ਮਾਂ ਮੈਂ ਤੇਰੀ ਲਾਡੋ..

ਵੱਡੇ ਪੁੱਤ ਸਿਮਰਨ ਨੇ ਅੰਦਰ ਵੜਦਿਆਂ ਪੁੱਛਿਆ, ‘ਬੇਬੇ ਲਾਡੋ ਕਿੱਥੇਆ..?” ਤੇ ਲਾਡੋ ਲਾਡੋ ਕਹਿ ਕੇ ਉਚੀ ਉਚੀ ‘ਵਾਜਾਂ ਮਾਰਨ ਲੱਗਿਆ.
ਤੇ ਅੱਗੋਂ ਮਾਂ ਕਹਿੰਦੀ- ‘ਵੇ ਮੈਂ ਕਿੰਨੀ ਵਾਰ ਕਹਿ ਚੁੱਕੀ ਹਾਂ ਉਹਦਾ ਨਾਂਅ ਵੀਰੋ ਲੈ ਕੇ ਬੁਲਾਇਆ ਕਰੋ, ਕੱਲ ਨੂੰ ਉਸ ਨੇ ਪਰਾਏ ਘਰ ਜਾਣੈ, ਇੰਨੇ ਲਾਡ ਨਾ ਲਡਾਇਆ ਕਰੋ। ਪਤਾ ਨਹੀਂ ਕਿਹੋ ਜਿਹਾ ਘਰ-ਵਰ ਮਿਲਦੈ , ਉਹਦੇ ਚਾਅ-ਮਲਾਰ ਪੂਰੇ ਹੁੰਦੇ ਹਨ ਜਾਂ ਨਹੀਂ। ਤੁਹਾਨੂੰ ਇਹ ਵੀ ਪਤੈ ਕਿ ਉਸ ਦੇ ਸਿਰ ‘ਤੇ ਬਾਪ ਦਾ ਸਾਇਆ ਵੀ ਨਹੀਂ ‘ ਮਾਂ ਬੁਸ ਬੁਸ ਕਰਨ ਲੱਗਦੀ..
ਸਿਮਰਨ ਨੇ ਕਿਹਾ, ‘ਮਾਂ ਤੁਸੀਂ ਠੀਕ ਕਹਿੰਦੇ ਹੋ, ਭਰਾ ਪਿਓ ਨਹੀਂ ਬਣਦੇ ਪਰ ਪਿਓ ਵਰਗੇ ਤਾਂ ਬਣ ਸਕਦੇ ਨੇ। ਤੇ ਮਾਂ ਇਹ ਵੀ ਚੇਤੇ ਰੱਖੀਂ ਬਈ.. ਲਾਡੋ ਦੇ ਪੰਜ ਭਰਾ ਨੇ, ਹਰ ਕੋਈ ਬਾਪ ਬਣ ਕੇ ਵਿਖਾਏਗਾ ਅਤੇ ਲੋਕ ਮਿਸਾਲਾਂ ਦਿਆ ਕਰਨਗੇ।’
ਮਾਂ ਮਨ ਹੀ ਮਨ ਮੁਸਕਰਾ ਰਹੀ ਸੀ ਕਿ ‘ਪੁੱਤ ਇਹ ਤਾਂ ਸਮਾਂ ਹੀ ਦੱਸੂ..।
ਲਾਡੋ ਜਵਾਨ ਹੋ ਚੁੱਕੀ ਸੀ। ਮਾਂ ਚਾਹੁੰਦੀ ਸੀ ਕਿ ਕੋਈ ਚੰਗਾ ਜਿਹਾ ਵਰ ਮਿਲ ਜਾਏ ਤਾਂ ਉਹ ਵੀਰੋ ਦੇ ਹੱਥ ਪੀਲੇ ਕਰ ਦੇਵੇ। ਕਹਿੰਦੇ-ਕਹਾਉਂਦਿਆਂ ਦੀ ਧੀ ਸੀ। ਰਿਸ਼ਤੇ ਵੀ ਇਕ ਤੋਂ ਇਕ ਵੱਧ ਚੰਗੇ ਆ ਰਹੇ ਸਨ ਅਤੇ ਆਖਿਰ ਨੰਬਰਦਾਰ ਦੇ ਮੁੰਡੇ ਨਾਲ ਰਿਸ਼ਤਾ ਪੱਕਾ ਹੋ ਗਿਆ। ਭਰਾਵਾਂ ਨੇ ਰੀਝਾਂ ਨਾਲ ਭੈਣ ਦਾ ਵਿਆਹ ਕੀਤਾ। ਸਾਰੇ ਪਿੰਡ ਵਿਚ ਚਰਚਾ ਹੋ ਰਹੀ ਸੀ ਤੇ ਲੋਕ ਕਹਿ ਰਹੇ ਸਨ ਕਿ ਭਰਾ ਹੋਣ ਤਾਂ ਵੀਰੋ ਦੇ ਭਰਾਵਾਂ ਵਰਗੇ। ਲਾਡੋ ਆਪਣੇ ਭਰਾਵਾਂ ਤੋਂ ਵਾਰੀ-ਵਾਰੀ ਜਾ ਰਹੀ ਸੀ ਤੇ ਸੋਚ ਰਹੀ ਸੀ ਕਿ ਮਾਂ ਹੁਣ ਵੱਡੇ ਵੀਰ ਦਾ ਵਿਆਹ ਕਰ ਦੇਵੇ ਤਾਂ ਕਿ ਘਰ ਵਿਚ ਰੌਣਕ ਹੋ ਜਾਏ। ਇਧਰ ਲਾਡੋ ਦੀ ਡੋਲੀ ਤੁਰੀ ਤੇ ਦੂਜੇ ਪਾਸੇ ਵੱਡੇ ਪੁੱਤ ਦਾ ਰਿਸ਼ਤਾ ਪੱਕਾ ਹੋ ਗਿਆ ਅਤੇ ਸੋਹਣੀ, ਸੁਚੱਜੀ ਅਤੇ ਪੜੀ-ਲਿਖੀ ਨੂੰਹ ਘਰ ਵਿਚ ਆ ਗਈ। ਇੰਜ ਜਾਪਦਾ ਸੀ ਕਿ ਜਿਵੇਂ ਘਰ ਵਿਚ ਖੁਸ਼ੀਆਂ ਦਾ ਦਰਿਆ ਵਗ ਰਿਹਾ ਹੋਵੇ। ਇਕ ਦਿਨ ਵੱਡੀ ਨੂੰਹ ਦੇ ਚਾਚਾ ਜੀ ਉਸ ਨੂੰ ਮਿਲਣ ਆ ਗਏ। ਭਤੀਜੀ ਦਾ ਹਰਿਆ-ਭਰਿਆ ਘਰ ਵੇਖ ਕੇ ਉਸ ਨੇ ਆਪਣੀ ਧੀ ਦਾ ਰਿਸ਼ਤਾ ਦਿਓਰ ਨਾਲ ਕਰਵਾਉਣ ਲਈ ਕਿਹਾ। ਉਹ ਵੀ ਇਕਦਮ ਬੋਲ ਪਈ, ‘ਚਾਚਾ ਜੀ ਤੁਸੀਂ ਤਾਂ ਮੇਰੇ ਦਿਲ ਦੀ ਗੱਲ ਕਹਿ ਦਿੱਤੀ ਹੈ, ਰਿਸ਼ਤਾ ਪੱਕਾ ਹੋ ਗਿਆ ਅਤੇ ਅਗਲੇ ਮਹੀਨੇ ਦਾ ਵਿਆਹ ਵੀ ਪੱਕਾ ਹੋ ਗਿਆ। ਚਾਚੇ-ਤਾਏ ਦੀਆਂ ਧੀਆਂ ਦਰਾਣੀ-ਜੇਠਾਣੀ ਬਣ ਗਈਆਂ ਤੇ ਪੇਕੇ ਘਰ ਦੀ ਰੌਣਕ ਵੇਖ ਕੇ ਲਾਡੋ ਸਹੁਰੇ ਘਰ ਬੈਠੀ ਫੁੱਲੀ ਨਾ ਸਮਾਉਂਦੀ।
