• Home »
  • ਪ੍ਰਵਾਸੀ ਮਸਲੇ
  • » ਸਿੱਖਾਂ ਦੀ ਨਸਲਕੁਸ਼ੀ ਦਾ ਮਤਾ- ਹਮਾਮ ‘ਚ ਬਹੁਤੇ ਨੰਗੇ ਖ਼ੁਦ ਹੀ ਨੰਗੇ ਨੇ

ਸਿੱਖਾਂ ਦੀ ਨਸਲਕੁਸ਼ੀ ਦਾ ਮਤਾ- ਹਮਾਮ ‘ਚ ਬਹੁਤੇ ਨੰਗੇ ਖ਼ੁਦ ਹੀ ਨੰਗੇ ਨੇ

-ਬਲਜੀਤ ਬੱਲੀ
ਕੈਨੇਡਾ ਦੇ ਓਨਟਾਰੀਓ ਸੂਬੇ ਦੀ ਅਸੈਂਬਲੀ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ “ਨਸਲਕੁਸ਼ੀ” ਕਰਾਰ ਦੇ ਦਿੱਤਾ ਹੈ। ਇਹ ਮਤਾ ਨਾ ਹੀ ਕਿਸੇ ਗਰਮ ਖ਼ਿਆਲੀ ਜਥੇਬੰਦੀ ਨੇ ਅਤੇ ਨਾ ਹੀ ਕਿਸੇ ਅੱਤਵਾਦੀ ਗਰੁੱਪ ਨੇ ਕੀਤਾ ਹੈ। ਦੁਨੀਆ ਦੇ ਇੱਕ ਵਿਕਸਤ ਮੁਲਕ ਦੀ ਇੱਕ ਚੁਣੇ ਹੋਏ ਅਤੇ ਸੰਵਿਧਾਨਕ ਸਦਨ ਨੇ ਇਹ ਮਤਾ ਪਾਸ ਕੀਤਾ ਹੈ। ਅਜਿਹਾ ਕਰਨਾ ਉਨਾਂ ਦਾ ਬੁਨਿਆਦੀ ਹੱਕ ਹੈ। ਇਸ ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਕੈਨੇਡਾ ਉਹ ਮੁਲਕ ਹੈ ਜੋ ਕਿ ਅਮਲੀ ਰੂਪ ਵਿਚ ਬਹੁ-ਕੌਮੀ ਰਾਜ-ਪ੍ਰਬੰਧ ਨੂੰ ਲਾਗੂ ਕਰ ਰਿਹਾ ਹੈ। ਇਹ ਉਹ ਮੁਲਕ ਹੈ ਜਿੱਥੇ ਸਿੱਖ ਭਾਈਚਾਰੇ ਸਮੇਤ ਸਭ ਵਰਗਾਂ ਦੇ ਲੋਕਾਂ ਨੂੰ ਬਰਾਬਰੀ ਦਾ ਦਮ ਭਰਦਾ ਹੈ। ਪਰ ਜਿਸ ਤਰਾਂ ਦੇ ਪ੍ਰਤੀਕਰਮ ਅਤੇ ਬਿਆਨ ਮੋਦੀ ਦੀ ਅਗਵਾਈ ਹੇਠਲੀ ਐਨ ਡੀ ਏ ਸਰਕਾਰ ਅਤੇ ਸੀਨੀਅਰ ਅਕਾਲੀ ਆਗੂਆਂ ਵੱਲੋਂ ਆ ਰਹੇ ਨੇ, ਇਹ ਬੇਹੱਦ ਹੈਰਾਨੀਜਨਕ ਵੀ ਹਨ ਅਤੇ ਸਿਆਸੀ ਮੌਕਾਪ੍ਰਸਤੀ ਅਤੇ ਦੋਗਲੇਪਣ ਦਾ ਪ੍ਰਮਾਣ ਵੀ ਨੇ . . . .
