ਪਤਿਤ ਆਗੂਆਂ ਬਾਰੇ ਵਤੀਰਾ ਤੇ ਅਕਾਲ ਤਖ਼ਤ ਦੀ ਮਰਿਆਦਾ

-ਨਰਿੰਦਰ ਪਾਲ ਸਿੰਘ
ਸਹਿਜਧਾਰੀ ਸਿੱਖਾਂ ਨੂੰ ਪਤਿਤ ਦੱਸ ਕੇ ਕਮੇਟੀ ਦੀਆਂ ਚੋਣਾਂ ਵਿੱਚ ਵੋਟ ਦੇ ਅਧਿਕਾਰ ਤੋਂ ਵਾਂਝਾ ਕਰਨ ਵਾਲੀ ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਨੇ ਡੇਰਾ ਸਿਰਸਾ ਪਾਸੋਂ ਵੋਟਾਂ ਮੰਗਣ ਵਾਲੇ ਮਾਮਲੇ ਵਿੱਚ ਪਤਿਤ ਸਿਆਸੀ ਆਗੂਆਂ ਬਾਰੇ ਆਪਣਾ ਵਤੀਰਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਚਲਤ ਮਰਿਆਦਾ ਕਿਉਂ ਬਦਲੀ?
ਕੀ ਵਿਧਾਨ ਸਭਾ ਚੋਣਾਂ ਵਿੱਚ ਹੋਈ ਸ਼ਰਮਨਾਕ ਹਾਰ ਉਪਰੰਤ ਬਾਦਲ ਦਲ ਨੂੰ ਹੁਣ ਸਹਿਜਧਾਰੀ ਵੋਟਰਾਂ ਵਿੱਚ ਸੱਤਾ ਦੀ ਕੁੰਜੀ ਨਜਰ ਆਉਣ ਲੱਗ ਪਈ ਹੈ ਜਿਸ ਨਾਲ ਉਹ ਘਟੋ ਘੱਟ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਾਇਮ ਰੱਖ ਸਕੇ?
ਵਿਧਾਨ ਸਭਾ ਚੋਣਾਂ ਲਈ ਡੇਰਾ ਸਿਰਸਾ ਪਾਸੋਂ ਵੋਟਾਂ ਮੰਗਣ ਗਏ ਵੱਖ ਵੱਖ ਸਿਆਸੀ ਪਾਰਟੀਆਂ ਦੇ 44 ਆਗੂਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਲੋਂ ਬੀਤੇ ਦਿਨ ਸਪੱਸ਼ਟੀਕਰਨ ਦੇਣ ਹਿੱਤ ਤਲਬ ਕੀਤਾ ਗਿਆ ਸੀ।
ਸਪੱਸ਼ਟੀਕਰਨ ਦੇਣ ਹਿੱਤ ਪੁੱਜੇ ਕੁੱਲ 40 ਸਿਆਸੀ ਆਗੂਆਂ ਵਿੱਚੋਂ 18 ਆਗੂ ਅਜੇਹੇ ਸਨ ਜੋ ਸ੍ਰੀ ਅਕਾਲ ਤਖਤ ਸਾਹਿਬ ਦੁਆਰਾ ਪ੍ਰਵਾਨਿਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ ਸਿੱਖ ਰਹਿਤ ਮਰਿਆਦਾ ਅਨੁਸਾਰ ਪਤਿਤ ਸਨ।