‘ਸਿੱਧ ਗੋਸਟਿ ਦੇ ਆਸ ਪਾਸ’

ਹਾਰ ਦਾ
ਇਕਬਾਲ ਹੁੰਦੇ ਨੇ
ਉਹ ਪਲ
ਜਦ ਬੰਦੇ ਦੀ
ਸੋਚ ਦੀ ਗਾਨੀ ‘ਚੋਂ
ਕਿਰ ਜਾਵੇ
ਦਲੀਲ ਦਾ ਆਖਰੀ ਮਣਕਾ ।

ਇਤਿਹਾਸ 

ਅਚਲ ਬਟਾਲੇ ਦੀ ਧਰਤੀ ‘ਤੇ
ਕੁਰਾਹੀਆ
ਪਖੰਡੀ
ਜਾਦੂਗਰ ਞਰਗੇ
ਅਪਮਾਨ ਭਰੇ ਸ਼ਬਦਾਂ ਨੂੰ
ਗਾਹਲਾਂ ਨਾਲ ਨਹੀਂ
ਮੁਸਕਰਾਹਟ ਭਰੀ
ਤਰਕ ਦੀ ਤਲਵਾਰ ਨਾਲ
ਆਪਣੇ ਕਦਮਾਂ ‘ਚ
ਢੇਰੀ ਕਰਦਾ ਹੈ

ਇਤਿਹਾਸ
ਵਿਚਾਰਾਂ ਦੇ ਵਿਰੋਧ ‘ਚ
ਮਸੂਮ ਧੀਆਂ ‘ਤੇ ਅਸ਼ਲੀਲ
ਫਿਕਰੇ ਨਹੀ ਕੱਸਦਾ
ਸਗੋਂ
‘ਰਾਜੇ ਸੀਂਹ ਮੁਕੱਦਮ ਕੁੱਤੇ’ ਵਰਗੇ
ਰੋਹਲੇ ਸ਼ਬਦਾ ਨਾਲ
ਵਿਰੋਧ ਦਾ ਤਰਕ ਸਿਰਜਦਾ ਹੇ

ਇਤਿਹਾਸ
ਵਿਚਾਰਾਂ ਦੀ ਲੜਾਈ
ਆਪਣੇ ਹੀ
ਲਹੂ ਨਾਲ ਲਿਬੜੇ
ਖੂੰਖਾਰ ਹੱਥਾਂ
ਹੱਥ ਅਰਜੀ ਫੜਾਕੇ
ਨਹੀਂ ਲੜਦਾ
ਸਗੋਂ
ਲੋਕ ਸੱਥ ‘ਚ
‘ਕਿਛੁ ਸੁਣੀਐ ਕਿਛੁ ਕਹੀਐ ‘ ਦੇ
ਸੰਵਾਦ ਰਾਹੀਂ
ਲਾ ਜਵਾਬ ਕਰ ਕੇ
ਵੀ ਲੜਦਾ ਹੈ

ਅੰਨੀ ਸ਼ਰਧਾ
ਜੇਕਰ
ਸਿਰਾਂ ‘ਚੋਂ ਅਕਲ ਚੂਸਦੀ ਹੈ
ਤਾਂ ਕਵਿਤਾ ਦੇ ਨਾਂ ‘ਤੇ
ਬਕੜਵਾਹ ਵੀ
ਪ੍ਰਗਟਾਅ ਹੀ ਹੁੰਦਾ ਹੈ
ਬੰਦੇ ਦੇ
ਮਾਨਸਿਕ ਉਖੇੜੇ ਦਾ

ਕਵੀ ਹੋਵੇ
ਜਾਂ
ਧਰਮੀ
ਇਹ ਸੱਚ ਹੈ
ਕਿ ਕੱਟੜਤਾ
ਅਗਿਆਨਤਾ
ਗੁੱਸਾ
ਭਾਵੁਕਤਾ
ਈਰਖਾ
ਹਾਉਮੇ ਅਤੇ
ਮੰਦੀ ਭਾਸ਼ਾ
‘ਸਿੱਧ ਗੋਸਟਿ’ ਨਹੀ
ਸਿਰਫ ਬਕੜਵਾਹ ਹੀ ਸਿਰਜਦੇ ਨੇ

ਜਿਸ ਨਾਲ
ਸਿਰਫ
ਔਰੰਗਜ਼ੇਬ ਦੇ
ਤਖਤ ਦੇ ਪੌਡੇ ਹੀ
ਮਜਬੂਤ ਹੁੰਦੇ ਨੇ

ਹਾਰ ਦਾ
ਇਕਬਾਲ ਹੁੰਦੇ ਨੇ
ਉਹ ਪਲ
ਜਦ ਬੰਦੇ ਦੀ
ਸੋਚ ਦੀ ਗਾਨੀ ‘ਚੋਂ
ਕਿਰ ਜਾਵੇ
ਦਲੀਲ ਦਾ ਆਖਰੀ ਮਣਕਾ ।
-ਡਾ: ਸੁਖਦੇਵ ਗੁਰੂ