂਵਾਲੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਅੰਗ ਪਾਟੇ ਮਿਲਣ ਤੋਂ ਬਾਅਦ ਟੀਮ ਉਨਾਂ ਨੂੰ ਆਪਣੇ ਨਾਲ ਲੈ ਗਈ। ਮਾਨਸਾ ਵਾਸੀ ਇੰਦਰਜੀਤ ਸਿੰਘ ਮੁਨਸ਼ੀ ਨੇ ਕਿਹਾ ਕਿ ਕਿਸੇ ਵੇਲੇ ਬਰਗਾੜੀ ਕਾਂਡ ਨੁੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਅਸਤੀਫਾ ਦੇਣ ਵਾਲੇ ਬਾਬਾ ਬੂਟਾ ਸਿੰਘ ਦੇ ਹਲਕੇ ਵਿਚ 4 ਗੁਰਦੁਆਰਿਆਂ ਵਿਚ ਅਜਿਹੇ 10 ਸਰੂਪਾਂ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆਏ ਹਨ, ਇਸ ਤਰਾਂ ਦੀ ਬੇਅਦਬੀ ਨੂੰ ਕੇ ਬਾਬਾ ਬੂਟਾ ਸਿੰਘ ਚੁੱਪ ਕਿਉਂ ਹੈ।
ਉਨਾਂ ਕਿਹਾ ਕਿ ਮਾਨਸਾ ਦੇ ਗੁਰਦੁਆਰਾ ਬਾਰਾਂਦਰੀ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਸਰੂਪਾਂ ਨੁੰ ਚੂਹਿਆਂ ਵੱਲੋਂ ਟੁੱਕੇ ਜਾਣ ਤੋਂ ਬਾਅਦ ਇਹ ਮਾਮਲਾ ਵਿਚਕਾਰ ਹੀ ਦਬਾਅ ਦਿੱਤਾ ਗਿਆ।ਉਨਾਂ ਕਿਹਾ ਕਿ ਇਸ ਨੂੰ ਲੈ ਕੇ ਬਾਬਾ ਬੂਟਾ ਸਿੰਘ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇੰਨਾਂ ਨੂੰ ਸਿੱਖ ਸੰਗਤ ਤੇ ਗੁਰਦੁਆਰਿਆਂ ਦੀ ਰਖਵਾਲੀ ਲਈ ਮੈਂਬਰ ਚੁਣਿਆ ਹੈ, ਪਰ ਹੁਣ ਉਨਾਂ ਦੇ ਹਲਕਿਆਂ ਵਿਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ, ਇਸ ਤੇ ਚੁੱਪ ਕਿਉਂ ਧਾਰੀ ਜਾ ਰਹੀ ਹੈ। ਉਨਾਂ ਐਸਜੀਪੀਸੀ ਦੇ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਤੋਂ ਮੰਗ ਕੀਤੀ ਕਿ ਇਸ ਤਰਾਂ ਦੀ ਘਟਨਾਵਾਂ ਦਾ ਨੌਟਿਸ ਲੈ ਕੇ ਇਸ ਪ੍ਰਤੀ ਲਾਪਰਵਾਹੀ ਵਰਤਣ ਵਾਲੇ ਐਸਜੀਪੀਸੀ ਮੈਂਬਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ,ਜਿੰਨਾਂ ਵੱਲੋਂ ਧਰਮਪ੍ਰਚਾਰ ਦੇ ਨਾਂ ਤੇ ਸਿੱਖ ਸੰਗਤ ਨੁੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਆਪਣੇ ਹਲਕੇ ਵਿਚ ਪੈਂਦੇ ਗੁਰਦੁਆਰਿਆਂ ਦੀ ਰਖਵਾਲੀ ਨਹੀਂ ਕੀਤੀ ਜਾ ਰਹੀ। ਉਕਤ ਘਟਨਾਵੰ ਨੂੰ ਲੈ ਕੇ ਸਿੱਖ ਸੰਗਤ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਹੈ।