ਲੰਬੜਦਾਰ

ਬਾਬਾ ਨਜ਼ਮੀ
ਅੱਖਾਂ ਤੋਂ ਮਜ਼ਦੂਰੀ ਵਾਲਾ ਜਾਲਾ ਲਾਹ ਕੇ
ਆਪਣੇ ਅੰਦਰ ਝਾਤੀ ਪਾ ਕੇ
ਲੰਬੜਦਾਰਾ ਸੋਚ ਤੇ ਸਹੀ
ਦਿਲ ਦੀ ਤਖਤੀ ਪੋਚ ਤੇ ਸਹੀ
ਤੈਥੋਂ ਕਿਹੜੀ ਗ਼ਲਤੀ ਹੋਈ
ਕਿਹੜੀ ਗੱਲੋਂ
ਕੀਹਨੇ ਤੈਨੂੰ ਸੂਲ਼ ਚੁਭੋਈ
ਕੱਲ ਤੱਕ ਹੱਥ ਸਲਾਮਾਂ ਵਾਲੇ
ਅੱਜ ਕਿਉਂ ਪੱਗ ਨੂੰ ਪੈਂਦੇ ਪਏ ਨੇ
ਕਿਹੜੇ ਯੁੱਗ ਦਾ ਬਦਲਾ
ਤੈਥੋਂ ਲੈਂਦੇ ਪਏ ਨੇ
ਕਾਮੇ ਕਿਉਂ ਨੇ ਵਿਗੜੇ ਵਿਗੜੇ
ਕਿਉਂ ਕਬੂਤਰ ਬਣ ਗਏ ਸ਼ਿਕਰੇ
ਲੰਬੜਦਾਰਾ ਸੋਚ ਤੇ ਸਹੀ
ਦਿਲ ਦੀ ਤਖਤੀ ਪੋਚ ਤੇ ਸਹੀ
ਮਾੜੇ ਆਨੇ ਟੱਡਣ ਲੱਗੇ
ਮੂੰਹ ਤੇ ਗਾਲ਼ਾਂ ਕੱਢਣ ਲੱਗੇ
ਚੌਧਰ ਤੇਰੀ ਮੁੱਕਣ ਲੱਗੀ
ਵਗਦੀ ਗੰਗਾ ਸੁੱਕਣ ਲੱਗੀ
ਮਹਿਲ ਮੁਨਾਰੇ ਡਿੱਗਣ ਲੱਗੇ
ਖੌਰੇ ਹੋਰ ਕੀ ਹੋਣਾ ਅੱਗੇ
ਲੰਬੜਦਾਰਾ ਸੋਚ ਤੇ ਸਹੀ
..
ਕੀਤਾ ਤੇ ਨਹੀਂ ਅੱਗੇ ਆਇਆ??
ਬੀਜਿਆ ਤੇ ਨਹੀਂ ਝੋਲ਼ੀ ਪਾਇਆ??
ਜਿੱਧਰ ਵੇਖਾਂ ਤੇਰਾ ਪੰਗਾ
ਵੇਲ਼ੇ ਤੈਨੂੰ ਕੀਤਾ ਨੰਗਾ
ਅਜੇ ਵੀ ਤੇਰਾ ਰੰਗ ਦੋ ਰੰਗਾ
ਇੱਕੋ ਹਾਲੇ ਲੱਗਾ ਡੰਗਾ
ਉਤਲੇ ਹਾਲੇ ਰੱਸੀ ਖਿੱਚੀ
ਨੱਪ ਲਵੇ ਨਾ ਕਿਧਰੇ ਗਿੱਚੀ
ਲੰਬੜਦਾਰਾ ਸੋਚ ਤੇ ਸਹੀ..
..
ਛੱਡ ਦੇ ਹਰ ਥਾਂ ਜ਼ੋਰ ਵਿਖਾਣਾ
ਕਰਨਾ ਹੋਰ ਤੇ ਹੋਰ ਵਿਖਾਣਾ
ਅੱਤ ਖੁਦਾ ਦਾ ਵੈਰ ਓਏ ਲੰਬੜਾ
ਉੱਖੜ ਗਏ ਨੇ ਪੈਰ ਓ ਲੰਬੜਾ
ਫਿਰ ਨਹੀਂ ਲੱਭਣੀ ਖੈਰ ਓ ਲੰਬੜਾ
ਮੁੜ ਜਾ ਲੈ ਕੇ ਲਸ਼ਕਰ ਆਪਣਾ
ਪੂਰਾ ਨਹੀਂਓਂ ਹੋਣਾ ਸੁਪਨਾ
ਮੇਰੇ ਅੱਖਰ ਪੜ ਲੈ ਲੰਬੜਾ
ਦਿਲ ਦੇ ਉੱਤੇ ਜੜ ਲੈ ਲੰਬੜਾ
ਲੜਦੇ ਲੜਦੇ ਮਰ ਨਾ ਜਾਈਏ
ਕਬਰਾਂ ਦੇ ਢਿੱਡ ਭਰ ਨਾ ਜਾਈਏ
ਲੰਬੜਦਾਰਾ ਸੋਚ ਤੇ ਸਹੀ
ਦਿਲ ਦੀ ਤਖਤੀ ਪੋਚ ਤੇ ਸਹੀ