ਅਲਵਿਦਾ ਅਜਮੇਰ ਔਲਖ..

-ਪੰਜਾਬੀਲੋਕ ਬਿਊਰੋ
ਅੱਜ ਰੰਗਮੰਚ ਜਗਤ ਦੀ ਰੂਹ “ਪ੍ਰੋ. ਅਜਮੇਰ ਸਿੰਘ ਔਲਖ” ਸਦੀਵੀ ਵਿਛੋੜਾ ਦੇ ਗਏ। (ਉਨਾਂ ਦਾ ਅੰਤਿਮ ਸਸਕਾਰ 16 ਜੂਨ ਨੂੰ ਮਾਨਸਾ ‘ ਚ ਕੀਤਾ ਜਾਵੇਗਾ। ਸਾਹਿਤ ਅਕਾਦਮੀ ਪੁਰਸਕਾਰ ਸਨਮਾਨਿਤ ਇਹ ਰੰਗਕਰਮੀ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ। ਉਹ ਪਿਛਲੇ ਹਫਤੇ ਹੀ ਫੋਰਟਿਸ ਹਸਪਤਾਲ ਮੋਹਾਲੀ ਤੋਂ ਡਿਸਚਾਰਜ ਹੋਏ ਸਨ। ਉਹ ਇੱਕ ਮਹੀਨੇ ਤੋਂ ਇਸ ਹਸਪਤਾਲ ਵਿੱਚ ਕੈਂਸਰ ਦਾ ਇਲਾਜ ਕਰਾ ਰਹੇ ਸਨ।
ਔਲਖ ਦਾ ਜਨਮ 19 ਅਗਸਤ 1942 ਨੂੰ ਕੁੰਭੜਵਾਲ, ਮਾਨਸਾ ਵਿੱਚ ਸ੍ਰ. ਕੌਰ ਸਿੰਘ ਅਤੇ ਸ੍ਰੀਮਤੀ ਹਰਨਾਮ ਕੌਰ ਦੇ ਘਰ ਹੋਇਆ। ਉਨਾਂ ਐੱਮ.ਏ. ਪੰਜਾਬੀ ਕੀਤੀ ਅਤੇ ਵਿਦਿਆਰਥੀਆਂ ਨੂੰ ਇੱਕ ਆਦਰਸ਼ ਅਧਿਆਪਕ ਵਜੋਂ ਸਿੱਖਿਅਤ ਕਰਨ ਦੇ ਨਾਲ-ਨਾਲ ਸਾਹਿਤ ਰਾਹੀਂ ਸਮਾਜਿਕ ਸਰੋਕਾਰਾਂ ਨਾਲ ਜੋੜਦਿਆਂ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਵਿੱਚੋਂ ਸੇਵਾਮੁਕਤ ਹੋਏ। ਪੰਜਾਬ ਦੇ ਕਿਰਸਾਨੀ ਜੀਵਨ ਦੀਆਂ ਸਮੱਸਿਆਵਾਂ ਨੂੰ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਪੇਸ਼ ਕਰਨ ਵਾਲਾ ਪੰਜਾਬੀ ਦਾ ਪ੍ਰਤੀਨਿਧ ਨਾਟਕਕਾਰ ਸੀ।ਪ੍ਰੋ. ਅਜਮੇਰ ਸਿੰਘ ਔਲਖ ਉਨਾਂ ਕੁਝ ਲੋਕਾਂ ਵਿੱਚੋਂ ਇੱਕ ਸੀ ਜਿਨਾਂ ਆਪਣੀ ਜ਼ਿੰਦਗੀ ਸਾਹਿਤ ਰਾਹੀਂ ਲੋਕਾਂ ਨੂੰ ਸਮਰਪਿਤ ਕੀਤੀ। ਉਹ ਖ਼ੁਦ ਹੀ ਨਹੀਂ ਬਲਕਿ ਉਨਾਂ ਦਾ ਪੂਰਾ ਪਰਿਵਾਰ ਹੀ ਸਾਹਿਤ ਤੇ ਖ਼ਾਸ ਕਰਕੇ ਨਾਟਕ ਤੇ ਰੰਗਮੰਚ ਦੁਆਰਾ ਲੋਕਾਂ ਨੂੰ ਚੇਤਨ ਕਰਨ ਲਈ ਨਿਰੰਤਰ ਕਾਰਜਸ਼ੀਲ ਰਿਹਾ। ਅਜਮੇਰ ਔਲਖ ਨੂੰ 2006 ਵਿੱਚ ਇਕਾਂਗੀ-ਸੰਗ੍ਰਹਿ “ਇਸ਼ਕ ਬਾਝ ਨਮਾਜ ਦਾ ਹੱਜ ਨਾਹੀ” ਲਈ ਭਾਰਤੀ ਸਾਹਿਤ ਅਕਾਦਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆਪੰਜਾਬੀ ਭਾਸ਼ਾ ਦੇ ਸਿਰਮੌਰ ਪੁਰਸਕਾਰ ਪੰਜਾਬੀ ਸਾਹਿਤ ਰਤਨ ਨਾਲ ਵੀ ਸਨਮਾਨਿਆ ਗਿਆ। ਉਹ ਜਮਹੂਰੀ ਸਭਾ ਪੰਜਾਬ ਦੇ ਪ੍ਰਧਾਨ, ਦੇਸ਼ ਭਗਤ ਯਾਦਗਾਰ ਕਮੇਟੀ, ਪੰਜਾਬ ਸੰਗੀਤ ਅਕਾਦਮੀ ਅਤੇ ਕੇਂਦਰੀ ਲੇਖਕ ਸਭਾ ਦੇ ਸਰਗਰਮ ਮੈਂਬਰ ਸਨ। ਉਹ ਉਮਰ ਦੇ ਅੱਠਵੇਂ ਦਹਾਕੇ ਵਿੱਚ ਵੀ ਦੁਨੀਆਂ ਭਰ ਵਿੱਚ ਜਾ ਕੇ ਨਾਟਕ ਖੇਡ ਰਹੇ ਸਨ ਅਤੇ ਨਵੀਂ ਪੀੜੀ ਨੂੰ ਪੁਸਤਕ ਮੇਲਿਆਂ ਰਾਹੀਂ ਸਾਹਿਤ ਨਾਲ ਜੋੜ ਰਹੇ ਸਨ। ਉਨਾਂ ਦਾ ਸੁਪਨਾ ਅਤੇ ਮਿਸ਼ਨ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕਰਨਾ ਸੀ। ਉਨਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਉਹ ਸੇਵਾ-ਮੁਕਤ ਪੰਜਾਬੀ ਲੈਕਚਰਾਰ ਹੁਣ ਕੁਲਵਕਤੀ ਤੌਰ ਤੇ ਰੰਗਮੰਚ ਕਾਮਾ ਬਣਿਆ। ਡਾ. ਅਜਮੇਰ ਔਲਖ ਜੀ ਨੇ ਆਪਣੇ ਸਾਹਿਤਕ ਖ਼ੇਤਰ ਵਿੱਚ ਬਹੁਤ ਮਾਣ-ਸਨਮਾਨ ਹਾਸਿਲ ਕੀਤੇ ਜਿਵੇ:- ਭਾਰਤੀ ਸੰਗੀਤ ਨਾਟਕ ਅਕਾਦਮੀ, ਨਵੀਂ ਦਿੱਲੀ ਵੱਲੋਂ 22 ਮਾਰਚ 2006 ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ ਅਬਦੁਲ ਕਲਾਮ ਨੇ ਆਪਣੇ ਕਰ-ਕਮਲਾਂ ਨਾਲ ਵਿਗਿਆਨ ਭਵਨ ਨਵੀਂ ਦਿੱਲੀ ਪੁਰਸਕਾਰ ਦਿੱਤਾ ਗਿਆ।ਭਾਰਤੀ ਸਾਹਿਤ ਅਕਾਦਮੀ ਨੇ 2006 ਵਿੱਚ ਇਕਾਂਗੀ ਸੰਗ੍ਰਹਿ ਠਇਸ਼ਕ ਬਾਝ ਨਮਾਜ਼ ਦਾ ਹੱਜ ਨਾਹੂ ਨੂੰ ਪੁਰਸਕਾਰ ਮਿਲਿਆ। ਸੰਨ 2000 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਨਾਟਕਕਾਰ ਦਾ ਪੁਰਸਕਾਰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤਾ ਗਿਆ। ਸੰਨ 2003 ਵਿੱਚ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ ਵੱਲੋਂ ਪੰਜਾਬੀ ਨਾਟਕਕਾਰ ਅਵਾਰਡ ਦਿੱਤਾ ਗਿਆ। ਸੋ, ਡਾ. ਅਜਮੇਰ ਔਲਖ ਸੱਚਮੁੱਚ ਪੰਜਾਬੀ ਨਾਟਕ ਤੇ ਰੰਗ-ਮੰਚ ਦੀ ਜ਼ਿੰਦ ਜਾਨ ਹਨ।

ਉਹਨਾਂ ਦੇ ਮਸ਼ਹੂਰ ਨਾਟਕ ਅਰਬਦ ਨਰਬਦ ਧੁੰਦੂਕਾਰਾ – 1978, ਬਗ਼ਾਨੇ ਬੋਹੜ ਦੀ ਛਾਂ – 1981, ਅੰਨੇ ਨਿਸ਼ਾਨਚੀ – 1983, ਮੇਰੇ ਚੋਣਵੇਂ ਇਕਾਂਗੀ – 1985, ਗਾਨੀ – 1990, ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ – 2004, ਐਇੰ ਨੀ ਹੁਣ ਸਰਨਾ – 2012 .
ਪੂਰੇ ਨਾਟਕ- ਭੱਜੀਆਂ ਬਾਹਾਂ -1987 (ਕਹਾਣੀਕਾਰ ਵਰਿਆਮ ਸੰਧੂ ਦੀ ਕਹਾਣੀ ‘ਭੱਜੀਆਂ ਬਾਹਾਂ’ ਦਾ ਨਾਟਕੀ ਰੂਪਾਂਤਰਨ ਕੀਤਾ।) ਸੱਤ ਬਗ਼ਾਨੇ – 1988, ਕੇਹਰ ਸਿੰਘ ਦੀ ਮੌਤ –1992, ਇੱਕ ਸੀ ਦਰਿਆ – 1994, ਸਕਵਾਨ – 1994, ਝਨਾਂ ਦੇ ਪਾਣੀ -2000, ਨਿੱਕੇ ਸੂਰਜਾਂ ਦੀ ਲੜਾਈ – 2004, ਨਿਉਂ ਜੜ – 2008 ਆਦਿ।
ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਅੱਜ ਪ੍ਰੈਸ ਬਿਆਨ ਜਾਰੀ ਕਰਦਿਆਂ ਉਘੇ ਨਾਟਕਕਾਰ ਅਤੇ ਲੋਕਪੱਖੀ ਸ਼ਖਸੀਅਤ ਪ੍ਰੋਫੈਸਰ ਅਜਮੇਰ ਸਿੰਘ ਔਲੱਖ ਜੀ ਦੇ ਦੇਹਾਂਤ ਉੱਪਰ ਡੂੰਘੇ ਦੁੱਖ ਦਾ ਇਜ਼ਹਾਰ ਕਰਦੀ ਹੈ। ਪ੍ਰੋਫੈਸਰ ਔਲੱਖ ਜੀ ਨੇ ਸਿਰਫ਼ ਰੰਗਮੰਚ ਅਤੇ ਸਾਹਿਤ ਦੇ ਖੇਤਰ ਵਿਚ ਹੀ ਨਹੀਂ ਸਗੋਂ ਜਮਹੂਰੀ ਤੇ ਜਮਹੂਰੀ ਹੱਕਾਂ ਦੀ ਲਹਿਰ ਵਿਚ ਬਹੁਮੁੱਲਾ ਯੋਗਦਾਨ ਪਾਇਆ। ਇਸ ਅਜ਼ੀਮ ਸ਼ਖਸੀਅਤ ਨੂੰ ਜ਼ਿੰਦਗੀ ਨਾਲ ਡੂੰਘੀ ਮੁਹੱਬਤ ਸੀ। ਉਨਾਂ ਨੇ ਆਪਣੀ ਸਮੁੱਚੀ ਜ਼ਿੰਦਗੀ ਇਸ ਸਮਾਜ ਨੂੰ ਇਨਸਾਨ ਦੇ ਜਿਊਣਯੋਗ ਬਣਾਉਣ ਲਈ ਚੱਲ ਰਹੇ ਸੰਘਰਸ਼ ਵਿਚ ਸੰਘਰਸ਼ਸ਼ੀਲ ਲੋਕਪੱਖੀ ਜਮਹੂਰੀ ਤਾਕਤਾਂ ਦੇ ਮੋਢੇ ਨਾਲ ਮੋਢਾ ਲਾਊਂਦਿਆਂ ਅਤੇ ਕਲਮ ਤੇ ਰੰਗਮੰਚ ਦੇ ਮੋਰਚੇ ਤੋਂ ਵਿਸ਼ੇਸ਼ ਯੋਗਦਾਨ ਪਾਉਂਦਿਆਂ ਸਮਾਜ ਦੇ ਲੇਖੇ ਲਾਈ। ਉਹ ਹਕੂਮਤੀ ਤੇ ਖ਼ਾਲਸਤਾਨੀ ਦਹਿਸ਼ਤਵਾਦ ਅਤੇ ਹੋਰ ਕਾਲੀਆਂ ਤਾਕਤਾਂ ਦੇ ਹਮਲਿਆਂ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਹਮੇਸ਼ਾ ਲੁਟੀਂਦੇ ਅਤੇ ਦੱਬੇਕੁਚਲੇ ਲੋਕਾਂ ਨਾਲ ਡੱਟਕੇ ਖੜਦੇ ਰਹੇ ਅਤੇ ਹਰ ਤਰਾਂ ਦੇ ਜਬਰ-ਜ਼ੁਲਮ ਵਿਰੁੱਧ ਆਵਾਜ਼ ਉਠਾਉਂਦੇ ਰਹੇ। ਉਹ ਲੰਮਾ ਸਮਾਂ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਰਹੇ ਅਤੇ ਉਦੋਂ ਹੀ ਉਨਾਂ ਨੇ ਇਹ ਜ਼ਿੰਮੇਵਾਰੀ ਛੱਡੀ ਜਦੋਂ ਜਾਨਲੇਵਾ ਬੀਮਾਰੀ ਕਾਰਨ ਉਹ ਉੱਠਣ ਤੋਂ ਵੀ ਬੇਵੱਸ ਹੋ ਗਏ। ਉਨਾਂ ਨੇ ਓਪਰੇਸ਼ਨ ਗਰੀਨ ਵਿਰੋਧੀ ਜਮਹੂਰੀ ਫਰੰਟ ਦੇ ਸੂਬਾ ਕਨਵੀਨਰ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਅਤੇ ਹੋਰ ਲੋਕਪੱਖੀ ਜਮਹੂਰੀ ਸੰਸਥਾਵਾਂ ਵਿਚ ਕੰਮ ਕਰਦਿਆਂ ਲੋਕ ਹੱਕਾਂ ਦੀ ਲਹਿਰ ਵਿਚ ਅਹਿਮ ਯੋਗਦਾਨ ਪਾਇਆ। ਉਨਾਂ ਦਾ ਸਦੀਵੀ ਵਿਛੋੜਾ ਲੋਕਪੱਖੀ ਜਮਹੂਰੀ ਅਤੇ ਜਮਹੂਰੀ ਹੱਕਾਂ ਦੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਅੱਜ ਦੇ ਹਾਲਾਤ ਵਿਚ ਉਨਾਂ ਦਾ ਸਦੀਵੀ ਵਿਛੋੜਾ ਇਸ ਕਰਕੇ ਵੀ ਵਧੇਰੇ ਦੁਖਦਾਈ ਹੈ ਕਿ ਸਾਡੇ ਸਮਾਜ ਨੂੰ ਉਨਾਂ ਵਰਗੀਆਂ ਨਿਧੜਕ ਆਵਾਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸਾਲਾਂ ਬੱਧੀ ਕੈਂਸਰ ਦੀ ਨਾਮੁਰਾਦ ਬੀਮਾਰੀ ਦਾ ਬੁਲੰਦ ਹੌਸਲੇ ਨਾਲ ਮੁਕਾਬਲਾ ਕਰਨਾ ਅਤੇ ਹਮੇਸ਼ਾ ਚੜਦੀ ਕਲਾ ਵਿਚ ਰਹਿੰਦੇ ਹੋਏ ਸਮਾਜੀ ਸਰੋਕਾਰਾਂ ਨਾਲ ਜੁੜੇ ਰਹਿਣਾ ਆਪਣੇ ਆਪ ਵਿਚ ਇਕ ਮਿਸਾਲ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਉਨਾਂ ਦੀ ਅਮਿਟ ਘਾਲਣਾ ਨੂੰ ਸਲਾਮ ਕਰਦੀ ਹੈ।