ਵਿਦੇਸ਼ੀ ਧਰਤ ‘ਤੇ ਵਧ ਰਹੀ ਹੈ ਜਰਾਇਮਪੇਸ਼ਾ ਪੰਜਾਬੀਆਂ ਦੀ ਗਿਣਤੀ

ਨਰਪਾਲ ਸਿੰਘ ਸ਼ੇਰਗਿੱਲ
ਪਿਛਲੇ ਲਗਭਗ 170 ਸਾਲ ਤੋਂ ਪੰਜਾਬ ਨੂੰ ਛੱਡ ਕੇ ਇਸ ਤੋਂ ਬਾਹਰ ਭਾਰਤੀ ਰਾਜਾਂ ਜਾਂ ਵਿਦੇਸ਼ਾਂ ਵਿਚ ਆਏ ਜਾਂ ਲਿਆਂਦੇ ਗਏ ਪੰਜਾਬੀ ਇਸ ਵੇਲੇ ਸੰਸਾਰ ਦੇ ਕੁੱਲ 195 ਦੇਸ਼ਾਂ ਵਿਚੋਂ 170 ਦੇਸ਼ਾਂ ਵਿਚ ਪੁੱਜ ਚੁੱਕੇ ਹਨ।  ਭਾਰਤ ਅੰਗਰੇਜ਼ਾਂ ਦੀ ਇੱਕ ਸਾਬਕਾ ਸਾਮਰਾਜੀ ਬਸਤੀ ਹੋਣ ਕਾਰਨ ਪੰਜਾਬੀ ਵਧੇਰੇ ਅੰਗਰੇਜ਼ੀ ਬੋਲਦੇ ਈਸਾਈ ਪਰਬਲ ਗੋਰਾਸ਼ਾਹੀ ਦੇਸ਼ਾਂ ਦੇ ਨਾਲ-ਨਾਲ ਅਫ਼ਰੀਕਾ ਵਿਚ ਸਾਮਰਾਜੀ ਬਸਤੀਆਂ ਕੀਨੀਆ, ਯੁਗੰਡਾ, ਤਨਜ਼ਾਨੀਆ ਅਤੇ ਧੁਰ-ਪੂਰਬੀ ਮਲੇਸ਼ੀਆ, ਫਿਲੀਪਾਈਨ, ਸਿੰਗਾਪੁਰ, ਫੀਜੀ, ਬਰਮਾ, ਇੰਡੋਨੇਸ਼ੀਆ ਅਤੇ ਥਾਈਲੈਂਡ ਆਦਿ ਦੇਸ਼ਾਂ ਵਿਚ ਵੱਸਦੇ, ਵਿਚਰਦੇ ਅਤੇ ਵਿਕਸਤ ਹੁੰਦੇ ਆ ਰਹੇ ਹਨ।  ਭਾਰਤ ਦੇ 1947 ਵਿਚ ਸੁਤੰਤਰ ਹੋਣ ਤੋਂ ਬਾਅਦ ਭਾਰਤੀ ਪੰਜਾਬੀ ਆਪਣੇ ਵਧੀਆ ਆਰਥਿਕ ਬਦਲ ਨੂੰ ਮੁੱਖ ਰੱਖ ਕੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿਚ ਭਾਰਤੀ ਪਾਸਪੋਰਟ ਰਾਹੀਂ ਵਿਦਿਆਰਥੀ, ਅਧਿਆਪਕ, ਡਾਕਟਰ, ਇੰਜੀਨੀਅਰ ਅਤੇ ਵਪਾਰੀਆਂ ਦੇ ਤੌਰ ‘ਤੇ ਵਿਦੇਸ਼ਾਂ ਵਿਚ ਲਗਾਤਾਰ ਪੁੱਜਦੇ ਆ ਰਹੇ ਹਨ।  ਇਹਨਾਂ ਨੇ ਲਗਾਤਾਰ ਅੱਧੀ ਸਦੀ ਦੌਰਾਨ ਆਪਣੀ ਮਿਹਨਤ, ਲਗਨ ਅਤੇ ਇਮਾਨਦਾਰੀ ਰਾਹੀਂ ਹਰ ਨਵੇਂ ਅਪਣਾਏ ਦੇਸ਼ ਦੇ ਮਹੱਤਵਪੂਰਨ ਸਿਖਰਲੇ ਪ੍ਰਬੰਧ ਜਾਂ ਅਦਾਰੇ ਤੱਕ ਪੁੱਜ ਕੇ ਆਪਣੀ ਮਾਣ-ਮੱਤੀ ਅਤੇ ਸ਼ਾਨ-ਮੱਤੀ ਪ੍ਰਾਪਤੀ ਕੀਤੀ।  