ਹਵਾ ਨੇ ਦਿਸ਼ਾ ਬਦਲੀ ਹੈ..

ਹਵਾ ਦੇ ਰੁਖ਼ ਬਦਲਣ ‘ਤੇ
ਬੜੇ ਨੱਚੇ, ਬੜੇ ਟੱਪੇ
ਜਿਹਨਾਂ ਦੇ ਸ਼ਾਮਿਆਨੇ ਡੋਲ ਚੁੱਕੇ ਸਨ
ਉਹਨਾਂ ਐਲਾਨ ਕਰ ਦਿੱਤਾ
ਕਿ ਰੁੱਖ ਹੁਣ ਸ਼ਾਂਤ ਹੋ ਗਏ ਹਨ
ਕਿ ਹੁਣ ਤੂਫਾਨ ਦਾ ਦਮ ਟੁੱਟ ਚੁੱਕਿਆ ਹੈ
ਜਿਵੇਂ ਕਿ ਜਾਣਦੇ ਨਾ ਹੋਣ
ਐਲਾਨਾਂ ਦਾ ਤੂਫਾਨਾਂ ਉੱਤੇ ਕੋਈ ਅਸਰ ਨਹੀਂ ਹੁੰਦਾ
ਜਿਵੇਂ ਕਿ ਜਾਣਦੇ ਨਾ ਹੋਣ
ਤੂਫਾਨਾਂ ਦੀ ਵਜਾ ਰੁੱਖ ਹੀ ਨਹੀਂ ਹੁੰਦੇ
ਸਗੋਂ ਉਹ ਹੁੱਟ ਹੁੰਦਾ ਹੈ
ਜਿਹੜਾ ਧਰਤੀ ਦਾ ਮੁੱਖੜਾ ਰੋਲ ਦਿੰਦਾ ਹੈ
ਜਿਵੇਂ ਕਿ ਜਾਣਦੇ ਨਾ ਹੋਣ
ਉਹ ਹੰਮਸ ਬਹੁਤ ਗਹਿਰਾ ਸੀ
ਜਿੱਥੇ ਤੂਫਾਨ ਜੰਮਿਆ ਸੀ
ਸੁਣੋ ਓ ਭਰਮ ਦੇ ਪੁੱਤੋ
ਹਵਾ ਨੇ ਦਿਸ਼ਾ ਬਦਲੀ ਹੈ
ਹਵਾ ਬੰਦ ਹੋ ਨਹੀਂ ਸਕਦੀ
ਜਦੋਂ ਤੱਕ ਧਰਤ ਦਾ ਮੁੱਖੜਾ
ਟਹਿਕ ਗੁਲਜ਼ਾਰ ਨਹੀਂ ਹੁੰਦਾ
ਤੁਹਾਡੇ ਸ਼ਾਮਿਆਨੇ ਅੱਜ ਵੀ ਡਿੱਗੇ
ਭਲਕ ਵੀ ਡਿੱਗੇ
ਹਵਾ ਏਸੇ ਦਿਸ਼ਾ ‘ਤੇ ਫੇਰ ਵਗਣੀ ਹੈ
ਤੂਫਾਨਾਂ ਨੇ ਕਦੇ ਵੀ ਮਾਤ ਨਹੀਂ ਖਾਧੀ
-ਪਾਸ਼