ਦੇਸਾਂ ਵਰਗਾ ਦੇਸ਼ ਹੁੰਦਾ, ਅਸੀਂ ਕਿਉਂ ਜਾਂਦੇ ਪਰਦੇਸ?

-ਮਿੰਟੂ ਬਰਾੜ

ਭੂਮਿਕਾ: ਲੇਖ ਲਿਖਣ ਦਾ ਕਾਰਨ ਲੇਖ ਪੜ੍ਨ ਨਾਲ ਸਪੱਸ਼ਟ ਹੋ ਜਾਵੇਗਾ ਪਰ ਇਸ ਦੇ ਲਿਖਣ ਦਾ ਵਕਤ ਅਤੇ ਥਾਂ ਬਾਰੇ ਜੇ ਗੱਲ ਕਰਾਂ ਤਾਂ ਇਹ ਸੰਨ 2011 ਵਿੱਚ ਐਡੀਲੇਡ ਵਿਖੇ ਇਹ ਕਾਗ਼ਜ਼ ਤੇ ਉੱਕਰਿਆ ਸੀ ਪਰ ਮੇਰੇ ਦਿਲ ਦਿਮਾਗ਼ ਤੇ ਇਹ ਵਿਸ਼ਾ ਤਕਰੀਬਨ 1983 ਦਾ ਅਟਕਿਆ ਪਿਆ ਸੀ ਜਦੋਂ ਮੈਂ ਬਠਿੰਡੇ ਪੜ੍ਹਦਾ ਹੁੰਦਾ ਸੀ ਉਸ ਵਕਤ ਬਠਿੰਡੇ ਵਿੱਚ ਸੀਵਰੇਜ ਦਾ ਕੰਮ ਚੱਲ ਰਿਹਾ ਸੀ ਜੋ ਤਕਰੀਬਨ ਦੱਸ ਸਾਲ ਚਲਿਆ ਤੇ ਕੋਈ ਵੀ ਇਹੋ ਜਿਹਾ ਰਾਹ ਨਹੀਂ ਸੀ ਹੁੰਦਾ ਜਿੱਥੋਂ ਤੁਸੀਂ ਆਸਾਨੀ ਨਾਲ ਲੰਘ ਸਕੋ। ਏਨਾ ਲੰਮਾ ਸਮਾਂ ਕੰਮ ਚੱਲਣ ਦਾ ਕਾਰਨ ਇਹ ਸੀ ਕਿ ਪਹਿਲਾ ਛੋਟਾ ਸੀਵਰ ਪਾਇਆ ਤੇ ਪੈਸੇ ਹਜ਼ਮ ਕੀਤੇ ਫੇਰ ਉਸ ਤੋਂ ਵੱਡਾ ਪਾਇਆ ਤੇ ਪੈਸੇ ਹਜ਼ਮ ਕੀਤੇ ਤੇ ਜਦੋਂ ਉਸ ਨੂੰ ਚਲਾਉਣ ਦਾ ਟਾਈਮ ਆਇਆ ਤਾਂ ਉਹ ਪਹਿਲੇ ਦਿਨ ਹੀ ਫੇਲ ਹੋ ਗਿਆ ਸੀ। ਉਧਰ ਜਦੋਂ ਮੈਂ ਬਠਿੰਡੇ ਰੇਲਵੇ ਸਟੇਸ਼ਨ ਤੇ ਆਉਂਦਾ ਤਾਂ ਮੈਨੂੰ ਉਹ ਸਾਡੇ ਆਪਣਿਆਂ ਦੇ ਕੰਮਾਂ ਤੇ ਦੰਦ ਕੱਢਦਾ ਪ੍ਰਤੀਤ ਹੁੰਦਾ। ਅੰਗਰੇਜ਼ਾਂ ਵੇਲੇ ਦਾ ਬਣਿਆ ਬਠਿੰਡੇ ਦਾ ਰੇਲਵੇ ਸਟੇਸ਼ਨ ਭਵਨ ਕਲਾ ਅਤੇ ਇਮਾਨਦਾਰੀ ਦਾ ਇੱਕ ਜਿਉਂਦਾ ਜਾਗਦਾ ਸਬੂਤ ਹੈ। ਉਸ ਵਕਤ ਮੇਰੇ ਜਵਾਨ ਹੋ ਰਹੇ ਹਿਰਦੇ ਚ ਇੱਕ ਹੀ ਸਵਾਲ ਆਉਂਦਾ ਹੁੰਦਾ ਸੀ ਕਿ ਜੋ ਲੋਕ ਇੱਕ ਬੇਗਾਨੇ ਮੁਲਕ ਚ ਇਹੋ ਜਿਹੇ ਚਿਰ ਸਥਾਈ ਕੰਮ ਕਰ ਸਕਦੇ ਹਨ ਉਨ੍ਹਾਂ ਦੇ ਆਪਣੇ ਮੁਲਕ ਕਿਹੋ ਜਿਹੇ ਹੋਣਗੇ? ਸ਼ਾਇਦ ਮੇਰੀ ਇਹੀ ਜਿਗਿਆਸਾ ਮੈਨੂੰ ਵਿਦੇਸ਼ ਲੈ ਆਈ। ਅਖੀਰ ਜਦੋਂ ਸੱਚੀ ਦੁਨੀਆਂ ਦਾ ਦੂਜਾ ਪੱਖ ਦੇਖਿਆ ਤਾਂ ਪਤਾ ਲੱਗਿਆ ਕਿ ਮੇਰਾ ਭਾਰਤ ਕਿੰਨਾ ਮਹਾਨ ਹੈ!!!

ਕਾਫ਼ੀ ਦੇਰ ਬਾਅਦ ਲਿਖਣ ਬੈਠਾ, ਪਰ ਮੁੱਦਾ ਫੇਰ ਉਹੀ ਜਨਮ ਭੂਮੀ ਦਾ, ਫੇਰ ਸੋਚਦਾ ਕਿਉਂ ਲੱਸੀ ਰਿੜਕੀ ਜਾਣਾ? ਬਹੁਤ ਸਾਰੇ ਮੇਰੇ ਕਲਮਕਾਰ ਵੀਰ ਪਿਛਲੇ ਪੈਂਹਠ ਵਰ੍ਹਿਆਂ ਤੋਂ ਕਲਮਾਂ ਘਸਾ-ਘਸਾ ਕੇ ਹੰਭ ਗਏ ਨੇ ਪਰ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ ਤੇ ਨਾਲੇ ਮੇਲੇ ਚ ਅਮਰੂਦਾਂ ਵਾਲੀ ਰੇਹੜੀ ਨੂੰ ਕੌਣ ਪੁੱਛਦੈ? ਪਰ ਜਦੋਂ ਇੰਡੀਆ ਤੋਂ ਆਉਂਦੀਆਂ ਨਿੱਤ ਨਵੀਆਂ-ਨਵੀਆਂ ਖ਼ਬਰਾਂ ਤੇ ਝਾਤ ਮਾਰਦਾ ਹਾਂ ਤਾਂ ਫੇਰ ਅੰਦਰ ਦਾ ਲੇਖਕ ਕਹਿੰਦੈ, “ਯਾਰ! ਤੂੰ ਆਪਣੀ ਤੁਲਨਾ ਅਮਰੂਦਾਂ ਵਾਲੀ ਰੇਹੜੀ ਨਾਲ ਕਿਉ ਕਰਦਾ? ਤੂੰ ਆਪਣੇ ਪਿੰਡ ਵਾਲੇ ਮੱਸੇ ਚੌਕੀਦਾਰ ਵੱਲ ਦੇਖ, ਜਿਹੜਾ ਸਾਰੀ ਉਮਰ ਦਾ ਰੌਲਾ ਪਾਈ ਜਾਂਦਾ ਕਿ ਭਾਈ ਜਾਗਦੇ ਰਹੋ-ਜਾਗਦੇ ਰਹੋ! ਭਾਵੇਂ ਅੱਧੇ ਤੋਂ ਜ਼ਿਆਦਾ ਪਿੰਡ ਉਹਨੂੰ ਗਾਲ੍ਹਾਂ ਦੇ ਕੇ ਸੌਂ ਜਾਂਦੈ।