ਭੈਣਾਂ ਤੋਂ ਬਣੀਆਂ ਦਰਾਣੀ-ਜੇਠਾਣੀ ਦਾ ਰਿਸ਼ਤਾ ਜ਼ਿਆਦਾ ਦੇਰ ਤੱਕ ਨਾ ਚੱਲ ਸਕਿਆ। ਪਿਆਰ ਦੀ ਤੰਦ ਢਿੱਲੀ ਹੋਣ ਲੱਗੀ ਤੇ ਨਿੱਘਾ ਜਿਹਾ ਰਿਸ਼ਤਾ ਸ਼ਰੀਕੇ ਵਿਚ ਬਦਲ ਗਿਆ। ਬੋਲਚਾਲ ਬੰਦ ਹੋ ਗਈ ਤੇ ਭੈਣਾਂ ਹੁਣ ਇਕ-ਦੂਜੇ ਨੂੰ ਵੇਖਣਾ ਵੀ ਪਸੰਦ ਨਹੀਂ ਕਰਦੀਆਂ ਸਨ। ਮਾਂ ਤੇ ਲਾਡੋ ਬਹੁਤ ਪ੍ਰੇਸ਼ਾਨ ਰਹਿਣ ਲੱਗੀਆਂ ਤੇ ਸੋਚਦੀਆਂ ਪਤਾ ਨਹੀਂ ਕਿਸ ਚੰਦਰੇ ਦੀ ਘਰ ਨੂੰ ਨਜ਼ਰ ਲੱਗ ਗਈ, ਜਿਹੜੇ ਭਰਾ ਉਸ ਬਿਨਾਂ ਇਕ ਪਲ ਨਹੀਂ ਸੀ ਰਹਿੰਦੇ, ਹੁਣ ਉਸ ਤੋਂ ਨਜ਼ਰ ਚੁਰਾਉਣ ਲੱਗ ਪਏ। ਕਿਸੇ ਦੀ ਨਜ਼ਰ ਕੀ ਲੱਗਣੀ ਹੈ, ਸਭ ਕੁਝ ਤਾਂ ਸਾਡੀ ਆਪਣੀ ਸੋਚ ‘ਤੇ ਹੀ ਨਿਰਭਰ ਕਰਦਾ ਹੈ, ਵਿਆਹ ਤੋਂ ਬਾਅਦ ਪਤਾ ਨਹੀਂ ਮੁੰਡੇ ਕਿਉਂ ਬਦਲ ਜਾਂਦੇ ਹਨ? ਮਾਂ ਨੂੰ ਅਜੇ ਇਨਾਂ ਸੋਚਾਂ ਤੋਂ ਵਿਹਲ ਨਹੀਂ ਮਿਲਿਆ ਸੀ ਕਿ ਤੀਜੇ ਪੁੱਤਰ ਹਰਦੇਵ ਨੇ ਆ ਕੇ ਆਪਣਾ ਫ਼ੈਸਲਾ ਸੁਣਾ ਦਿੱਤਾ ਕਿ ਉਸ ਨੇ ਵੀ ਆਪਣੇ ਲਈ ਲੜਕੀ ਦੇਖ ਲਈ ਹੈ, ਜੋ ਮਾਂ-ਬਾਪ ਦੀ ਇਕੱਲੀ ਧੀ ਹੈ, ਇਸ ਲਈ ਉਹ ਵਿਆਹ ਤੋਂ ਬਾਅਦ ਸਹੁਰੇ ਹੀ ਰਹੇਗਾ ਕਿਉਂਕਿ ਉਹ ਆਪਣੇ ਮਾਂ-ਬਾਪ ਨੂੰ ਇਕੱਲਾ ਨਹੀਂ ਛੱਡ ਸਕਦੀ। ਹਰਦੇਵ ਦਾ ਵਿਆਹ ਕੀ ਕੀਤਾ, ਉਹ ਤਾਂ ਮੁੜ ਘਰ ਹੀ ਨਹੀਂ ਆਇਆ ਅਤੇ ਸਹੁਰਿਆਂ ਦਾ ਹੀ ਹੋ ਕੇ ਰਹਿ ਗਿਆ। ਹੁਣ ਉਸ ਨੂੰ ਆਪਣੀ ਵਿਧਵਾ ਮਾਂ ਦੀ ਕਦੀ ਯਾਦ ਨਹੀਂ ਸੀ ਆਉਂਦੀ ਤੇ ਨਾ ਹੀ ਲਾਡੋ ਭੈਣ ਦੀ, ਜਿਸ ਦਾ ਉਹ ਬਾਪ ਬਣਦਾ ਸੀ।
ਲਾਡੋ ਕੋਲੋਂ ਆਪਣੀ ਮਾਂ ਦਾ ਦੁੱਖ ਨਾ ਵੇਖਿਆ ਜਾਂਦਾ ਸੀ ਤੇ ਸੋਚਦੀ ਸੀ ਕਿ ਇਸ ਵਿਚ ਉਹਦੀ ਮਾਂ ਦਾ ਕੀ ਕਸੂਰ ਹੈ, ਉਸ ਨੇ ਤਾਂ ਵਿਧਵਾ ਹੁੰਦਿਆਂ ਹੋਇਆਂ ਬੱਚਿਆਂ ਨੂੰ ਲਾਡ-ਪਿਆਰ ਨਾਲ ਪਾਲਿਆ ਸੀ। ਪੜਾ-ਲਿਖਾ ਕੇ ਸਭ ਨੂੰ ਉਨਾਂ ਦੇ ਪੈਰਾਂ ‘ਤੇ ਖੜਾ ਕੀਤਾ ਸੀ। ਸੁੱਖ ਲੈਣ ਦਾ ਵੇਲਾ ਆਇਆ ਤਾਂ ਚਾਰੋ ਪਾਸਿਉਂ ਦੁੱਖਾਂ ਨੇ ਘੇਰ ਲਿਆ। ਪਰ ਫਿਰ ਵੀ ਮਾਂ ਚਾਹੁੰਦੀ ਸੀ ਕਿ ਉਸ ਦੇ ਦੋਵੇਂ ਛੋਟੇ ਪੁੱਤ ਸੁਖਦੀਪ ਤੇ ਪ੍ਰਦੀਪ ਵੀ ਆਪਣਾ ਘਰ ਵਸਾ ਲੈਣ ਤਾਂ ਫਿਰ ਭਾਵੇਂ ਉਸ ਨੂੰ ਰੱਬ ਸੱਦ ਲਵੇ ਤਾਂ ਕਿ ਉਹ ਕਈ ਚਿਰ ਪਹਿਲਾਂ ਵਿਗੋਚਾ ਦੇ ਗਏ ਜੀਵਨ ਸਾਥੀ ਨੂੰ ਕਹਿ ਸਕੇ ਕਿ ਜਿਹੜੀਆਂ ਉਹ ਜ਼ਿੰਮੇਵਾਰੀਆਂ ਅਧੂਰੀਆਂ ਛੱਡ ਆਇਆ ਸੀ, ਉਸ ਨੇ ਪੂਰਾ ਕਰਕੇ ਆਪਣਾ ਫ਼ਰਜ਼ ਨਿਭਾਅ ਦਿੱਤਾ ਹੈ।
ਮਾਂ ਹਮੇਸ਼ਾ ਆਪਣੀ ਉਧੇੜ-ਬੁਣ ਵਿਚ ਲੱਗੀ ਰਹਿੰਦੀ ਸੀ ਕਿ ਕਿਸੇ ਤਰਾਂ ਦੋਵਾਂ ਪੁੱਤਾਂ ਦਾ ਵਿਆਹ ਹੋ ਜਾਵੇ ਤੇ ਉਹ ਸੁਰਖਰੂ ਹੋ ਜਾਵੇ। ਪਰ ਉਹ ਤਾਂ ਵਿਆਹ ਕਰਕੇ ਹੋਰ ਫਸ ਗਈ। ਇਕ ਵਿਹੜੇ ਵਿਚ ਚਾਰ ਨੂੰਹਾਂ ਨਾਲ ਰਹਿਣਾ ਖਾਲਾ ਜੀ ਦੇ ਵਾੜੇ ਦੇ ਬਰਾਬਰ ਸੀ। ਹਰ ਵੇਲ ਮਿਹਣੇ ਤਾਅਨੇ ਦਿੰਦੀਆਂ ਨੂੰਹਾਂ ਨੇ ਮਾਂ ਦੀ ਜ਼ਿੰਦਗੀ ਦੁੱਭਰ ਕਰ ਦਿੱਤੀ, ਕੋਈਵੀ ਵਕਤ ਸਿਰ ਮਾਂ ਨੂੰ ਰੋਟੀ ਪਾਣੀ ਨਾ ਪੁੱਛਦੀ, ਇਕ ਦੂਜੀ ਸਰਿ ਜ਼ਿਮੇਵਾਰੀ ਸੁੱਟਦੀਆਂ ਰਹਿੰਦੀਆਂ..
