ਗੁਨਾਹਗਾਰ

‘ਚੱਲ ਨੀ ਮਨਜੀਤੇ, ਤੈਨੂੰ ਹੀ ਚੁੱਕਣੇ ਪੈਣੇ ਆ’, ਮਨਜੀਤ ਪਾਥੀਆਂ ਪੱਥਦੇ-ਪੱਥਦੇ ਇਨ੍ਹਾਂ ਸ਼ਬਦਾਂ ਨੂੰ ਸਹਿਜ ਸੁਭਾਅ ਗੁਣਗੁਣਾਉਂਦੀ ਰਹੀ | ਪਹਿਲਾਂ ਵੀ ਮੈਂ ਉਸ ਨੂੰ ਕਈ ਵਾਰ ਦੇਖਿਆ ਸੀ ਪਰ ਉਦੋਂ ਉਹ ਦੂਸਰੀਆਂ ਔਰਤਾਂ ਨਾਲ ਹੁੰਦੀ ਸੀ | ਉਸ ਦਾ ਹਸੂੰ-ਹਸੂੰ ਕਰਦਾ ਚਿਹਰਾ ਤੇ ਉਸ ਦਾ ਖਿੜਖਿੜਾ ਕੇ ਹੱਸਣਾ ਵਾਦੀਆਂ ਵਿਚ ਕੋਈ ਸੰਗੀਤ ਜਿਹਾ ਪੈਦਾ ਕਰ ਦਿੰਦਾ ਸੀ ਤੇ ਅੱਜ ਉਸ ਦਾ ਇਉਂ ਗੁਣਗੁਣਾਉਣਾ ਮੇਰੇ ਸਰੀਰ ਵਿਚ ਕੰਪਨ ਬਣ ਕਿੰਨਾ ਚਿਰ ਦੌੜਦਾ ਰਿਹਾ | ਕੋਈ ਬੰਦਾ ਕਿੰਨੇ ਦਰਦ ਹੰਢਾਉਂਦਾ, ਕਿੰਨਾ ਹੀ ਕੁਝ ਉਸ ਦੇ ਅੰਦਰ ਛੁਪਿਆ ਹੁੰਦਾ ਐ | ਇਕੱਲਾਪਣ ਬੰਦੇ ਦਾ ਉਹ ਦਰਪਣ ਹੈ ਜਿਸ ਦੇ ਵਿਚ ਉਹ ਆਪਣੀ ਹਕੀਕਤ ਨੂੰ ਬਿਆਨ ਕਰਦਾ ਹੈ | ‘ਮਾਂ ਭੁੱਖ ਲੱਗੀ ਐ ਖਾਣਾ ਦੇ ਦੇ |’ ਮਨਜੀਤ ਨੂੰ ਸੋਚਾਂ ਵਿਚ ਪਈ ਨੂੰ ਹਲੂਣਦੇ ਹੋਏ ਉਸ ਦੀ ਛੇ ਕੁ ਸਾਲਾਂ ਦੀ ਧੀ ਨੇ ਉਸ ਨੂੰ ਆਣ ਕੇ ਝੰਜੋੜਿਆ ‘ਮਾਂ ਰੋਟੀ ਦੇ ਦੇ |’ ‘ਦੇ ਦਊਾ ‘ਗੀ, ਤੈਨੂੰ ਜ਼ਿਆਦਾ ਕਾਹਲੀ ਐ ਰੋਟੀ ਦੀ, ਜਦੋਂ ਮਾਲਕ ਦੇਣਗੇ ਉਦੋਂ ਈ… |’ ਕਹਿੰਦੇ-ਕਹਿੰਦੇ ਮਨਜੀਤ ਦਾ ਧਿਆਨ ਆਪਣੀ ਧੀ ਦੇ ਫਟੇ ਪੁਰਾਣੇ ਕੱਪੜਿਆਂ ‘ਤੇ ਪਿਆ | ਹੱਥ ਵਾਲੀ ਪਾਥੀ ਸੁੱਟ ਆਪਣੀ ਧੀ ਨੂੰ ਗਲੇ ਲਗਾਉਂਦੀ ਹੋਈ ਕਹਿਣ ਲੱਗੀ, ‘ਕਾਹਨੂੰ ਜੰਮਣਾ ਸੀ ਤੂੰ ਇਸ ਪੱਥਰਾਂ ਦੇ ਸ਼ਹਿਰ ‘ਚ ਜਿੱਥੇ ਧੀ ਦੇ ਬੁੱਤ ਨੂੰ ਵੀ… |’