ਇੱਥੇ ਹੀ ਬੱਸ ਨਹੀਂ, ਇਹ ਇਸ ਵੇਲੇ ਕਈ ਦੇਸ਼ਾਂ ਦੇ ਵਜ਼ਾਰਤੀ ਅਤੇ ਰਾਜਨੀਤਕ ਪ੍ਰਬੰਧ ਵਿਚ ਵੀ ਭਾਗੀਦਾਰ ਬਣੇ ਹੋਏ ਹਨ ਅਤੇ ਕਈ ਨਵੇਂ ਅਪਣਾਏ ਦੇਸ਼ਾਂ ਦੀ ਆਪਣੀ ਅਤੇ ਆਪਣੇ ਵਡੇਰਿਆਂ ਦੀ ਜਨਮ ਭੂਮੀ ਭਾਰਤ ਵਿਚ ਪ੍ਰਤੀਨਿਧਤਾ ਕਰ ਰਹੇ ਹਨ, ਜਾਂ ਉਸ ਦੇਸ਼ ਦੇ ਭਾਰਤ ਵਿਚ ਰਾਜਦੂਤ ਬਣੇ ਹੋਏ ਹਨ।  ”ਪੰਜਾਬੀਆਂ ਦੀ ਬੱਲੇ ਬੱਲੇ, ਬਾਕੀ ਸਾਰੇ ਥੱਲੇ ਥੱਲੇ”…”ਪੰਜਾਬੀ ਤਾਂ ਹੁਣ ਰਾਜ ਕਰਦੇ ਹਨ” ਜਾਂ ”ਪੰਜਾਬੀਆਂ ਦਾ ‘ਉਸ’ ਦੇਸ਼ ਵਿਚ ਸਿੱਕਾ ਚਲਦਾ ਹੈ” ਆਦਿ ਆਦਿ।
ਪਰ ਇਹ ਲੇਖਕ ਆਪਣਾ ਨਾਉਂ ਉਹਨਾਂ ਪੱਤਰਕਾਰਾਂ ਵਿਚ ਸ਼ਾਮਿਲ ਨਹੀਂ ਕਰਨਾ ਚਾਹੁੰਦਾ ਜੋ ਬਾਗ਼ਾਂ ਅਤੇ ਬਗ਼ੀਚਿਆਂ ਦੀ ਗੱਲ ਕਰਦੇ ਹੋਏ ਕੇਵਲ ਫੁੱਲਾਂ ਅਤੇ ਕਲੀਆਂ ਦੀ ਹੀ ਗੱਲ ਕਰਦੇ ਹਨ, ਉਹਨਾਂ ਬਗ਼ੀਚਿਆਂ ਵਿਚ ਪੈਦਾ ਹੋ ਰਹੇ ਭੱਖੜਿਆਂ, ਥੋਹਰਾਂ, ਕੰਡਿਆਂ ਅਤੇ ਕੀੜਿਆਂ ਦੀ ਗੱਲ ਨਹੀਂ ਕਰਦੇ, ਜੋ ਰੁੜਨਾ ਜਾਂ ਭੱਜਣਾ ਸਿੱਖ ਰਹੇ ਬੱਚਿਆਂ ਦੇ ਚੁੱਭਦੇ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਮਾਯੂਸ ਅਤੇ ਪੀੜਿਤ ਕਰਦੇ ਹਨ, ਜਾਂ ਉਹ ਕੀੜੇ ਆਪਣੇ ਮਹਿਬੂਬ ਦੀ ਬੁੱਕਲ ਵਿਚ ਬੈਠੀ ਮੁਟਿਆਰ ਦੇ ਪੈਰਾਂ ਜਾਂ ਕੋਮਲ ਪਿੰਜਣੀ ਤੇ ਡੰਗ ਮਾਰ ਕੇ ਉਸ ਮੁਟਿਆਰ ਦੇ ਹੁਸੀਨ ਸੁਪਨੇ ਅਤੇ ਪਲਾਂ ਨੂੰ ਚਕਨਾਚੂਰ ਕਰ ਦਿੰਦੇ ਹਨ।  