ਪਹਿਲਾਂ ਮੋਦੀ ਸਰਕਾਰ ਅਤੇ ਬੀ ਜੇ ਪੀ ਦੀ ਗੱਲ ਕਰੀਏ . ਇਹ ਪਾਰਟੀ ਪਿਛਲੇ ਤਿੰਨ ਦਹਾਕਿਆਂ ਤੋਂ 1984 ਦੇ ਸਿੱਖ ਕਤਲੇਆਮ ‘ਤੇ ਸਿਆਸੀ ਰੋਟੀਆਂ ਸੇਕਦੀ ਰਹੀ ਹੈ , ਇਸ ਮੁੱਦੇ ਤੇ ਸਿੱਖ ਮਨਾਂ ਦੇ ਰੋਸ ਅਤੇ ਗ਼ੁੱਸੇ ਨੂੰ ਵੋਟਾਂ ਵਿਚ ਢਾਲਣ ਦਾ ਯਤਨ ਕਰਦੀ ਰਹੀ ਹੈ .. ਇਸ ਪਾਰਟੀ ਦੀਆਂ ਅਗਵਾਈ ਹੇਠਲੀਆਂ ਸਰਕਾਰਾਂ ਵੀ ਇਸ ਕਤਲੇਆਮ ਦੇ ਸ਼ਿਕਾਰ ਸਿੱਖ ਪਰਿਵਾਰਾਂ ਨੂੰ ਇਨਸਾਫ਼ ਨਹੀਂ ਦਿਵਾ ਸਕੀਆਂ . . .. ਇੱਥੋਂ ਤੱਕ ਨਾ ਹੀ ਵਾਜਪਾਈ ਸਰਕਾਰ ਦੌਰਾਨ ਅਤੇ ਨਾ ਹੀ ਮੋਦੀ ਸਰਕਾਰ ਦੌਰਾਨ ਇਸ ਕਤਲੇਆਮ ਦੀ ਨਿਖੇਧੀ ਦਾ ਮਤਾ ਤੱਕ ਵੀ ਨਹੀਂ ਪਾਸ ਕੀਤਾ ..
ਹੁਣ ਜਦੋਂ ਕੈਨੇਡਾ ਦੇ ਇੱਕ ਸੂਬੇ ਦੀ ਅਸੈਂਬਲੀ ਨੇ ਇਸ ਕਤਲੇਆਮ ਨੂੰ “ਨਸਲਕੁਸ਼ੀ”  ਕਰਾਰ ਦੇਣ ਦਾ ਮਤਾ ਪਾਸ ਕਰ ਹੀ ਦਿੱਤਾ ਹੈ ਤਾਂ ਮੋਦੀ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਇੱਕ ਦਮ ਇਸ ਦੇ ਵਿਰੋਧ ਦਾ ਬਿਆਨ ਜਾਰੀ ਕਰ ਦਿੱਤਾ . . .. ..
ਲੋਹੜਾ ਤਾਂ ਇਸ ਗੱਲ ਦਾ ਹੈ ਕਿ ਇੰਡੀਆ ਦੇ ਹੋਮ ਮਨਿਸਟਰ ਰਾਜਨਾਥ ਸਿੰਘ ਨੇ ਖ਼ੁਦ 26 ਦਸੰਬਰ , 2014 ਨੂੰ ਇਸ ਕਤਲੇਆਮ ਨੂੰ “ ਨਸਲਕੁਸ਼ੀ” ਕਰਾਰ ਦਿੱਤਾ ਸੀ . ਇਸ ਮਤੇ ਨੂੰ ਪੇਸ਼ ਕਰਨ ਵਾਲੀ ਪੰਜਾਬੀ ਮੂਲ ਦੀ ਐਮ ਪੀ ਪੀ ਹਰਿੰਦਰ ਕੌਰ ਮੱਲੀ ਅਤੇ ਇਸ ਮਤੇ ਦੀ ਹਮਾਇਤ ਕਰਨ ਵਾਲੇ ਕੁੱਝ ਮੈਂਬਰਾਂ ਨੇ ਰਾਜਨਾਥ ਸਿੰਘ ਦੇ ਉਸ ਬਿਆਨ ਦੇ ਹਵਾਲੇ ਵੀ ਦਿੱਤੇ . ਮੋਦੀ ਸਰਕਾਰ ਜਾਂ ਤਾਂ ਇਸ ਕਤਲੇਆਮ ਨੂੰ ਨਸਲਕੁਸ਼ੀ ਨਹੀਂ ਸਮਝਦੀ ਤੇ ਜਾਂ  ਫਿਰ ਮੁਲਕ ਦੀ ਬਦਨਾਮੀ ਦੇ ਡਰੋਂ ਤੇ ਜਾਂ ਗੱਲ ਸਹੇ ਦੀ ਨਹੀਂ ਸਗੋਂ ਪਹੇ ਦੀ  ਸਮਝ ਕੇ ਇਸ ਦਾ ਵਿਰੋਧ ਕਰ ਰਹੀ ਹੋਵੇ।