ਕੀ ਕਰਾਂ ਮੈਂ ਇਹੋ ਜਿਹਾ ਕਿ ਤੈਨੂੰ ਖੁਸ਼ੀਆਂ ਦੇ ਸਕਾਂ | ਨਿੱਕੀਆਂ-ਨਿੱਕੀਆਂ ਖੁਸ਼ੀਆਂ ਲਿਆ ਤੇਰੇ ਛੋਟੇ-ਛੋਟੇ ਹੱਥਾਂ ‘ਤੇ ਰੱਖ ਦਿਆਂ ਕਿ ਤੂੰ ਮੈਨੂੰ ਪੁੱਛੇਂ… ‘ਮਾਏ ਨੀ ਮਾਏ ਮੇਰੇ ਦਿਲਾਂ ਦੀਏ ਮਹਿਰਮੇਂ ਨੀ, ਬੁੱਝ ਮੇਰੀ ਮੁੱਠੀ ਵਿਚ ਕੀ?’ ਤੇ ਜਦੋਂ ਮੈਂ ਮੁੱਠੀ ਖੋਲ੍ਹਾਂ ਇਕ ਮਿੱਠੀ ਜਿਹੀ ਮੁਸਕਰਾਹਟ ਤੇਰੇ ਚਿਹਰੇ ‘ਤੇ ਹੋਵੇ | ਆਪਣੀ ਸੋਚਾਂ ਦੀ ਲੜੀ ਨੂੰ ਅੱਧ ਵਿਚਾਲੇ ਤੋੜਦੀ ਹੋਈ ਕਹਿੰਦੀ ‘ਚੱਲ ਵੇ ਮਨਾਂ ਚੱਕ ਆਪਣੇ ਕਰਮਾਂ ਦਾ ਟੋਕਰਾ ਸਿਰ ‘ਤੇ, ਤੇ ਕੰਮ ਲੱਗ ਜਾਹ |’ ਟੋਕਰਾ ਸਿਰ ‘ਤੇ ਰੱਖ ਧੀ ਦੀ ਉਂਗਲ ਫੜ ਘਰ ਵੱਲ ਤੁਰ ਪਈ | ਕੰੰਮ ਧੰਦੇ ਨਿਪਟਾਉਣ ਤੋਂ ਬਾਅਦ ਮਾਲਕਾਂ ਦੇ ਘਰੋਂ ਮਿਲੀ ਰੋਟੀ ਨਾਲ ਦੋਵਾਂ ਮਾਵਾਂ-ਧੀਆਂ ਨੇ ਆਪਣਾ ਪੇਟ ਭਰਿਆ | ਸੱਚੀਂ ਗਰੀਬ ਦੇ ਲਈ ਤਾਂ ਰੋਟੀ ਦੀ ਖੁਸ਼ਬੂ ਹੀ ਸਾਰੀਆਂ ਖੁਸ਼ਬੋਆਂ ਤੋਂ ਉੱਪਰ ਹੁੰਦੀ ਹੈ |
ਕੁਝ ਸਮੇਂ ਦੀ ਇਜਾਜ਼ਤ ਲੈ ਉਹ ਆਪਣੀ ਧੀ ਦੀ ਉਂਗਲ ਫੜ ਉਸ ਨੂੰ ਘਰ ਛੱਡ ਆਈ ਤੇ ਮਾਲਕਾਂ ਦੇ ਪਸ਼ੂਆਂ ਲਈ ਪੱਠਿਆਂ ਦਾ ਪ੍ਰਬੰਧ ਕਰਨ ਲਈ ਖੇਤਾਂ ਵੱਲ ਹੋ ਤੁਰੀ | ਮੈਲੇ ਕੱਪੜੇ ਤੇ ਅਣਵਾਹੇ ਸਿਰ ‘ਤੇ ਚਰੀ ਦੀ ਪੰਡ ਰੱਖ ਵਾਹੋਦਾਹੀ ਭੱਜੀ ਆ ਰਹੀ, ਚਰੀ ਦੀ ਪੰਡ ਨੂੰ ਸਿਰ ਤੋਂ ਡਿੱਗਦੇ-ਡਿੱਗਦੇ ਬਚਾਉਂਦੇ-ਬਚਾਉਂਦੇ ਅਚਨਚੇਤ ਹੀ ਉਸ ਦੇ ਮੂੰਹ ਵਿਚੋਂ ਨਿਕਲ ਗਿਆ, ‘ਹਾਏ ਨੀ ਮਾਏ ਕਾਹਨੂੰ ਜੰਮਣਾ ਸੀ |’ ਫਿਰ ਉਸ ਨੂੰ ਚੇਤਾ ਆਇਆ ਕਿ ਉਸ ਦੀ ਮਾਂ ਵੀ ਦਿਨ ਭਰ ਹੱਡ ਤੋੜਵੀਂ ਮਿਹਨਤ ਕਰਨ ਤੋਂ ਬਾਅਦ ਵੀ ਉਸ ਦੇ ਪਿਉ ਦੇ ਮੂੰਹੋਂ ਨਿਕਲੇ ਕਮਜਾਤ ਵਰਗੇ ਸ਼ਬਦ ਉਸ ਨੂੰ ਡੰਗ ਮਾਰਦੇ ਤਾਂ ਉਸ ਦੇ ਮੂੰਹੋਂ ਵੀ ਕਦੇ-ਕਦੇ ਅੱਕੀ ਦੇ ਇਹ ਸ਼ਬਦ ਨਿਕਲ ਜਾਂਦੇ ਸਨ | ਜੋ ਮਾਂ ਨੇ ਹੰਢਾਈ ਅੱਜ ਉਹ ਮੈਂ ਹੰਢਾ ਰਹੀ ਹਾਂ | ਧੀ ਦਾ ਚੇਤਾ ਆਉਂਦੇ ਹੀ ਉਸ ਦੇ ਲੂੰ-ਕੰਡੇ ਖੜ੍ਹੇ ਹੋ ਗਏ | ‘ਹਾਏ ਕਿਤੇ ਇਹ ਪੀੜ੍ਹੀ ਤਾਂ ਨਹੀਂ ਚੱਲ ਪਊ, ਕਿਤੇ ਮੇਰੀ ਧੀ ਨੂੰ ਤਾਂ ਨਹੀਂ… |’
ਬਹੁੁਤ ਸਾਰੇ ਸਵਾਲ ਉਸ ਦੇ ਜ਼ਿਹਨ ਅੰਦਰ ਪੈਦਾ ਹੁੰਦੇ ਗਏੇ… ਪਰ-ਪਰ ਹੁਣ ਮੈਂ ਨਹੀਂ ਝੱਲਾਂਗੀ | ਜੇ ਮੈਂ ਝੱਲਿਆ ਤਾਂ ਇਹ ਪੀੜ੍ਹੀ ਚੱਲ ਪਊ | ਮਾਂ ਚੁੱਪ ਕਰਕੇ ਆਪਣੇ ਤਨ ‘ਤੇ ਹੰਢਾਉਂਦੀ ਗਈ ਤੇ ਮੈਂ ਵੀ ਚੁੱਪ ਕਰਕੇ ਹੰਢਾ ਰਹੀ ਹਾਂ, ਪਰ ਹੁਣ ਮੈਂ ਚੁੱਪ ਨਹੀਂ ਰਹਾਂਗੀ | ਮੈਂ ਵਿਰੋਧ ਕਰਾਂਗੀ | ਆਪਣੀ ਧੀ ਨੂੰ ਨਿਡਰ ਬਣਾਵਾਂਗੀ | ਮੇਰੀ ਧੀ ਅਬਲਾ ਨਾਰੀ ਨਹੀਂ ਬਣੇਗੀ…ਨਹੀਂ ਬਣੇਗੀ, ਨਹੀਂ ਬਣੇਗੀ | ਅੱਖਾਂ ‘ਚੋਂ ਹੰਝੂ ਆ ਗਏ | ਗਲ ਦੇ ਆਸੇ-ਪਾਸੇ ਲਿਪਟੀ ਚੁੰਨੀ ਫਾਂਸੀ ਦੇ ਫੰਦੇ ਵਾਂਗ ਗਲ ਘੁੱਟਦੀ ਲੱਗੀ ਤੇ ਅੱਜ ਪਹਿਲੀ ਵਾਰੀ ਚਰੀ ਦੀ ਪੰਡ ਉਸ ਨੂੰ ਪੱਥਰ ਵਾਂਗ ਭਾਰੀ ਲੱਗੀ |
ਸ਼ਾਮ ਦੇ ਸਮੇਂ ਉਸ ਨਿੱਕੀ ਜਿਹੀ ਬੋਟ ਦੇ ਮੂੰਹ ਚੋਗਾ ਧਰਦੀ ਉਹ ਮੈਨੂੰ ਰੱਬ ਤੋਂ ਵੀ ਉੱਪਰ ਲੱਗੀ… | ‘ਵਾਹ ਉਏ ਰੱਬਾ ਤੇਰੀ ਹੋਂਦ ਤੋਂ ਵੀ ਮੁੱਕਰਨ ਨੂੰ ਜੀ ਨਹੀਂ ਕਰਦਾ… |’ ਘਰਵਾਲਾ ਕੰੰਮ ਤੋਂ ਆਉਂਦਿਆਂ ਹੀ ਦਿਹਾੜੀ ਦੇ ਪੈਸਿਆਂ ‘ਚੋਂ ਖਰੀਦੇ ਨਸ਼ੇ ਨੂੰ ਕਰਦਿਆਂ ਮਨਜੀਤ ਦੇ ਇਰਾਦੇ ਤੋਂ ਬੇਖਬਰ ਉਸ ਨੂੰ ਬੋਲ-ਕਬੋਲ ਬੋਲਦਾ ਆਢਾ ਲਾ ਬੈਠਾ | ਮਨਜੀਤ ਵੀ ਅੱਗੋਂ ਤੌਖਲੀ ਜਿਹੀ ਹੋ ਉਸ ਦੇ ਹਰ ਸਵਾਲ ਦਾ ਸਿੱਧਾ ਤੱਕਲੇ ਵਰਗਾ ਜਵਾਬ ਦਿੰਦੀ ਰਹੀ | ਉਸ ਨੂੰ ਅੱਜ ਮਨਜੀਤ ਦੀ ਇਹ ਬੇਜ਼ੁਬਾਨੀ ਚੰਗੀ ਨਾ ਲੱਗੀ | ਕਮਜਾਤ, ਕੰਮਚੋਰਨੀ ਤੇ ਨਸ਼ੇੜੀ ਦੀ ਧੀ ਵਰਗੇ ਸ਼ਬਦ ਮਨਜੀਤ ਦੇ ਜ਼ਖ਼ਮਾਂ ਨੂੰ ਚੋਟ ਦਿੰਦੇ ਰਹੇ | ਗੱਲ ਹੱਥੋਪਾਈ ‘ਤੇ ਆ ਗਈ | ਉਸ ਨੇ ਮਨਜੀਤ ਨੂੰ ਕੁੱਟ ਸੁੱਟਿਆ | ਵਿਹੜੇ ‘ਚ ਬੈਠੀ ਮਨਜੀਤ ਨਾਲੇ ਰੋਂਦੀ ਰਹੀ ਤੇ ਨਾਲੇ ਆਪਣੀ ਕਿਸਮਤ ਨੂੰ ਝੂਰਦੀ ਰਹੀ…
ਇਹ ਕੈਸੀ ਰੁੱਤ ਆਈ ਨੀ ਮਾਂ
ਨਸ਼ਿਆਂ ਨੇ ਸੁਰਤ ਭੁਲਾਈ ਨੀ ਮਾਂ |
ਮਾਂ ਦੇ ਕੀਰਨੇ ਸੁਣ ਡਰੀ ਸਹਿਮੀ ਜਿਹੀ ਬਾਲੜੀ ਆਪਣੇ ਪਿਉ ਕੋਲ ਜਾ ਕਹਿੰਦੀ, ‘ਬਾਪੂ…ਬਾਪੂ…’ | ‘ਮੇਰੇ ਕੋਲ ਕੀ ਲੈਣ ਆਈ ਐਾ ਜਾ ਆਪਣੀ ਮਾਂ ਕੋਲ |’ ‘ਮੇਰੀ ਇਕ ਗੱਲ ਮੰਨੇਗਾ |’ ‘ਹਾਂ ਬੋਲ |’ ‘ਬਾਪੂ ਮੇਰਾ ਵਿਆਹ ਨਾ ਕਰੀਂ… |’ ‘ਵਿਆਹ’ ਸ਼ਬਦ ਸੁਣ ਕੁਝ ਨਰਮ ਜਿਹਾ ਪੈਂਦਾ ਹੋਇਆ ਕਹਿੰਦਾ, ‘ਕਿਉਂ?’ ‘ਬਾਪੂ ਜੇ ਤੂੰ ਮੇਰਾ ਵਿਆਹ ਕਰ ਦਿੱਤਾ ਫਿਰ ਮੈਂ ਵੀ ਕਮਜਾਤ ਤੇ ਕੰਮਚੋਰਨੀ ਬਣਜੰੂ ਨਾਲੇ ਮੈਨੁੂੰ ਕਹਿਣਗੇ ਤੂੰ ਤਾਂ ਨਸ਼ੇੜੀ ਦੀ ਧੀ ਐਾ ਇਦੂੰ ਚੰਗਾ… |’ ਧੀ ਦੇ ਮੂੰਹੋਂ ਇਹ ਸ਼ਬਦ ਸੁਣ ਉਸ ਦੀ ਸਾਰੀ ਪੀਤੀ ਲਹਿ ਗਈ | ਇਉਂ ਲੱਗ ਰਿਹਾ ਸੀ ਜਿਵੇਂ ਵਿਹੜੇ ‘ਚ ਮਨਜੀਤ ਨਹੀਂ ਰੋ ਰਹੀ ਸੀ ਉਸਦੀ ਕਿਸਮਤ ਰੋ ਰਹੀ ਸੀ , ਉਸ ਨੂੰ ਲੱਗਿਆ ਜਿਵੇਂ ਉਹ ਵਿਹੜੇ ‘ਚ ਬੈਠੀ ਰੋ ਰਹੀ ਮਨਜੀਤ ਦਾ ਗੁਨਾਹਗਾਰ ਹੋਵੇ .. .. ..

-ਕਰਮਜੀਤ ਕੌਰ