ਭਗਤ ਕਬੀਰ ਦੀ ਬਾਣੀ ਨੂੰ ਸਾਧ ਦੀ ਬਾਣੀ ਦੱਸਣ ਦਾ ਮਾਮਲਾ

-ਪੰਜਾਬੀਲੋਕ ਬਿਊਰੋ
ਇਕ ਡੇਰੇ ਦੇ ਪ੍ਰਬੰਧਕਾਂ ਵਲੋਂ ਭਗਤ ਕਬੀਰ ਦੀ ਬਾਣੀ ਨੂੰ ਡੇਰਾ ਮੁਖੀ ਦੀ ਬਾਣੀ ਦੱਸ ਕੇ ਵਿਵਾਦ ਛੋਹਿਆ ਗਿਆ ਹੈ। ਭਿੱਖੀਵਿੰਡ ਸਥਿਤ ਕੁਟੀਆ ਸਵਾਮੀ ਸ਼ੰਭੂ ਦੇਵਾ ਦੇ ਸੰਚਾਲਕਾਂ ਵਲੋਂ ਸਲਾਨਾ ਸਮਾਗਮ ਨੂੰ ਲੈ ਕੇ ਭੇਜੇ ਗਏ ਸੱਦਾ ਪੱਤਰ ਵਿੱਚ ਸ਼ਬਦ ‘ਅਚਾਰੀਆ ਗਰੀਬ ਦਾਸ ਜੀ ਦੀ ਪਵਿੱਤਰ ਬਾਣੀ (ਸ੍ਰੀ ਗੁਰੂ ਗ੍ਰੰਥ ਸਾਹਿਬ)’ ਦੇ ਅਖੰਡ ਪਾਠ ਦਾ ਜਿਕਰ ਕਰਨ ਦਾ ਮਾਮਲਾ ਸਾਹਮਣੇ ਆਉਣ ਤੇ ਕੁਟੀਆ ਪ੍ਰਬੰਧਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਪਾਸੋਂ ‘ਲਿਖਤੀ ਮੁਆਫੀ’ ਮੰਗ ਲਈ ਹੈ।ਪ੍ਰੰਤੂ ਇਸੇ ਸੱਦਾ ਪੱਤਰ ਛਾਪੀ ਗਈ ਭਗਤ ਕਬੀਰ ਜੀ ਦੀ ਬਾਣੀ ਦੀ ਇੱਕ ਤੁਕ ਨੂੰ ਬਦਲ ਕੇ ਗਰੀਬ ਦਾਸ ਦੀ ਬਾਣੀ ਦੱਸਣ ਅਤੇ ਚਰਚਾ ਵਿੱਚ ਆਏ ਗ੍ਰੰਥ ਦੀ ਮੁਕੰਮਲ ਜਾਂਚ ਕੌਣ ਕਰਵਾਏਗਾ?
ਇਸ ਸੱਦਾ ਪੱਤਰ ਦੀ ਸ਼ਬਦਾਵਲੀ ਨੂੰ ਲੈ ਕੇ ਸਭ ਤੋਂ ਪਹਿਲਾਂ 8 ਜੁਲਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਭਿਖੀਵਿੰਡ ਦੇ ਭਾਈ ਰਣਜੀਤ ਸਿੰਘ ਵਲੋਂ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਦੇ ਧਿਆਨ ਵਿੱਚ ਲਿਆਂਦਾ ਗਿਆ ।ਜਿਸਤੇ ਗਿਆਨੀ ਗੁਰਬਚਨ ਸਿੰਘ ਦੇ ਆਦੇਸ਼ਾਂ ਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਭਿਖੀਵਿੰਡ,ਬੀੜ ਬਾਬਾ ਬੁੱਢਾ ਸਾਹਿਬ ਦੇ ਮੈਨੇਜਰ ਸ੍ਰ:ਸਤਨਾਮ ਸਿੰਘ ਵੱਡੀ ਗਿਣਤੀ ਗੁਰਦੁਆਰਾ ਸਟਾਫ ਲੈ ਕੇ ਭਿਖੀਵਿੰਡ ਪੁਜੇ ਤੇ ਕੁਟੀਆ ਪ੍ਰਬੰਧਕਾਂ ਨਾਲ ਰਾਬਤਾ ਕਾਇਮ ਕੀਤਾ। ਕੁਟੀਆ ਪ੍ਰਬੰਧਕਾਂ ਨੇ ਪਹਿਲਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਭੇਜੀ ਇਸ ਜਾਂਚ ਕਮੇਟੀ ਨੂੰ ਇਹ ਕਹਿ ਕੇ ਟਾਲਣ ਦੀ ਕੋਸ਼ਿਸ਼ ਕੀਤੀ ਕਿ ਚਰਚਾ ਵਿੱਚ ਆਇਆ ਸੱਦਾ ਪੱਤਰ ਹਰਿਦੁਆਰ ਸਥਿਤ ਕਿਸੇ ਸ਼ਰਧਾਲੂ ਵਲੋਂ ਛਪਵਾਏ ਗਏ ਹਨ। ਪਰ ਥੋੜਾ ਜਿਹਾ ਦਬਾਅ ਪਾਉਣ ਤੇ ਪ੍ਰਬੰਧਕ ਝੱਟ ਹੀ ਹੋਈ ਗਲਤੀ ਲਈ ਮੁਆਫੀ ਮੰਗਣ ਤੇ ਆ ਗਏ ਤੇ ਫਿਰ ਆਪਣੇ ਲੈਟਰ ਪੈਡ ਤੇ ਸ੍ਰੀ ਅਕਾਲ ਤਖਤ ਸਾਹਿਬ ਪਾਸੋਂ ‘ਲਿਖਤੀ ਮੁਆਫੀ’ ਵੀ ਮੰਗ ਲਈ। ਹਾਲਾਂਕਿ ਕੁਟੀਆ ਪ੍ਰਬੰਧਕਾਂ ਵਲੋਂ ਭੇਜੀ ਲਿਖਤੀ ਮੁਆਫੀ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਹੁਣ ਤੀਕ ਵੀ ਪ੍ਰਵਾਨ ਜਾਂ ਅਪ੍ਰਵਾਨ ਨਹੀ ਕੀਤੀ ਗਈ ਲੇਕਿਨ ਸਬੰਧਤ ਆਸ਼ਰਮ ਵਿੱਚ ਸਮਾਗਮ ਜਰੂਰ ਹੋਇਆ। ਜਦੋਂ ਪੱਤਰਕਾਰਾਂ ਨੇ ਇਸ ਮਾਮਲੇ ਦੀ ਜਾਂਚ ਕਮੇਟੀ ਦੇ ਪ੍ਰਮੁਖ ਗਿਆਨੀ ਨਿਸ਼ਾਨ ਸਿੰਘ ਭਿਖੀਵਿੰਡ ਹੈਡ ਗ੍ਰੰਥੀ ਗੁ: ਬੀੜ ਬਾਬਾ ਬੁੱਢਾ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਇਹ ਡੇਰਾ ਕਾਫੀ ਪੁਰਾਣਾ ਹੈ ਤੇ ਹਰਿਦੁਆਰ ਦੇ ਕਿਸੇ ਅਖਾੜੇ ਨਾਲ ਸਬੰਧਤ ਹੈ।ਡੇਰੇ ਅੰਦਰ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਹਨ।ਜੋ ਵੀ ਕੋਈ ਭਜਨ ਗਾਇਨ ਉਸ ਵੇਲੇ ਹੋ ਰਿਹਾ ਸੀ ਉਹ ਸਨਾਤਨੀ ਪ੍ਰੰਪਰਾ ਦਾ ਸੂਚਕ ਸੀ।
ਗਿਆਨੀ ਨਿਸ਼ਾਨ ਸਿੰਘ ਹੁਰਾਂ ਦੱਸਿਆ ਕਿ ਕੁਟੀਆ ਵਿੱਚ ਜਿਸ ਗ੍ਰੰਥ ਦੇ ਅਖੰਡ ਪਾਠ ਦੀ ਗੱਲ ਕਹੀ ਗਈ ਹੈ ਉਸਤੇ ਵੀ ਸ਼ਬਦ ‘ਅਚਾਰੀਆ ਗਰੀਬ ਦਾਸ ਜੀ ਦੀ ਪਵਿਤਰ ਬਾਣੀ (ਸ੍ਰੀ ਗੁਰੂ ਗ੍ਰੰਥ ਸਾਹਿਬ)’ ਅੰਕਿਤ ਹਨ। ਇਸ ਗ੍ਰੰਥ ਵਿੱਚ ਕੀ ਲਿਖਿਆ ਹੋਇਆ ਹੈ, ਇਹ ਪੁੱਛੇ ਜਾਣ ਤੇ ਹੈਡ ਗ੍ਰੰਥੀ ਜੀ ਨੇ ਦੱਸਿਆ ਕਿ ਜਦੋਂ ਜਾਂਚ ਟੀਮ ਕੁਟੀਆ ਪੁੱਜੀ,ਉਸ ਵੇਲੇ ਉਸ ਗ੍ਰੰਥ ਤੋਂ ਕੁਝ ਪੜਿਆ ਜਾ ਰਿਹਾ ਸੀ ,ਇਸ ਕਰਕੇ ਉਹ ਗ੍ਰੰਥ ਦੀ ਜਾਂਚ ਨਹੀ ਕਰ ਸਕੇ।