‘ਨਾ ਵੰਝਲੀ ਨਾ ਤਿਤਲੀ’ ਲੋਕ ਅਰਪਣ

-ਪਂਜਾਬੀਲੋਕ ਬਿਊਰੋ

ਦਿਲਬਾਗ ਸਿੰਘ ਚਾਵਲਾ ਤੇ ਸਾਹਿਤਕ/ਸਮਾਜਿਕ ਸੰਸਥਾ ‘ਅਸੀਸ ਮੰਚ’ ਦੀ ਸੰਚਾਲਕਾ ਪਰਮਜੀਤ ਕੌਰ ਦਿਓਲ/ਤੀਰਥ ਸਿੰਘ ਦਿਓਲ ਵਲੋਂ ਸਾਂਝੇ ਤੌਰ ਤੇ’ ਇਕ ਸਾਹਿਤਕ ਸਮਾਗਮ ਬਰੈਂਪਟਨ ਦੇ ਸਵੀਟ ਮਾਸਟਰ ਰੈਸਟਰੋਰੈਂਟ ਵਿਖੇ ਕਰਵਾਇਆ ਗਿਆ, ਜਿੱਥੇ ਪੰਜਾਬ ਤੋਂ ਆਈ ਪੱਤਰਕਾਰ ਤੇ ਲੇਖਕਾ ਅਮਨ ਹਾਂਸ ਦੀਆਂ ਪੁਸਤਕਾਂ ‘ਇਹ ਪੰਜਾਬ ਵੀ ਮੇਰਾ ਹੈ’ (ਵਾਰਤਕ) ਅਤੇ ਕਾਵਿ ਸੰਗ੍ਰਿਹ ‘ਨਾ ਵੰਝਲੀ ਨਾ ਤਿਤਲੀ’ ਲੋਕ ਅਰਪਣ ਕੀਤੀਆਂ ਗਈਆਂ ਅਤੇ ਕਵੀ ਦਰਬਾਰ ਵੀ ਹੋਇਆ। ਇਸ ਮੌਕੇ ਅਮਨ ਹਾਂਸ ਨੇ ਹਾਜ਼ਰੀਨ ਦੇ ਰੂਬਰੂ ਹੋ ਕੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਿੱਥੇ ਬੁਲਾਰਿਆਂ ਨੇ ਜਦੋਂ ਅਮਨ ਹਾਂਸ ਦੀ ਨਿਡਰਤਾ ਬਾਰੇ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਦੀ ਇਸ ਧੀ ਨੇ ਪੰਜਾਬ ‘ਚ ਨਸ਼ਿਆਂ (ਚਿੱਟੇ) ਦੇ ਸੋਦਾਗਰਾਂ ਨੂੰ ਵੰਗਾਰਿਆ ਅਤੇ ਨਸ਼ਿਆਂ ਦੇ ਸੋਦਾਗਰਾਂ ਨੇ ਇਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਤਾਂ ਅਮਨ ਹਾਂਸ ਖੁਦ ਇਹ ਦੱਸਦਿਆਂ ਰੋ ਪਈ, ਵਗਦੇ ਹੰਝੂਆਂ ਅਤੇ ਸਿਸਕੀਆਂ ਲੈਂਦਿਆਂ ਉਸ ਨੇ ਦੱਸਿਆ ਕਿ ਉਸ ਨੂੰ ਲਾਲਚ ਅਤੇ ਧਮਕੀਆਂ ਮਿਲਦੀਆਂ ਰਹੀਆਂ ਪਰ ਉਸਨੇ ਕਦੇ ਪ੍ਰਵਾਹ ਨਹੀ ਕੀਤੀ, ਸੱਚ ਬੋਲਣ ਦੀ ਸਜ਼ਾ ਸੂਲੀ ਅਤੇ ਸੂਲਾਂ ਉੱਤੇ ਹੀ ਤੁਰਨਾ ਹੁੰਦਾ ਹੈ । ਇਸ ਮੌਕੇ ਦਿਲਬਾਗ ਸਿੰਘ ਚਾਵਲਾ ਤੇ ਕਵਿਤਰੀ ਪਰਮਜੀਤ ਕੌਰ ਦਿਓਲ ਨੇ ਸਾਂਝੇ ਤੌਰ ਤੇ’ ਅਮਨ ਹਾਂਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੀ ਇਸ ਧੀ ‘ਤੇ ਮਾਣ ਹੈ ਅਤੇ ਉਹ ਅਜਿਹੀਆਂ ਦਲੇਰ ਕੁੜੀਆਂ ਦੀ ਹੌਸਲਾ ਅਫ਼ਜਾਈ ਲਈ ਯਤਨ ਕਰਦੇ ਰਹਿਣਗੇ। ਇਸ ਮੌਕੇ ਅਮਨ ਹਾਂਸ ਨੂੰ ਫੁਲਕਾਰੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਅੰਜੂ ਸਿੱਕਾ, ਸਤਪਾਲ ਸਿੰਘ ਜੌਹਲ, ਭੁਪਿੰਦਰ ਦੂਲੇ, ਤੀਰਥ ਦਿਓਲ, ਜਗਰੂਪ ਮਹਿਣਾ, ਨੀਟਾ ਬਲਵਿੰਦਰ, ਕੁਲਜੀਤ ਸਿੰਘ ਮਾਨ, ਅਜੈਬ ਸਿੰਘ ਟੱਲੇਵਾਲੀਆ, ਸੁਰਜੀਤ ਕੌਰ, ਰਸ਼ਪਾਲ ਗਿੱਲ, ਡਾ. ਸਲਮਨ ਨਾਜ਼, ਮਲੂਕ ਸਿੰਘ ਕਾਹਲੋਂ, ਕਰਮਜੀਤ ਗਿੱਲ, ਗੁਰਦੀਸ਼ ਮਾਂਗਟ, ਗੁਰਮੁੱਖ ਸਿੰਘ ਬਾਠ, ਜਗਬੀਰ ਸਿੰਘ ਮਾਂਗਟ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੌਰਾਨ ਹਾਂਸ ਕਲਾ ਪਿੰਡ ਨਾਲ ਸਬੰਧਤ ਇੱਥੇ ਵੱਸਦੇ ਕਈ ਪਰਿਵਾਰ ਵੀ ਮੌਜੂਦ ਸਨ।