*ਅਵਾਜ਼*

-ਸੰਤ ਰਾਮ ਉਦਾਸੀ
ਸੁਣੋ! ਸੁਣੋ!! ਅਵਾਜ਼ ਮੇਰੀ
ਸੱਚ ਦੇ ਹਾਣ ਦੀ
ਅਵਾਜ਼ ਜੋ ਮੈਂ ਕਹਿ ਰਿਹਾ
ਬਿਮਾਰ ਹਿੰਦੋਸਤਾਨ ਦੀ।
ਅਵਾਜ਼ ਜੋ ਮੈਂ ਕਹਿ ਰਿਹਾ
ਹੈ ਜਾਨੂੰਨ ਜਿਰਮ ਦੀ।
ਹਰ ਸ਼ਹਿਰ ਦੀ ਹਰ ਕੰਧ ਤੇ
ਖੂਨ ਦੇ ਛਿੱਟੇ ਪੈ ਗਏ।
ਪੌਣਾਂ ਵਿੱਚ ਜ਼ਹਿਰਾਂ ਘੁਲੀਆ
ਮਨ ਖੱਟੇ ਕਿਉਂ ਪੈ ਗਏ।
ਕਲਮ ਜੇ ਸੀ ਸੋਚਿਆ
ਖੁਸ਼ੀਆਂ ਦਾ ਲਿਖਣਾ ਗੀਤ ਹੈ
ਪਰ ਇਹ ਮਜ਼ਬੂਰੀਆਂ
ਵੈਣ ਪਾਉਣੇ ਪੈ ਗਏ
ਸੁਣੋ! ਸੁਣੋ!! ਅਵਾਜ਼ ਮੇਰੀ
ਰੋਂਦਿਆਂ ਨੂੰ ਚੁੱਪ ਕਰਾਣ ਦੀ।
ਸੁਣੋ! ਸੁਣੋ!! ਅਵਾਜ਼ ਮੇਰੀ
ਦੁਖੀਆਂ ਨੂੰ ਗਲ ਲਾਣ ਦੀ।
ਹਿੱਟ ਲਿਸਟ ਦੇ ਅਰਥ ਨੂੰ
ਪਹਿਲਾਂ ਨਾ ਕੋਈ ਜਾਣਦਾ
ਹਿੱਟ ਲਿਸਟ ਦੇ ਵਿੱਚ ਤਾਂ
ਮੰਦ-ਭਾਗਾ ਹੀ ਆਮਦਾ।
ਹਿੱਟ ਲਿਸਟ ਤਾਂ ਰੂਪ ਹੈ
ਖਰੂਦ ਭਰੇ ਗੁਮਾਨ ਦਾ।
ਹਿੱਟ ਲਿਸਟ ਲਿਖਣ ਵਾਲਿਓ
ਗੱਲ ਕਰੋ ਨਾ ਅੱਗ ਲਗਾਣ ਦੀ
ਗੱਲ ਕਰੋ ਬੁਝੇ ਚੁੱਲੇ ਤਪਾਣ ਦੀ।
ਬੱਸਾਂ ‘ਚੋਂ ਕੱਢਕੇ ਮਾਰਤੇ
ਲਾਸ਼ਾਂ ਖੂਨ ਤਰਦੀਆਂ
ਕਲਮ ਦੀ ਜੀਭਾ ਆਖਦੀ
ਹੋਰ ਨਹੀਂ ਗੱਲਾਂ ਘਰ ਦੀਆਂ
ਹਾਇ! ਉਹ ਮੰਦ-ਭਾਗਣਾ
ਜੋ ਸੀ ਕੁੱਲ ਸੁਹਾਗਣਾ
ਪਲ ਵਿੱਚ ਰੰਡੀਆਂ ਕਰਤੀਆਂ
ਵੇਖੋ ਚੱਕਰ, ਖੇਡ, ਕਿਸਮਤੀ
ਰੱਤ ਨਾ ਮਾਂਗਾਂ ਭਰਤੀਆਂ।
ਵਾਲ ਗਲਾਂ ਵਿੱਚ ਪੈ ਗਏ
ਰੋਦੀਂਆਂ ਹਟਕੋਰੇ ਭਰਦੀਆਂ
ਬਾਲਾਂ ਵੱਲ ਨੂੰ ਤੱਕ ਕੇ
ਗਮਾਂ ਨੂੰ ਜਰਬਾਂ ਕਰਦੀਆਂ
ਕਿਸਮਤ ਉੱਤੇ ਝੂਰਦੀਆਂ
ਕਿਉਂ ਨਾ ਜੰਮਦੀਆਂ ਮਰਗੀਆਂ
ਆਹ! ਹਸ਼ਰ ਨਾ ਤੱਕਦੀਆਂ
ਜਿੱਥੇ ਹੋਈਆਂ ਇਹ ਹਰਕਤਾਂ
ਪੀਲੀਆਂ ਪੈ ਗਈਆਂ ਧਰਤੀਆਂ
ਰੋ ਰਹੇ ਸਭ ਪਿੰਡ ਨੇ
ਰੋ ਰਹੀਆਂ ਸ਼ਹਿਰ ਦੀਆਂ ਬਸਤੀਆਂ
ਇਹ ਸ਼ਾਮਾਂ ਕੀ ਨੇ ਕਹਿੰਦੀਆਂ?