ਸਿੱਖ ਕੌਮ ਦੀ ਅਜਾਦ ਪ੍ਰਭੂਸੱਤਾ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਦੁਆਰਾ ਤੈਅਸ਼ੁਦਾ ਨਿਯਮਾਂ ਅਨੁਸਾਰ ਇਥੇ ਕਿਸੇ ਗੈਰ ਸਿੱਖ ਦਾ ਪ੍ਰਸ਼ਾਦਿ ਤਾਂ ਪ੍ਰਵਾਨ ਹੋ ਸਕਦਾ ਹੈ ਲੇਕਿਨ ਕਿਸੇ ਦਾਹੜਾ ਰੰਗਣ ਵਾਲੇ ਜਾਂ ਕੇਸਾਂ ਦੀ ਬੇਅਦਬੀ ਕਰਨ ਵਾਲੇ (ਪਤਿਤ)ਦਾ ਨਹੀ। ਹੁਣ ਤੀਕ ਤਾਂ ਇਹੀ ਨਿਯਮ ਰਿਹਾ ਹੈ ਕਿ ਸਿੱਖ ਸਿਧਾਂਤਾਂ ਦੀ ਕਿਸੇ ਵੀ ਅਣਦੇਖੀ ਜਾਂ ਉਲੰਘਣਾ ਦੇ ਦੋਸ਼ੀ ਕਿਸੇ ਪਤਿਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਪੱਸ਼ਟੀਕਰਨ ਦੇਣ ਹਿੱਤ ਤਲਬ ਨਹੀ ਕੀਤਾ ਗਿਆ।ਅਜੇ ਕੁਝ ਸਾਲ ਪਹਿਲਾਂ ਦੀ ਹੀ ਗੱਲ ਹੈ ਜਦੋਂ ਤਤਕਾਲੀਨ ਭਾਜਪਾ ਆਗੂ ਨਵਜੋਤ ਸਿੰਘ ਸਿੱਧੂ ਨੇ ਬਾਣੀ ਦੀ ਤੁਕ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੀ ਗਲਤੀ ਕੀਤੀ ਸੀ ।ਉਸ ਵੇਲੇ ਵੀ ਜਥੇਦਾਰਾਂ ਨੇ ਇਹ ਤਰਕ ਦਿੱਤਾ ਸੀ ਕਿ ਸਿੱਧੂ ਪਤਿਤ ਹੈ ।ਠੀਕ ਇਸੇ ਤਰਾਂ ਜਦੋਂ ਹਲਕਾ ਭੁਲੱਥ ਤੋਂ ਤਤਕਾਲੀਨ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਖਿਲਾਫ ਚਿਹਰੇ ਦੇ ਵਾਲ ਸਾਫ ਕਰਾਉਣ ਦੀ ਸ਼ਿਕਾਇਤ ਲੈ ਕੇ ਗਿਆਨੀ ਗੁਰਬਚਨ ਸਿੰਘ ਪਾਸ ਪੁੱਜੇ ਤਾਂ ਜਵਾਬ ਮਿਲਿਆ ਸੀ ਕਿ ਸ੍ਰ: ਖਹਿਰਾ ਤਾਂ ਖੁਦ ਪਤਿਤ ਹਨ(ਦਾਹੜੀ ਦੀ ਬੇਅਦਬੀ ਕਰਦੇ ਹਨ)।
ਬੀਤੇ ਦਿਨ ਸਪਸ਼ਟੀਕਰਨ ਦੇਣ ਪੁੱਜੇ 10 ਕਾਂਗਰਸੀ,7 ਬਾਦਲ ਦਲ ਅਤੇ ਇਕ ਆਮ ਆਦਮੀ ਪਾਰਟੀ ਦੇ ਆਗੂ ਪ੍ਰਤੀ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਾਲੇ ਪੰਜ ਜਥੇਦਾਰਾਂ ਦਾ ਰਵੱਈਆ ਬਿਲਕੁਲ ਉਲਟ ਨਜਰ ਆਇਆ।