ਸਿੱਖਸ ਫਾਰ ਜਸਟਿਸ ਵਲੋਂ ਕੈਪਟਨ ਖਿਲਾਫ ਮਾਣਹਾਨੀ ਦਾ ਦਾਅਵਾ

-ਪੰਜਾਬੀਲੋਕ ਬਿਊਰੋ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਕੈਨੇਡਾ ਦੀ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਕੈਨੇਡਾ ਦੇ ਕਾਨੂੰਨ ਤਹਿਤ ਕਥਿਤ ਤੌਰ ‘ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਖਿਲਾਫ ਦਰਜ ਕੀਤਾ ਗਿਆ ਹੈ। ਮਨੁੱਖੀ ਅਧਿਕਾਰਾਂ ਦੀ ਤਰਫਦਾਰੀ ਕਰਨ ਵਾਲੀ ਸਿੱਖ ਹਿਊਮਨ ਰਾਈਟਸ ਜਥੇਬੰਦੀ ਨੇ ਕੈਨੇਡਾ ਦੀ ਓਂਟਾਰੀਓ ਅਦਾਲਤ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਨੁੱਖੀ ਅਧਿਕਾਰਾਂ ਲਈ ਸੰਸਥਾ ਬਾਰੇ ਇਤਰਾਜ਼ਯੋਗ ਬਿਆਨ ਦੇਣ ਖਿਲਾਫ ਇੱਕ ਮਿਲੀਅਨ ਡਾਲਰ ਦੀ ਮਾਣਹਾਨੀ ਦਾ ਦਾਅਵਾ ਤੇ ਕੈਪਟਨ ਦੇ ਅਜਿਹੇ ਬਿਆਨਾਂ ‘ਤੇ ਸਥਾਈ ਰੋਕ ਲਾਉਣ ਦੀ ਮੰਗ ਕੀਤੀ ਗਈ। ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਜਥੇਬੰਦੀ ਖਿਲਾਫ ਬਿਆਨ ਦੇਣ ਕਾਰਨ ਨਾਨ-ਪ੍ਰਾਫਿਟ ਸੰਸਥਾ ਦੇ ਵੱਕਾਰ ਨੂੰ ਕਾਫੀ ਠੇਸ ਪਹੁੰਚੀ ਹੈ ਜਿਸ ਕਾਰਨ ਕੈਪਟਨ ਨੂੰ ਇਹ ਹਰਜਾਨਾ ਭਰਨਾ ਹੋਵੇਗਾ। ਜਥੇਬੰਦੀ ਦੇ ਦੱਸਣ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ, ਅਮਰੀਕਾ ਤੇ ਯੂਰਪ ਵਿੱਚ ਆਪਣੀਆਂ ਸਿਆਸੀ ਰੈਲੀਆਂ ਦੌਰਾਨ ਸਿੱਖਸ ਫਾਰ ਜਸਟਿਸ ਜਥੇਬੰਦੀ ਦੇ ਆਈ ਐਸ ਆਈ ਵਰਗੇ ਅੱਤਵਾਦੀ ਗਰੁੱਪ ਨਾਲ ਸਬੰਧ ਹੋਣ ਦੇ ਬਿਆਨ ਦਿੰਦਿਆਂ ਕਿਹਾ ਸੀ ਕਿ ”ਸਿੱਖਸ ਫਾਰ ਜਸਟਿਸ ਭਾਰਤ ਵਿਰੋਧੀ ਤਾਕਤਾਂ ਜਿਵੇਂ ਕਿ ਆਈ ਐਸ ਆਈ ਦੇ ਹੱਥਾਂ ਵਿੱਚ ਖੇਡਦੀ ਹੈ।”  ਇਸ ਤੋਂ ਬਾਅਦ ਜਥੇਬੰਦੀ ਦੇ ਵੱਕਾਰ ਨੂੰ ਲੋਕਾਂ ਵਿੱਚ ਕਾਫੀ ਢਾਹ ਲੱਗੀ। ਉਨਾਂ ਕਿਹਾ ਕਿ ਜਥੇਬੰਦੀ ਪੂਰੀ ਦੁਨੀਆ ਵਿੱਚ ਮਨੁੱਖੀ ਅਧਿਕਾਰਾਂ ਲਈ ਲੜਾਈ ਲੜਦੀ ਆ ਰਹੀ ਹੈ। ਸਿੱਖਜ਼ ਫਾਰ ਜਸਟਿਸ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਕੈਨੇਡਾ ਦੀ ਅਦਾਲਤ ਵੱਲੋਂ ਭੇਜੇ ਸੰਮਨ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਉਣ ਵਾਲੇ ਵਿਅਕਤੀ ਨੂੰ 10 ਹਜ਼ਾਰ ਡਾਲਰ ਦਾ ਇਨਾਮ ਦਿੱਤਾ ਜਾਵੇਗਾ।