ਸੋ ਦੋਸਤੋ! ਜੋ ਮਰਜ਼ੀ ਸਮਝੋ, ਆਪਾਂ ਤਾਂ ਬਹਿ ਗਏ ਕਾਗ਼ਜ਼ ਤੇ ਭੜਾਸ ਕੱਢਣ, ਕਿਉਂਕਿ ਹੋਰ ਕਿਤੇ ਸਾਡਾ ਵਾਹ ਵੀ ਨਹੀਂ ਚਲਦਾ। ਹੁਣ ਤੁਸੀਂ ਪੁੱਛੋਗੇ ਕਿ ਕਿਹੜੀਆਂ ਖ਼ਬਰਾਂ ਨੇ ਤੈਨੂੰ ਅਪਸੈੱਟ ਕਰ ਦਿੱਤਾ ਤਾਂ ਸੁਣ ਲਵੋ; ਕੱਲ੍ਹ ਜਦੋਂ ਅਮਲ ਜਿਹਾ ਟੁੱਟਿਆ ਤਾਂ ਸੋਚਿਆ ਕਿ ਚਲੋ ਦੋ ਸੂਟੇ ਫੇਸਬੁੱਕ ਦੇ ਹੀ ਲਾ ਲਈਏ। ਮੂਹਰੇ ਇੱਕ ਮਿੱਤਰ ਦੀ ਚੇਤਾਵਨੀ ਦੇਖੀ ਜੇ ਤੁਸੀ ਇੰਡੀਆ ਜਾ ਰਹੇ ਹੋ ਤਾਂ ਸਾਵਧਾਨ‘!  ਮੈਂ ਸਰਸਰੀ ਜਿਹੀ ਝਾਤ ਮਾਰੀ ਤਾਂ ਮੈਨੂੰ ਇਹ ਇੱਕ ਕਹਾਣੀ ਜਿਹੀ ਜਾਪੀ। ਕਮੈਂਟਾਂ ਤੇ ਉੱਡਦੀ ਜਿਹੀ ਨਿਗ੍ਹਾ ਮਾਰਦਿਆਂ ਜਦੋਂ ਆਪਣੇ ਇੱਕ ਕਲਮੀ ਮਿੱਤਰ ਜੋਗਿੰਦਰ ਬਾਠ ਹਾਲੈਂਡ ਵਾਲਿਆਂ ਦਾ ਕਮੈਂਟ ਪੜ੍ਹਿਆ ਤਾਂ ਕੁਝ ਸੁਚੇਤ ਜਿਹਾ ਹੋ ਕੇ ਉਸ ਚੇਤਾਵਨੀ ਨੂੰ ਦੁਬਾਰਾ ਪੜ੍ਹਿਆ ਤੇ ਨਾਲ ਦੀ ਨਾਲ ਮਿਲਾ ਲਿਆ ਫ਼ੋਨ ਬਾਈ ਬਾਠ ਨੂੰ। ਅਗਾਂਹ ਬਾਠ ਸਾਹਿਬ ਵੀ ਭਰੇ-ਪੀਤੇ ਪਏ ਸੀ। ਕਹਿੰਦੇ, “ਯਾਰ! ਆਹ ਤੂੰ ਚੰਗਾ ਕੀਤਾ ਛੋਟੇ ਵੀਰ, ਜਿਹੜਾ ਫ਼ੋਨ ਕਰ ਲਿਆ।ਰਸਮੀ ਗੱਲਾਂ ਤੋਂ ਬਾਅਦ ਜੋ ਕਹਾਣੀ ਉਨ੍ਹਾਂ ਦੱਸੀ, ਬੱਸ! ਉਹ ਸੁਣ ਕੇ ਖ਼ਿਆਲਾਂ ਵਿੱਚ ਹੀ ਗੁਆਚ ਗਿਆ।

ਸੱਚ ਕਹਾਂ ਦੋਸਤੋ? ਬਚਪਨ ਤੋਂ ਹੀ ਮੇਰੇ ਕੋਲੋਂ ਤਸਵੀਰਾਂ ਵਿੱਚ ਜ਼ੰਜੀਰਾਂ ਨਾਲ ਜਕੜੀ ਹੋਈ ਭਾਰਤ ਮਾਤਾ ਦੇਖ ਨਹੀਂ ਹੁੰਦੀ। ਇਸ ਤਸਵੀਰ ਤੋਂ ਮੈਂ ਆਪਣੀਆਂ ਅੱਖਾਂ ਇਸ ਤਰ੍ਹਾਂ ਚੁਰਾ ਲੈਂਦਾ ਸਾਂ ਜਿਵੇਂ ਇਹਦੇ ਗਲ਼ ਚ ਜ਼ੰਜੀਰਾਂ ਪੈਣ ਦਾ ਗੁਨਾਹਗਾਰ ਮੈਂ ਹੀ ਹੋਵਾਂ। ਅੱਜ ਮੁੜ ਜਦੋਂ ਖ਼ਿਆਲਾਂਚ ਭਾਰਤ ਮਾਤਾ ਦਾ ਸਾਹਮਣਾ ਹੋਇਆ ਤਾਂ ਨਜ਼ਰਾਂ ਫੇਰ ਨਹੀਂ ਮਿਲਾ ਸਕਿਆ। ਇੰਨਾ ਕੁ ਸ਼ਰਮਸਾਰ ਹੋਇਆ ਕਿ ਸ਼ਬਦਾਂ ਚ ਦੱਸ ਨਹੀਂ ਸਕਦਾ। ਭਾਵੇਂ ਅੱਜ ਭਾਰਤ ਮਾਤਾ ਦੇ ਕੋਮਲ ਪਿੰਡੇ ਨੂੰ ਜ਼ੰਜੀਰਾਂ ਨੇ ਤਾਂ ਨਹੀਂ ਜਕੜਿਆ, ਪਰ ਸ਼ਰਮ ਦੀ ਗੱਲ ਇਹ ਹੈ ਕਿ ਉਸ ਵਿਚਾਰੀ ਦੇ ਪਿੰਡੇ ਤੇ ਜ਼ੰਜੀਰ ਤਾਂ ਕਿ ਤਨ ਢੱਕਣ ਨੂੰ ਇੱਕ ਲੀਰ ਵੀ ਨਹੀਂ ਦਿਖਾਈ ਦਿੱਤੀ।

ਦੋਸਤੋ! ਹਾਲੇ ਬਾਈ ਬਾਠ ਦੀ ਹੱਡਬੀਤੀ ਬਾਰੇ ਸੋਚ ਹੀ ਰਿਹਾ ਸੀ ਕਿ ਫੇਸਬੁੱਕ ਤੇ ਆਏ ਬਠਿੰਡੇ ਦੇ ਇੱਕ ਗਾਇਕ ਮਿੱਤਰ ਗੁਰਵਿੰਦਰ ਬਰਾੜ ਦਾ ਨਿੱਜੀ ਸੁਨੇਹਾ ਦੇਖ ਕੇ ਰੂਹ ਖ਼ੁਸ਼ ਹੋ ਗਈ। ਜਦੋਂ ਸੁਨੇਹਾ ਛੇਤੀ-ਛੇਤੀ ਖੋਲ੍ਹ ਕੇ ਦੇਖਿਆ ਤਾਂ ਉਹਨੇ ਆਪਣਾ ਇੱਕ ਗੀਤ ਮੇਰੇ ਨਾਲ ਸਾਂਝਾ ਕਰ ਰੱਖਿਆ ਸੀ। ਅੱਗੇ ਤੁਰਨ ਤੋਂ ਪਹਿਲਾਂ ਕੁਝ ਗੁਰਵਿੰਦਰ ਬਾਰੇ ਦੱਸ ਦੇਵਾਂ, ਉਹ ਮੁਕਤਸਰ ਲਾਗੇ ਪਿੰਡ ਮਹਾਂਬੱਧਰ ਦੇ ਇੱਕ ਚੰਗੇ ਖਾਂਦੇ-ਪੀਂਦੇ ਘਰ ਦਾ ਪੜ੍ਹਿਆ ਲਿਖਿਆ ਮੁੰਡਾ ਹੈ ਤੇ ਕੁਝ ਚਿਰ ਸਰਕਾਰੀ ਨੌਕਰੀ ਵੀ ਕੀਤੀ ਪਰ ਲਿਖਣ ਤੇ ਗਾਉਣ ਦੇ ਸ਼ੌਂਕ ਨੂੰ ਇਸ ਨੇ ਕਿੱਤਾ ਹੀ ਬਣਾ ਲਿਆ। ਹੁਣ ਤੱਕ ਸੱਤ-ਅੱਠ ਟੇਪਾਂ ਸਰੋਤਿਆਂ ਦੀ ਝੋਲੀ ਪਾ ਚੁੱਕਿਆ ਹੈ। ਕਦੇ-ਕਦੇ ਮੈਨੂੰ ਇਹ ਫ਼ੈਸਲਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਉਹ ਗਾਉਂਦਾ ਵਧੀਆ ਹੈ ਜਾਂ ਲਿਖਦਾ ਵਧੀਆ? ਚਲੋ, ਇਹ ਇੱਕ ਵੱਖਰਾ ਮੁੱਦਾ ਹੈ ਕਦੇ ਫੇਰ ਖੁੱਲ੍ਹ ਕੇ ਲਿਖਾਂਗੇ ਗੁਰਵਿੰਦਰ ਬਾਰੇ , ਅਸਲੀ ਮੁੱਦੇ ਤੇ ਆਉਂਦੇ ਹਾਂ। ਜਦੋਂ ਮੈਂ ਉਹ ਗੀਤ ਚਲਾਇਆ ਤਾਂ ਜਾਪਿਆ ਜਿਵੇਂ ਉਹਨੇ ਰਿਆਜ਼ ਕਰਦਿਆਂ ਹੀ ਮੋਬਾਈਲ ਨਾਲ ਵੀਡੀਓ ਬਣਾਈ ਹੋਵੇ। ਪਰ ਜਦੋਂ ਗੀਤ ਦੇ ਬੋਲ ਕੰਨੀਂ ਪਏ ਤਾਂ ਰੂਹ ਝੰਜੋੜੀ ਗਈ। ਇਹ ਗੀਤ ਰੂਪੀ ਹੂਕ ਭਾਵੇਂ ਗੁਰਵਿੰਦਰ ਦੀ ਕਲਮ ਤੋਂ ਨਿਕਲੀ ਹੈ, ਪਰ ਹੈ ਹਰ ਉਸ ਪ੍ਰਵਾਸੀ ਦੀ, ਜੋ ਵਿਦੇਸ਼ ਦੇ ਰਾਹ ਹੋ ਤੁਰਿਆ ਹੈ।

ਸਭ ਤੋਂ ਪਹਿਲਾਂ ਮਾਫ਼ੀ ਚਾਹਾਂ ਤੇ ਫਿਰ ਕੌੜਾ ਸੱਚ ਸੁਣਾਵਾਂ,

ਠੱਗੀ, ਚੋਰੀ, ਭ੍ਰਿਸ਼ਟਾਚਾਰੀ ਗੱਲ-ਗੱਲ ਉੱਤੇ ਕਲੇਸ਼,

ਦੇਸਾਂ ਵਰਗਾ ਦੇਸ ਹੁੰਦਾ, ਅਸੀਂ ਕਿਉਂ ਜਾਂਦੇ ਪਰਦੇਸ?

ਇਹ ਗੀਤ ਸੁਣਦਿਆਂ-ਸੁਣਦਿਆਂ ਬਾਈ ਜੋਗਿੰਦਰ ਦੀਆਂ ਕਹੀਆਂ ਗੱਲਾਂ ਇੱਕ ਦੂਜੇ ਤੋਂ ਮੂਹਰੇ ਹੋ ਹੋ ਡਿੱਗਣ ਲੱਗੀਆਂ; “ਯਾਰ ਬਰਾੜਾ! ਉਏ ਕੀ ਪੁੱਛਦਾ ਛੋਟੇ ਵੀਰ, ਸੰਨ ਤਰਾਸੀ ਦਾ ਆਇਆ ਹਾਲੈਂਡ,’ਕਤਾਲੀ ਆਰ ਇੰਡੀਆ ਜਾ ਆਇਆ। ਪਰ ਯਾਰ ਹਰ ਬਾਰ ਇਹੋ ਜੇਹਾ ਫਾਨਾ ਅੜਾਉਂਦੇ ਆ ਬੱਸ ਕੀ-ਕੀ ਦੱਸਾਂ ਯਰ? ਉਹ ਯਾਰ ਆਹ ਜਿਹੜੀ ਵਰਕੇ ਪਾੜਨ ਵਾਲੀ ਗੱਲ ਥੱਲੇ ਮੈਂ ਕਮੈਂਟ ਕੀਤਾ ਸੀ, ਯਰ ਸਾਂਵੀਂ ਭੈੜੀ ਸਾਡੇ ਨਾਲ ਵੀ ਹੋ ਗਈ ਸੀ ਐਤਕੀਂ!

ਬਾਈ ਬਾਠ ਦੇ ਧੁਰ ਅੰਦਰੋਂ ਨਿਕਲੀ ਹੂਕ ਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਆਹ ਵਰਕੇ ਪਾੜਨ ਵਾਲੀ ਗੱਲ ਤੋਂ ਪਰਦਾ ਲਾਹੁਣਾ ਵੀ ਜ਼ਰੂਰੀ ਹੈ। ਜਿਨ੍ਹਾਂ ਮਿੱਤਰਾਂ ਦੀ ਨਿਗ੍ਹਾ ਆਹ ਖ਼ਬਰ ਨਹੀਂ ਚੜ੍ਹੀ ਉਨ੍ਹਾਂ ਲਈ ਦੱਸ ਦੇਵਾਂ ਕਿ ਕਿਸੇ ਸੱਜਣ ਨੇ ਫੇਸਬੁੱਕ ਤੇ ਇੱਕ ਹੱਡਬੀਤੀ ਲਿਖੀ ਸੀ ਕਿ ਜੇ ਤੁਸੀ ਇੰਡੀਆ ਜਾ ਰਹੇ ਹੋ ਤਾਂ ਸਾਵਧਾਨ! ਅੱਜਕੱਲ੍ਹ ਉੱਥੇ ਜਦੋਂ ਤੁਸੀ ਇਮੀਗ੍ਰੇਸ਼ਨ ਦੀ ਮੋਹਰ ਲਗਵਾਉਂਦੇ ਹੋ ਤਾਂ ਮੂਹਰੇ ਬੈਠਾ ਅਫ਼ਸਰ ਤੁਹਾਡਾ ਧਿਆਨ ਭੰਗ ਕਰਕੇ ਤੁਹਾਡੇ ਪਾਸਪੋਰਟ ਦੇ ਕੁਝ ਵਰਕੇ ਪਾੜ ਦਿੰਦਾ ਹੈ ਜਾਂ ਫੇਰ ਤੁਹਾਡੇ ਵੀਜ਼ਾ ਸਟਿੱਕਰ ਆਦਿ ਨਾਲ ਅਜਿਹਾ ਕੁਝ ਕਰ ਦਿੰਦਾ ਹੈ ਜੋ ਕਿ ਗ਼ੈਰ ਕਾਨੂੰਨੀ ਹੁੰਦਾ ਹੈ। ਜਦੋਂ ਤੁਸੀਂ ਥੋੜ੍ਹਾ ਅੱਗੇ ਜਾਂਦੇ ਹੋ ਤਾਂ, ਉਸ ਨਾਲ ਰਲੇ ਹੋਰ ਬੰਦੇ ਤੁਹਾਨੂੰ ਫੜ੍ਹ ਲੈਂਦੇ ਹਨ ਤੇ ਮੋਟੇ ਪੈਸੇ ਲੈ ਕੇ ਮਾਂਜ ਦਿੰਦੇ ਹਨ।

ਬਾਈ ਬਾਠ ਏਨਾ ਕੁ ਸਤਿਆ ਪਿਆ ਸੀ ਕਿ ਆਪਣੀ ਹੱਡਬੀਤੀ ਸੁਣਾਉਂਦਿਆਂ ਮੈਨੂੰ ਹੁੰਗਾਰਾ ਭਰਨ ਜੋਗਾ ਥਾਂ ਵੀ ਨਹੀਂ ਸੀ ਦੇ ਰਿਹਾ। ਚਾਬੀ ਦਿੱਤੇ ਖਿਡੌਣੇ ਵਾਂਗ ਇੱਕੋ ਸਾਹ ਸਾਰੀ ਵਿਆਖਿਆ ਸੁਣਾ ਗਿਆ, ਕਹੇ; “ਯਾਰ ਐਤਕੀਂ ਮੈਂ ਤੇ ਤੇਰੀ ਭਰਜਾਈ ਦੋਨੇਂ ਮੁੰਡਿਆਂ ਸਣੇ ਚੰਗੇ ਭਲੇ ਇੰਡੀਆ ਗਏ ਸੀ। ਜਦੋਂ ਜੁਆਕਾਂ ਦੇ ਸਕੂਲ ਲੱਗਣ ਚ ਦੋ ਦਿਨ ਰਹਿ ਗਏ ਤਾਂ ਅਸੀਂ ਪਿੰਡੋਂ ਦਿੱਲੀ ਆ ਪਹੁੰਚੇ ਜਹਾਜ਼ ਫੜਨ। ਜਦੋਂ ਬਾਈ ਅਸੀਂ ਅੰਦਰ ਵੜੇ ਨਾ ਏਅਰਪੋਰਟ , ਬੱਸ ਫੇਰ ਕੀ ਸੀ ਯਰ ਪਾਸਪੋਰਟ ਫੜਨ ਸਾਰ ਮੂਹਰੇ ਬੈਠਾ ਪਤੰਦਰ ਐਨਕਾਂ ਉੱਤੋਂ ਦੀ ਖਚਰੀ ਜਿਹੀ ਝਾਕਣੀ ਝਾਕਦਾ ਬੋਲਿਆ, ਤੂੰ ਤੇ ਤੇਰਾ ਛੋਟਾ ਮੁੰਡਾ ਹੀ ਜਾ ਸਕਦੇ ਹੋ, ਵੱਡਾ ਮੁੰਡਾ ਤੇ ਘਰ ਵਾਲੀ ਦੇ ਪਾਸਪੋਰਟ ਤੇ ਤਾਂ ਇੰਡੀਆ ਪਹੁੰਚਣ ਦੀ ਮੋਹਰ ਹੀ ਨਹੀਂ ਲੱਗੀ! ਛੋਟਿਆ ਇੱਕ ਬਾਰ ਤਾਂ ਯਰ ਪੈਰਾਂ ਥੱਲੋਂ ਜ਼ਮੀਨ ਨਿੱਕਲ ਗਈ। ਦੋ ਦਿਨ ਸਕੂਲ ਲੱਗਣ ਚ ਰਹਿ ਗਏ ਤੇ ਇਹ ਝੰਡੇਚ ਹੋਰ ਹੀ ਡੰਡਾ ਫਸਾਈ ਜਾਂਦਾ! ਕੇਰਾਂ ਤਾਂ ਬਾਈ ਸਾਰਾ ਕੁਝ ਹੀ ਗਲ਼ ਚ ਆ ਗਿਆ। ਬੱਸ ਯਰ ਫੇਰ ਤਾਂ ਇੱਕ ਕੋਲੋਂ ਦੂਜੇ ਕੋਲ ਤੇ ਦੂਜੇ ਕੋਲੋਂ ਤੀਜੇ ਕੋਲ, ਤੋਰ-ਤੋਰ ਕੇ ਹੰਭਾ ਦਿੱਤਾ। ਕਦੇ ਤਾਂ ਸਕੂਲ ਦਿਸੇ ਤੇ ਕਦੇ ਥੱਬਾ ਨੋਟਾਂ ਦਾ, ਜਿਹੜਾ ਟਿਕਟਾਂ ਤੇ ਲਾਈ ਬੈਠੇ ਸਾਂ ਤੇ ਦੂਜੀ ਬਾਰ ਫੇਰ ਲਾਉਣਾ ਪੈਣਾ।

