ਹੇਮਕੁੰਟ ਦੀ ਯਾਤਰਾ 25 ਤੋਂ ਸ਼ੁਰੂ

-ਪੰਜਾਬੀਲੋਕ ਬਿਊਰੋ
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋਵੇਗੀ।ਇਸ ਸਬੰਧੀ ਗੁਰਦੁਆਰਾ ਰਿਸ਼ੀਕੇਸ਼ ਦੇ ਮੈਨੇਜਰ ਦਰਸ਼ਨ ਸਿੰਘ ਨੇ ਦੱਸਿਆ ਕਿ 25 ਮਈ ਨੂੰ ਯਾਤਰੂ ਗੋਬਿੰਦਧਾਮ ਤੋਂ ਗੁਰਦੁਆਰਾ ਹੇਮਕੁੰਟ ਸਾਹਿਬ ਪੁੱਜਣਗੇ, ਜਿੱਥੇ ਅਰੰਭਤਾ ਦੀ ਅਰਦਾਸ ਹੋਵੇਗੀ। ਉਹਨਾਂ ਸ਼ਰਧਾਲੂਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਦੋ ਪਹੀਆ ਵਾਹਨ ‘ਤੇ ਆਉਣ ਤੋਂ ਗੁਰੇਜ਼ ਕਰਨ। ਉਹਨਾਂ ਦੱਸਿਆ ਕਿ ਗੁਰਦੁਆਰਾ ਰਿਸ਼ੀਕੇਸ਼ ਵਿੱਚ ਵੀ ਯਾਤਰੂਆਂ ਨੂੰ ਮੌਸਮ ਅਤੇ ਯਾਤਰਾ ਦੇ ਅਗਲੇ ਪੜਾਅ ਬਾਰੇ ਲੋੜੀਂਦੀ ਜਾਣਕਾਰੀ ਮੁਹੱਈਆ ਕੀਤੀ ਜਾਵੇਗੀ। ਮੈਨੇਜਰ ਨੇ ਦੱਸਿਆ ਕਿ ਯਾਤਰੂਆਂ ਦੀ ਰਿਸ਼ੀਕੇਸ਼ ਵਿੱਚ ਰਜਿਸਟਰੇਸ਼ਨ ਹੋਵੇਗੀ ਅਤੇ ਉਹਨਾਂ ਨੂੰ ਇਸ ਸਬੰਧੀ ਇਕ ਕਾਰਡ ਵੀ ਮਿਲੇਗਾ। ਗੋਬਿੰਦਘਾਟ ਤੋਂ ਧਾਮ ਅਤੇ ਹੇਮਕੁੰਟ ਸਾਹਿਬ ਤਕ ਦਾ ਪੈਦਲ ਰਸਤਾ ਠੀਕ ਕੀਤਾ ਗਿਆ। ਗੋਬਿੰਦਘਾਟ ਤੋਂ ਪਿੰਡ ਪੁਲਣਾ ਤੱਕ ਚਾਰ ਕਿਲੋਮੀਟਰ ਦੇ ਰਸਤੇ ਵਾਸਤੇ ਟੈਕਸੀ ਸੇਵਾ ਵੀ ਉਪਲਬਧ ਹੈ ਪਰ ਇਸ ਤੋਂ ਅਗਾਂਹ ਪੈਦਲ ਰਸਤਾ ਹੈ।
ਹੋਰ ਪ੍ਰਬੰਧਾਂ ਬਾਰੇ ਉਹਨਾਂ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਪ੍ਰਬੰਧ ਹੇਠ ਆਉਂਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਸੰਗਤ ਦੀ ਰਿਹਾਇਸ਼, ਲੰਗਰ, ਮੈਡੀਕਲ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਟਰੱਸਟ ਅਧੀਨ ਉਤਰਾਖੰਡ ਵਿੱਚ ਹਰਿਦੁਆਰ, ਰਿਸ਼ੀਕੇਸ਼, ਸ੍ਰੀਨਗਰ, ਜੋਸ਼ੀ ਮੱਠ, ਗੋਬਿੰਦਘਾਟ ਅਤੇ ਗੋਬਿੰਦਧਾਮ ਸਮੇਤ ਹੇਮਕੁੰਟ ਸਾਹਿਬ ਦੇ ਗੁਰਦੁਆਰੇ ਹਨ। ਇਨਾਂ ਵਿੱਚੋਂ ਸ੍ਰੀ ਹੇਮਕੁੰਟ ਸਾਹਿਬ ਨੂੰ ਛੱਡ ਕੇ ਬਾਕੀ ਸਾਰੇ ਗੁਰਦੁਆਰਿਆਂ ਵਿੱਚ ਯਾਤਰੂਆਂ ਲਈ ਰਿਹਾਇਸ਼ ਅਤੇ ਹੋਰ ਸਹੂਲਤਾਂ ਹੋਣਗੀਆਂ।
ਯਾਤਰਾ ਨੂੰ ਸੁਖਾਲਾ ਬਣਾਉਣ ਲਈ ਪ੍ਰਬੰਧਾਂ ਵਿੱਚ ਫੌਜ ਦੀ ਮਦਦ ਲਈ ਜਾ ਰਹੀ ਹੈ। ਫੌਜ ਦੀ ਮਦਦ ਨਾਲ ਗੁਰਦੁਆਰੇ ਦੇ ਅੱਗੇ ਜੰਮੀ ਬਰਫ਼ ਹਟਾਈ ਗਈ ਹੈ ਅਤੇ ਆਲਾ-ਦੁਆਲਾ ਖਾਲੀ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ 2013 ਵਿੱਚ ਉੱਤਰਾਖੰਡ ਵਿੱਚ ਆਏ ਭਾਰੀ ਹੜਾਂ ਅਤੇ ਕੁਦਰਤੀ ਆਫ਼ਤ ਕਾਰਨ ਹੇਮਕੁੰਟ ਸਾਹਿਬ ਯਾਤਰਾ ਪ੍ਰਭਾਵਤ ਹੋਈ ਸੀ। ਪ੍ਰਬੰਧਕਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਸਾਇਟਾਂ ਦੇ ਪ੍ਰਚਾਰ ‘ਤੇ ਯਕੀਨ ਕਰਨ ਦੀ ਥਾਂ ਗੁਰਦੁਆਰਾ ਪ੍ਰਬੰਧਕਾਂ ਨਾਲ ਸੰਪਰਕ ਕਰਨ।