ਇਹ ਰਾਤਾਂ ਕੀ ਨੇ ਕਹਿੰਦੀਆਂ?
ਨੀਦਾਂ ਨਾ ਅੱਖੀਂ ਪੈਦੀਆਂ
ਡਰਦੀਆਂ, ਖੜ, ਬਹਿੰਦੀਆਂ
ਤੱਕ ਡਰਾਉਣੇ ਦ੍ਰਿਸ਼ ਨੂੰ
ਰੂਹਾਂ ਹੀ ਕੰਬ ਜਾਂਦੀਆਂ
ਜਦ ਸਵੇਰਾਂ ਹੁੰਦੀਆਂ
ਅਖਬਾਰਾਂ ਤੇ ਅੱਖੀਆਂ ਪੈਦੀਆਂ
ਅਖਬਾਰਾਂ ਨੂੰ ਆਦਤ ਪੈ ਗਈ
ਨਿੱਤ ਖੂਨੀ ਗੱਲਾਂ ਕਹਿੰਦੀਆਂ
ਸਿਖਰ ਦੁਪਹਿਰਾਂ ਹੋਣ ਤੇ
ਧੁੱਪਾਂ ਵੀ ਰਹਿਣ ਸਹਿਮੀਆਂ।
ਹਾਲ ਕਿਉਂ ਮੰਦਾ ਹੋ ਗਿਆ
ਘੁੱਗ ਵਸਦੇ ਪੰਜਾਬ ਦਾ?
ਪਾਣੀ ਕਿਉਂ ਗੰਦਲਾ ਹੋ ਗਿਆ
ਸਤਲੁਜ ਦਰਿਆ ਦਾ?
ਕਾਲਾ ਵਰਕ ਕਿਉਂ ਹੋ ਗਿਆ
ਸੋਹਣੇ ਸਿੱਖ ਇਤਿਹਾਸ ਦਾ?
ਕਿੱਦਾਂ ਕੋਈ ਕਾਨੀ ਲਿਖੇਗੀ
ਦ੍ਰਿਸ਼ ਕੁਲਿਹਣੇ ਬਾਬ ਦਾ?
ਇਹ ਕੌਤਕ ਹੈ ਕਿਸ ਰਚਿਐ?
ਮੇਰਾ ਆਪਣਾ ਘਰ ਹੀ ਮੱਚਿਐ
ਗਿਆ ਆਪਣਾ ਆਪੇ ਡੱਸਿਐ
ਸੁਣੋ! ਸੁਣੋ!! ਅਵਾਜ਼ ਇਹ ਹੈ
ਦੂਰ ਬੈਠੇ ਸ਼ੈਤਾਨ ਦੀ।
ਸੋਚ ਰਿਹਾ ਸਾਨੂੰ ਹੀ ਮਰਾਣ ਦੀ
ਦਿੱਲੀ ਵਿੱਚ ਜਿਊਂਦੇ ਸਾੜਤੇ
ਰੋੜਕੇਲਾ ਕਿਸੇ ਨੇ ਮਾਰ ਤੇ?
ਪਾਣੀਪਤ, ਮਧੂਬਨ ਜੋ ਹੋ ਗਿਆ
ਇਹ ਕਾਰੇ ਕਿਸ ਸਰਕਾਰ ਦੇ?
ਇਹ ਐਵੈਂ ਨਾ ਹੋ ਸਕਿਐ
ਇਹ ਕਾਰਾ ਹੈ ਕਿਸ ਰਚਿਐ?
ਸੁਣੋ! ਸੁਣੋ!! ਅਵਾਜ਼ ਇਹ
ਦਿੱਲੀ ਦੇ ਹੁਕਮਰਾਨ ਦੀ
“ਧਰਤ ਦਾ ਹਿੱਲਣਾ ਕੁਦਰਤੀ
ਗੱਲ ਕਰਦਾ ਵੱਡੇ ਰੁੱਖ ਡਿੱਗ ਜਾਣ ਦੀ।”
ਹੁਣ ਮੈਂ ਇਸ ਦੋਸ਼ ਨੂੰ
ਕਿਸ ਦੇ ਸਿਰ ਮੜਾਂਗਾ
ਹਿੱਕ ਆਪਣੀ ਨੂੰ ਤਾਣ ਕੇ
ਕਿਸ ਧਿਰ ਵੱਲ ਹੋ ਖੜਾਂਗਾ
ਕਿਸ ਦੋਸ਼ੀ ਨੂੰ ਬਰੀ ਕਰਾਂਗਾ
ਨਹੀਂ! ਨਹੀਂ!! ਮੈਂ ਕਿਸੇ ਨੂੰ ਬਰੀ ਨਹੀਂ ਕਰਾਂਗਾ।
ਕਰਾਂਗਾ ਵਾਰ ਹੁਣ ਮੈਂ
ਕਲਮ ਨਾਲ ਕਰਾਂਗਾ।
ਦੋਹਾਂ ਧਿਰਾਂ ਤੇ ਵਰਾਂਗਾ।
ਦੋਹਾਂ ਧਿਰਾਂ ਤੇ ਵਰਾਂਗਾ।