ਅੱਖ ਦਾ ਟੀਰ

-ਅਮਨਦੀਪ ਹਾਂਸ

ਤੁਸੀਂ ਤੱਕ ਕੇ ਮੇਰੇ ਚਿਹਰੇ ਵੱਲ
ਆਂਹਦੇ ਰਹੇ ਓ
ਬੜਾ ਈ ਮਾਸੂਮ ਆਂ ਮੈਂ
ਭੋਲ਼ੀ ਸੂਰਤ
ਸਬਰ ਸੰਤੋਖ ਨਾਲ ਲਿਬਰੇਜ਼ ਸੀਰਤ
ਸ਼ਾਂਤ ਝੀਲ ਜਿਹਾ
ਪੁਰੇ ਦੀ ‘ਵਾ ਵਰਗਾ
ਠੰਡਾ ਠਾਰ ਜਿਹਾ
ਸੀਲ ਗਊ ਵਰਗਾ ਹਾਂ ਮੈਂ
ਅਕਸਰ ਜਦ ਵੀ
ਤੁਹਾਡੀ ਸਾਡੀ ਹੁੰਦੀ ਮੁਲਾਕਾਤ
ਤੁਸੀਂ ਇਹੀ ਆਂਹਦੇ..
ਸਦੀਆਂ ਤੋਂ ਇਹੋ ਸੁਣਦਾਂ
ਆਇਆਂ
ਲੋਰੀਆਂ ਵਾਂਗ
ਤੇ ਸੁੱਤਾ ਰਿਹਾ
ਤੁਸੀਂ ਹਰਨੋਟੇ ਵਾਂਗ
ਭਰਦੇ ਚੁੰਘੀਆਂ
ਸੱਤਾ ਦੇ ਜੰਗਲ ਰਾਜ ‘ਚ
ਤੁਹਾਡੀ ਸੱਤਾ ਦੇ ਗਡ੍ਹੀਰੇ ਪਿੱਛੇ
ਲਟਕਦੇ ਬੋਝੇ ‘ਚ
ਮੈਂ ਸੁੱਤਾ ਰਿਹਾ
.. ….. ..
ਗਡ੍ਹੀਰੇ ਦੀ ਪਹੀਆਂ ਹੇਠ
ਕਈ ਬੋਝੇ ਬੋਝ ਬਣਦੇ ਜੋ
ਤੁਹਾਡੇ ਲਈ
ਡਿੱਗੇ ਜਾਂ ਸੁੱਟੇ
ਮਸਲੇ ਗਏ
ਕੁਚਲੇ ਗਏ
ਚੀਕ ਕੋਈ ਚੁੱਪ ਜਿਹੀ
ਸੁਣਦੀ ਜ਼ਰੂਰ
ਪਰ
ਮੈਂ ਸੁੱਤਾ ਰਿਹਾ
ਸਦੀਆਂ ਤੀਕ
ਅੱਜ ਮੇਰੇ ਬੋਝੇ ਦੀ
ਵਾਰੀ ਆਈ ਜਦ
ਤਾਂ ਟੁੱਟੀ ਹੈ
ਸਦੀਵੀ ਨੀਂਦ ਮੇਰੀ
ਭੰਨ ਕੇ ਅੰਗੜਾਈ
ਆਖਦਾਂ ਕਿ
ਹੁਣ
ਮੈਂ ਤੁਹਾਡੀ ਅੱਖ ਦਾ
ਟੀਰ ਦੂਰ ਕਰਨਾ ਹੈ
ਤੁਹਾਡੇ ਲੂੰਬੜ ਚਿਹਰੇ
ਤੋਂ ਲਾਹ ਕੇ ਹਰਨੋਟੇ ਦਾ ਨਕਾਬ
ਨੰਗਾ ਕਰਨਾ ਹੈ
ਲੈਣਾ ਹੈ ਹਿਸਾਬ
ਗਡ੍ਹੀਰੇ ਹੇਠ ਕੁਚਲੇ ਮਸਲੇ ਗਏ
ਬੋਝਿਆਂ ਦਾ
ਦੱਸਣੀ ਹੈ ਆਪਣੀ ਪਛਾਣ
ਕਿ ਮੈਂ
ਝੀਲ ਜਿਹਾ ਨਹੀਂ
ਨਾ ਹੀ ਸਬਰ ਸੰਤੋਖ ਨਾਲ ਤੁੰਨਿਆ
ਮੇਰੇ ਅੰਦਰ ਤਾਂ ਤੂਫਾਨ ਪਲ਼ਦੈ
ਕੁਝ ਗਰਜ ਵੀ ਰਿਹੈ
ਜਦ ਇਹ ਬੋਲਿਆ ਤਾਂ
ਰੁਲ ਜਾਣੇ ਨੇ ਤੁਹਾਡੇ
ਮੀਸਣੇ ਬੋਲ
ਜੋ ਸਦੀਆਂ ਤੋਂ ਸੁਣਾ ਕੇ
ਮੈਨੂੰ ਸੁਲਾਈ ਰੱਖਿਆ
ਹੁਣ ਮੈਂ ਤੁਹਾਡੀ
ਅੱਖ ਦਾ ਟੀਰ ਕੱਢਣਾ ਹੈ
ਕਿ ਮੈਂ ਜਾਗ ਗਿਆਂ ਹਾਂ..