ਕਾਮਰੇਡ ਕੁੜੀ ਨੂੰ ਪਿਆਰ ਕਰਦਿਆਂ

-ਅਨਿਲ ਆਦਮ
ਉਸ ਦੀ ਅੱਖ ਝੀਲ ਨਹੀਂ ਸੀ
ਟਿਕਾਅ ਤਾਂ
ਇੱਕ ਪਲ ਦਾ ਵੀ ਨਹੀਂ ਸੀ
ਉੱਥੇ ਕਿਸੇ ਕੰਵਲ ਨੇ ਕਿੱਥੋਂ ਉੱਗਣਾ ਸੀ
ਇੱਕ ਸਾਗਰ ਸੀ ਦੂਰ ਤੱਕ ਫੈਲਿਆ ਹੋਇਆ
ਜੋ ਨਿੱਕੀਆਂ ਨਿੱਕੀਆਂ ਕਿਸ਼ਤੀਆਂ ਦੇ
ਡੁੱਬ ਜਾਣ ਦੇ ਫ਼ਿਕਰ ‘ਚ ਡੁੱਬ ਕੇ ਰੋਜ਼ ਮਰਦਾ ਸੀ
ਕਾਮਰੇਡ ਕੁੜੀ ਦੀ ਅੱਖ ਉਦਾਸ ਨਹੀਂ ਸੀ
ਫਿਕਰਮੰਦ ਸੀ
ਉਹ ਪਿਆਰ ਕਰਨਾ ਚਾਹੁੰਦੀ ਸੀ
ਪਰ ਏਨਾ ਕੁ
ਥੋੜਾ ਜਿਹਾ ਕੁ ਨਹੀਂ
ਜਿਸ ਨੂੰ ਸੰਸਕਾਰਾਂ ਦੀ ਭਾਸ਼ਾ ‘ਚ
ਚੁਟਕੀ ਭਰ ਸੰਧੂਰ ਕਹੀਦਾ ਹੈ …
ਜਿਸ ਨਾਲ ਮਸਾਂ ਵਾਲਾਂ ਦਾ ਇੱਕ ਚੀਰ ਭਰੀਦਾ ਹੈ
ਉਸਨੇ ਤਾਂ ਘੱਟ ਤੋਂ ਘੱਟ ਵੀ ਜਦੋਂ ਚਾਹਿਆ
ਤਾਂ ਇਹੋ ਚਾਹਿਆ
ਕਿ ਧਰਤੀ ਸਾਰੀ ਦੀ ਸਾਰੀ ਰੰਗਲੀ ਹੋਵੇ
ਘਰ ਬਾਰ ਨਿੱਕ ਸੁੱਕ
ਖੇਸ ਦਰੀਆਂ
ਤੇ ਹੋਰਾਂ ਵਾਂਗ ਦੋ ਤਿੰਨ ਹੋਰ
ਲੋੜਾਂ ਉਸਦੀਆਂ ਵੀ ਸਨ
ਪਰ ਉਸਦਾ ਇਸ ਪਾਸੇ ਧਿਆਨ ਹੀ ਨਹੀਂ ਗਿਆ ਕਦੀ
ਕਾਮਰੇਡ ਕੁੜੀ ਕਿਸੇ ਦੀ ਮਹਿਬੂਬਾ ਬਣਨ ਤੋਂ ਪਹਿਲਾ ਹੀ
ਦੁਨੀਆਂ ਦੇ ਸਾਰੇ ਲਿੱਬੜੇ-ਲਤਾੜਿਆਂ ਦੀ ਮਾਂ ਬਣ ਗਈ ਸੀ
ਇੱਕ ਕਾਮਰੇਡ ਕੁੜੀ ਨੂੰ
ਕਈ ਸਾਲ ਚੁਪ-ਚਾਪ ਪਿਆਰ ਕਰਦਿਆਂ
ਅਖੀਰ ਮੈਂ ਇਸ ਨਤੀਜੇ ਤੇ ਪਹੁੰਚਿਆ ਹਾਂ
ਕਿ ਕਾਮਰੇਡ ਕੁੜੀ ਨੂੰ ਪਿਆਰ ਕਰਨ ਲਈ
ਧਰਤੀ ਜਿੱਡਾ ਦਿਲ
ਤੇ ਅਸਮਾਨ ਜਿੱਡਾ ਵੱਡਾ ਜਿਗਰਾ ਚਾਹੀਦਾ ਹੈ …