.ਇਸ ਮਤੇ ਨਾਲ ਇੱਕ ਨਵਾਂ ਇਤਿਹਾਸਕ ਪੰਨਾ ਲਿਖਣ ਵਾਲੀ ਹਰਿੰਦਰ ਮੱਲੀ  ਪਹਿਲੀ ਵਾਰ ਅਸੈਂਬਲੀ ਮੈਂਬਰ ਬਣੀ ਹੈ . ਉਹ  ਕੈਨੇਡਾ ਹੀ ਨਹੀਂ ਪੱਛਮੀ ਸੰਸਾਰ ਦੇ ਪਹਿਲੇ ਸਿੱਖ ਅਤੇ ਪਹਿਲੇ ਦਸਤਾਰ ਧਾਰੀ ਐਮ ਪੀ  ਗੁਰਬਖ਼ਸ਼ ਮੱਲੀ ਦੀ ਧੀ ਹੈ .ਗੁਰਬਖ਼ਸ਼ ਮੱਲੀ ਪੂਰੇ 18 ਸਾਲ ਓਨਟਾਰੀਓ  ਸੂਬੇ ਵਿਚੋਂ ਹੀ ਕੈਨੇਡਾ ਦੀ ਫੈਡਰਲ ਪਾਰਲੀਮੈਂਟ ਦੇ ਚੁਣੇ ਹੋਏ ਮੈਂਬਰ ਰਹੇ .
ਹੁਣ ਸਵਾਲ ਹੈ ਕਿ ਪੰਜਾਬ ਵਾਲੇ ਅਕਾਲੀ ਨੇਤਾ- ਦੰਭੀ ਨੇ ਜਾਂ ਦੋਗਲੇ ?
ਓਨਟਾਰੀਓ ਅਸੈਂਬਲੀ ਦੇ ਮਤੇ ਤੇ ਅਕਾਲੀ ਲੀਡਰਾਂ ਦੇ ਬਿਆਨ ਦੋ ਤਰਾਂ ਦੇ ਨੇ . ਕੁੱਝ ਇੱਕ ਨੇ ਇਸ ਮਤੇ ਦਾ ਸਵਾਗਤ ਕੀਤਾ ਹੈ . ਪਰ ਕੁੱਝ ਇੱਕ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਜਾਂ ਮੋਦੀ ਸਰਕਾਰ ਨੂੰ ਸਲਾਹਾਂ ਅਤੇ ਮੱਤਾਂ ਦਿੱਤੀਆਂ ਨੇ . ਸੁਖਬੀਰ ਬਾਦਲ ਨੇ ਇਸ ਨੂੰ ਨਸਲਕੁਸ਼ੀ ਦਾ ਨਾਮ ਦਿੰਦੇ ਹੋਏ ਮੋਦੀ ਸਰਕਾਰ ਨੂੰ ਤਾਕੀਦ ਕੀਤੀ ਕਿ ਉਹ ਇਸ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਪ੍ਰਵਾਨ ਕਰਨ . ਮੋਦੀ ਸਰਕਾਰ ਵਿਚ ਅਕਾਲੀ ਵਜ਼ੀਰ ਹਰਸਿਮਰਤ ਕੌਰ ਬਾਦਲ ਸੁਖਬੀਰ ਨਾਲੋਂ ਵੀ ਇੱਕ ਕਦਮ ਅੱਗੇ ਚਲੇ ਗਏ ਹਨ . ਉਨਾਂ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਉਹ ਪੰਜਾਬ ਅਸੈਂਬਲੀ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਓਨਟਾਰੀਓ ਅਸੈਂਬਲੀ ਵਾਂਗ ਹੀ 1984 ਦੇ  ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦੇਣ ਦਾ ਮਤਾ ਪਾਸ ਕਰਾਉਣ . ਮੋਦੀ ਸਰਕਾਰ ਵੱਲੋਂ ਓਨਟਾਰੀਓ ਅਸੈਂਬਲੀ ਦੇ ਮਤੇ ਦਾ ਵਿਰੋਧ  ਕਰਨ ਦੀ ਕਰਵਾਈ ਦਾ ਉਨਾਂ ਵਿਰੋਧ ਨਹੀਂ ਕੀਤਾ . ਸਿਰਫ਼ ਗੋਲਮੋਲ ਗੱਲ ਹੀ ਕੀਤੀ . ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਬੀਬੀ ਹਰਸਿਮਰਤ ਕੌਰ ਮੋਦੀ ਕੈਬਿਨੇਟ ਵਿਚ ਅਜਿਹਾ ਮਤਾ ਕਿਉਂ ਨਹੀਂ ਪੇਸ਼ ਕਰਦੇ ? ਉਹ ਮੋਦੀ ਸਰਕਾਰ ਤੇ ਇਹ ਜ਼ੋਰ ਕਿਉਂ ਪਾਉਂਦੇ ਕਿ ਪਾਰਲੀਮੈਂਟ ਵਿਚ ਅਜਿਹਾ ਮਤਾ ਪਾਸ ਹੋਵੇ ? ਤੇ ਇਸ ਤੋਂ ਵੱਧ — ਪਿਛਲੇ ਦਸ ਵਰੇ ਪੰਜਾਬ ਵਿਚ ਅਕਾਲੀ ਬੀ ਜੇ ਪੀ ਸਰਕਾਰ ਰਹੀ ਤਾਂ ਉਦੋਂ ਪੰਜਾਬ ਅਸੈਂਬਲੀ ਵਿਚ ਅਜਿਹਾ ਸਰਕਾਰੀ ਜਾਂ ਗੈਰ -ਸਰਕਾਰੀ  ਮਤਾ ਪੇਸ਼ ਜਾਂ ਪਾਸ ਕਿਉਂ  ਨਹੀਂ ਕੀਤਾ ਗਿਆ ?
ਕੈਨੇਡਾ ਵਿਚ ਇਸ ਕਤਲੇਆਮ ਨੂੰ ਨਸਲਕੁਸ਼ੀ ਦੀ ਮੰਗ ਕਰਨ ਵਾਲੇ ਅਜਿਹੇ ਮਤੇ ਦੀ ਚਰਚਾ ਪਹਿਲੀ ਵਾਰ ਨਹੀਂ ਹੋਈ. ਓਨਟਾਰੀਓ ਦੀ ਇਸੇ ਅਸੈਂਬਲੀ ਵਿਚ ਜੂਨ 2016 ਵਿਚ ਐਨ ਡੀ ਪਾਰਟੀ ਦੇ ਡਿਪਟੀ ਲੀਡਰ ਜਗਮੀਤ ਸਿੰਘ ਵੱਲੋਂ ਅਜਿਹਾ ਮਤਾ ਪੇਸ਼ ਕੀਤਾ ਗਿਆ ਸੀ ਜੋ ਕਿ ਲਿਬਰਲ ਪਾਰਟੀ ਦੇ ਮੈਂਬਰਾਂ ਨੇ ਰੱਦ ਕਰਵਾਇਆ ਸੀ . ਇਸ ਤੋਂ ਪਹਿਲਾਂ ਕੈਨੇਡਾ ਦੀ ਫੈਡਰਲ ਪਾਰਲੀਮੈਂਟ ਵਿਚ ਅਜਿਹਾ ਮਤਾ 2011 ਵਿਚ ਲਿਬਰਲ ਪਾਰਟੀ ਦੇ ਐਮ ਪੀ ਸੁੱਖ ਧਾਲੀਵਾਲ ਨੇ ਇੱਕ ਪ੍ਰਾਈਵੇਟ ਮੈਂਬਰ ਬਿੱਲ ਵਜੋਂ ਪੇਸ਼ ਕੀਤਾ ਸੀ .