ਇਹਨਾਂ ਆਗੂਆਂ ਨੂੰ ਬਕਾਇਦਗੀ ਨਾਲ ਪੰਜ ਜਥੇਦਾਰਾਂ ਦੇ ਸਨਮੁਖ ਪੇਸ਼ ਹੋਣ ਅਤੇ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਲੋਂ ਪ੍ਰੈਸ ਦੇ ਨਾਮ ਜਾਰੀ ਨੋਟ ਵਿੱਚ ਕਿਧਰੇ ਵੀ ਜਿਕਰ ਨਹੀ ਕੀਤਾ ਗਿਆ ਕਿ ਇਹਨਾਂ ਆਗੂਆਂ ਨੂੰ ਕੀ ਧਾਰਮਿਕ ਸਜਾ ਸੁਣਾਈ ਗਈ ਹੈ।
ਉਧਰ ਸਪੱਸ਼ਟੀਕਰਨ ਦੇਣ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ, ਰਣਦੀਪ ਸਿੰਘ ਨਾਭਾ, ਸਾਧੂ ਸਿੰਘ ਧਰਮਸੋਤ, ਬੀਬੀ ਦਮਨ ਕੌਰ ਬਾਜਵਾ ਆਦਿ ਨੇ ਦੱਸਿਆ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਭੇਜੇ ਆਦੇਸ਼ਾਂ ਅਨੁਸਾਰ ਸਪੱਸ਼ਟੀਕਰਨ ਦੇਣ ਹਿੱਤ ਪੁੱਜੇ ਹਨ।ਜਥੇਦਾਰ ਸਾਹਿਬਾਨ ਨੇ ਉਹਨਾਂ ਸਾਰਿਆਂ ਨੂੰ ਦਸ ਦਿਨ ਲਈ ਨੇੜਲੇ ਕਿਸੇ ਗੁਰਦੁਆਰਾ ਸਾਹਿਬ ਵਿਖੇ ਵੱਖ ਵੱਖ ਸੇਵਾਵਾਂ ਨਿਭਾਉਣ ਉਪਰੰਤ ਸਬੰਧਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਪਾਸੋਂ ਰਿਪੋਰਟ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੁਜਦਾ ਕਰਨ ਦਾ ਹੁਕਮ ਕੀਤਾ ਹੈ ।
ਸ੍ਰੀ ਅਕਾਲ ਤਖਤ ਸਾਹਿਬ ਦੁਆਰਾ ਤੈਅਸ਼ੁਦਾ ਤੇ ਪ੍ਰਚਲਤ ਪ੍ਰੰਪਰਾਵਾਂ ਦੇ ਉਲਟ ਕਿਸੇ ਪਤਿਤ ਸਿੱਖ ਨੂੰ ਸਪਸ਼ਟੀਕਰਨ ਦੇਣ ਹਿੱਤ ਤਲਬ ਕੀਤੇ ਜਾਣ ਬਾਰੇ ਪੁਛੇ ਇੱਕ ਸਵਾਲ ਦੇ ਜਵਾਬ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ (ਜੋ ਡੇਰਾ ਵੋਟ ਮਾਮਲੇ ਸਬੰਧੀ ਹੋਈ 4 ਅਪਰੈਲ ਦੀ ਇਕੱਤਰਤਾ ਵਿਚ ਸ਼ਾਮਿਲ ਸਨ) ਉਹਨਾਂ ਦਾ ਕਹਿਣਾ ਸੀ ਕਿ ਮੀਟਿੰਗ ਵਿੱਚ ਸ਼ਾਮਲ ਜਥੇਦਾਰਾਂ ਨੂੰ ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਦੀ ਵਿਸਥਾਰਤ ਰਿਪੋਰਟ ਹੀ ਵਿਖਾਈ ਨਹੀ ਗਈ।