ਸਿੱਖੀ ਦਾ ਸਰਟੀਫ਼ਿਕੇਟ

-ਅਮਰੀਕ ਪਾਠਕ

ਨਾਮ ਨਾਲ ਸਿੰਘ ਸਜਾ ਲੈਣਾ,
ਪਹਿਣ ਕਕਾਰ ਗਾਤਰਾ ਪਾ ਲੈਣਾ,
ਭੇਸ ਬਣਾ ਸਿੱਖ ਅਖਵਾ ਲੈਣਾ,
ਸਿੱਖੀ ਦਾ ਸਰਟੀਫ਼ਿਕੇਟ ਥੋੜ੍ਹਾ…………।
ਗ੍ਰੰਥ ਨੂੰ ਗੁਰੂ ਮੰਨ ਕੇ ਮੱਥੇ ਘਸਾਉਣ ਲੱਗ ਜਾਣਾ,
ਖਾ ਕੜਾਹ ਦਾ ਕੌਲਾ,ਜੈਕਾਰੇ ਲਾਉਣ ਲੱਗ ਜਾਣਾ,
ਹਰਾਮ ਦੀ ਕਮਾਈ,ਗੋਲਕਾਂ ਚ ਪਾਉਣ ਲੱਗ ਜਾਣਾ,
ਸਿੱਖੀ ਦਾ ਸਰਟੀਫ਼ਿਕੇਟ ਥੋੜ੍ਹਾ…………।
ਰੁਜ਼ਗਾਰ ਲਈ ਬਣੇ ਗ੍ਰੰਥੀ ਦਾ ਵਪਾਰੀ ਹੋ ਜਾਣਾ,
ਪੰਜ ਪਿਆਰਿਆਂ ਦਾ ਪੰਥ ਤੋਂ ਭਾਰੀ ਹੋ ਜਾਣਾ,
ਸ਼ਰੋਮਣੀ ਕਮੇਟੀ ਦਾ ਸਰਕਾਰੀ ਹੋ ਜਾਣਾ,
ਸਿੱਖੀ ਦਾ ਸਰਟੀਫ਼ਿਕੇਟ ਥੋੜ੍ਹਾ ………..।
ਬਾਣੀ ਨੂੰ ਰਟਾ ਕੇ ਬਹਿ ਜਾਣਾ,
ਰੁਮਾਲੇ-ਪੁਸ਼ਾਕੇ ਚੜ੍ਹਾ ਕੇ ਬਹਿ ਜਾਣਾ,
ਬਿਨ ਨਿਰਖੇ-ਪਰਖੇ,ਅੰਮ੍ਰਿਤ ਛਕਾ ਕੇ ਬਹਿ ਜਾਣਾ,
ਸਿੱਖੀ ਦਾ ਸਰਟੀਫ਼ਿਕੇਟ ਥੋੜ੍ਹਾ ………….।
ਧਰਮ ਤੇ ਕਲਮ ਚਲਾਉਣ ਨਾ ਦੇਣਾ,
ਕੋਈ ਸ਼ੰਕਾ,ਕੋਈ ਸਵਾਲ ਉਠਾਉਣ ਨਾ ਦੇਣਾ,
ਖਾਲਿਸਤਾਨੀ ਜਾਨੂੰਨ ਵੱਸ,ਕਿਸੇ ਨੂੰ ਜਿਉਣ ਨਾ ਦੇਣਾ,
ਸਿੱਖੀ ਦਾ ਸਰਟੀਫ਼ਿਕੇਟ ਥੋੜ੍ਹਾ …………..।
ਸਿੱਖੀ ਨੂੰ ਸਿਰਫ਼ ਕਕਾਰਾਂ ਤੱਕ ਰੱਖਣਾ,
ਸੀਮਤ ਕਰ ਦਸਤਾਰਾਂ ਤੱਕ ਰੱਖਣਾ,
ਅਮਲਾਂ-ਵਿਵਹਾਰਾਂ ਤੋਂ ਸੱਖਣਾ ਕਰਕੇ,
ਸਿਧਾਂਤਾਂ ਨੂੰ ਵਿਚਾਰਾਂ ਤੱਕ ਰੱਖਣਾ,
ਸਿੱਖੀ ਦਾ ਸਰਟੀਫ਼ਿਕੇਟ ਥੋੜ੍ਹਾ ………..।