ਬੇਦਾਵਾ ਕਲਗੀਆਂ ਵਾਲੇ ਦਾ..

-ਅਮਨਦੀਪ ਹਾਂਸ
ਮੇਰਾ ਨਾਨਾ
ਜਦ ਵੀ ਸੁਣਾਉਂਦਾ
ਕਿੱਸੇ ਦਸਮ ਪਿਤਾ ਦੇ
ਉਹਦਾ ਝੁਰੜੀਆਂ ਵਾਲਾ ਚਿਹਰਾ
ਦਗ ਦਗ ਕਰ ਉੱਠਦਾ ..
ਅਜੋਤ ਹੋ ਚੁੱਕੇ ਨੈਣਾਂ ‘ਚ
ਲਿਸ਼ਕਦੀ ਮੋਹ ਭਿੱਜੀ ਜੋਤ
ਹੱਡੀਆਂ ਦੀ ਮੁੱਠ ਬਣ ਗਏ
ਜਿਸਮ ‘ਚ ਹੁੰਦਾ ਅਹਿਸਾਸ
ਡੌਲਿਆਂ ਦੀ ਫਰਕਣ ਦਾ
ਲਹੂ ਦੇ ਉਬਲਣ ਦਾ
.. ..
ਨਾਨਾ ਮੇਰਾ ਦੱਸਦਾ
.. ਮੇਰੇ ਕਲਗੀਆਂ ਵਾਲੇ ਨੇ
ਹੱਸਦੇ ਹੱਸਦੇ ਤੋਰਿਆ ਸੀ
ਬਾਪ ਨੂੰ
ਮਾਂ ਨੂੰ
ਮੁੱਛ ਫੁੱਟ
ਤੇ ਤੋਤਲੇ ਬੋਲਾਂ ਵਾਲੇ
ਜਿਗਰ ਦੇ ਟੋਟਿਆਂ ਨੂੰ
.. ਸ਼ਹਾਦਤ ਦੇ ਰਾਹ
ਕੌਮ ਧਰਮ ਦੇ ਲੇਖੇ
ਲਾਇਆ ਸਭ ਕੁਝ
ਮਖਮਲ ਪਹਿਨਣ ਵਾਲਾ
ਚੀਥੜਿਆਂ-ਸੂਲਾਂ-ਕੰਡਿਆਂ ਦੇ ਵੱਸ ਪਿਆ
ਮੇਰਾ ਕਲਗੀਆਂ ਵਾਲਾ
ਪਿੱਠ ਦਿਖਾਉਣ ਵਾਲਿਆਂ ਦਾ
ਪਾੜ ਗਿਆ ਸੀ ਬੇਦਾਵਾ
ਕਿ ਲੱਗੇ ਨਾ ਵੱਟਾ ਕੌਮ ਦੇ ਮਾਣ ਨੂੰ
ਕੌਮ ਧਰਮ ਦੀ ਖਾਤਰ
ਸੀਅ ਨਾ ਸੀ ਕਰਦਾ
.. ..
ਦਸਮ ਪਿਤਾ ਦਾ ਕਿੱਸਾ ਦੱਸਦਾ ਦੱਸਦਾ
ਮੇਰਾ ਨਾਨਾ ਚੁੱਪ ਹੋ ਗਿਆ..
ਦੂਰ ਕਿਤੇ ਗੁਰੂ ਘਰ ‘ਚ
ਦਿੱਤੀ ਜਾ ਰਹੀ ਸੀ
ਜ਼ਰੂਰੀ ਸੂਚਨਾ .. ਕਿ
ਸਿੰਘਾਂ ਦੇ ਦੋ ਧੜੇ
ਆਹਮੋ ਸਾਹਮਣੇ ਨਿੱਤਰ ਪਏ ਨੇ
ਕਲਗੀਆਂ ਵਾਲੇ ਦਾ ਜਨਮ ਦਿਨ
ਅੱਗੋਂ ਪਿੱਛੋਂ ਮਨਾਉਣ ਖਾਤਰ
ਆ ਗੀਆਂ ਮਿਆਨੋਂ ਬਾਹਰ ਤਲਵਾਰਾਂ
ਖੜਕ ਪਈਆਂ ਨੇ
ਲਹੂ ਵੀ ਡੁੱਲਿਆ
‘ਕੁਝ ਸਿੰਘਾਂ’ ਦਾ..
ਖੌਫਜ਼ਦਾ ਹੋਇਆ
ਗੁਰੂ ਘਰ ਦਾ ਭਾਈ ਸੱਦੇ ਦਿੰਦਾ..
ਆਜੋ ਭਾਈ ਗੁਰਮੁਖੋ ਮੌਕਾ ਸਾਂਭੋ..
. . . ਸੂਚਨਾ ਹਵਾ ਦੇ ਬਦਲੇ ਰੁਖ਼ ਨਾਲ
ਮੱਧਮ ਹੋ ਗਈ..
ਨਾਨੇ ਮੇਰੇ ਦਾ ਹਾਉਕਾ ਨਿਕਲਿਆ..
ਲੰਮੀ ਚੁੱਪ ਮਗਰੋਂ..
ਭਰੜਾਈ ‘ਵਾਜ਼ ‘ਚ ਦੱਸਦਾ..
ਮੇਰਾ ਕਲਗੀਆਂ ਵਾਲਾ
ਖੁਦ ਹੀ ਦੇ ਕੇ ਅੱਜ ਬੇਦਾਵਾ
ਹੋ ਕੇ ਨੀਲੇ ਘੋੜੇ ‘ਤੇ ਸਵਾਰ
ਮੁੜ ਗਿਐ
ਦਰਿਆਵਾਂ ਤੋਂ ਮੂੰਹ ਛੁਪਾਉਂਦਾ
ਜੋ ਉਹਦੇ ਨੈਣਾਂ ਦੇ ਨੀਰ ਤੋਂ ਵੀ ਹੌਲੇ ਨੇ
ਜੰਗਲ ਬੇਲਿਆਂ ਤੋਂ ਨਜ਼ਰਾਂ ਚੁਰਾਉਂਦਾ
ਜੋ ਉਹਦੇ ਜਿਗਰ ‘ਚ ਵੱਜੀਆਂ
ਸੂਲਾਂ ਤੋਂ ਘੱਟ ਤਿੱਖੇ ਨੇ
ਮੁੜ ਗਿਆ ਮੇਰਾ ਕਲਗੀਆਂ ਵਾਲਾ
ਦੇ ਕੇ ਬੇਦਾਵਾ ਅੱਜ..
‘ਭਾਈ ਸਿੰਘੋ’..
ਤੇ ਮੌਕਾ ਸਾਂਭਣ ਨੂੰ
ਗੁਰਮੁਖ ਕਿਵੇਂ ਆਉਣ??
ਉਹ ਤਾਂ
ਲੁਕਾਉਣ ਲੱਗੇ ਨੇ ਉਹ ਬੇਦਾਵਾ
ਜੋ ਮੇਰਾ ਕਲਗੀਆਂ ਵਾਲਾ
ਖੁਦ ਹੀ ਦੇ ਕੇ ਅੱਜ
ਹੋ ਕੇ ਨੀਲੇ ਘੋੜੇ ‘ਤੇ ਸਵਾਰ
ਮੁੜ ਗਿਐ ..