ਅਮਰੀਕਾ ‘ਚ ਰਹਿੰਦੇ ਲੱਖਾਂ ਭਾਰਤੀਆਂ ਦੀ ਹੋ ਸਕਦੀ ਹੈ ਛਾਂਗਾ ਛਾਂਗੀ

-ਪੰਜਾਬੀਲੋਕ ਬਿਊਰੋ
ਅਮਰੀਕਾ ਦੇ ਸਾਬਕਾ ਰਾਸ਼ਟਪਤੀ ਬਰਾਕ ਓਬਾਮਾ ਵਲੋਂ ਓਥੇ ਰਹਿੰਦੇ ਭਾਰਤੀਆਂ ਨੂੰ ਬਖਸ਼ੇ ਗੱਫਿਆਂ ‘ਤੇ ਟਰੰਪ ਸਰਕਾਰ ਲੀਕ ਫੇਰ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਦੇ ਇਕ ਐਲਾਨ ਨਾਲ ਉਥੇ ਰਹਿ ਰਹੇ 3 ਲੱਖ ਤੋਂ ਜ਼ਿਆਦਾ ਭਾਰਤੀਆਂ ‘ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗ ਪਏ ਹਨ। ਟਰੰਪ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਵਲੋਂ ਲਾਈ ਉਸ ਰੋਕ ਨੂੰ ਰੱਦ ਕਰ ਦਿਤਾ ਹੈ ਜਿਸ ਤਹਿਤ ਅਮਰੀਕਾ ਵਿਚ ਪੱਕੇ ਪ੍ਰਵਾਸੀਆਂ ਦੇ ਗ਼ੈਰਕਾਨੂੰਨੀ ਤੌਰ ‘ਤੇ ਰਹਿ ਰਹੇ ਮਾਪਿਆਂ ਨੂੰ ਡਿਪੋਰਟ ਨਹੀਂ ਕੀਤਾ ਜਾ ਸਕਦਾ ਸੀ। ਰਾਸ਼ਟਰਪਤੀ ਟਰੰਪ ਨਾਲ ਇਸ ਫੈਸਲੇ ਨਾਲ ਕਰੀਬ 40 ਲੱਖ ਅਪ੍ਰਵਾਸੀਆਂ ਨੂੰ ਅਮਰੀਕਾ ਤੋਂ ਕੱਢੇ ਜਾਣ ਦਾ ਖ਼ਤਰਾ ਵੱਧ ਗਿਆ ਹੈ।
ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਨੇ ਸਾਲ 2014 ਵਿਚ ‘ਡੈਫ਼ਰਡ ਐਕਸ਼ਨ ਫਾਰ ਪੇਰੈਂਟਸ ਆਫ਼ ਅਮੈਰੀਕਨਜ਼ ਐਂਡ ਲਾਅਫੁਲ ਪਰਮਾਨੈਂਟ ਰੈਜ਼ੀਡੈਂਟਸ’ ਯਾਨੀ ‘ਡਾਪਾ’ ਨੀਤੀ ਤਹਿਤ ਪ੍ਰਵਾਸੀਆਂ ਨੂੰ ਰਾਹਤ ਦਿਤੀ ਸੀ। ਇਸ ਨੀਤੀ ਨਾਲ ਉਨਾਂ 40 ਲੱਖ ਲੋਕਾਂ ਨੂੰ ਰਾਹਤ ਸੀ, ਜੋ ਸਾਲ 2010 ਤੋਂ ਪਹਿਲਾਂ ਅਮਰੀਕਾ ਵਿਚ ਰਹਿ ਰਹੇ ਹਨ, ਜਿਨਾਂ ਦੇ ਬੱਚਿਆਂ ਨੇ ਅਮਰੀਕਾ ਵਿਚ ਜਨਮ ਲਿਆ ਅਤੇ ਉਨਾਂ ਦਾ ਕੋਈ ਅਪਰਾਧਕ ਰੀਕਾਰਡ ਨਹੀਂ ਹੈ। ਹੁਣ ਅਜਿਹੇ ਪਰਵਾਰਾਂ ਨੂੰ ਅਮਰੀਕਾ ਤੋਂ ਕੱਢੇ ਜਾਣ ਦਾ ਖ਼ਤਰਾ ਪੈਦਾ ਹੋ ਗਿਆ। ਹਾਲਾਂਕਿ ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਸਾਲ 2012 ਦੀ ‘ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲਜ਼’ ਯਾਨੀ ‘ਡੈਕਾ’ ਨੀਤੀ ਨੂੰ ਕਾਇਮ ਰਹਿਣ ਦੇਣਗੇ ਜਿਸ ਅਧੀਨ ਅਮਰੀਕਾ ਵਿਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਵਾਲੇ ਨਾਬਾਲਗ ਬੱਚਿਆਂ ਨੂੰ ਅਸਥਾਈ ਰਾਹਤ ਦਿਤੀ ਜਾਵੇਗੀ। ਉਨਾਂ ਨੂੰ ਅਮਰੀਕੀ ਸਕੂਲਾਂ ਵਿਚ ਪੜਾਈ ਪੂਰੀ ਕਰਨ ਤਕ ਠਹਿਰਨ ਦੀ ਇਜਾਜ਼ਤ ਮਿਲੇਗੀ।
ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਨਵੇਂ ਹੁਕਮ ਨਾਲ ਮਨੁੱਖੀ ਸੰਕਟ ਪੈਦਾ ਹੋਵੇਗਾ ਕਿਉਂਕਿ ਪ੍ਰਵਾਸੀਆਂ ਦੇ ਬੱਚੇ ਅਮਰੀਕਾ ਵਿਚ ਪੈਦਾ ਹੋਏ ਹਨ ਅਤੇ ਉਹ ਕਾਨੂੰਨੀ ਤੌਰ ‘ਤੇ ਨਾਗਰਿਕ ਹਨ। ਅਜਿਹੇ ਵਿਚ ਉਨਾਂ ਦੇ ਮਾਤਾ-ਪਿਤਾ ਨੂੰ ਇਥੋਂ ਕੱਢਿਆ ਗਿਆ ਤਾਂ ਗੰਭੀਰ ਮਨੁੱਖੀ ਸੰਕਟ ਪੈਦਾ ਹੋਵੇਗਾ।
ਓਧਰ ਸਿੱਖ ਭਾਈਚਾਰੇ ਦੀ ਤਾਰੀਫ ਕਰਦਿਆਂ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਸਿੱਖਾਂ ਵਲੋਂ ਹਰ ਖੇਤਰ ਵਿਚ ਪਾਏ ਯੋਗਦਾਨ ਬਾਰੇ ਕਿਹਾ ਕਿ ਇਸ ਕੌਮ ਨੇ ਫ਼ੌਜ, ਸਰਕਾਰੀ ਦਫ਼ਤਰਾਂ ਅਤੇ ਕਾਰੋਬਾਰੀ ਖੇਤਰ ਵਿਚ ਸੇਵਾਵਾਂ ਨਿਭਾਉਂਦਿਆਂ ਅਪਣਾ ਫ਼ਰਜ਼ ਬਾਖ਼ਬੀ ਨਿਭਾਇਆ ਹੈ। ਪੈਂਸ ਨੇ ਕਿਹਾ ਕਿ ਅਮਰੀਕਾ ਵਿਚ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਉਹ ਚੰਗੀ ਤਰਾਂ ਜਾਣੂ ਹਨ ਅਤੇ ਇਨਾਂ ਨੂੰ ਸੁਲਝਾਉਣ ਲਈ ਸਰਕਾਰ ਵਿਚ ਹਰ ਪੱਧਰ ‘ਤੇ ਯਤਨ ਕੀਤੇ ਜਾ ਰਹੇ ਹਨ। ਗੁਰਿੰਦਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਸਿੱਖਸ ਪੋਲਿਟੀਕਪਲ ਐਕਸ਼ਨ ਕਮੇਟੀ ਦੇ ਵਫ਼ਦ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ, ”ਮੈਂ ਗਵਰਨਰ ਵਜੋਂ ਅਪਣੇ ਕਾਰਜਕਾਲ ਤੋਂ ਹੀ ਸਿੱਖਾਂ ਨਾਲ ਸਬੰਧਤ ਮੁੱਦਿਆਂ ਬਾਰੇ ਜਾਣਨਾ ਸ਼ੁਰੂ ਕਰ ਦਿਤਾ ਸੀ ਅਤੇ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਇਸ ਕੌਮ ਨੂੰ ਭਵਿੱਖ ਵਿਚ ਔਕੜਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।” ਗੁਰਿੰਦਰ ਸਿੰਘ ਖ਼ਾਲਸਾ ਦੀ ਅਗਵਾਈ ‘ਚ ਸਿੱਖ ਵਫ਼ਦ ਵਲੋਂ ਅਮਰੀਕੀ ਸੈਨੇਟ ਮੈਂਬਰਾਂ ਨਾਲ ਮੁਲਾਕਾਤ ਦਾ ਸਿਲਸਿਲਾ ਜਾਰੀ ਹੈ।