ਬਾਗ਼ਾਂ ਅਤੇ ਬਗ਼ੀਚਿਆਂ ਦੀ ਗੱਲ ਕਰਦੇ ਹੋਏ ਫੁੱਲਾਂ, ਫਲਾਂ ਅਤੇ ਕਲੀਆਂ ਦੇ ਨਾਲ ਉਹਨਾਂ ਖ਼ਤਰਨਾਕ ਕੰਡਿਆਂ ਅਤੇ ਕੀੜਿਆਂ ਦੀ ਗੱਲ ਕਰਨੀ ਵੀ ਜ਼ਰੂਰੀ ਹੈ, ਜਿਹਨਾਂ ਦੇ ਕਾਰਨ ਮਿਹਨਤਕਸ਼ ਅਤੇ ਕਾਬਿਲ ਪੰਜਾਬੀ ਭਾਈਚਾਰੇ ਦੇ ਨਾਲ ਨਾਲ ਉਹਨਾਂ ਦੇ ਨਵ-ਅਪਣਾਏ ਦੇਸ਼ ਦਾ ਸਮਾਜ ਵੀ ਪੀੜਤ ਵੇਖਿਆ ਜਾ ਰਿਹਾ ਹੈ।
ਇਹ ਪੰਜਾਬੀਆਂ ਦੀਆਂ ਪ੍ਰਾਪਤੀਆਂ ਦੀ ਮਾਣ-ਮੱਤੀ ਚੜਤ ਨੂੰ ਪ੍ਰਦਰਸ਼ਿਤ ਕਰ ਰਹੇ ਸਿੱਕੇ ਦਾ ਦੂਜਾ ਪਾਸਾ ਹੈ, ਜਿਸ ਦਾ ਮਨਹੂਸ ਪਰਛਾਵਾਂ ਦੋ ਦੇਸ਼ੀ ਜਾਂ ਬਹੁ-ਸਭਿਆਚਾਰਕ ਬਹਿਸ ਅਤੇ ਵਿਚਾਰ ਵਟਾਂਦਰੇ ਵੇਲੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਤੇ ਪੈਂਦਾ ਰਹਿੰਦਾ ਹੈ।
ਵਿਦੇਸ਼ਾਂ ਵਿਚ ਆ ਕੇ 21ਵੀਂ ਸਦੀ ਦੇ ਸ਼ੁਰੂ ਤੋਂ ਵੱਧ ਰਹੇ ਪੰਜਾਬੀਆਂ ਦੇ ਵੱਖੋ-ਵੱਖਰੇ ਕੰਮ ਕਾਰ ਅਤੇ ਪ੍ਰਾਪਤੀਆਂ ਦੀ ਖੋਜ ਕਰੀਏ, ਤਾਂ ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ, ਕਿ ਹੁਣ ਕੌਮਾਂਤਰੀ ਪੱਧਰ ‘ਤੇ ਜ਼ੁਰਮਪੇਸ਼ਾ ਪੰਜਾਬੀਆਂ ਦੀ ਗਿਣਤੀ ਵੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ।  ਇਹਨਾਂ ਜ਼ੁਰਮਪੇਸ਼ਾ ਪੰਜਾਬੀਆਂ ਵਿਚ ਨਸ਼ੀਲੀਆਂ ਵਸਤਾਂ ਦੇ ਤਸਕਰ, ਹਵਾਲਾ ਦੀ ਕਰੰਸੀ ਦੇ ਤਸਕਰ, ਜਾਅਲੀ ਪਰਵਾਸੀਆਂ ਦੇ ਤਸਕਰ, ਆਪਣੇ ਹੀ ਭਰਾਵਾਂ ਨੂੰ ਭਾਰਤ ਵਿਚ ਜਾ ਕੇ ਸੁਪਾਰੀ ਦੇ ਕੇ ਕਤਲ ਕਰਾਉਣ ਜਾਂ ਖ਼ੁਦ ਭਰਾਵਾਂ ਅਤੇ ਪਤਨੀਆਂ ਦੇ ਕਾਤਿਲ ਪ੍ਰਭਾਵਸ਼ਾਲੀ ਗਿਣਤੀ ਵਿਚ ਸ਼ਾਮਿਲ ਹਨ ਜਿਹਨਾਂ ਦੀ ਗਿਣਤੀ ਹਰ ਸਾਲ ਸੈਂਕੜਿਆਂ ਨੂੰ ਹੁਣ ਛੋਹਣ ਲੱਗ ਪਈ ਹੈ।
ਕੈਨੇਡਾ ਵਰਗੇ ਅਮੀਰ ਅਤੇ ਸੁਰੱਖਿਅਤ ਬਹੁਕੌਮੀ, ਬਹੁਦੇਸ਼ੀ, ਬਹੁਨਸਲੀ ਅਤੇ ਬਹੁਭਾਸ਼ੀ ਦੇਸ਼ ਵਿਚ ਪੁੱਜ ਕੇ ਵੀ ਬੇਰੁਜ਼ਗਾਰ ਪੰਜਾਬੀਆਂ ਨੂੰ ਜੇ ਰਿਹਾਇਸ਼ੀ ਹੱਕ ਮਿਲ ਜਾਂਦੇ ਹਨ, ਤਾਂ ਵੀ ਉਹ ਰੁਜ਼ਗਾਰ ਮਿਲਣ ਤੇ ਸੰਤੁਸ਼ਟ ਨਹੀਂ ਹੁੰਦੇ, ਉਹਨਾਂ ਦੇ ਇੱਥੇ ਰਹਿਣ, ਪੱਕੇ ਤੌਰ ‘ਤੇ ਵੱਸ ਜਾਣ ਅਤੇ ਫਿਰ ਰੁਜ਼ਗਾਰ ਪ੍ਰਾਪਤ ਕਰਨ ਦੇ ਬਾਵਜੂਦ ਉਹਨਾਂ ਦੀ ਛੇਤੀ ਅਮੀਰ ਬਣਨ ਦੀ ਲਾਲਸਾ ਉਹਨਾਂ ਨੂੰ ਜੁਰਮ ਕਰਨ ਲਈ ਠੋਰਦੀ ਰਹਿੰਦੀ ਹੈ, ਜਿਸ ਦੇ ਨਤੀਜੇ ਵਜੋਂ ਉਹ ਕੈਨੇਡਾ-ਅਮਰੀਕਾ ਵਿਚ ਟਰੱਕ ਤੇ ਮਾਲ ਢੋਂਦੇ ਹੋਏ ਗੈਰ-ਕਾਨੂੰਨੀ ਡਰੱਗ ਤਸਕਰੀ ਦਾ ਧੰਦਾ ਕਰਨ ਲੱਗ ਪੈਂਦੇ ਹਨ ਅਤੇ ਉਹਨਾਂ ਗਰੋਹਾਂ ਦੇ ਚੁੰਗਲ ਵਿਚ ਫਸ ਜਾਂਦੇ ਹਨ, ਜਿੱਥੇ ਜੀਵਨ ਦਾ ਅਗਲਾ ਪੜਾਅ ਜਾਂ ਜੇਲ• ਹੁੰਦੀ ਹੈ ਅਤੇ ਜਾਂ ਕਤਲ।
ਕੈਨੇਡਾ ਦਾ ਪੰਜਾਬੀ ਮਾਫ਼ੀਆ : ਪੰਜਾਬੀਆਂ ਦੇ ਡਰੱਗ ਮਾਫ਼ੀਆ ਟੋਲਿਆਂ ਵਿਚ ਬਹੁਗਿਣਤੀ ਭਾਵੇਂ ਸਿੱਖ ਪੰਜਾਬੀਆਂ ਦੀ ਹੈ, ਪਰ ਇਹਨਾਂ ਟੋਲਿਆਂ (ਡਰੱਗ ਗੈਂਗ) ਵਿਚ ਮੁਸਲਮਾਨ ਅਤੇ ਹਿੰਦੂ ਵੀ ਡਰੱਗ ਦਾ ਧੰਦਾ ਕਰਦੇ ਆ ਰਹੇ ਹਨ।  