ਭਰਾਵਾ ਉਹ ਤਾਂ ਜ਼ਿੰਦਗੀ ਚ ਪਹਿਲੀ ਵਾਰ ਗਿੱਦੜ ਚਿੱਠੀ ਨੇ ਕੰਮ ਦਿੱਤਾ, ਆਹ ਤੇਰੀ ਪੱਤਰਕਾਰ ਵਾਲੀ ਨੇ। ਯਾਰ ਤੈਨੂੰ ਪਤਾ ਕਿੰਨੇ ਸਾਲ ਗਾਲੇ ਸੀ, ਇਸ ਸ਼ੌਂਕ ਮਗਰ ਤੇ ਪੱਲੇ ਕਦੇ ਕੁਝ ਪਿਆ ਨਹੀਂ ਸੀ। ਬੱਸ ਨਿੱਕਿਆ, ਪਹਿਲੇ ਸੱਟੇ ਬਈ ਮੁੱਲ ਮੋੜ ਤਾ ਆਹ ਪੱਤਰਕਾਰ ਵਾਲੇ ਕਾਰਡ ਨੇ। ਬਈ ਕਿੱਡੀ ਸੌਂਹ ਪਾ ਦੇ ਕਦੇ ਨਹੀਂ ਸੀ ਦਿਖਾਇਆ ਕਿਸੇ ਨੂੰ ਇਹ ਕਾਰਡ, ਬੱਸ ਓਦਣ ਤਾਂ ਫੇਰ ਇਹ ਬ੍ਰਹਮ ਅਸਤਰ ਆਂਗੂ ਚਲਿਆ। ਜਦੋਂ ਮੈਂ ਹੋਇਆ ਨਾ ਕਰੜਾ ਸਾਰੇ ਮੂਹਰੇ ਲੱਗ ਪਏ। ਜਦੋਂ ਮੈਂ ਕਿਹਾ ਨਾ ਕਿ ਜੇ ਅੱਜ ਅਸੀਂ ਸਾਰੇ ਜਹਾਜ਼ ਨਾ ਚੜ੍ਹੇ ਤਾਂ ਮਿੱਟੀ ਪੱਟ ਦੂੰ ਤੁਹਾਡੀ ਸਾਰਿਆਂ ਦੀ, ਨਾਲੇ ਪੱਟੂ ਸਾਰੇ ਜਹਾਨ ਚ। ਬੱਸ ਫੇਰ ਕੀ ਸੀ ਬਰਾੜਾ ਉਨ੍ਹਾਂ ਚੋਂ ਇੱਕ ਅਫ਼ਸਰ ਕਹੇ ਤੁਸੀ ਪਹਿਲਾਂ ਦੱਸ ਦੇਣਾ ਸੀ। ਇਹ ਵੀ ਕੋਈ ਗੱਲ ਆ, ਅਸੀਂ ਹੁਣ ਪੈੱਨ ਨਾਲ਼ ਲਿਖ ਦਿੰਦੇ ਆਂ, ਕੀ ਹੋ ਗਿਆ ਜੇ ਮੋਹਰ ਲਾਉਣੀ ਭੁੱਲ ਗਏ। ਜਿਹੜੇ ਹੁਣ ਤੱਕ ਸਾਨੂੰ ਹੀ ਕਸੂਰਵਾਰ ਠਹਿਰਾ ਰਹੇ ਸਨ ਕਿ ਤੁਸੀ ਆਪਣੇ ਪਾਸਪੋਰਟ ਚੈੱਕ ਕਿਉਂ ਨਹੀਂ ਕੀਤੇ? ਉਹ ਕਹਿਣ, ਜੀ ਗ਼ਲਤੀ ਹੋ ਗਈ ਹੋਣੀ ਆ ਜੀ, ਕਈ ਵਾਰ ਭੀੜ ਜ਼ਿਆਦਾ ਹੁੰਦੀ ਆ ਨਾ ਜੀ। ਮਿੰਟੂ ਯਰ ਹੁਣ ਤੂੰ ਦੇਖ ਜਦੋਂ ਅਸੀਂ ਡੂਢ ਮਹੀਨਾ ਇੰਡੀਆ ਸੀ, ਰੱਬ ਨਾ ਕਰੇ ਜੇ ਕੋਈ ਉੱਨੀ-ਇੱਕੀ ਹੋ ਜਾਂਦੀ, ਉਨ੍ਹਾਂ ਨੇ ਤਾਂ ਉਦੋਂ ਹੀ ਗ਼ੈਰ ਕਾਨੂੰਨੀ ਬਣਾ ਦੇਣਾ ਸੀ। ਤੂੰ ਹੁਣ ਆਪ ਦੇਖ, ਆਹ ਤਾਂ ਆਪਣੇ ਪ੍ਰੈੱਸ ਵਾਲੇ ਕੰਮ ਨੇ ਬਚਾ ਲਿਆ ਤੇ ਆਮ ਬੰਦੇ ਨਾਲ ਕੀ ਹੁੰਦੀ ਹੋਊ” ???

ਜਦੋਂ ਮੈਨੂੰ ਬੋਲਣ ਦਾ ਮੌਕਾ ਮਿਲਿਆ ਤਾਂ ਮੈਂ ਕਿਹਾ ਕਿ ਹਾਂ ਜੀ ਬਾਈ ਜੀ! ਆਹ ਫੇਸਬੁੱਕ ਤੇ ਸਾਵਧਾਨ ਕਰਨ ਵਾਲੇ ਵੀਰ ਨੇ ਵੀ ਦੱਸਿਆ ਸੀ ਕਿ ਪੱਚੀ-ਤੀਹ ਨਾਲ ਹੁੰਦਾ ਇਹੋ ਜਿਹਾ ਮਹੀਨੇ ਚ। ਤੁਸੀਂ ਹੁਣ ਆਪ ਹੀ ਹਿਸਾਬ ਲਾ ਲਵੋ, ਹਰ ਰੋਜ਼ ਇੱਕ ਅੱਧੀ ਮੱਛੀ ਤਾਂ ਕੁੰਡੀ ਚ ਅੜਦੀ ਹੀ ਹੋਣੀ ਆਂ। ਮੈਂ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਕੋਈ ਨਾ ਬਾਈ ਜੀ, ਆਪਾਂ ਰਲ ਮਿਲ ਕੇ ਇਸ ਮਸਲੇ ਨੂੰ ਸਰਕਾਰੇ ਦਰਬਾਰੇ ਚੁੱਕਦੇ ਹਾਂ।

ਬਾਠ ਸਾਹਿਬ ਕਹਿੰਦੇ, “ਤੂੰ ਹੁਣ ਹੋਰ ਸੁਣ ਲੈ, ਆਹ ਸਾਡੇ ਜਿਹੜੇ ਹਾਲੈਂਡ ਚ ਭਾਰਤੀ ਐਂਬਸੀ ਵਾਲੇ ਬੈਠੇ ਆ, ਉਹ ਵੀ ਬੱਸ ਪੱਟ ਦੇ ਲੱਛੇ ਹੀ ਆ ਯਾਰ! 

ਕਿਉਂ ਬਾਈ ਉਨ੍ਹਾਂ ਨੇ ਕੀ ਕਰਤਾ?”

ਯਾਰ ਆਹ ਨਿੱਤ ਦਿਹਾੜੀ ਦੇ ਵੀਜ਼ਿਆਂ ਤੋਂ ਦੁਖੀ ਹੋ ਕੇ ਓ.ਆਈ.ਸੀ. ਅਪਲਾਈ ਕੀਤੀ ਸੀ, ਕਹਿੰਦੇ ਦੋ ਵੀਕਾਂ ਚ ਪਾਸਪੋਰਟ ਦੇ ਦੇਵਾਂਗੇ। ਪਹਿਲਾਂ ਤਾਂ ਪਤੰਦਰਾਂ ਨੇ ਅੱਠ ਵੀਕ ਲਾ ਤੇ। ਜਦੋਂ ਮੈਂ ਦੋ ਸੋ ਕਿੱਲੋਮੀਟਰ ਪਾਸਪੋਰਟ ਲੈਣ ਗਿਆ ਤਾਂ ਬਾਈ ਤੂੰ ਯਕੀਨ ਮੰਨੀ ਪਤੰਦਰਾਂ ਨੇ ਜਵਾਂ ਹੀ ਢੱਗਿਆਂ ਵਾਲਾ ਕੰਮ ਕੀਤਾ ਹੋਇਆ ਸੀ। ਪਤਾ ਨਹੀਂ ਕੀਹਨੇ ਇਹਨਾਂ ਨੂੰ ਅਫ਼ਸਰ ਲਾ ਤਾ! ਉਏ ਕੰਜਰਾਂ ਨੇ ਮੇਰੇ ਪਾਸਪੋਰਟ ਤੇ ਮੇਰੀ ਘਰਵਾਲੀ ਦਾ ਤੇ ਉਹਦੇ ਪਾਸਪੋਰਟ ਤੇ ਮੇਰਾ ਨਾਂ ਚਾੜ੍ਹ ਤਾ। ਉਹ ਤਾਂ ਮੈਂ ਉੱਥੇ ਉਨ੍ਹਾਂ ਦੇ ਵਾਰ ਚ ਖੜਿਆਂ ਹੀ ਦੇਖ ਲਿਆ। ਬਾਈ ਮੈਂ ਤਾਂ ਉੱਥੇ ਹੀ ਪਾਸਪੋਰਟ ਉਨ੍ਹਾਂ ਦੇ ਮੱਥੇ ਮਾਰੇ। ਕਹਿੰਦੇ ਗ਼ਲਤੀ ਹੋ ਗਈ, ਘਰੇ ਭੇਜ ਦਿਆਂਗੇ ਦੋ ਵੀਕਾਂ ਚ। ਬਾਈ ਚਾਰ ਤਾਂ ਹੋ ਗਏ, ਹਾਲੇ ਤਕ ਤਾਂ ਆਏ ਨਹੀਂ। ਲੱਗਦਾ ਕਿਸੇ ਦਿਨ ਫੇਰ ਕਲੇਸ਼ ਕਰਨਾ ਪਉ।

ਦੋਸਤੋ! ਇਹ ਤਾਂ ਇੱਕ ਨੌਂਹ ਜਿੰਨੀ ਝਾਤ ਸੀ ਮੇਰੇ ਮਹਾਨ ਭਾਰਤ ਦੇ ਸਿਸਟਮ ਦੀ। ਕਿਸੇ ਵੇਲੇ ਤਾਂ ਲਗਦਾ ਕਿ ਅਸੀਂ ਗੋਰਿਆਂ ਨੂੰ ਇਹ ਅਹਿਸਾਸ ਕਰਵਾਉਣ ਚ ਲੱਗੇ ਹੋਏ ਹਾਂ ਕਿ ਤੁਹਾਨੂੰ ਤਾਂ ਭਾਰਤ ਉੱਤੇ ਰਾਜ ਕਰਨਾ ਹੀ ਨਹੀਂ ਆਇਆ। ਅਸੀਂ ਦਿਖਾਉਣੇ ਆ ਕਿ ਰਾਜ ਕਿਵੇਂ ਕਰੀਦੈ? ਚਲੋ ਫੇਰ, ਇੱਕ ਝਾਤ ਇਸ ਤੇ ਵੀ ਮਾਰ ਲੈਣੇ ਆ ਕਿ ਚੰਮ ਦੀਆਂ ਚਲਾਉਣ ਚ ਗੋਰੇ ਕਿਥੇ ਮਾਤ ਖਾ ਗਏ।

ਗੱਲ ਕਰਦੇ ਹਾਂ ਗੋਰਿਆਂ ਦੇ ਰਾਜ ਦੀਆਂ ਬੁਰਾਈਆਂ ਦੀ ਕਿ ਸਾਡੇ ਬਜ਼ੁਰਗਾਂ ਨੇ ਉਸ ਵਕਤ ਕੀ-ਕੀ ਝੱਲਿਆ? ਸਭ ਤੋਂ ਪਹਿਲਾਂ ਤਾਂ ਗੱਲ ਆਉਂਦੀ ਹੈ ਅੱਤਿਆਚਾਰ ਦੀ, ਜਿਸ ਦਾ ਸਭ ਤੋਂ ਵੱਧ ਸ਼ਿਕਾਰ ਆਮ ਜੀਵ ਹੋਇਆ ਸੀ ਕਿਉਂਕਿ ਅਮੀਰ ਇਨਸਾਨ ਤਾਂ ਉਸ ਵਕਤ ਵੀ ਆਪਣੇ ਕੱਪੜੇ ਵਿਦੇਸ਼ਾਂ ਚੋਂ ਪ੍ਰੈੱਸ ਕਰਵਾਉਂਦੇ ਹੁੰਦੇ ਸਨ ਤੇ ਅੱਜ ਵੀ ਸਿਰ ਦੁਖਣ ਤੇ ਵਿਦੇਸ਼ਾਂ ਤੋਂ ਹੀ ਦਵਾਈ ਲੈਣ ਜਾਂਦੇ ਹਨ। ਉਸ ਤੋਂ ਬਾਅਦ ਵਾਰੀ ਆਉਂਦੀ ਆ ਲੁੱਟ-ਖਸੁੱਟ ਦੀ। ਦੱਸਣ ਵਾਲੇ ਦੱਸਦੇ ਹਨ ਕਿ ਇੱਕ ਵਪਾਰੀ ਦੇ ਤੌਰ ਤੇ ਆਏ ਗੋਰੇ ਇਸ ਸੋਨੇ ਦੀ ਚਿੜੀ ਨੂੰ ਜਿੰਨਾਂ ਕੁ ਲੁੱਟ ਸਕਦੇ ਸੀ, ਲੁੱਟ ਕੇ ਸਾਰਾ ਧਨ ਵਿਦੇਸ਼ੀ ਲੈ ਗਏ। ਦੱਸਣ ਵਾਲੇ ਇਹ ਵੀ ਦੱਸਦੇ ਹਨ ਕਿ ਹਿੰਦੁਸਤਾਨੀ ਲੋਕਾਂ ਨੂੰ ਚਾਹ ਤੱਕ ਦਾ ਵੀ ਵੈਲ ਨਹੀਂ ਸੀ। ਆਉਣ ਵਾਲੀਆਂ ਪੀੜ੍ਹੀਆਂ ਨੂੰ ਗ਼ੁਲਾਮ ਬਣਾਈ ਰੱਖਣ ਲਈ ਇਹਨਾਂ ਚਾਹ ਜਿਹੇ ਨਸ਼ੇ ਦੇ ਆਦੀ ਬਣਾਉਣ ਚ ਕੋਈ ਕਸਰ ਨਹੀਂ ਸੀ ਛੱਡੀ। ਇਸ ਤੋਂ ਬਾਅਦ ਆਉਂਦੀ ਆ ਵਾਰੀ ਪਾੜੋ ਤੇ ਰਾਜ ਕਰੋ ਦੀ ਨੀਤੀ ਦੀ। ਇਤਿਹਾਸ ਗਵਾਹ ਹੈ ਕਿ ਗੋਰਿਆਂ ਨੇ ਭਰਾ ਨੂੰ ਭਰਾ ਨਾਲ ਲੜਾ ਕੇ ਰਾਜ ਕੀਤਾ। ਕਿਤੇ-ਕਿਤੇ ਇਤਿਹਾਸ ਇਹ ਵੀ ਗਵਾਹੀ ਭਰਦਾ ਹੈ ਕਿ ਧੀ ਭੈਣ ਦੀ ਪੱਤ ਤੇ ਵੀ ਹਮਲੇ ਹੁੰਦੇ ਰਹੇ ਹਨ। ਭਾਰਤ ਦੀ ਰੀੜ੍ਹ ਦੀ ਹੱਡੀ ਕਿਸਾਨ‘, ਦਾ ਲਹੂ ਵੀ ਇਹ ਲਗਾਨ ਦੇ ਨਾਂ ਹੇਠ ਚੂਸਦੇ ਰਹੇ। ਧਰਮ ਦੇ ਨਾਂ ਤੇ ਵੀ ਇਹ ਜਾਲ ਸੁੱਟਦੇ ਰਹੇ, ਕਿਉਂਕਿ ਬੀਤਿਆ ਵਕਤ ਦੱਸਦਾ ਹੈ ਕਿ ਜੋ ਇਹਨਾਂ ਦੀ ਈਨ ਕਬੂਲ ਕਰ ਲੈਂਦਾ ਸੀ ਉਸ ਨੂੰ ਇਹ ਲੰਬੜਦਾਰੀਆਂ ਤੇ ਜ਼ੈਲਦਾਰੀਆਂ ਨਾਲ ਨਿਵਾਜਦੇ ਸਨ। ਇਹਨਾਂ ਬੁਰਾਈਆਂ ਦੀ ਲਿਸਟ ਨੂੰ ਜਿੰਨੀ ਮਰਜ਼ੀ ਲੰਮੀ ਕਰ ਲਵੋ ਪਰ ਅੱਜ ਦੇ ਇਸ ਲੇਖ ਚ ਇੰਨੇ ਕੁ ਖਿਲਾਰੇ ਨੂੰ ਹੀ ਸਮੇਟ ਲਈਏ ਤਾਂ ਕਾਫ਼ੀ ਹੈ।