ਕੈਨੇਡਾ ਦੇ ਮੌਜੂਦਾ ਫਾਈਨੈਂਸ ਮਨਿਸਟਰ ਨਵਦੀਪ ਬੈਂਸ ਨੇ ਇਸ ਮਤੇ ਦੀ ਹਮਾਇਤ ਕੀਤੀ ਸੀ ਪਰ ਮਤਾ ਬਹੁਗਿਣਤੀ ਮੈਂਬਰਾਂ ਨੇ ਰੱਦ ਕਰ ਦਿੱਤਾ ਸੀ . ਉਸ ਵੇਲੇ ਕੈਨੇਡਾ ਵਿਚ ਸਟੀਫਨ  ਹਾਰਪਰ ਦੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਸੀ . ਯਾਦ ਰਹੇ ਕਿ ਇਸ ਮਤੇ ਪਿੱਛੇ ਸੁੱਖ  ਧਾਲੀਵਾਲ ਨੂੰ ਸਿਆਸੀ ਕੀਮਤ ਵੀ ਚੁਕਾਉਣੀ ਪਈ ਸੀ . ਭਾਰਤ ਸਰਕਾਰ ਨੇ ਉਸ ਨੂੰ ਇੰਡੀਆ ਦਾ ਵੀਜ਼ਾ ਦੇਣਾ ਵੀ  ਬੰਦ ਕਰ ਦਿੱਤਾ ਸੀ . ਉਸ ਵੇਲੇ ਦਿੱਲੀ ਵਿਚ ਕਾਂਗਰਸ ਪਾਰਟੀ ਦੀ ਮਨਮੋਹਨ ਸਿੰਘ ਸਰਕਾਰ ਸੀ .1984 ਦੇ ਸਮੂਹਿਕ ਕਤਲਾਂ ਪਿੱਛੇ ਕਾਂਗਰਸੀ ਆਗੂਆਂ ਦਾ ਨਾਮ ਜੁੜਿਆ ਹੋਣ ਕਰਕੇ , ਮਨਮੋਹਨ ਸਰਕਾਰ ਦਾ ਅਜਿਹਾ ਪ੍ਰਤੀਕਰਮ ਸੁਭਾਵਕ ਸੀ .. ..
ਉਦੋਂ ਵੀ ਇਹ ਮੁੱਦਾ ਮੀਡੀਆ ਦੀਆਂ ਸੁਰਖ਼ੀਆਂ ਬਣਿਆ ਸੀ ਅਤੇ 2016 ਵਿਚ ਵੀ ਜਦੋਂ ਓਨਟਾਰੀਓ ਅਸੈਂਬਲੀ ਵਿਚ ਅਜਿਹਾ ਮਤਾ ਰੱਦ ਹੋਇਆ ਸੀ . ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਉਦੋਂ ਅਕਾਲੀ ਲੀਡਰਸ਼ਿਪ ਅਤੇ ਬਾਦਲ ਸਰਕਾਰ ਨੇ ਕਿਉਂ ਨਹੀਂ ਅਜਿਹਾ ਮਤਾ ਆਪਣੀ ਅਸੈਂਬਲੀ ਵਿਚ ਪੇਸ਼ ਕੀਤਾ ?
ਮੇਰੀ ਜਾਣਕਾਰੀ ਮੁਤਾਬਿਕ ਪੰਜਾਬ ਦੀ ਇੱਕ ਐਨ ਜੀ ਓ ਨੇ ਨਸਲਕੁਸ਼ੀ ਕਰਾਰ ਦੇਣ ਸਬੰਧੀ ਇੱਕ ਪੂਰਾ ਕੇਸ ਤਿਆਰ ਕਰਕੇ ਇੱਕ ਸੀਨੀਅਰ ਅਕਾਲੀ ਲੀਡਰ ਰਾਹੀਂ 2015 ਵਿਚ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਭੇਜਿਆ ਅਤੇ ਸਲਾਹ ਦਿੱਤੀ ਕਿ 84 ਦੇ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦੇਣ ਲਈ ਵਿਧਾਨ ਸਭਾ ਵਿਚ ਮਤਾ ਲਿਆਂਦਾ ਜਾਵੇ ਪਰ ਬਾਦਲ ਸਾਹਿਬ ਨੇ ਕੋਈ ਹੁੰਗਾਰਾ ਨਹੀਂ ਦਿੱਤਾ .