ਪਹਿਲਾ ਡਰੱਗ ਮਾਫ਼ੀਆ ਦਾ ਮੁਖੀ 1971 ਵਿਚ ਪੰਜਾਬ ਵਿਚ ਜੰਮਿਆ ਅਤੇ ਛੋਟੀ ਉਮਰੇ ਕੈਨੇਡਾ ਵਿਚ ਆਇਆ ਜਾਂ ਲਿਆਂਦਾ ਗਿਆ ਬਿੰਦੀ ਜੌਹਲ (ਭੂਪਿੰਦਰ ਸਿੰਘ ਜੌਹਲ) ਸੀ, ਜਿਸ ਨੂੰ 1998 ਵਿਚ ਇੱਕ ਕਲੱਬ ਵਿਚ ਪਿੱਛਿਓਂ ਗੋਲੀ ਮਾਰ ਕੇ ਵੈਨਕੂਵਰ ਵਿਚ ਕਤਲ ਕੀਤਾ ਗਿਆ ਸੀ।  ਹੁਣ ਤੱਕ ਪੰਜਾਬੀ ਡਰੱਗ ਮਾਫ਼ੀਆ ਦੇ ਕਾਰੋਬਾਰ ਨਾਲ ਸਬੰਧਿਤ ਸੈਂਕੜੇ ਪੰਜਾਬੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਤੋਂ ਅਮਰੀਕਾ ਦੇ ਕੈਲੇਫੋਰਨੀਆ ਪ੍ਰਾਂਤ ਤੱਕ ਟਰੱਕ ਜਾਂ ਕਾਰਾਂ ਰਾਹੀਂ ਡਰੱਗ ਦਾ ਧੰਦਾ ਕਰਦੇ ਮਾਰੇ ਗਏ ਹਨ।  ਇਹਨਾਂ ਪੰਜਾਬੀ ਡਰੱਗ ਮਾਫ਼ੀਆ ਦੇ ਟੋਲਿਆਂ ਵਿਚ ਜੌਹਲ, ਦੁਸਾਂਝ, ਚੀਮਾ, ਬੁੱਟਰ, ਢੱਕ, ਦੂਹੜਾ ਅਤੇ ਗਰੇਵਾਲ ਨਾਉਂ ਦੇ ਮੁਖੀ ਵਰਨਣਯੋਗ ਹਨ।
ਵਿਆਜੂ ਪੈਸਿਆਂ ਦਾ ਖ਼ੂਨੀ ਧੰਦਾ : ਕੈਨੇਡਾ ਵਿਚ ਡਰੱਗ ਤਸਕਰਾਂ ਵਾਂਗ ਧੁਰ ਪੂਰਬੀ ਦੇਸ਼ ਫਿਲੀਪਾਈਨ ਵਿਚ ਪੰਜਾਬੀ ਲੋਕ ਵਿਆਜੂ ਕਰੰਸੀ ਦਾ ਧੰਦਾ ਕਰਦੇ ਹਨ, ਜਿਸ ਨੂੰ ‘ਪੈਸੋ’ ਕਿਹਾ ਜਾਂਦਾ ਹੈ।  ਇਸ ਧੰਦੇ ਵਿਚ ਬਹੁਤੇ ਪੰਜਾਬੀ ਪੰਜਾਬ ਵਿਚੋਂ ਮਲੇਰਕੋਟਲਾ ਤੋਂ ਰਾਏਕੋਟ, ਜਗਰਾਉਂ, ਮੋਗਾ ਆਦਿ ਇਲਾਕਿਆਂ ਤੋਂ ਜਾ ਕੇ ਕਈ ਦਹਾਕਿਆਂ ਤੋਂ ”ਪੰਜ ਦੇ ਛੇ” ਦਾ ਕਾਰੋਬਾਰ ਕਰਦੇ ਹਨ।  