ਜਿਨਾਹ ਤੇ ਵੰਡ ……….

-ਨਵ ਚੇਤਨ

ਉਹਨਾਂ ਲੋਕਾਂ ਦੀਆਂ ਸਵੈ ਜੀਵਨੀਆਂ ਜਿੰਨਾ ਨੇ ਭਾਰਤ ਪਾਕਿਸਤਾਨ ਵੰਡ ਦਾ ਦੁਖਾਂਤ ਹੰਢਾਇਆ ਹੈ , ਤੁਹਾਨੂੰ ਵੰਡ ਬਾਰੇ ਬੜਾ ਚਾਨਣ ਕਰਵਾਉਂਦੀਆਂ ਨੇ , ਕੁਲਦੀਪ ਨਈਅਰ ਦੀ ਸਵੈ ਜੀਵਨੀ ਵੀ ਉਹਨਾਂ ਚੋਂ ਇੱਕ ਹੈ..ਖੁਰਸ਼ੀਦ ਮਹਿਮੂਦ ਕਸੂਰੀ ਦੀ ਕਿਤਾਬ …ਤੇ ਐੱਮ ਜੇ ਅਕਬਰ ਦੀ ਕਿਤਾਬ…ਇਹਨਾਂ ਕਿਤਾਬਾਂ ਚੋਂ ਕੁਝ ਵਾਕਿਆਤ ਬੇਹੱਦ ਸਾਂਝੇ ਕਰਨ ਯੋਗ ਹਨ ….
ਐੱਮ ਜੇ ਅਕਬਰ ਲਿਖਦਾ ਹੈ ਕਿ ਮਜ਼੍ਹਬ ਦੇ ਅਧਾਰ ਤੇ ਵੱਖਰੇ ਮੁਲਕ ਦੀ ਮੰਗ ਕਰਨ ਵਾਲਾ ਜਿਨਾਹ 14 ਅਗਸਤ ਚ ਪਾਕਿਸਤਾਨ ਦੀ ਸੰਵਿਧਾਨਿਕ ਅਸੰਬਲੀ ਦੇ ਭਾਸ਼ਨ ਚ ਕਹਿੰਦਾ ਹੈ ਕਿ ਇਹ ਮੁਲਕ ਮਜ਼੍ਹਬ ਦੇ ਅਧਾਰ ਤੇ ਕਿਸੇ ਨਾਲ ਵਿਤਕਰਾ ਨਹੀਂ ਕਰੇਗਾ ….ਅਕਬਰ ਪੁੱਛਦਾ ਹੈ ਕਿ ਜੇ ਇਹੀ ਕਰਨਾ ਸੀ ਤਾਂ ਫਿਰ ਵੱਖਰੇ ਮੁਲਕ ਦੇ ਕੀ ਲੋੜ ਸੀ, ਇਹ ਸਾਰਾ ਕੁਝ ਤਾਂ ਸਾਂਝੇ ਮੁਲਕ ਚ ਵੀ ਹੋ ਸਕਦਾ ਸੀ ??
ਮੁਹੰਮਦ ਅਲੀ ਜਿਨਾਹ 1945 ਚ ਲਾਹੌਰ ਲਾਅ ਕਾਲਜ ਆਇਆ ਜਿਥੇ ਕੁਲਦੀਪ ਨਈਅਰ ਵਿਦਿਆਰਥੀ ਸੀ …ਉਸਨੇ ਜਿਨਾਹ ਤੋਂ ਦੋ ਸਵਾਲ ਪੁੱਛੇ..ਪਹਿਲਾ ਸੀ ਕਿ ਅੰਗਰੇਜ਼ਾਂ ਦੇ ਜਾਂਦਿਆਂ ਹੀ ਇਥੇ ਮਜ਼੍ਹਬ ਦੇ ਅਧਾਰ ਤੇ ਕਤਲੋਗਾਰਦ ਹੋਵੇਗੀ ਤਾਂ ਜਿਨਾਹ ਦਾ ਜਵਾਬ ਸੀ,” ਜਰਮਨੀ ਤੇ ਫਰਾਂਸ ਹਜਾਰਾਂ ਸਾਲ ਤੱਕ ਲੜੇ ਹਨ ਪਰ ਅੱਜ ਦੋਸਤ ਹਨ ਇਹੀ ਇਤਿਹਾਸ ਹੈ , ਹਿੰਦੁਸਤਾਨ ਤੇ ਪਾਕਿਸਤਾਨ ਵੀ ਦੋਸਤ ਹੋਣਗੇ” …. ਕੁਲਦੀਪ ਨਈਅਰ ਦਾ ਦੂਸਰਾ ਸਵਾਲ ਸੀ ਕਿ ਜੇ ਹਿੰਦੁਸਤਾਨ ਤੇ ਕੋਈ ਤੀਜਾ ਮੁਲਕ ਹਮਲਾ ਕਰਦਾ ਹੈ ਤਾਂ ਪਾਕਿਸਤਾਨ ਦਾ ਨਜਰੀਆ ਕੀ ਹੋਵੇਗਾ , ਜਿਨਾਹ ਦਾ ਜਵਾਬ ਸੀ,”ਨੌਜੁਆਨ , ਯਾਦ ਰੱਖੀਂ ਖੂਨ ਦਾ ਰਿਸ਼ਤਾ ਪਾਣੀ ਤੋਂ ਗੂਹੜਾ ਹੁੰਦਾ ਹੈ , ਪਾਕਿਸਤਾਨ ਭਾਰਤ ਦੇ ਮੋਢੇ ਨਾਲ ਮੋਢਾ ਜੋੜ ਕਿ ਲੜੇਗਾ “……