ਸਵਾਲ ਇਹ ਵੀ ਹੈ ਕਿ ਇੰਡੀਆ ਦੀ ਪਾਰਲੀਮੈਂਟ ਵਿਚ ਵੀ ਅਕਾਲੀ ਦਲ ਦੇ ਐਮ ਪੀਜ਼ ਨੇ ਅਜਿਹਾ ਮਤਾ ਕਿਉਂ  ਲਿਆਂਦਾ ? ਦਿਆਨਤਦਾਰੀ ਇਸ ਗੱਲ ਵਿਚ ਹੈ ਕਿ ਅਕਾਲੀ ਨੇਤਾ ਪਿਛਲੇ ਸਾਲਾਂ ਵਿਚ ਖ਼ੁਦ ਅਜਿਹਾ ਨਾ ਕਰਨ ਲਈ ਪਹਿਲਾਂ ਆਪਣਾ ਬੱਜਰ ਕਸੂਰ ਮੰਨਣ ਅਤੇ ਫੇਰ ਕਿਸੇ ਦੂਜੇ ਨੂੰ ਅਜਿਹੀ ਸਲਾਹ ਦੇਣ .
ਦਰਅਸਲ , ਬਦਕਿਸਮਤੀ ਨਾਲ ਸਾਡੇ ਮੁਲਕ ਵਿਚ ਵੀ ਰਾਜਨੀਤੀ ਦੀ ਰੀਤ ਹੀ ਬਣ ਚੁੱਕੀ ਹੈ . ਜਦੋਂ ਕੋਈ ਪਾਰਟੀ ਰਾਜ-ਸੱਤਾ ਵਿਚ ਹੁੰਦੀ ਹੈ ਉਦੋਂ ਬਹੁਤ ਸਾਰੇ ਸ਼ਬਦਾਂ ਦੇ ਹੋਰ ਅਰਥ ਹੁੰਦੇ ਨੇ ਪਰ ਜਿਉਂ ਹੀ ਕੋਈ ਸਿਆਸੀ ਪਾਰਟੀ ਜਾਂ ਇਸ ਦੇ ਨੇਤਾ ਰਾਜ-ਗੱਦੀ ਤੋਂ ਪਾਸੇ ਲਹਿ ਜਾਂਦੇ ਨੇ, ਉਨਾਂ ਹੀ ਸ਼ਬਦਾਂ ਦੇ ਅਰਥ ਉਨਾਂ ਲਈ ਬਦਲ ਜਾਂਦੇ ਨੇ ਪਰ ਹਕੀਕਤ ਵਿਚ ਅਤੇ ਸ਼ਬਦ-ਕੋਸ਼ ਵਿਚ ਅਜਿਹੇ ਸ਼ਬਦਾਂ ਦੇ ਅਰਥ ਉਹੀ ਰਹਿੰਦੇ ਨੇ .
ਨਸਲਕੁਸ਼ੀ ਸ਼ਬਦਾਂ ਵੀ ਅਜਿਹਾ ਹੀ ਹੈ।  ਕੈਨੇਡਾ ਦੀ ਫੈਡਰਲ ਪਾਰਲੀਮੈਂਟ ਜਾਂ ਸੂਬਾਈ ਅਸੈਂਬਲੀ ਵਿਚ ਜੋ ਮਤੇ ਪੇਸ਼ ਕੀਤੇ ਗਏ ਇਹਨਾਂ ਵਿਚ ਅੰਗਰੇਜ਼ੀ ਦਾ ਜੈਨੋਸਾਈਡ ਸ਼ਬਦ ਵਰਤਿਆ ਗਿਆ ਹੈ ਇਸ ਦਾ ਅਰਥ ਇਹ ਲਿਖਿਆ ਗਿਆ ਹੈ :
ਲੋਕਾਂ ਦੇ ਕਿਸੇ ਵੱਡੇ ਲੋਕ ਸਮੂਹ, ਖ਼ਾਸ ਕਰਕੇ ਕਿਸੇ ਵਿਸ਼ੇਸ਼ ਕੌਮ ਜਾਂ ਕਿਸੇ ਨਸਲੀ ਸਮੂਹ ਦੇ ਮਿੱਥ ਕੇ ਵਿਉਂਤਬੱਧ ਢੰਗ ਨਾਲ ਕੀਤੇ ਗਏ ਕਤਲ ..