ਉੱਥੇ 500 ਪੈਸੋ ਦੇ ਇੱਕ ਮਹੀਨੇ ਬਾਅਦ 600 ਪੈਸੋ ਵਸੂਲ ਕੀਤੇ ਜਾਂਦੇ ਹਨ ਅਤੇ ਪੰਜਾਬ ਵਿਚ ਵਿਆਜੂ ਰੁਪਏ ਦੇਣ ਵਾਲੇ ਆੜਤੀਆਂ ਵਾਂਗ ਭਾਰਤ ਤੋਂ ਜਾ ਕੇ ਵਸੇ ਪੰਜਾਬੀ ਪਹਿਲਾਂ ਭਾਰਤੀ ਰੁਪਏ ਨੂੰ ਹਵਾਲਾ ਰਾਹੀਂ ”ਫਿਲਪੀਲੋ ਪੈਸੋ” ਵਿਚ ਬਦਲਦੇ ਹਨ ਅਤੇ ਫਿਰ ਕਾਲੇ ਧਨ ਨਾਲ ਫਿਲੀਪਾਈਨ ਦੇ ਮਨੀਲਾ, ਸਾਂਟੀਆਗੋ ਆਦਿ ਸ਼ਹਿਰਾਂ ਦੇ ਆਲੇ-ਦੁਆਲੇ ਇਹ ਕਾਰੋਬਾਰ ਕਰਦੇ ਹਨ।
ਕਾਲੇ ਧਨ ਦੇ ਇਸ ਧੰਦੇ ਵਿਚ ਪੰਜਾਬੀ ਵਪਾਰੀਆਂ ਨੂੰ ਕਈ ਵੇਰ ਅਗਵਾ ਕਰਕੇ ਉਸ ਦੇ ਪਰਿਵਾਰ ਤੋਂ ਫਿਰੌਤੀ ਪ੍ਰਾਪਤ ਕੀਤੀ ਜਾਂਦੀ ਹੈ ਅਤੇ ਜਾਂ ਉਸ ਨੂੰ ਮਾਰ ਕੇ ਉਸ ਦਾ ਭਰਿਆ ਬੈਗ ਕਾਤਲ ਲੈ ਕੇ ਫ਼ਰਾਰ ਹੋ ਜਾਂਦੇ ਹਨ।
ਪ੍ਰਕਾਸ਼ਿਤ ਰਿਪੋਰਟਾਂ ਅਨੁਸਾਰ ਪਿਛਲੇ ਵਰੇ ਪੰਜਾਬ ਵਿਚ ਜਲੰਧਰ ਨੇੜੇ ਪਿੰਡ ਖੁਰਲਾ ਕਿੰਗਰਾ ਦੇ ਫਿਲੀਪਾਈਨ ਵੱਸਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਸਪਿੰਦਰਪਾਲ ਸਿੰਘ ਚੌਹਾਨ ਨੂੰ ਉਸ ਦੇ ਬੈਂਕ ਦੇ ਬਾਹਰ ਕਾਰ ਵਿਚ ਨੋਟਾਂ ਦਾ ਬੈਗ ਲੈ ਕੇ ਬੈਠੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਉਸ ਤੋਂ ਕੁੱਝ ਦਿਨਾਂ ਬਾਅਦ ਚੌਹਾਨ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਅਤੇ ਵਿਆਜੂ ਪੈਸੋ ਦਾ ਕਾਰੋਬਾਰ ਕਰਨ ਵਾਲੇ ਜਸਪਾਲ ਸਿੰਘ ਭੱਟੀ ਵੀ ਉਸੇ ਇਲਾਕੇ ਵਿਚ ਕਤਲ ਕੀਤਾ ਗਿਆ ਸੀ।
ਬੀਤੇ ਦਿਨੀਂ ਪਤੀ-ਪਤਨੀ ਭਗਵੰਤ ਸਿੰਘ ਅਤੇ ਜਸਵਿੰਦਰ ਕੌਰ ਦਾ ਕਤਲ ਕੀਤਾ ਗਿਆ ਹੈ।