ਲਓ ਜੀ! ਲਹੂ ਵਗਾਉਂਦਾ ਰਹਿ ਗਿਆ ਕੋਈ ਤੇ ਲਾਹਾ ਲੈ ਗਿਆ ਕੋਈ। ਪਰ ਜੋ ਵੀ ਹੋਇਆ, ਅਖੀਰ ਉਹ ਦਿਨ ਵੀ ਆ ਗਿਆ ਜਦੋਂ ਗ਼ੁਲਾਮੀ ਦੀਆਂ ਜ਼ੰਜੀਰਾਂ ਵਗਾਹ ਮਾਰੀਆਂ ਤੇ ਇੱਕ ਆਜ਼ਾਦ ਭਾਰਤ ਦਾ ਸੁਫ਼ਨਾ ਸੱਚ ਹੋ ਗਿਆ। ਵਕਤ ਬੀਤਦਾ ਗਿਆ, ਅੱਜ ਚੌਂਹਠ ਵਰ੍ਹਿਆਂ ਤੋਂ ਬਾਅਦ ਜਦੋਂ ਆਪਾ ਵਾਰ ਕੇ ਮਿਲੀ ਆਜ਼ਾਦੀ ਦੀ ਸਮੀਖਿਆ ਕਰਦੇ ਹਾਂ ਤਾਂ ਦਿਲ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਕਿ ਕੀ ਖੱਟਿਆ ਆਜ਼ਾਦ ਹੋ ਕੇ!!! ਆਮ ਆਦਮੀ ਅੱਜ ਜਦੋਂ ਸੋਚਦਾ ਕਿ 
ਗ਼ੁਲਾਮੀ ਤੋਂ ਦੁਖੀ ਹੋ ਕੇ ਆਜ਼ਾਦੀ ਲਈ ਸੰਘਰਸ਼ ਵਿੱਢਿਆ ਸੀ। ਪਰ ਅੱਜ ਦੂਜੀ ਨੂੰਹ ਆਈ ਤੋਂ ਮਹਿਸੂਸ ਹੋ ਰਿਹਾ ਹੈ ਕਿ ਪਹਿਲੀ ਹੀ ਚੰਗੀ ਸੀ। ਇਕੱਲੀ-ਇਕੱਲੀ ਗੱਲ ਦੀ ਜੇ ਸਮੀਖਿਆ ਕਰੀਏ ਤਾਂ ਮੂੰਹੋਂ ਆਪ ਮੁਹਾਰੇ ਨਿੱਕਲ ਆਉਂਦਾ ਹੈ ਕਿ ਇਸ ਨਾਲੋਂ ਤਾਂ ਗੋਰੇ ਹੀ ਚੰਗੇ ਸਨ। ਉਨ੍ਹਾਂ ਸੋਨੇ ਦੀ ਚਿੜੀ ਨੂੰ ਲੁੱਟਿਆ ਪਰ ਇੱਕ ਸੀਮਾ ਚ ਰਹਿ ਕੇ। ਪਰ ਆਪਣੀਆਂ ਨੇ ਤਾਂ ਚਿੜੀ ਦੀਆਂ ਬਿਠਾ ਵੀ ਨਹੀਂ ਛੱਡੀਆਂ।

ਅੰਕੜੇ ਦੱਸਦੇ ਹਨ ਕਿ ਦੋ ਸੌ ਵਰ੍ਹਿਆਂ ਚ ਜਿੰਨਾਂ ਗੋਰਿਆਂ ਨੇ ਭਾਰਤ ਨੂੰ ਲੁੱਟਿਆ ਉਸ ਨਾਲੋਂ ਕਈ ਗੁਣਾ ਜ਼ਿਆਦਾ ਆਪਣੀਆਂ ਨੇ ਚੌਹਠ ਵਰ੍ਹਿਆਂ ਚ ਲੁੱਟ ਲਿਆ। ਗੋਰੇ ਵੀ ਧਨ ਵਿਦੇਸ਼ ਚ ਭੇਜਦੇ ਸਨ ਤੇ ਆਪਣੇ ਵੀ ਧਨ ਵਿਦੇਸ਼ ਚ ਹੀ ਭੇਜਣਾ ਪਸੰਦ ਕਰਦੇ ਹਨ। ਅਗਲੀ ਗੱਲ ਤੇ ਆ ਜਾਓ, ਉਸ ਵਕਤ ਸਾਡੇ ਨੇਤਾ ਚਾਹ ਨੂੰ ਵੀ ਨਸ਼ਾ ਸਮਝਦੇ ਸਨ ਤੇ ਅੱਜ ਸਮੈਕ ਜਿਹੇ ਨਸ਼ੇ ਵੀ ਉਨ੍ਹਾਂ ਨੂੰ ਖ਼ਤਰਨਾਕ ਨਹੀਂ ਲੱਗ ਰਹੇ। ਸ਼ਰਾਬ ਅਫ਼ੀਮ ਦੇ ਠੇਕੇ ਖੋਲ੍ਹਦਿਆਂ ਸਰਕਾਰਾਂ ਨੂੰ ਆਪਣੇ ਭਾਰਤ ਦਾ ਭਵਿੱਖ ਸੁਨਹਿਰੀ ਦਿਸ ਰਿਹਾ ਹੈ। ਸਾਡੇ ਆਪਣੇ ਆਜ਼ਾਦ ਭਾਰਤ ਦੇ ਨਿਰਮਾਤਾ ਜਵਾਨੀ ਨਸ਼ਿਆਂ ਤੇ ਲਾ ਕੇ ਚੰਗੇ ਭਵਿੱਖ ਦੀ ਕਾਮਨਾ ਕਰ ਰਹੇ ਹਨ। ਪਾੜੋ ਤੇ ਰਾਜ ਕਰੋ ਦੀ ਨੀਤੀ ਤਾਂ ਗੋਰਿਆਂ ਨੂੰ ਵਰਤਣੀ ਹੀ ਨਹੀਂ ਆਈ। ਉਹ ਤਾਂ ਵਿਚਾਰੇ ਹਿੰਦੂ ਮੁਸਲਮਾਨ ਚ ਪਾੜ ਪਾਉਣ ਤੱਕ ਹੀ ਸੀਮਤ ਰਹੇ। ਪਰ ਸਾਡੇ ਆਪਣਿਆਂ ਨੇ ਤਾਂ ਕਮਾਲ ਕਰ ਦਿੱਤੀ,ਉਨ੍ਹਾਂ ਤਾਂ ਇਹ ਨੀਤੀ ਪਰਿਵਾਰ ਪੱਧਰ ਤੇ ਲਾਗੂ ਕਰ ਦਿੱਤੀ। ਬਾਕੀ ਰਹੀ ਧੀ ਭੈਣ ਦੀ ਇੱਜ਼ਤ ਦੀ ਗੱਲ, ਤਾਂ ਉਸ ਬਾਰੇ ਜ਼ਿਆਦਾ ਕਹਿਣ ਦੀ ਲੋੜ ਨਹੀਂ। ਤੜਕੇ-ਤੜਕੇ ਚਾਹ ਦਾ ਕੱਪ ਹੱਥ ਚ ਫੜ ਕੇ ਟੀ.ਵੀ. ਮੂਹਰੇ ਬਹਿ ਜਾਓ ਤਾਂ ਹਰ ਤੀਜੀ ਖ਼ਬਰ ਪੱਤ ਨਾਲ ਸਬੰਧਿਤ ਹੋਵੇਗੀ ਤੇ ਜਿਹੜੀ ਥੋੜ੍ਹੀ ਬਹੁਤ ਪੱਤ ਕਿਸੇ ਧੀ ਭੈਣ ਦੀ ਬਚੀ ਹੁੰਦੀ ਹੈ, ਉਹ ਇਹ ਚੈਨਲਾਂ ਵਾਲੇ ਲੁੱਟ ਰਹੇ ਹੁੰਦੇ ਹਨ।

