ਨੇਕ ਮੁਹੰਮਦ ਕਿੱਧਰ ਜਾਵੇ, ਰੋਟੀ ਰਿਜ਼ਕ ਹਲਾਲ ਕਮਾਵੇ?

ਗੁਰਮੀਤ ਪਲਾਹੀ
ਦੁਨੀਆ ਭਰ ਵਿੱਚ ਭਾਰਤੀ ਮੂਲ ਦੇ ਲਗਭਗ ਤਿੰਨ ਕਰੋੜ (3,08,43,419) ਲੋਕ ਰਹਿੰਦੇ ਹਨ, ਜਿਹਨਾ ਚੋਂ ਇਕ ਕਰੋੜ ਤੀਹ ਲੱਖ (1,30,08,012) ਐਨ.ਆਰ.ਆਈ ਹਨ ਅਤੇ (1,78,35,407) ਪੀ.ਆਈ.ੳ. ਪਰਸਨ ਆਫ ਇੰਡੀਆ ਉਰਿਜਨ ਹਨ।  ਇਹਨਾ ਵਿਚੋਂ ਸਿੰਗਾਪੁਰ ਵਿੱਚ 3,25,000, ਬਹਿਰੀਨ ‘ਚ 3,12,918, ਮਲੇਸ਼ੀਆਂ ‘ਚ 2,44,274, ਅਸਟਰੇਲੀਆ ਵਿੱਚ 2,41,000 ਕੈਨੇਡਾ ਵਿੱਚ 1,84,320, ਇਟਲੀ ‘ਚ 1,72301, ਫਿਲੀਪੀਨਜ ‘ਚ 1,00,000, ਸਾਊਦੀ ਅਰਬ ‘ਚ 30,50,000, ਯੂਏਈ ‘ਚ 28,00,000, ਯੂ.ਐਸ.ਏ.ਵਿੱਚ 12,80,000, ਕੁਵੈਤ ਵਿੱਚ 9,21,666, ਉਮਾਨ ‘ਚ 7,95,082, ਕਤਰ ‘ਚ 6,00,000, ਨੇਪਾਲ ‘ਚ 6,00,000 ਭਾਰਤੀ ਰਹਿੰਦੇ ਹਨ। ਇਹਨਾ ਪ੍ਰਵਾਸੀ ਭਾਰਤੀਆਂ ਵਿੱਚ ਬਹੁਤੇ ਦੱਖਣੀ ਭਾਰਤ ਖਾਸ ਕਰਕੇ ਕੇਰਲਾ ਤੋਂ ਹਨ ਅਤੇ ਕਾਫੀ ਵੱਡੀ ਗਿਣਤੀ ਪੰਜਾਬੀਆਂ ਦੀ ਵੀ ਹੈ।
ਬੰਦੇ ਦੇ ਸਰੀਰ ਨੂੰ ਲੱਗਿਆ ਹੋਇਆ ਢਿੱਡ! ਬੰਦੇ ਨੇ ਢਿੱਡ ਨੂੰ ਝੁਲਕਾ ਤਾਂ ਦੇਣਾ ਹੀ ਹੋਇਆ ਤਦੇ ਭਾਈ ਉਹ ਅਕਾਸ਼ੀਂ ਉਡਾਰੀਆ ਲਾਉਂਦਾ। ਲੁੱਕ-ਛਿੱਪ ਸਰਹੱਦਾਂ ਪਾਰ ਕਰਦਾ। ਜੰਗਲ ਬੇਲਿਆਂ ‘ਚ ਭੁੱਖਾ ਮਰਦਾ, ਦੇਸ਼ ਛੱਡ ਵਿਦੇਸ਼ਾਂ ਦੇ ਰਾਹ ਪੈਂਦਾ ਝੁਲਕੇ ਲਈ।  ਇਹ ਝੁਲਕਾ ਉਹਨੂੰ ਉਹਦੀ ਮਿੱਟੀ ਨਾ ਦੇਊ, ਤਾਂ ਉਹ ਆਪਣਾ ਤੱਪੜੀ-ਬਸਤਾ ਚੁੱਕੂ ਤੇ ਉਥੇ ਜਾ ਧਰੂ ਕਿਧਰੇ ਇੱਕਲਾ-ਇਕਹਿਰਾ, ਕਿਧਰੇ-ਟੱਬਰ ਸਮੇਤ, ਜਿਥੋਂ ਉਹਨੂੰ ਰਿਜ਼ਕ ਮਿਲੂ! ਬਿਹਾਰੀ, ਪੰਜਾਬ ਆਊ। ਪੰਜਾਬੀ ਕਲੱਕਤੇ ਜਾਊ। ਮੱਕੇ-ਮਦੀਨੇ ਜਾਊ ਤੇ ਅਸਟਰੇਲੀਆ ਅਮਰੀਕਾ ਵੀ! ਰੋਟੀ ਖਾਊ, ਕੁਲੀ ਪਾਊ! ਤਨ ਤੇ ਕੱਪੜਾ ਲਪੇਟੂ ਤੇ ਟੁੱਟੀ-ਫੁਟੀ ਤੇ ਫਿਰ ਨਵੀਂ ਨਕੋਰ ਗੱਡੀ ਖਰੀਦੂ! ਬੋਲੀ ਨਾ ਆਊ ਉਥੇ ਦੀ, ਤਾਂ ਟੁੱਟੀ-ਫੁਟੀ ਬੋਲੂ। ਇਸ਼ਾਰੇ ਕਰੂ, ਆਪਣੇ ਆਪ ਨੂੰ ਸਮਝਾਊ ਤੇ ਫਿਰ ਪਰਾਇਆਂ ਦੇ ਗਲ ਲੱਗ-ਕਈ ਹਾਲਤਾਂ ‘ਚ ਪਰਾਇਆ ਹੋ ਜਾਊ। ਦੋ ਟੁੱਕ ਰੋਟੀ ਦੀ ਜਿਹੜੀ ਉਹਦੇ ਗਲ ਦਾ ਫਾਹਾ ਬਣੀ ਹੋਈ ਆ। ਤਦੇ ਕਵੀ ਆਂਹਦਾ ਆ, ”ਨੇਕ ਮੁਹੰਮਦ ਕਿਧਰ ਜਾਵੇ, ਰੋਟੀ ਰਿਜ਼ਕ ਹਲਾਲ ਕਮਾਵੇ, ਤੇਰਾ ਹੁਕਮ ਤੇ ਤੈਈਬ ਰੋਜ਼ੀ ਬਣ ਗਿਆ ਉਹਦੇ ਗਲ ਦਾ ਫਾਹ”।