ਬੀਤੇ ਅਕਤੂਬਰ ਵਿਚ ਮੋਗਾ ਨੇੜਲੇ ਪਿੰਡ ਦੇ ਮਨੀਲਾ ਵੱਸਦੇ 68 ਸਾਲਾ ਗੁਰਦੇਵ ਸਿੰਘ ਧਾਲੀਵਾਲ ਦਾ ਦੋ ਨਕਾਬਪੋਸ਼ ਹਮਲਾਵਰਾਂ ਨੇ ਟਰੈਫ਼ਿਕ ਲਾਈਟ ਤੇ ਰੁਕੀ ਕਾਰ ਵਿਚ ਕਤਲ ਕਰ ਦਿੱਤਾ ਗਿਆ ਹੈ।
ਬੀਤੀ ਅਗਸਤ ਵਿਚ ਫਗਵਾੜਾ ਦੇ ਜੰਮਪਲ ਸੈਂਟਿਆਗੋ ਵੱਸਦੇ ਵਿਆਜੂ ਪੈਸੇ ਦਾ ਕਾਰੋਬਾਰ ਕਰ ਰਹੇ ਸੁਖਵਿੰਦਰ ਸਿੰਘ ਵਿੱਕੀ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ।  27 ਸਾਲਾ ਨੌਜਵਾਨ ਵਿੱਕੀ ਦੀ ਜਨਵਰੀ 2017 ਵਿਚ ਪੰਜਾਬ ਵਿਚ ਸ਼ਾਦੀ ਹੋਣ ਬਾਰੇ ਤਰੀਕ ਮਿਥੀ ਹੋਈ ਸੀ।
ਮਨੀਲਾ ਵੱਸਦੇ ਵਿਆਜੂ ਪੈਸੋ ਦਾ ਕਾਰੋਬਾਰ ਕਰਦੇ ਆਦਮਪੁਰ ਦੇ 30 ਸਾਲਾ ਵਿਪਨ ਨੂੰ ਸਵੇਰੇ ਕੰਮ ਤੋਂ ਜਾਣ ਲੱਗੇ ਨੂੰ ਗੋਲੀਆਂ ਮਾਰ ਕੇ ਢੇਰੀ ਕੀਤਾ ਗਿਆ ਹੈ।
ਇਸ ਵਰੇ ਦੌਰਾਨ ਲਗਭਗ 200 ਪੰਜਾਬੀਆਂ ਦੇ 20 ਫ਼ੀਸਦੀ ਤੇ ਵਿਆਜੂ ਪੈਸੋ (5 ਦੇ 6) ਦੇ ਕਾਰੋਬਾਰੀਆਂ ਦੇ ਕਤਲ ਹੋਏ ਦੱਸੇ ਜਾਂਦੇ ਹਨ।  ਪਿਛਲੇ 6 ਸਾਲਾਂ ਦੌਰਾਨ ਕਤਲ ਹੋਏ ਪੰਜਾਬੀਆਂ ਦੀ ਗਿਣਤੀ 500 ਤੱਕ ਪੁੱਜ ਸਕਦੀ ਹੈ।
ਬਰਤਾਨੀਆ ਵਿਚ ਪੰਜਾਬੀਆਂ ਦੇ ਕਤਲ : ਬੀਤੇ ਵਰਿਆਂ ਦੌਰਾਨ ਬਰਤਾਨੀਆ ਵੱਸਦੇ ਪੰਜਾਬੀਆਂ ਦੇ ਕਤਲਾਂ ਦੀਆਂ ਵਾਰਦਾਤਾਂ ਵੀ ਵੱਧ ਰਹੀਆਂ ਹਨ ਅਤੇ ਇੱਥੇ ਵੱਸਦੇ ਅਨੇਕਾਂ ਜੁਰਮਪੇਸ਼ਾ ਪੰਜਾਬੀ ਡਰੱਗ ਅਤੇ ਮਨੁੱਖੀ ਤਸਕਰੀ ਵਿਚ ਜੇਲਾਂ ਕੱਟ ਰਹੇ ਹਨ।
ਪਿਛਲੇ ਦਿਨੀਂ ਬਰੈਡਫੋਰਡ ਦੇ 37 ਸਾਲਾ ਬਲਵੰਤ ਸਿੰਘ ਨੂੰ ਡਰੱਗ ਦਾ ਧੰਦਾ ਕਰਨ ਦੇ ਦੋਸ਼ ਵਿਚ 3 ਸਾਲ ਕੈਦ ਦੀ ਸਜ਼ਾ ਹੋਈ ਹੈ।