ਹੁਣ ਅੰਨਦਾਤੇ ਦੀ ਸੁਣ ਲਵੋ, ਉਦੋਂ ਅੰਨਦਾਤੇ ਦਾ ਖ਼ੂਨ ਚੂਸਿਆ ਜਾਂਦਾ ਸੀ ਤੇ ਅੱਜ ਅੰਨਦਾਤੇ ਦੀ ਜਾਨ ਦੇ ਤਿਹਾਏ ਹੋਏ ਫਿਰਦੇ ਹਨ। ਸਾਡਾ ਕਿਸਾਨ ਭਾਰਤ ਦੀਆਂ ਆਜ਼ਾਦ ਫ਼ਜ਼ਾਵਾਂ ਚ ਹਰ ਰੋਜ਼ ਆਤਮਹੱਤਿਆ ਕਰਨ ਲਈ ਮਜਬੂਰ ਹੈ। ਧਰਮ ਤਾਂ ਸਾਡੀ ਮੁੱਢ ਕਦੀਮੀ ਹੀ ਕਮਜ਼ੋਰੀ ਰਿਹਾ ਤੇ ਵਿਚਾਰੇ ਗੋਰਿਆਂ ਨੂੰ ਤਾਂ ਇਹ ਗੱਲ ਪੂਰੀ ਤੌਰ ਤੇ ਸਮਝ ਹੀ ਨਹੀਂ ਆਈ। ਸਾਡੇ ਆਪਣਿਆਂ ਅਸਲੀ ਨਬਜ਼ ਫੜੀ ਹੈ। ਹੁਣ ਧਰਮ ਦੇ ਨਾਂ ਤੇ ਕੀ ਕੁਝ ਨਹੀਂ ਹੁੰਦਾ? ਉਸ ਵਕਤ ਚਾਰ ਧਰਮ ਹੀ ਮੰਨੇ ਗਏ ਸਨ। ਆਪਸ ਵਿੱਚ ਭਾਈ-ਭਾਈ ਹੋਣ ਦੇ ਗੀਤ ਵੀ ਗਾਏ ਜਾਂਦੇ ਸਨ ਤੇ ਗੋਰਿਆਂ ਨੂੰ ਇੱਕ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਸੀ। ਪਰ ਅੱਜ ਆਪਣਿਆਂ ਇਸ ਚਾਰ ਦੇ ਅੰਕੜਿਆਂ ਨੂੰ ਚਾਰ ਹਜ਼ਾਰ ਕਰ ਦਿੱਤਾ ਹੈ। ਗੋਰਿਆਂ ਨੂੰ ਉਸ ਵਕਤ ਭਾਈ ਭਤੀਜਾ ਵਾਦ ਬਾਰੇ ਗਿਆਨ ਨਹੀਂ ਸੀ ਜੋ ਸਾਡੇ ਆਪਣਿਆਂ ਅਪਣਾਇਆ ਤੇ ਬੜੀ ਸ਼ਿੱਦਤ ਨਾਲ ਇਸ ਤੇ ਅਮਲ ਕਰ ਰਹੇ ਹਨ। ਇਹਨਾਂ ਸਾਰੀਆਂ ਗੱਲਾਂ ਤੋਂ ਇਹ ਹੀ ਗੱਲ ਨਿੱਕਲ ਕੇ ਸਾਹਮਣੇ ਆਈ ਹੈ ਕਿ ਆਜ਼ਾਦੀ ਦੇ ਮਾਅਨੇ ਉਹ ਨਹੀਂ ਸਨ, ਜੋ ਆਮ ਇਨਸਾਨ ਆਪਣੇ ਸੁਪਨਿਆਂ ਵਿੱਚ ਦੇਖਦਾ ਹੁੰਦਾ ਸੀ। ਆਜ਼ਾਦੀ ਦੇ ਮਾਅਨੇ ਤਾਂ ਇਹ ਸਨ ਕਿ ਬੇਗਾਨੇ ਸਾਡੇ ਹੁੰਦਿਆਂ ਜਨਤਾ ਤੇ ਜੁਲਮ ਕਿਵੇਂ ਕਰੀ ਜਾਣ! ਉਦੋਂ ਵੀ ਜ਼ੁਲਮ ਦਾ ਵਿਰੋਧ ਕਰਨ ਵਾਲਿਆਂ ਤੇ ਡਾਂਗ ਵਰ੍ਹਦੀ ਸੀ ਅੱਜ ਵੀ ਉਹੀ ਸਲੂਕ ਹੁੰਦਾ, ਬੱਸ ਫ਼ਰਕ ਆਪਣਿਆਂ ਬੇਗਾਨਿਆਂ ਦਾ ਹੈ। ਜਦੋਂ ਵੀ ਕਿਸੇ ਬੁਰਾਈ ਬਾਰੇ ਗੱਲ ਕਰਦੇ ਹਾਂ ਤਾਂ ਉਦੋਂ ਸਾਡਾ ਦੋਸ਼ ਹੁੰਦਾ ਕਿ ਸਾਨੂੰ ਗੋਰੇ ਸਿਖਾ ਗਏ। ਹੈਰਾਨੀ ਇਸ ਗੱਲ ਦੀ ਹੈ ਕਿ ਅਸੀਂ ਗੋਰਿਆਂ ਤੋਂ ਕੋਈ ਚੰਗਾਈ ਕਿਉਂ ਨਹੀਂ ਸਿੱਖੀ?

ਗੋਰਿਆਂ ਦੇ ਬੁਰੇ ਪੱਖ ਨੂੰ ਤਾਂ ਆਪਾਂ ਪੜਚੋਲ ਲਿਆ ਪਰ ਕਦੇ ਇਹ ਵੀ ਸੋਚਿਆ ਕਿ ਗੋਰਿਆਂ ਨੇ ਆਪਣੇ ਰਾਜ ਚ ਜੋ ਕੁਝ ਚੰਗਾ ਕੀਤਾ, ਉਸ ਦੀ ਵੀ ਨਕਲ ਕਰ ਲਈਏ? ਅੱਜ ਵੀ ਸਦੀਆਂ ਪੁਰਾਣੇ ਅਣਗਿਣਤ ਰੇਲਵੇ ਸਟੇਸ਼ਨ ਤੇ ਪੁਲ ਉਨ੍ਹਾਂ ਦੀ ਲਾ-ਮਿਸਾਲ ਕਾਰਗੁਜ਼ਾਰੀ ਦਾ ਸਬੂਤ ਹਨ, ਜਿੰਨਾਂ ਵਿੱਚ ਇੱਕ ਵੀ ਤਰੇੜ ਦੇਖਣ ਨੂੰ ਨਹੀਂ ਮਿਲਦੀ। ਜੋ ਕਿ ਦਰਸਾਉਂਦੀ ਹੈ ਕਿ ਉਹ ਆਪਣੇ ਕੰਮ ਪ੍ਰਤੀ ਕਿੰਨੇ ਇਮਾਨਦਾਰ ਸਨ। ਜਾਂ ਫੇਰ ਇੰਝ ਕਹਿ ਲਵੋ ਕਿ ਗੋਰਿਆਂ ਨੂੰ ਤਾਂ ਅਕਲ ਹੀ ਨਹੀਂ ਸੀ, ਐਵੇਂ ਇੱਟਾਂ ਚੂਨੇ ਚ ਥੱਪੀ ਗਏ। ਕੀ ਲੋੜ ਸੀ ਏਨਾ ਪੱਕਾ ਕੰਮ ਕਰਨ ਦੀ? ਕਮਲ਼ਿਓ! ਕਦੇ ਤਾਂ ਆਪਣੇ ਜੁਆਕਾਂ ਬਾਰੇ ਸੋਚ ਲੈਂਦੇ। ਜੇ ਇੱਕੋ ਵਾਰੀ ਚ ਪੱਕਾ ਕੰਮ ਕਰ ਦਿਤਾ ਤਾਂ ਬਾਕੀ ਉਮਰ ਜੁਆਕਾਂ ਨੂੰ ਕੀ ਖਵਾਉਂਗੇ।