ਲਾਡੋ ਕੋਲੋਂ ਮਾਂ ਦੀ ਹਾਲਤ ਵੇਖੀ ਨਹੀਂ ਸੀ ਜਾਂਦੀ, ਪਰ ਮਾਂ ਧੀ ਨੂੰ ਹੌਸਲਾ ਦਿੰਦੀ ਕਹਿੰਦੀ ਸੀ ਕਿ ਹੁਣ ਬਾਕੀ ਦਾ ਜੀਵਨ ਤਾਂ ਧੀਏ, ਮੈਨੂੰ ਅੱਖੋਂ ਅੰਨੀ ਅਤੇ ਕੰਨੋਂ ਬੋਲੀ ਹੋ ਕੇ ਹੀ ਕੱਟਣਾ ਪੈਣੇ।’ ਸਾਰੇ ਪੁੱਤਵੱਖਰੋ ਵੱਖਰੇ ਹੋ ਗਏ, ਘਰ ਦੀਆਂ ਸਮਾਨ ਦੀਆਂ ਜ਼ਮੀਨ ਦੀਆਂ ਵੰਡੀਆਂ ਪੈ ਗਈਆਂ,  ਮਾਂ ਛੋਟੇ ਪੁੱਤਰ ਨਾਲ ਰਹਿ ਰਹੀ ਸੀ ਪਰ ਉਸ ਦੀ ਪਤਨੀ ਵੀ ਮਾਂ ਨੂੰ ਬਰਦਾਸ਼ਤ ਨਹੀਂ ਸੀ ਕਰਦੀ , ਅਕਸਰ ਬੁੜਬੁੜ ਕਰਦੀ ਰਹਿੰਦੀ ਸੀ ਅਤੇ ਪੁੱਤ ਵੀ ਨੂੰਹ ਦਾ ਹੁੰਗਾਰਾ ਭਰਦਾ ਸੀ ਤੇ ਮਾਂ ਨੂੰ ਸੁਣਾਉਂਦਾ ਰਹਿੰਦਾ, ਬਾਕੀ ਪੁੱਤਾਂ ਦਾ ਵੀ ਤਾਂ ਤੈਨੂੰ ਸਾਂਭਣ ਦਾ ਫਰਜ਼ ਐ, ਸਾਰਾ ਬੋਝ ਮੈਂ ਹੀ ਕਿਉਂ ਚੁੱਕਾਂ..
ਮਾਂ ਢਿੱਡ ਚ ਮੁੱਕੀਆਂ ਦੇ ਕੇ ਰੋਂਦੀ ਰਹਿੰਦੀ..
ਇਕ ਦਿਨ ਓਹ ਪੁੱਤ ਆਪਣੀ ਪਤਨੀ ਨਾਲ ਸਹੁਰੇ ਚਲਾ ਗਿਆ ਅਤੇ ਮਾਂ ਨੂੰ ਗੁਆਂਢੀਆਂ ਦੇ ਘਰ ਛੱਡ ਗਿਆ। ਮਾਂ ਇਹ ਸੋਚ-ਸੋਚ ਕੇ ਬਿਮਾਰ ਹੋ ਗਈ ਕਿ ਮਾਵਾਂ ਪੁੱਤ ਇਸ ਲਈ ਮੰਗਦੀਆਂ ਨੇ ਕਿ ਪੁੱਤ ਉਨਾਂ ਦਾ ਵੰਸ਼ ਅੱਗੇ ਤੋਰਨ,  ਬੁਢਾਪੇ ਦੀ ਲਾਠੀ ਬਣਨ, ਪਰ ਇਥੇ ਤਾਂ ਮਾਂ ਦੀ ਕੋਈ ਸ਼ਕਲ ਵੇਖਣਾ ਵੀ ਪਸੰਦ ਨਹੀਂ ਕਰਦਾ, ਕੋਈ ਉਸ ਨਾਲ ਦੋ ਸ਼ਬਦ ਸਾਂਝੇ ਕਰਨਾ ਨਹੀਂ ਚਾਹੁੰਦਾ, ਜਣਨੀ ਨੂੰ ਇਕੱਲਾ ਛੱਡ ਕੇ ਹਰ ਕੋਈ ਆਪਣੇ-ਆਪਣੇ ਸੰਸਾਰ ਵਿਚ ਰੁੱਝਿਆ ਹੋਇਆ ਹੈ, ਕਿਸੇ ਨੂੰਹ ਨੂੰ ਵੀ ਇਸ ਗੱਲ ਦਾ ਧਿਆਨ ਨਹੀਂ ਆਉਂਦਾ ਕਿ ਕੱਲ ਨੂੰ ਉਸ ਨੇ ਵੀ ਸੱਸ ਬਣਨੈ। ਅਚਾਨਕ ਮਾਂ ਦੀ ਤਬੀਅਤ ਬਹੁਤ ਖਰਾਬ ਹੋ ਗਈ। ਡਾਕਟਰ ਨੂੰ ਬੁਲਾਇਆ ਗਿਆ ਤਾਂ ਉਸ ਨੇ ਦੱਸਿਆ ਕਿ ਮਾਂ ਜੀ ਸਦਮੇ ਵਿਚ ਨੇ, ਇਨਾਂ ਦੇ ਪਰਿਵਾਰ ਨੂੰ ਬੁਲਾਓ, ਠੀਕ ਹੋ ਜਾਣਗੇ। ਗੁਆਂਢਣ ਨੇ ਵਾਰੋ ਵਾਰੀ ਸਾਰੇ ਪੁੱਤਾਂ ਨੂੰ ਫੋਨ ਕੀਤੇ ਪਰ ਕਿਸੇ ਨੇ ਸਿੱਧੇ ਮੂੰਹ ਗੱਲ ਨਾ ਕੀਤੀ ਤਾਂ ਲਾਡੋ ਨੂੰ ਫੋਨ ਲਾਇਆ, ਉਸ ਨੇ ਗੱਲ ਵੀ ਪੂਰੀ ਨਾ  ਸੁਣੀ ਤੇ ਕਿਹਾ, ਮੈਂ ਬੱਸ ਹੁਣੇ ਆਈ..
ਕੁਝ ਚਿਰ ਮਗਰੋਂ ਲਾਡੋ ਪਹੁੰਚ ਗਈ। ਪੁੱਤਾਂ ਨੂੰਹਾਂ ਦਾ ਰਾਹ ਵੱਖਦੀ ਮਾਂ ਦੇ ਮੂਹਰੇ ਧੀ ਖਲੋਤੀ ਸੀ, ਤਾਂ ਮਾਂ ਧੀ ਨੂੰ ਇਕ ਟੱਕ ਲਾ ਕੇ ਵੇਖਣ ਲੱਗੀ, ਮੁਸਕਰਾਹਟ ਹੇਠ ਪੁੱਤਾਂ ਵਲੋਂ  ਦੁਰਕਾਰੇ ਜਾਣ ਦਾ ਦਰਦ ਛੁਪਾਉਣ ਦੀ ਕੋਸ਼ਿਸ਼ ਕਰਨ ਲੱਗੀ, ਧੀ ਨੇ ਭੱਜ ਕੇ ਮਾਂ ਨੂੰ ਕਲਾਵੇ ਚ ਭਰ ਲਿਆ ਤੇ ਕਹਿੰਦੀ- ‘ਮਾਂ ਮੈਂ ਤੇਰੀ ਲਾਡੋ’ ਮੈਂ ਤੈਨੂੰ ਲੈਣ ਆਈ ਹਾਂ, ਤੂੰ ਹਮੇਸ਼ਾ ਲਈ ਮੇਰੇ ਨਾਲ ਰਹੇਂਗੀ ਤੇ ਮੈਂ ਆਪਣੇ ਵੀਰਾਂ ਨੂੰ ਤੇਰੀ ਜ਼ਿੰਮੇਵਾਰੀ ਤੋਂ ਮੁਕਤ ਕਰਦੀ ਹਾਂ। ਲਾਡੋ ਮਾਂ ਨੂੰ ਗੱਡੀ ਵਿਚ ਲੈ ਕੇ ਚਲੀ ਗਈ, ਪਿੱਛੇ ਪੁੱਤਾਂ ਪੋਤਿਆਂ ਵਾਲਾ ਵੰਸ਼ ਉਡਦੀ ਧੂੜ ਚ ਕਿਧਰੇ ਨਜ਼ਰ ਨਹੀਂ ਆਇਆ..