ਪਿਛਲੇ ਵਰੇ 8 ਮਈ 2015 ਨੂੰ ਵੁਲਵਰਹੈਂਪਟਨ ਦੇ ਹੋਟਲ ਮਾਲਕ ਰਣਜੀਤ ਸਿੰਘ ਪਵਾਰ ਦਾ ਪੰਜਾਬ ਵਿਚ ਕਤਲ ਕੀਤਾ ਗਿਆ ਦੱਸਿਆ ਜਾਂਦਾ ਹੇ।  ਮ੍ਰਿਤਕ ਰਣਜੀਤ ਸਿੰਘ ਦੀ ਮਾਤਾ ਗੁਰਮੀਤ ਕੌਰ ਦੇ ਕਹਿਣ ਅਨੁਸਾਰ ਉਸ ਦਾ ਕਾਤਲ ਵੀ ਇਸੇ ਦੇਸ਼ ਵਿਚ ਵਸਦਾ ਹੈ।
ਇੱਕ ਪੰਜਾਬੀ ਰੇਡੀਉ ‘ਤੇ ਕੰਮ ਕਰਦੀ ਇੱਕ ਪੰਜਾਬਣ ਦਾ ਬੀਤੇ ਵਰਿਆਂ ਦੌਰਾਨ ਉਸ ਦੇ ਪਤੀ ਵੱਲੋਂ ਹੀ ਕਤਲ ਕਰਵਾਇਆ ਗਿਆ ਦੱਸਿਆ ਗਿਆ ਹੈ।
ਪੰਜਾਬੀਆਂ ਦੇ ਹੋਰ ਕਤਲ : ਕੈਨੇਡਾ ਵਿਚ ਵੀ ਬੀਤੇ ਵਰੇ ਤਿੰਨ ਬੱਚਿਆਂ ਦੀ ਮਾਂ, ਅਮਨਪ੍ਰੀਤ ਕੌਰ, ਨੂੰ ਉਸ ਦੇ ਪਤੀ ਬਲਜਿੰਦਰ ਸਿੰਘ ਬਾਹੀਆ ਨੇ ਇਕ ਭਾਡੇ ਦੇ ਕਾਤਲ ਨਾਲ ਰਲ ਕੇ ਕਤਲ ਕੀਤਾ ਸੀ, ਜਿਸ ਵਿਚ ਦੋਹਾਂ ਨੂੰ ਉਮਰ ਭਰ ਦੀ ਕੈਦ ਹੋਈ ਹੈ।
ਬੀਤੀ ਅਗਸਤ ਵਿਚ ਐਬਟਸਫੋਰਡ ਵਿਚ ਡਰੱਗ ਦਾ ਧੰਦਾ ਕਰਨ ਵਾਲੇ 45 ਸਾਲਾਂ ਗੁਰਦੇਵ ਸਿੰਘ ਹੇਅਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਅਮਰੀਕਾ ਵਿਚ ਬੀਤੇ ਦਿਨੀਂ ਅਣਪਛਾਤੇ ਬੰਦਿਆਂ ਵੱਲੋਂ 17 ਸਾਲਾ ਨੌਜਵਾਨ ਗੁਰਨੂਰ ਸਿੰਘ ਨਾਹਲ ਨੂੰ ਕਤਲ ਕੀਤੇ ਜਾਣ ਦੀ ਅਫ਼ਸੋਸਨਾਕ ਖ਼ਬਰ ਹੈ।
ਇਹੋ ਜਿਹੀਆਂ ਅਨੇਕ ਅਫ਼ਸੋਸਨਾਕ ਘਟਨਾਵਾਂ ਅਤੇ ਜ਼ੁਰਮਪੇਸ਼ਾ ਪੰਜਾਬੀਆਂ ਦੇ ਨਾਵਾਂ ਦੀ ਸੂਚੀ ਇਸ ਲੇਖ ਨਾਲੋਂ ਵੀ ਬਹੁਤ ਲੰਬੀ ਹੈ।  ਇਸ ਨੂੰ ਹੋਰ ਲੰਬੀ ਹੋਣ ਤੋਂ ਰੋਕਣ ਲਈ ਪੰਜਾਬੀ ਭਾਈਚਾਰਾ ਇੱਕ ਵਾਰ ਸੋਚੇ ਜ਼ਰੂਰ।

Tags: