ਮਾਂ ਦੀ ਜੁਗਤ

ਅੱਜ ਕਿਰਨ ਦੇ ਮੰਮੀ ਦੀ ਸਿਹਤ ਠੀਕ ਨਹੀਂ ਸੀ। ਉਹ ਅੱਧੇ ਦਿਨ ਤੋਂ ਹੀ ਛੁੱਟੀ ਲੈ ਕੇ ਸਕੂਲੋਂ ਘਰ ਆ ਗਏ। ਜਦੋਂ ਹੀ ਉਹ ਤਾਲਾ ਖੋਲ ਕੇ ਅੰਦਰ ਵੜੇ, ਉਨਾਂ ਨੂੰ ਬਹੁਤ ਗੁੱਸਾ ਆਇਆ। ਉਹ ਗੁੱਸੇ ਵਿਚ ਹੀ ਬੁੜ-ਬੁੜ ਕਰਨ ਲੱਗੇ, ‘ਪਤਾ ਨਹੀਂ ਇਨਾਂ ਬੱਚਿਆਂ ਨੂੰ ਕਦੋਂ ਅਕਲ ਆਉਣੀ ਹੈ? ਹੁਣ ਤਾਂ ਨਿਆਣੇ ਵੀ ਨਹੀਂ ਰਹੇ। ਕਿਰਨ ਸੁੱਖ ਨਾਲ ਦਸਵੀਂ ‘ਚ ਹੋ ਗਈ ਏ ਤੇ ਅਮਨ ਛੇਵੀਂ ‘ਚ। ਜਿੰਨਾ ਮਰਜ਼ੀ ਸਮਝਾਈ ਜਾਓ ਪਰ ਇਨਾਂ ‘ਤੇ  ਕੋਈ ਅਸਰ ਹੀ ਨਹੀਂ ਹੁੰਦਾ। ਦੇਖੋ! ਕਿਵੇਂ ਕਮਰੇ ਦਾ ਪੱਖਾ ਚੱਲ ਰਿਹਾ ਹੈ ਅਤੇ ਲਾਈਟ ਵੀ ਬੰਦ ਨਹੀਂ ਕੀਤੀ। ਜਦ ਤਿਆਰ ਹੋ ਰਹੇ ਸੀ, ਬਿਜਲੀ ਚਲੇ ਗਈ ਸੀ ਤੇ ਜਾਣ ਵੇਲੇ ਸਵਿੱਚ ਆਫ ਕਰਨੀ ਕਿਸੇ ਨੇ ਜ਼ਰੂਰੀ ਨਹੀਂ ਸਮਝੀ।’ ਉਹ ਆਪਣੇ-ਆਪ ਨਾਲ ਹੀ ਗੱਲਾਂ ਕਰੀ ਜਾ ਰਹੇ ਸਨ।
ਫਿਰ ਉਹ ਚਾਹ ਬਣਾਉਣ ਲਈ ਰਸੋਈ ਵਿਚ ਗਏ। ਟੂਟੀ ‘ਚ ਪਾਣੀ ਨਹੀਂ ਸੀ ਆ ਰਿਹਾ। ‘ਹੁਣ ਇਹਨੂੰ ਕੀ ਹੋ ਗਿਆ? ਸਵੇਰੇ ਤਾਂ ਟੈਂਕੀ ਭਰੀ ਸੀ ਹਾਲੇ। ਭਰੇ-ਪੀਤੇ ਬਾਹਰ ਆਏ। ‘ਅੱਛਾ! ਹੁਣ ਯਾਦ ਆਇਆ, ਜਨਾਬ ਜੀ ਨੇ ਹੱਥ-ਹੁੱਥ ਧੋਣ ਲਈ ਟੂਟੀ ਚਲਾਈ ਹੋਣੀ ਏ ਤੇ ਬੰਦ ਕਰਨ ਦਾ ਟਾਈਮ ਨੀਂ ਲੱਗਿਆ ਹੋਣਾ। ਟੈਂਕੀ ਨੇ ਤਾਂ ਹੁਣ ਤੱਕ ਆਪੇ ਖਾਲੀ ਹੋਣਾ ਸੀ। ਇਹ ਸਭ ਤਾਂ ਮੇਰੀ ਹੀ ਜ਼ਿੰਮੇਵਾਰੀ ਐ ਬਸ।’
ਗੱਲਾਂ ਭਾਵੇਂ ਛੋਟੀਆਂ ਸਨ ਪਰ ਅਕਸਰ ਇਨਾਂ ਕਾਰਨ ਕਿਰਨ ਦੀ ਮੰਮੀ ਨੂੰ ਬਹੁਤ ਗੁੱਸਾ ਆਉਂਦਾ ਸੀ। ਉਨਾਂ ਦੀ ਟੋਕਾ-ਟਾਕੀ ਦਾ ਕਿਸੇ ‘ਤੇ  ਵੀ ਕੋਈ ਅਸਰ ਨਹੀਂ ਸੀ ਹੁੰਦਾ।ਕੁਝ ਦੇਰ ਆਰਾਮ ਕਰਨ ਲਈ ਬੈੱਡ ‘ਤੇ  ਪੈ ਤਾਂ ਗਏ ਪਰ ਦਿਮਾਗ ‘ਚ ਇਹੋ ਗੱਲਾਂ ਵਾਰ-ਵਾਰ ਘੁੰਮ ਰਹੀਆਂ ਸਨ। ਉਨਾਂ ਨੂੰ ਸੁੱਝ ਨਹੀਂ ਸੀ ਰਿਹਾ ਕਿ ਇਕ ਦਾ ਕੀ ਇਲਾਜ ਕੀਤਾ ਜਾਵੇ। ਬਿਜਲੀ ਅਤੇ ਪਾਣੀ ਕਿੰਨੇ ਅਨਮੋਲ ਤੋਹਫ਼ੇ ਹਨ। ਕੀ ਇਨਾਂ ਨੂੰ ਇਸ ਤਰਾਂ ਅਜਾਈਂ ਗੁਆਉਣਾ ਠੀਕ ਹੈ?
ਕੁਝ ਚਿਰ ਪਿੱਛੋਂ ਅਚਾਨਕ ਉਨਾਂ ਦੇ ਚਿਹਰੇ ‘ਤੇ  ਮੁਸਕਾਨ ਛਾ ਗਈ। ਜਿਵੇਂ ਇਨਾਂ ਗੱਲਾਂ ਦਾ ਉੱਤਰ ਉਨਾਂ ਨੇ ਆਪ ਹੀ ਲੱਭ ਲਿਆ ਹੋਵੇ। ਥੋੜੀ ਦੇਰ ‘ਚ ਹੀ ਤਸੱਲੀ ਜਿਹੀ ‘ਚ ਉਨਾਂ ਨੂੰ ਨੀਂਦ ਆ ਗਈ। ਜਦੋਂ ਉਨਾਂ ਦੀ ਅੱਖ ਖੁੱਲੀ, ਛੁੱਟੀ ਹੋਣ ‘ਤੇ  ਬੱਚੇ ਅਤੇ ਉਨਾਂ ਦੇ ਪਾਪਾ ਘਰ ਆ ਚੁੱਕੇ ਸਨ ਪਰ ਮੰਮੀ ਨੇ ਕਿਸੇ ਨਾਲ ਕੋਈ ਗੁੱਸਾ ਜਾਂ ਸ਼ਿਕਾਇਤ ਨਾ ਕੀਤੀ।
ਆਪਣੀ ਸਕੀਮ ਮੁਤਾਬਿਕ ਉਹ ਸ਼ਾਮ ਨੂੰ ਬਾਜ਼ਾਰ ਗਏ। ਦਵਾਈ ਅਤੇ ਘਰ ਲਈ ਨਿੱਕਾ-ਮੋਟਾ ਸਾਮਾਨ ਖਰੀਦਿਆ। ਨਾਲ ਹੀ ਉਨਾਂ ਨੇ ਇਕ ਛੋਟੀ ਜਿਹੀ ਗੋਲਕ ਵੀ ਖਰੀਦ ਲਈ। ਘਰ ਪੁੱਜੇ ਤਾਂ ਸਾਰੇ ਹੈਰਾਨ ਸਨ ਕਿ ਮੰਮੀ ਇਹ ਗੋਲਕ ਕਿਉਂ ਲੈ ਕੇ ਆਏ ਹਨ? ਉਨਾਂ ਨੇ ਹੱਸਦੇ ਹੋਏ ਦੱਸਿਆ, ‘ਬਈ! ਅੱਜ ਤੋਂ ਅਸੀਂ ਇਕ ਖੇਡ ਖੇਡਾਂਗੇ। ਜੋ ਵੀ ਬਿਜਲੀ ਅਤੇ ਪਾਣੀ ਦੀ ਲੋੜ ਤੋਂ ਬਿਨਾਂ ਬਰਬਾਦੀ ਕਰੇਗਾ, ਉਸ ਨੂੰ ਆਪਣੀ ਜੇਬ-ਖਰਚੀ ਵਿਚੋਂ ਜੁਰਮਾਨਾ ਦੇਣਾ ਪਵੇਗਾ। ਇਕ ਗ਼ਲਤੀ ਦੇ ਦੋ ਰੁਪਏ ਜੁਰਮਾਨਾ ਇਮਾਨਦਾਰੀ ਨਾਲ ਹਰ ਕੋਈ ਇਸ ਗੋਲਕ ਵਿਚ ਪਾਵੇਗਾ।’
ਬਸ, ਫਿਰ ਕੀ ਸੀ? ਇਹ ਤਾਂ ਸਾਰਿਆਂ ਲਈ ਇਕ ਰੌਚਕ ਖੇਡ ਬਣ ਗਈ। ਜਦ ਵੀ ਕੋਈ ਕਮਰੇ ਦੀ ਲਾਈਟ ਬੰਦ ਕੀਤੇ ਬਗੈਰ ਬਾਹਰ ਆ ਜਾਂਦਾ, ਬਾਕੀ ਸਾਰੇ ਤਾੜੀਆਂ ਮਾਰ ਕੇ ਹੱਸ ਪੈਂਦੇ। ਅਗਲੇ ਨੂੰ ਜੁਰਮਾਨਾ ਗੋਲਕ ਵਿਚ ਪਾਉਣਾ ਪੈਂਦਾ। ਕੋਈ ਟੂਟੀ ਬੰਦ ਕਰਨੀ ਭੁੱਲ ਜਾਂਦਾ ਤੇ ਕੋਈ ਪੱਖਾ। ਕੋਈ ਕੰਪਿਊਟਰ ਚਲਦਾ ਛੱਡ ਦਿੰਦਾ, ਕੋਈ ਟੀ. ਵੀ.। ਹਰ ਕੋਈ ਇਸ ਤਾਕ ਵਿਚ ਰਹਿੰਦਾ ਕਿ ਕਦੋਂ ਦੂਜੇ ਦੀ ਗ਼ਲਤੀ ਫੜੀ ਜਾਵੇ।
ਮਹੀਨੇ ਬਾਅਦ ਜਦ ਗੋਲਕ ਖੋਲੀ ਤਾਂ 4-5 ਸੌ ਰੁਪਏ ਦੀ ਭਾਨ ਇਕੱਠੀ ਹੋ ਗਈ ਸੀ।
‘ਐਨੀਆਂ ਗ਼ਲਤੀਆਂ!’, ਪਾਪਾ ਨੇ ਕਿਹਾ, ‘ਹੁਣ ਇਨਾਂ ਪੈਸਿਆਂ ਦਾ ਕੀ ਕਰੀਏ?’
‘ਪਾਰਟੀ’, ਬੱਚਿਆਂ ਨੇ ਕਿਹਾ।
ਇਸ ਤਰਾਂ ਪਹਿਲੇ ਇਕ-ਦੋ ਮਹੀਨੇ ਤਾਂ ਵਧੀਆ ਪਾਰਟੀ ਹੋ ਜਾਂਦੀ ਸੀ ਪਰ ਹੌਲੀ-ਹੌਲੀ ਮੰਮੀ ਦੀ ਜੁਗਤ ਕੰਮ ਕਰਨ ਲੱਗ ਪਈ। ਅਣਗਹਿਲੀ ਘਟਣ ਲੱਗੀ ਅਤੇ ਗੋਲਕ ਦੀ ਮਾਇਆ ਵੀ। 3-4 ਮਹੀਨਿਆਂ ਤੱਕ ਤਾਂ ਸਾਰਿਆਂ ਦੀ ਆਦਤ ਜਿਹੀ ਹੀ ਬਣ ਗਈ ਸੀ ਕਿ ਕਮਰੇ ਤੋਂ ਬਾਹਰ ਨਿਕਲਣ ਸਮੇਂ ਹੱਥ ਆਪਣੇ-ਆਪ ਹੀ ਸਵਿੱਚ ਵੱਲ ਚਲੇ ਜਾਂਦੇ। ਟੂਟੀ ਵੀ ਕੋਈ ਖੁੱਲੀ ਨਾ ਰਹਿੰਦੀ। ਮੰਮੀ ਖੁਸ਼ ਸਨ ਕਿ ਉਨਾਂ ਦੀ ਜੁਗਤ ਨੇ ਸਾਰਿਆਂ ਦੀ ਆਦਤ ਠੀਕ ਕਰ ਦਿੱਤੀ ਸੀ ਅਤੇ ਖੇਡ-ਖੇਡ ਵਿਚ ਹੀ ਉਨਾਂ ਸਾਰਿਆਂ ਨੇ ਇਕ ਵਧੀਆ ਗੁਣ ਸਿੱਖ ਲਿਆ ਸੀ।
-ਰਜਵੰਤ ਕੌਰ