• Home »
  • ਪੰਥਕ ਮਾਮਲੇ
  • » ਡੇਰਾ ਸਿਰਸਾ ਮੁਖੀ ਨੂੰ ਮਾਫੀ ਦਾ ਮਾਸਟਰ ਮਾਈਂਡ ਸੁਖਬੀਰ-ਗਿਆਨੀ ਗੁਰਮੁਖ ਸਿੰਘ

ਡੇਰਾ ਸਿਰਸਾ ਮੁਖੀ ਨੂੰ ਮਾਫੀ ਦਾ ਮਾਸਟਰ ਮਾਈਂਡ ਸੁਖਬੀਰ-ਗਿਆਨੀ ਗੁਰਮੁਖ ਸਿੰਘ

-ਪੰਜਾਬੀਲੋਕ ਬਿਊਰੋ
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਤੇ ਸ੍ਰੀ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਭਾਈ ਗੁਰਮੁਖ ਸਿੰਘ ਨੇ ਦਾਅਵਾ ਕੀਤਾ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦਿਵਾਉਣ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਜਥੇਦਾਰਾਂ ‘ਤੇ ਦਬਾਅ ਬਣਾਇਆ ਗਿਆ ਸੀ।ਉਹਨਾਂ ਕਿਹਾ ਕਿ ਉਹਨਾਂ ਸਮੇਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਨੂੰ ਚੰਡੀਗੜ ਵਿਖੇ ਸੁਖਬੀਰ ਬਾਦਲ ਦੀ ਕੋਠੀ ਵਿੱਚ ਬੁਲਾ ਕੇ ਬੈਠਕ ਕੀਤੀ ਗਈ ਸੀ। ਇਸ ਦੌਰਾਨ ਡੇਰਾ ਮੁਖੀ ਵੱਲੋਂ ਹਿੰਦੀ ਭਾਸ਼ਾ ਵਿੱਚ ਭੇਜੀ ਗਈ ਚਿੱਠੀ ‘ਤੇ ਤੁਰੰਤ ਕਾਰਵਾਈ ਕਰਨ ਦਾ ਦਬਾਅ ਬਣਾਇਆ ਗਿਆ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਉਸ ਵੇਲੇ ਵੀ ਇਸ ਮਾਮਲੇ ‘ਤੇ ਇਤਰਾਜ਼ ਜਤਾਇਆ ਸੀ। ਇਸ ਸਬੰਧੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਦੇ ਇਤਰਾਜ਼ ਨੂੰ ਸਹੀ ਵੀ ਦੱਸਿਆ ਸੀ ਪਰ ਫਿਰ ਅਕਾਲ ਤਖ਼ਤ ਸਾਹਿਬ ਵਿਖੇ ਚਿੱਠੀ ਭੇਜਣ ਮਗਰੋਂ ਉਹਨਾਂ ਨੂੰ ਲਗਾਤਾਰ ਫੋਨ ਕਰਕੇ ਇਹ ਕਿਹਾ ਗਿਆ ਕਿ ਤੁਸੀਂ ਇਸ ਮਾਮਲੇ ਵਿੱਚ ਚੁੱਪ ਰਹੋ ਤੇ ਡੇਰਾ ਮੁਖੀ ਦੇ ਮੁਆਫੀਨਾਮੇ ਨੂੰ ਸਵੀਕਾਰ ਕਰਨ ਵਿੱਚ ਸਹਿਮਤੀ ਪ੍ਰਗਟਾਓ। ਭਾਈ ਗੁਰਮੁਖ ਸਿੰਘ ਵੱਲੋਂ ਅਕਾਲ ਤਖ਼ਤ ਸਕੱਤਰੇਤ ਵਿਖੇ ਕੀਤੀਆਂ ਜਾਣ ਵਾਲਿਆਂ ਬੈਠਕਾਂ ਵਿੱਚ ਸ਼ਾਮਿਲ ਨਾ ਹੋਣ ਦੇ ਫੈਸਲੇ ਬਾਰੇ ਉਹਨਾਂ ਕਿਹਾ ਕਿ ਅਕਾਲ਼ੀ ਦਲ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦੀ ਉਲੰਘਣਾ ਕੀਤੀ ਗਈ ਹੈ। ਇਸ ਲਈ ਉਹ ਬੰਦ ਕਮਰਾ ਬੈਠਕਾਂ ਵਿੱਚ ਕਦੇ ਵੀ ਸ਼ਾਮਲ ਨਹੀਂ ਹੋਣਗੇ। ਉਹਨਾਂ ਦੱਸਿਆ ਕਿ ਜਦੋਂ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਮੁਖੀ ਕੋਲੋਂ ਸਮਰਥਨ ਲੈਣ ਦਾ ਐਲਾਨ ਕੀਤਾ ਗਿਆ ਤਾਂ 2 ਫਰਵਰੀ ਨੂੰ ਮਨਜਿੰਦਰ ਸਿੰਘ ਸਿਰਸਾ ਨੇ ਉਹਨਾਂ ਨੂੰ ਫੋਨ ਕਰਕੇ ਕਿਹਾ ਸੀ ਕਿ ਸਾਨੂੰ ਡੇਰੇ ਕੋਲੋਂ ਸਮਰਥਨ ਲੈਣਾ ਪਿਆ ਹੈ ਤੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇਸ ਮਾਮਲੇ ‘ਤੇ ਸ਼ਾਂਤ ਰਹੋ ਤੇ ਕੁਝ ਵੀ ਨਾ ਬੋਲੋ। ਜਦੋਂ ਮੈਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੀਆਂ ਪਰੰਪਰਾਵਾਂ ਨੂੰ ਨਜ਼ਰਅੰਦਾਜ਼ ਕਰਨਾ ਕਿਸੇ ਵੀ ਕੀਮਤ ‘ਤੇ ਸਹੀ ਨਹੀਂ ਹੈ। ਇਹ ਇੱਕ ਬਹੁਤ ਬੁਰੀ ਗੱਲ ਹੈ ਤੇ ਤੁਸੀਂ ਸਮਰਥਨ ਲੈਣ ਦੀ ਥਾਂ ਸਮਰਥਨ ਦੇ ਇਨਕਾਰ ਬਾਰੇ ਲਿਖ ਕੇ ਅਕਾਲ ਤਖ਼ਤ ਸਾਹਿਬ ‘ਤੇ ਭੇਜੋ। ਸਿਰਸਾ ਨੇ ਉਹਨਾਂ ਦੀ ਗੱਲ ਨਾਲ ਸਹਿਮਤੀ ਜਤਾਉਂਦੇ ਕਿਹਾ ਕਿ ਉਹ ਤਾਂ ਇਹੀ ਚਾਹੁੰਦੇ ਹਨ ਪਰ ਸਾਡੇ “ਬੌਸ” ਸੁਖਬੀਰ ਬਾਦਲ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਵੀ ਇਸ ਮਾਮਲੇ ਨੂੰ ਲੈ ਕੇ ਦੁਖੀ ਸਨ ਪਰ ਜਦੋਂ ਮੈਂ ਮੀਡੀਆ ਵਿੱਚ ਇਸ ਬਾਰੇ ਗੱਲ ਕੀਤੀ ਤਾਂ ਮੈਨੂੰ ਮਨਜਿੰਦਰ ਸਿੰਘ ਸਿਰਸਾ ਤੋਂ ਇਲਾਵਾ ਸੁਖਬੀਰ ਬਾਦਲ ਦੇ ਕਈ ਕਰੀਬੀਆਂ ਨੇ ਚੁੱਪ ਰਹਿਣ ਦੀ ਸਲਾਹ ਦਿੱਤੀ। ਇਥੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਜੇਕਰ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਮੁਤਾਬਕ ਨਹੀਂ ਚੱਲ ਸਕਦੇ ਜਾਂ ਫਿਰ ਔਖੇ ਵੇਲੇ ਸਾਡੇ ਨਾਲ ਨਹੀਂ ਖੜੇ ਤਾਂ ਤੁਸੀਂ ਬਹੁਤੀ ਦੇਰ ਤਖ਼ਤ ਦੇ ਜਥੇਦਾਰ ਦੇ ਅਹੁਦੇ ‘ਤੇ ਬਿਰਾਜਮਾਨ ਨਹੀਂ ਰਹਿ ਸਕਦੇ। ਉਹਨਾਂ ਸਿਰਸਾ ਨੂੰ ਕਿਹਾ ਕਿ ਇਹ ਕੋਈ ਤੁਹਾਡੇ ਵੱਲੋਂ ਚਲਾਇਆ ਜਾਣ ਵਾਲਾ ਕਾਰਖਾਨਾ ਨਹੀਂ।ਉਹਨਾਂ ਡੇਰੇ ਤੋਂ ਸਮਰਥਨ ਲੈਣ ਵਾਲੇ ਲੀਡਰਾਂ ਨੂੰ ਅਕਾਲ ਤਖ਼ਤ ਵਿਖੇ ਬੁਲਾਏ ਜਾਣ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਹੋਈ ਪੰਜ ਸਿੰਘ ਸਾਹਿਬਾਨ ਦੀ ਬੈਠਕ ਵਿੱਚ ਉਹਨਾਂ ਪਹਿਲਾਂ ਹੀ ਇਤਰਾਜ਼ ਜਤਾਇਆ ਸੀ ਕਿ ਅਕਾਲੀ ਦਲ ਵੱਲੋਂ ਪਹਿਲਾਂ ਹੀ ਤੁਹਾਨੂੰ ਫੋਨ ਕਰਕੇ ਇਹਨਾਂ ਲੋਕਾਂ ਖਿਲਾਫ ਕਾਰਵਾਈ ਨਾ ਕਰਨ ਲਈ ਦਬਾਅ ਬਣਾਇਆ ਜਾ ਚੁੱਕਾ ਹੈ। ਅਜਿਹਾ ਕਰਨ ਦੀ ਥਾਂ ਇੱਕ ਅਜਿਹਾ ਫੈਸਲਾ ਲੈਣਾ ਚਾਹੀਦਾ ਸੀ ਤਾਂ ਕਿ ਅਜਿਹਾ ਕਰਨ ਵਾਲੇ ਨੂੰ ਕੋਈ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਇਹ ਸੁਨੇਹਾ ਦਿੱਤਾ ਜਾਵੇ ਕਿ ਭਵਿੱਖ ਵਿੱਚ ਕੋਈ ਵੀ ਅਜਿਹੀ ਗ਼ਲਤੀ ਕਾਰਨ ਦੀ ਹਿੰਮਤ ਨਾ ਕਰੇ। ਉਹਨਾਂ ਸਿੰਘ ਸਾਹਿਬਾਨ ਨੂੰ ਇਹ ਵੀ ਸਲਾਹ ਦਿੱਤੀ ਸੀ ਕਿ ਹਰ ਬੈਠਕ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਜਾਵੇ। ਇਕੱਤਰਤਾ ਤੋਂ ਪਹਿਲਾਂ ਅਰਦਾਸ ਵੀ ਕੀਤੀ ਜਾਵੇ। ਇਹੀ ਕਾਰਨ ਹੈ ਕਿ 17 ਅਪ੍ਰੈਲ ਨੂੰ ਉਹਨਾਂ ਦਾ ਮਨ ਬਹੁਤ ਦੁਖੀ ਸੀ। ਉਹਨਾਂ ਸਕੱਤਰੇਤ ਵਿਖੇ ਹੋਣ ਵਾਲੀ ਹਰ ਬੈਠਕ ਵਿੱਚ ਜਾਣ ਤੋਂ ਇਨਕਾਰ ਕੀਤਾ ਸੀ। ਉਹਨਾਂ ਵਲੋਂ ਡੇਰਾ ਮੁਖੀ ਦੇ ਮੁਆਫੀਨਾਮੇ ਨੂੰ ਅਕਸ਼ੇ ਕੁਮਾਰ ਦੀ ਕੋਠੀ ਵਿੱਚ ਲੈ ਕੇ ਜਾਣ ਦੀਆਂ ਖ਼ਬਰਾਂ ਨੂੰ ਬਿਲਕੁਲ ਗ਼ਲਤ ਦੱਸਦਿਆਂ ਉਹਨਾਂ ਕਿਹਾ ਕਿ ਜਦੋਂ ਵੀ ਡੇਰਾ ਸਿਰਸਾ ਦਾ ਜ਼ਿਕਰ ਹੁੰਦਾ ਹੈ ਤਾਂ ਡੇਰਾ ਮੁਖੀ ਦੀ ਚਿੱਠੀ ਦਾ ਜ਼ਿਕਰ ਹੁੰਦਾ ਹੈ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਹ ਦੱਸਣ ਨੂੰ ਤਿਆਰ ਨਹੀਂ ਕਿ ਅਖੀਰ ਉਹ ਚਿੱਠੀ ਅਕਾਲ ਤਖ਼ਤ ਸਾਹਿਬ ਵਿਖੇ ਕੌਣ ਲੈ ਕੇ ਆਇਆ ਸੀ। ਉਹਨਾਂ ਸਿੱਖ ਪੰਥ ਨੂੰ ਅਪੀਲ ਕੀਤੀ ਕਿ ਉਹ ਆਰ.ਟੀ.ਆਈ. ਰਾਹੀਂ ਇਹ ਪਤਾ ਲਾਉਣ ਕਿ ਅਖੀਰ ਡੇਰਾ ਮੁਖੀ ਦੀ ਮੁਆਫੀ ਵਾਲੀ ਚਿੱਠੀ ਅਕਾਲ ਤਖ਼ਤ ਸਾਹਿਬ ‘ਤੇ ਕਿਸ ਤਰਾਂ ਪਹੁੰਚੀ। ਉਸ ਚਿੱਠੀ ਨੂੰ ਉੱਥੇ ਕੌਣ ਲੈ ਕੇ ਪਹੁੰਚਿਆ ਤੇ ਕਿਸ ਨੇ ਉਸ ਚਿੱਠੀ ਨੂੰ ਰਿਸੀਵ ਕੀਤਾ ਸੀ। ਉਹਨਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ‘ਤੇ ਅਕਾਲੀ ਦਲ ਤੇ ਖਾਸ ਕਰਕੇ ਬਾਦਲ ਪਰਿਵਾਰ ਦੇ ਵਧ ਰਹੇ ਦਬਾਅ ਨੇ ਉਹਨਾਂ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ। ਸਿੱਖ ਕੌਮ ਵੱਲੋਂ ਇਸ ਦਬਾਅ ਦੇ ਚਲਦਿਆਂ ਤਖਤਾਂ ਦੇ ਜਥੇਦਾਰਾਂ ਪ੍ਰਤੀ ਘਟ ਰਹੇ ਵਿਸ਼ਵਾਸ ਨੂੰ ਦੇਖਦਿਆਂ ਉਹਨਾਂ ਨੇ ਸੋਚਿਆ ਕਿ ਸੱਚਾਈ ਨੂੰ ਸਭ ਦੇ ਸਾਹਮਣੇ ਲੈ ਕੇ ਆਉਣਾ ਸਮੇਂ ਦੀ ਜ਼ਰੂਰਤ ਹੈ। ਉਹਨਾਂ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਜਲਦ ਤੋਂ ਜਲਦ ਇਹਨਾਂ ਗ਼ਲਤੀਆਂ ਦੀ ਮੁਆਫੀ ਮੰਗਣ ਤੇ ਆਪਣੇ ਸਿਆਸੀ ਦਬਾਅ ਨੂੰ ਘੱਟ ਕਰਕੇ ਲੋਕਾਂ ਦੇ ਮਨਾਂ ਵਿੱਚ ਆਪਣੀ ਥਾਂ ਬਣਾਉਣ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਪੰਥ ਦੇ ਗੁੱਸੇ ਦਾ ਸ਼ਿਕਾਰ ਹੋਣ ਦੇ ਨਾਲ ਇਹਨਾਂ ਸਾਰੀਆਂ ਗ਼ਲਤੀਆਂ ਲਈ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।