ਉਹਨਾਂ ਦਾ ਕਹਿਣਾ ਹੈ ਕਿ ਸਿਰਫ ਇੱਕ ਲਿਸਟ ਦਿੱਤੀ ਗਈ ਸੀ ਜਿਸ ਵਿੱਚ ਬਾਦਲ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਸਬੰਧਤ ਆਗੂਆਂ ਦੇ ਨਾਮ ਦਰਜ ਸਨ, ਕੋਈ ਫੋਟੋ ਨੱਥੀ ਨਹੀ ਸੀ ਜਿਸਤੋਂ ਇਹ ਅੰਦਾਜਾ ਲੱਗ ਸਕਦਾ ਕਿ ਸਬੰਧਤ ਆਗੂ ਸਾਬਤ ਸੂਰਤ ਹੈ ਜਾਂ ਪਤਿਤ।ਗਿਆਨੀ ਗੁਰਮੁਖ ਸਿੰਘ ਦੇ ਇਸ ਬਿਆਨ ਦੀ ਪੁਸ਼ਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਲੋਂ 4 ਅਪ੍ਰੈਲ ਨੂੰ ਜਾਰੀ ਸਿਆਸੀ ਆਗੂਆਂ ਦੀ ਲਿਸਟ ਵੀ ਕਰਦੀ ਹੈ ਜਿਥੇ ਆਗੂ ਦੇ ਸਾਬਤ ਸੂਰਤ ਜਾਂ ਪਤਿਤ ਹੋਣ ਦਾ ਕੋਈ ਜ਼ਿਕਰ ਨਹੀ ਹੈ ਪਰ ਇਹ ਜਿਕਰ 17 ਅਪ੍ਰੈਲ ਵਾਲੀ ਪ੍ਰੈਸ ਰਿਲੀਜ ਵਿੱਚ ਜਰੂਰ ਹੈ।
ਸਵਾਲ ਤਾਂ ਇਹ ਵੀ ਹੈ ਕਿ ਡੇਰਾ ਸਿਰਸਾ ਪਾਸ ਵੋਟਾਂ ਮੰਗਣ ਜਾਣ ਵਾਲੇ ਸਿਆਸੀ ਆਗੂਆਂ ਦੀ ਜਾਂਚ ਕਰਨ ਵਾਲੀ ਸ਼੍ਰੋਮਣੀ ਕਮੇਟੀ ਦੁਆਰਾ ਗਠਿਤ ਕਮੇਟੀ ਨੇ ਇਹ ਲਿਸਟ ਕਿਸ ਆਧਾਰ ਤੇ ਤਿਆਰ ਕੀਤੀ?
ਕੀ ਜਾਂਚ ਕਮੇਟੀ ਨੂੰ ਇਹ ਜਾਣਕਾਰੀ ਨਹੀ ਸੀ ਕਿ ਸਬੰਧਤ ਆਗੂ ਕੌਣ ਤੇ ਕਿਸ ਤਰਾਂ ਦੀ ਦਿੱਖ ਵਾਲਾ ਹੈ ਜਾਂ ਜਾਂਚ ਕਮੇਟੀ ਨੇ ਜਾਣ ਬੁੱਝ ਕੇ ਅਧੂਰੀ ਰਿਪੋਰਟ ਪੇਸ਼ ਕੀਤੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਨੇ ਕਿਸੇ ਸਾਜਿਸ਼ ਤਹਿਤ ਬਿਨਾਂ ਕਿਸੇ ਪੜਤਾਲ ਦੇ ਹੀ ਪਤਿਤ ਆਗੂਆਂ ਨੂੰ ਵੀ  ਸਪੱਸ਼ਟੀਕਰਨ ਦੇਣ ਲਈ ਤਲਬ ਕਰ ਲਿਆ। ਹੁਣ ਸਵਾਲ ਇਹ ਪੁੱਛਿਆ ਜਾ ਰਿਹਾ ਹੈ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੁੜ ਬੈਠੇ ਪੰਜ ਜਥੇਦਾਰ ਹੀ ਪਤਿਤ ਵਿਅਕਤੀ ਨੂੰ ਆਮ ਸਿੱਖ ਵਾਂਗ ਇਸ ਕਰਕੇ ਮਾਨਤਾ ਦਿੰਦੇ ਤੇ ਸੁਣਵਾਈ ਕਰਦੇ ਹਨ ਕਿ ਸਬੰਧਤ ਖੁਦ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਦੱਸਦਾ ਹੈ ਤਾਂ ਭਵਿੱਖ ਵਿੱਚ ਸ਼੍ਰੋਮਣੀ ਕਮੇਟੀ ਬਾਕੀ ਪਤਿਤ ਸਿੱਖਾਂ ਬਾਰੇ ਕੀ ਰਾਏ ਰੱਖੇਗੀ ? ਕੀ ਕੇਸਾਂ ਦੀ ਬੇਅਦਬੀ ਕਰਨ ਦੇ ਬਾਵਜੂਦ , ਸਿਰਫ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣਾ ਸਿੱਖ ਦੀ ਨਵੀਂ ਪ੍ਰੀਭਾਸ਼ਾ ਅੰਕਿਤ ਕਰੇਗਾ ?ਕਿਧਰੇ ਅਜੇਹਾ ਤਾਂ ਨਹੀ ਕਿ ਵਿਧਾਨ ਸਭਾ ਵਿੱਚ ਹੋਈ ਨਾਮੋਸ਼ੀ ਭਰੀ ਹਾਰ ਕਾਰਣ ਬਾਦਲ ਦਲ ਨੂੰ ਸ਼੍ਰੋਮਣੀ ਕਮੇਟੀ ਉਪਰਲੀ ਪਕੜ ਵੀ ਖਤਰੇ ਵਿੱਚ ਜਾਪਣ ਲੱਗ ਪਈ ਹੈ?
ਦਲ ਨੂੰ ਸ਼ਾਇਦ ਇਹ ਅਹਿਸਾਸ ਹੋ ਚੁੱਕਾ ਹੈ ਕਿ ਇਸ ਵਾਰ ਉਸਦੀ ਹਾਰ ਸਿੱਖ ਮੁੱਦਿਆਂ ਕਾਰਣ ਸਿੱਖ ਵੋਟਰਾਂ ਹੱਥੋਂ ਹੋਈ ਹੈ ਤੇ ਉਸਨੇ ਇਕ ਸੋਚੀ ਸਮਝੀ ਸਾਜਿਸ਼ ਤਹਿਤ ਸਿੱਖ ਦੀ ਨਵੀਂ ਪ੍ਰੀਭਾਸ਼ਾ ਕਾਇਮ ਕਰਨ ਵੱਲ ਕਦਮ ਵਧਾ ਲਿਆ ਹੈ।ਜਿਕਰਯੋਗ ਹੈ ਕਿ ਗੁਰਲੀਨ ਕੌਰ ਬਨਾਮ ਪੰਜਾਬ ਸਰਕਾਰ ਮਾਮਲੇ ਵਿੱਚ ਸਾਲ 2010 ਵਿੱਚ ਸ਼੍ਰੋਮਣੀ ਕਮੇਟੀ ਇਕ ਵਾਰ ਪਹਿਲਾਂ ਵੀ ਸਿੱਖ ਦੀ ਪ੍ਰੀਭਾਸ਼ਾ ਬਾਰੇ ਗਲਤ ਬਿਆਨੀ ਕਰ ਚੁੱਕੀ ਹੈ ।ਸਾਲ 2011 ਵਿੱਚ ਤੰਬਾਕੂ ਦਾ ਸੇਵਨ ਨਾ ਕਰਨ ਦੀ ਬਜਾਏ ਬੀੜੀ ਸਿਗਰੇਟ ਸੇਵਨ ਦੀ ਗੱਲ ਕਰਕੇ ਸ਼੍ਰੋਮਣੀ ਕਮੇਟੀ ਆਮ ਚੋਣਾਂ ਵਿੱਚ ਸਿੱਖ ਵੋਟਰ ਦੀ ਪ੍ਰੀਭਾਸ਼ਾ ਬਦਲ ਚੁੱਕੀ ਹੈ।