ਜਿਨਾਹ ਨੂੰ ਵੰਡ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਚੰਗੇ ਸਬੰਧਾਂ ਦਾ ਏਨਾ ਭਰੋਸਾ ਸੀ ਕਿ ਜਦੋਂ ਨਹਿਰੂ ਨੇ ਜਿਨਾਹ ਤੋਂ ਭਾਰਤੀ ਹਾਈ ਕਮਿਸ਼ਨਰ ਦੇ ਜਰੀਏ ਪੁੱਛਿਆ ਕਿ ਉਸ ਦੇ ਬੰਬੇ ਵਿਚਲੇ ਘਰ ਨੂੰ “ਈਵੈਕੀ ਪ੍ਰਾਪਰਟੀ ” ਐਲਾਨ ਦਿੱਤਾ ਜਾਵੇ ਤਾਂ ਜਿਨਾਹ ਦਾ ਜਵਾਬ ਸੀ ਕਿ ਉਹ ਉਸ ਘਰ ਨੂੰ ਰੱਖਣਾ ਚਾਹੁੰਦਾ ਹੈ ਕਿਓਂ ਉਹ ਭਵਿੱਖ ਚ ਹਰ ਸਾਲ ਚ ਕੁਝ ਹਫਤੇ ਬੰਬੇ ਚ ਬਿਤਾਉਣਾ ਚਾਹੁੰਦਾ ਹੈ !……..ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਕਸੂਰੀ ਵੀ ਆਪਣੀ ਕਿਤਾਬ ਚ ਇਸ ਗੱਲ ਦੀ ਪ੍ਰੋੜਤਾ ਕਰਦੇ ਹਨ ਕਿ ਵੰਡ ਤੋਂ ਪਹਿਲਾ ਜਿਨਾਹ ਦੀ ਭੈਣ ਆਪਣੇ ਬੰਬੇ ਵਾਲੇ ਘਰ ਲਈ ਰਸੋਈਆ ਲੱਭ ਰਹੇ ਸਨ ਕਿਓਂ ਕਿ ਉਹ ਚਾਹੁੰਦੇ ਸਨ ਕਿ ਵੰਡ ਤੋਂ ਬਾਅਦ ਉਹ ਘੱਟੋ ਘੱਟ ਇਕ ਮਹੀਨਾ ਜਰੂਰ ਬੰਬੇ ਚ ਬਿਤਾਇਆ ਕਰਨਗੇ…..!!
ਜਿਨਾਹ ਨਾਲ ਕੰਮ ਕਰਦਾ ਇੱਕ ਨੇਵੀ ਅਫਸਰ ਜਿਸਨੇ ਆਪਣੇ ਮਾਂ ਪਿਓ ਵੰਡ ਦੇ ਦੰਗਿਆਂ ਚ ਗਵਾ ਲਏ ਸਨ ਨੇ ਜਿਨਾਹ ਨੂੰ ਪੁੱਛਿਆ ਸੀ , “ਕੀ ਪਾਕਿਸਤਾਨ ਬਣਾਉਣਾ ਸਹੀ ਸੀ ?”..ਜਿਨਾਹ ਦਾ ਜਵਾਬ ਸੀ ,”ਮੈਨੂੰ ਨਹੀਂ ਪਤਾ ਜਵਾਨ , ਆਉਣ ਵਾਲਿਆਂ ਨਸਲਾਂ ਹੀ ਫੈਸਲਾ ਕਰਨਗੀਆਂ “………
ਇੱਕ ਦਿਨ ਜਦੋਂ ਜਿਨਾਹ ਲਹੌਰ ਚ ਸੀ ਤਾਂ ਪਾਕਿਸਤਾਨ ਦਾ ਮੁੜ ਵਸੇਬਾ ਮੰਤਰੀ ਇਫ਼ਤਖ਼ਾਰ ਉਦ ਦੀਨ, ਜਿਨਾਹ ਤੇ ਪਾਕਿਸਤਾਨ ਟਾਈਮਜ਼ ਦੇ ਸੰਪਾਦਕ ਮਜ਼ਹਰ ਅਲੀ ਖ਼ਾਨ ਨੂੰ ਵੰਡੇ ਪੰਜਾਬ ਦੇ ਹਵਾਈ ਸਰਵੇਖਣ ਲਈ ਲੈ ਗਿਆ , ਜਦੋਂ ਜਿਨਾਹ ਨੇ ਦੋਹਾਂ ਪਾਸਿਆਂ ਤੋਂ ਉੱਜੜੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਦੋਹਾਂ ਪਾਸਿਆਂ ਨੂੰ ਆਉਂਦੀਆਂ ਦੇਖੀਆਂ ਤਾਂ ਜਿਨਾਹ ਮੱਥੇ ਤੇ ਹੱਥ ਮਾਰ ਕਿ ਕਹਿੰਦਾ ,”ਇਹ ਮੈਂ ਕੀ ਕਰ ਬੈਠਾ “