ਇਥੇ ਮੈਂ ਦੋ ਇਹੋ ਜਿਹੇ ਥਾਵਾਂ ਦਾ ਜ਼ਿਕਰ ਕਰਨਾ ਚਾਹਾਂਗਾ, ਜੋ ਸਬੂਤ ਹਨ ਗੋਰਿਆਂ ਦੇ ਚੰਗੇ ਪੱਖ ਦੇ ਅਤੇ ਆਪਣੇ ਲੋਕਾਂ ਦੀ ਨਿਗ੍ਹਾ ਚ ਬੇਵਕੂਫ਼ੀ ਦੇ। ਜਿਨ੍ਹਾਂ ਵਿਚੋਂ ਇੱਕ ਤਾਂ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਘੱਗਰ ਦਰਿਆ ਤੇ ਬਣਿਆ ਓਟੂ ਦਾ ਪੁਲ ਹੈ। ਜਿਸ ਬਾਰੇ ਮਸ਼ਹੂਰ ਹੈ ਕਿ ਆਜ਼ਾਦੀ ਤੋਂ ਪਹਿਲਾਂ ਇੱਕ ਗੋਰੇ ਨੇ, ਉਸ ਪੁਲ ਦੇ ਨਿਰਮਾਤਾ ਵੱਲੋਂ ਲਿਖੀ ਉਸ ਦੀ ਮਿਆਦੀ ਤਾਰੀਖ਼ ਪੜ੍ਹ ਕੇ, ਉਸ ਉੱਪਰੋਂ ਆਪਣਾ ਘੋੜਾ ਲੰਘਾਉਣ ਤੋਂ ਮਨ੍ਹਾ ਕਰ ਦਿਤਾ ਸੀ। ਅੱਜ ਵੀ ਜਾ ਕੇ ਅੱਖੀਂ ਦੇਖਿਆ ਜਾ ਸਕਦੇ ਹੈ ਕਿ ਉਹ ਪੁਲ ਅੱਜ ਵੀ ਨੌਂ-ਬਰ-ਨੌਂ ਹੈ,ਭਾਵੇਂ ਉਸ ਦੀ ਮਿਆਦ ਖ਼ਤਮ ਹੋਇਆਂ ਵੀ ਅੱਧੀ ਸਦੀ ਤੋਂ ਜ਼ਿਆਦਾ ਵਕਤ ਬੀਤ ਚੁੱਕਾ ਹੈ। ਉਸ ਵਕਤ ਤਾਂ ਗੋਰਾ ਘੋੜੇ ਦੇ ਭਾਰ ਤੋਂ ਹੀ ਡਰ ਗਿਆ ਸੀ ਪਰ ਅੱਜ ਤੱਕ ਉਸ ਉੱਤੋਂ ਦੀ ਭਾਰੀ-ਭਰਕਮ ਚੀਜ਼ਾਂ ਬੇਖ਼ੌਫ ਲੰਘ ਰਹੀਆਂ ਹਨ।

ਦੂਜੀ ਉਦਾਹਰਨ ਏਸ਼ੀਆ ਦੇ ਸਭ ਤੋਂ ਵੱਡੇ ਰੇਲਵੇ ਜੰਕਸ਼ਨ ਦੇ ਤੌਰ ਤੇ ਜਾਣੇ ਜਾਂਦੇ ਬਠਿੰਡੇ ਦੇ ਰੇਲਵੇ ਸਟੇਸ਼ਨ ਦੀ ਹੈ। ਦੋਸਤੋ! ਸੰਜੋਗਵੱਸ ਜੇ ਕਦੇ ਬਠਿੰਡੇ ਵੱਲ ਦੀ ਲੰਘੋ ਤਾਂ ਇੱਕ ਗੇੜੀ ਇਸ ਦੇ ਰੇਲਵੇ-ਸਟੇਸ਼ਨ ਦੇ ਪਲੇਟਫ਼ਾਰਮ ਨੰਬਰ ਛੇ ਤੇ ਬਣੀ ਕੰਟੀਨ ਤੇ ਜ਼ਰੂਰ ਮਾਰਿਓ। ਭਾਵੇਂ ਸਾਰੇ ਦੇ ਸਾਰੇ ਸਟੇਸ਼ਨ ਚ ਇੱਕ ਵੀ ਤਰੇੜ ਤੁਹਾਨੂੰ ਨਹੀਂ ਲੱਭਣੀ ਪਰ ਜਦੋਂ ਤੁਸੀਂ ਇਸ ਦੀ ਕੰਟੀਨ ਦਾ ਬੂਹਾ ਖੋਲ੍ਹੋਗੇ ਤਾਂ ਇਸ ਦੇ ਫ਼ਰਸ਼ ਦਾ ਲਿਸ਼ਕਾਰਾ ਤੁਹਾਡੀਆਂ ਅੱਖਾਂ ਨੂੰ ਚੁੰਧਿਆ ਦੇਵੇਗਾ ਤੇ ਉੱਥੇ ਬੈਠੇ ਸਟਾਫ਼ ਨੂੰ ਤੁਹਾਡਾ ਪਹਿਲਾ ਸਵਾਲ ਇਹੀ ਹੋਵੇਗਾ ਕਿ ਫ਼ਰਸ਼ ਬੜਾ ਸੋਹਣਾ! ਇਹ ਕਦੋਂ ਬਣਵਾਇਆ? ਮੂਹਰੋਂ ਕੰਟੀਨ ਦਾ ਠੇਕੇਦਾਰ ਰਾਜੇਸ਼ ਕੁਮਾਰ ਉਹੀ ਰਟਿਆ-ਰਟਾਇਆ ਜਵਾਬ ਦੇਵੇਗਾ ਕਿ ਸਾਹਮਣੀ ਕੰਧ ਤੇ ਪੜ੍ਹ ਲਵੋ। ਜਦੋਂ ਤੁਸੀ ਉੱਥੇ ਲਿਖੀ ਇੱਕ ਸਦੀ ਤੋਂ ਵੀ ਪੁਰਾਣੀ ਤਾਰੀਖ਼ ਪੜ੍ਹੋਗੇ ਤਾਂ ਤੁਹਾਡੀਆਂ ਨਜ਼ਰਾਂ ਕਦੇ ਫ਼ਰਸ਼ ਵੱਲ ਤੇ ਕਦੇ ਅਰਸ਼ ਵੱਲ ਤੇ ਮੂੰਹੋਂ ਆਪ ਮੁਹਾਰੇ ਨਿੱਕਲੂ ਵਾਹ ਉਏ ਗੋਰਿਓ! ਨਹੀਂਓਂ ਰੀਸਾਂ ਤੁਹਾਡੇ ਕੰਮ ਦੀਆਂ।
ਚਲੋ ਜੀ! ਅਸੀਂ ਤਾਂ ਦੱਸ ਦਿੱਤਾ ਕਿ ਕਿਉਂ ਆਏ ਪਰਦੇਸ, ਕਿਉਂ ਸ਼ੇਰਾਂ ਵਾਲੇ ਪਾਸਪੋਰਟ ਨੂੰ ਅਲਵਿਦਾ ਕਹਿ ਦਿੱਤੀ ਤੇ ਕਿਉਂ ਸਰਦਾਰੀ ਛੱਡ,ਦਿਹਾੜੀ ਗਲ਼ ਲਾ ਲਈ। ਤਿੱਖੀਆਂ ਨੋਂਹਦਰਾਂ ਵਾਲੀਆਂ ਬਿੱਲੀਆਂ ਨਾਲ ਭਰੇ ਇਸ ਜੰਗਲ ਵਿੱਚ ਕਬੂਤਰ ਦੀਆਂ ਬੰਦ ਜਾਂ ਖੁੱਲ੍ਹੀਆਂ ਅੱਖਾਂ ਹੁਣ ਕੋਈ ਮਾਅਨੇ ਨਹੀਂ ਰੱਖਦਿਆਂ। ਸੋ ਸੱਚ ਤਾਂ ਸੱਚ ਹੈ ਜੋ ਗੁਰਵਿੰਦਰ ਬਰਾੜ ਨੇ ਇਸ ਗੀਤ ਚ ਗਾ ਦਿੱਤਾ ਇਹ ਗੱਲ ਵੱਖਰੀ ਹੈ ਕਿ ਕਿਸੇ ਦੇ ਹਜ਼ਮ ਹੋਵੇ ਜਾ ਨਾ।