ਇਹ ਪੁੱਛੇ ਜਾਣ ਤੇ ਕਿ ਕੀ ਉਹ ਕੁਟੀਆ ਪ੍ਰਬੰਧਕਾਂ ਵਲੋਂ ਭੇਜੀ ਗਈ ਲਿਖਤੀ ਮੁਆਫੀ ਨਾਲ ਸਹਿਮਤ ਹਨ ਤਾਂ ਉਨਾਂ ਸਾਫ ਕਿਹਾ ਕਿ ਮੁਆਫੀ ਬਾਰੇ ਫੈਸਲਾ ਕਰਨਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਕੰਮ ਹੈ ਪ੍ਰੰਤੂ ਚਰਚਾ ਵਿੱਚ ਆਏ ਸੱਦਾ ਪੱਤਰ ਉਪਰ, ਕੁਟੀਆ ਦੇ ਸੰਚਾਲਕਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਭਗਤ ਕਬੀਰ ਜੀ ਦੀ ਬਾਣੀ ਦੀ ਇੱਕ ਤੁੱਕ ‘ਕਬੀਰ ਸੇਵਾ ਕੋ ਦੋਊ ਭਲੇ ਇਕ ਸੰਤ ਇਕ ਰਾਮ’ ਨੂੰ ‘ਗਰੀਬ ਸੇਵਾ ਕੋ ਦੋਊ ਭਲੇ’ ਛਾਪ ਕੇ ਬਾਣੀ ਦੀ ਤੁੱਕ ਨੂੰ ਗਰੀਬ ਦਾਸ ਦੀ ਦੱਸਣ ਦੀ ਕੀਤੀ ਬਜ਼ਰ ਭੁੱਲ ਦੀ ਮੁਕੰਮਲ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਭਿਖੀਵਿੰਡ ਦੇ ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਕੁਟੀਆ ਪ੍ਰਬੰਧਕਾਂ ਨੇ ਇਹ ਕਹਿ ਕੇ ਟਾਲਣ ਦੀ ਕੋਸ਼ਿਸ਼ ਕੀਤੀ ਕਿ ‘ਸਾਡੇ ਪਾਠੀ ਨਹੀ ਆਏ, ਉਹ ਹੀ ਗ੍ਰੰਥ ਦੇ ਦਰਸ਼ਨ ਕਰਵਾਉਣਗੇ’।ਜਦੋਂ ਸਤਿਕਾਰ ਕਮੇਟੀ ਨੇ ਸਖਤ ਰੁਖ ਅਪਣਾਇਆ ਕਿ ‘ਪਾਠੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲੇ ਹੁੰਦੇ ਨੇ।ਆਪਣੇ ਪੰਡਤ ਬੁਲਾਉ’ ਤਾਂ ਕੁਟੀਆ ਪ੍ਰਬੰਧਕਾਂ ਨੇ ਸੱਦਾ ਪੱਤਰ ਦੀ ਸ਼ਬਦਾਵਲੀ ਲਈ ਅਫਸੋਸ ਜਾਹਿਰ ਕਰ ਦਿੱਤਾ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਹ ਇਸ ਸਬੰਧ ਵਿੱਚ ਡੀ.ਐਸ.ਪੀ. ਭਿਖੀਵਿੰਡ ਨੂੰ ਵੀ ਜਾਣੂ ਕਰਵਾ ਚੁੱਕੇ ਹਨ ਤੇ ਮੰਗ ਵੀ ਇਹੀ ਹੈ ਕਿ ਚਰਚਾ ਵਿੱਚ ਆਏ ਗ੍ਰੰਥ ਅਤੇ ਸਮੁਚੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਰੂਰ ਹੋਣੀ ਚਾਹੀਦੀ ਹੈ।ਉਨਾਂ ਰੋਸ ਜਿਤਾਇਆ ਕਿ ਇਹ ਮਾਮਲਾ ਉਨਾਂ ਨੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਸੀ ਇਸਦੇ ਬਾਵਜੂਦ ਜਾਂਚ ਕਮੇਟੀ ਨੇ ਕੁਟੀਆ ਪ੍ਰਬੰਧਕਾਂ ਨਾਲ ਰਾਬਤਾ ਕਾਇਮ ਕਰਦਿਆਂ ਉਨਾਂ ਨੂੰ ਬੁਲਾਉਣਾ ਵੀ ਜਰੂਰੀ ਨਹੀ ਸਮਝਿਆ।