ਮੇਰੀ ਜਾਣਕਾਰੀ ਮੁਤਾਬਿਕ ਨਸਲਕੁਸ਼ੀ ਤੇ 1948 ਵਿਚ ਹੋਈ ਇੰਟਰਨੈਸ਼ਨਲ ਜੈਨੋਸਾਈਡ ਕਾਨਫ਼ਰੰਸ , ਜਿਸ ਵਿਚ ਇੰਡੀਆ ਵੀ ਸ਼ਾਮਲ ਸੀ , ਅਨੁਸਾਰ ਜੈਨੋਸਾਈਡ ਦੇ ਜੁਰਮ ਦੀ ਪਰਿਭਾਸ਼ਾ ਇਹ ਹੈ :
1-ਕਿਸੇ ਸਮੂਹ ਦੇ ਮੈਂਬਰਾਨ ਦਾ ਕਤਲ
2-ਕਿਸੇ ਸਮੂਹ ਦੇ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤਸੀਹੇ ਦੇਣੇ
3-ਜਾਣ-ਬੁੱਝ ਕੇ ਕਿਸੇ ਲੋਕ ਸਮੂਹ ‘ਤੇ ਅਜਿਹੀਆਂ ਸ਼ਰਤਾਂ  ਥੋਪਣਾ ਜਿਸ ਨਾਲ ਉਸ ਦੀ ਪੂਰੀ ਜਾਂ ਅੰਸ਼ਕ ਹਸਤੀ ਤਬਾਹ ਹੋਵੇ
4- ਅਜਿਹੇ ਢੰਗ ਤਰੀਕੇ ਵਰਤਣੇ ਜਿਸ ਨਾਲ ਕਿਸੇ ਲੋਕ ਸਮੂਹ ਵਿਚ ਅਗਲੀ ਨਸਲ ਪੈਦਾ ਨਾ ਹੋਵੇ ਭਾਵ ਬੱਚੇ ਨਾ ਜੰਮਣ
5-ਕਿਸੇ ਲੋਕ ਸਮੂਹ ਦੇ ਬੱਚਿਆਂ ਨੂੰ ਜਬਰੀ ਦੂਜੇ ਲੋਕ ਸਮੂਹ ਵਿਚ ਸ਼ਾਮਲ ਕਰਨਾ
1984 ਦੇ ਸਿੱਖ ਕਤਲੇਆਮ ਬਾਰੇ ਕਿੰਨੇ ਹੀ ਕਮਿਸ਼ਨਾਂ /ਜਾਂਚ ਕਮੇਟੀਆਂ ਦੀਆਂ ਰਿਪੋਰਟਾਂ ਅਤੇ ਮੀਡੀਆ ਵਿਚ ਨਸ਼ਰ ਹੋਏ ਸਬੂਤਾਂ ਤੋਂ ਇਹ ਹਕੀਕਤ ਵਾਰ-ਵਾਰ ਸਾਹਮਣੇ ਆ  ਚੁੱਕੀ ਹੈ ਕਿ ਇਹ ਘਿਨਾਉਣਾ ਮਹਾਂ -ਜੁਰਮ, ਪੂਰੀ ਤਰਾਂ ਮਿੱਥ ਕੇ ਅਤੇ ਵਿਉਂਤਬੱਧ ਸਾਜ਼ਿਸ਼  ਨਾਲ ਇੱਕ ਵਿਸ਼ੇਸ਼ ਧਾਰਮਿਕ ਲੋਕ ਸਮੂਹ ਤੋਂ ਬਦਲਾ ਲੈਣ ਦੀ  ਬਦਨੀਅਤ ਨਾਲ ਕੀਤਾ ਗਿਆ ਸੀ .ਬੇਸ਼ੱਕ ਇਹ ਬਹਿਸ ਦਾ ਵਿਸ਼ਾ ਹੋ ਸਕਦਾ ਹੈ ਪਰ 1984 ਦਾ ਸਿੱਖ ਕਤਲੇਆਮ  ਉੱਪਰ ਜ਼ਿਕਰ ਕੀਤੀ ਜੈਨੋਸਾਈਡ ਦੀ ਪਰਿਭਾਸ਼ਾ ਵਿਚ ਫਿੱਟ ਆਉਂਦਾ ਹੈ  ਕਿ ਇਹ ਨਸਲਕੁਸ਼ੀ ਹੀ ਸੀ।