ਸਿਆਣਪ

-ਕੰਵਰ ਵਾਲੀਆ
ਇਕ ਪਿੰਡ ਵਿਚ ਦੀਪਕ ਨਾਂਅ ਦਾ ਸਰਪੰਚ ਰਹਿੰਦਾ ਸੀ। ਉਸ ਦੇ ਘਰ ਲੋਕਾਂ ਦਾ ਬਹੁਤ ਆਉਣ-ਜਾਣ ਸੀ। ਉਸ ਦੇ ਘਰ ਦੋ ਔਰਤਾਂ ਭੋਲੀ ਅਤੇ ਬਚਨੋ ਕੰਮ ਕਰਦੀਆਂ ਸਨ। ਉਹ ਘਰ ਦਾ ਕੰਮ ਵੀ ਕਰਦੀਆਂ ਤੇ ਆਏ-ਗਏ ਨੂੰ ਚਾਹ-ਪਾਣੀ ਵੀ ਪਿਲਾਉਂਦੀਆਂ ਸਨ। ਉਨਾਂ ਦੋਵਾਂ ਨੇ ਘਰ ਦਾ ਕੰਮ ਵੰਡਿਆ ਹੋਇਆ ਸੀ। ਕੰਮ ਦੋਵਾਂ ਨੂੰ ਇਕੋ ਜਿਹਾ ਹੀ ਕਰਨਾ ਪੈਂਦਾ। ਭੋਲੀ ਦੀ ਤਨਖਾਹ ਬਚਨੋ ਨਾਲੋਂ ਘੱਟ ਸੀ। ਇਹ ਗੱਲ ਭੋਲੀ ਤੋਂ ਸਹਿਣ ਨਹੀਂ ਹੋ ਰਹੀ ਸੀ ਕਿ ਬਚਨੋ ਨੂੰ ਉਸ ਨਾਲੋਂ ਤਨਖਾਹ ਜ਼ਿਆਦਾ ਕਿਉਂ ਮਿਲਦੀ ਹੈ, ਜਦ ਕਿ ਕੰਮ ਦੋਵੇਂ ਬਰਾਬਰ ਦਾ ਕਰਦੀਆਂ ਹਨ। ਇਕ ਦਿਨ ਭੋਲੀ ਨੇ ਹੌਸਲਾ ਕੀਤਾ ਤੇ ਸਰਪੰਚ ਸਾਹਿਬ ਨੂੰ ਆਪਣੀ ਬਚਨੋ ਨਾਲੋਂ ਘੱਟ ਤਨਖਾਹ ਬਾਰੇ ਪੁੱਛਿਆ। ਸਰਪੰਚ ਸਾਹਿਬ ਨੇ ਉਸ ਨੂੰ ਹੌਸਲਾ ਦਿੰਦੇ ਕਿਹਾ, ‘ਭੋਲੀ ਘਬਰਾ ਨਾ, ਇਸ ਗੱਲ ਦਾ ਜਵਾਬ ਮੈਂ ਤੈਨੂੰ ਥੋੜੇ ਦਿਨਾਂ ਬਾਅਦ ਦੇਵਾਂਗਾ, ਤੂੰ ਆਪਣਾ ਕੰਮ ਕਰੀ ਜਾ।’
ਕੁਝ ਦਿਨਾਂ ਬਾਅਦ ਸਰਪੰਚ ਨੇ ਘਰ ਵਿਚ ਕੈਮਰੇ ਲਗਵਾ ਲਏ। ਹਰ ਕੰਮ ਦੀ ਰਿਕਾਰਡਿੰਗ ਵੀ ਹੋਣ ਲੱਗ ਪਈ। ਬਚਨੋ ਤੇ ਭੋਲੀ ਦੇ ਕੰਮਾਂ ਦੀ ਵੀ ਰਿਕਾਰਡਿੰਗ ਹੋਣ ਲੱਗ ਪਈ। ਜਦੋਂ ਕੁਝ ਦਿਨ ਦੀ ਰਿਕਾਰਡਿੰਗ ਹੋ ਗਈ ਤਾਂ ਸਰਪੰਚ ਸਾਹਿਬ ਨੇ ਭੋਲੀ ਨੂੰ ਬੁਲਾਇਆ ਤੇ ਦੋਵਾਂ ਦੇ ਕੰਮ ਦੀ ਰਿਕਾਰਡਿੰਗ ਦਿਖਾਈ। ਭੋਲੀ ਨੇ ਆਉਂਦਿਆਂ ਹੀ ਸਾਰੇ ਕਮਰਿਆਂ ਦੇ ਫੁਲ ਸਪੀਡ ‘ਤੇ ਪੱਖੇ ਚਲਾਉਣੇ ਤੇ ਫਿਰ ਬੰਦ ਨਾ ਕਰਨੇ। ਸਾਰੇ ਕਮਰਿਆਂ ਦੀਆਂ ਲਾਈਟਾਂ ਜਗਾ ਦੇਣੀਆਂ, ਲੋੜ ਤੋਂ ਵੱਧ ਪਾਣੀ ਵਰਤਣਾ, ਬਰਤਨ ਤੇ ਕੱਪੜੇ ਧੋਣ ਲੱਗਿਆਂ ਬੇਹਿਸਾਬਾ ਸਰਫ-ਸਾਬਣ ਵਰਤਣਾ, ਬਿਨਾਂ ਲੋੜ ਤੋਂ ਪਾਣੀ ਵਾਲੀ ਮੋਟਰ ਚਲਾਈ ਰੱਖਣਾ। ਇਸ ਦੇ ਉਲਟ ਉਨਾਂ ਨੇ ਬਚਨੋ ਦੇ ਕੰਮ ਦੀ ਵੀ ਰਿਕਾਰਡਿੰਗ ਦਿਖਾਈ। ਬਚਨੋ ਨੇ ਲੋੜ ਮੁਤਾਬਿਕ ਲਾਈਟਾਂ ਤੇ ਪੱਖੇ ਚਲਾਉਣੇ, ਕੰਮ ਪੂਰਾ ਹੋਣ ‘ਤੇ ਨਾਲੋ-ਨਾਲ ਲਾਈਟਾਂ ਤੇ ਪੱਖੇ ਬੰਦ ਕਰਨੇ, ਕੱਪੜੇ ਤੇ ਬਰਤਨ ਧੋਣ ਲੱਗਿਆਂ ਵੀ ਲੋੜ ਮੁਤਾਬਿਕ ਹੀ ਸਾਬਣ-ਸਰਫ ਵਰਤਣੀ, ਕੱਪੜੇ ਧੋਣ ਤੋਂ ਬਾਅਦ ਬਚੇ ਹੋਏ ਪਾਣੀ ਨੂੰ ਪੌਦਿਆਂ ਵਿਚ ਪਾ ਦੇਣਾ, ਹਰ ਕੰਮ ਨੂੰ ਸਾਫ਼-ਸੁਥਰਾ ਕਰਨਾ, ਵਿਹੜੇ ਵਿਚਲੀ ਪਈ ਗੰਦਗੀ ਸਾਫ਼ ਕਰਕੇ ਕੂੜੇਦਾਨ ਵਿਚ ਪਾਉਣੀ। ਇਸ ਦੇ ਉਲਟ ਭੋਲੀ ਨੇ ਵਿਹੜੇ ਵਿਚਲੀ ਗੰਦਗੀ ਸਾਫ਼ ਕਰਕੇ ਕੂੜਾ ਬਾਹਰ ਗਲੀ ਵਿਚ ਸੁੱਟ ਦੇਣਾ। ਕੰਮ ਦੌਰਾਨ ਭੋਲੀ ਨੇ ਕਈ ਵਾਰ ਮੋਬਾਈਲ ਸੁਣਨਾ। ਸਰਪੰਚ ਸਾਹਿਬ ਨੇ ਭੋਲੀ ਨੂੰ ਰਿਕਾਰਡਿੰਗ ਦਿਖਾ ਕੇ ਪੁੱਛਿਆ, ‘ਕਿਉਂ ਭੋਲੀ, ਹੁਣ ਤੈਨੂੰ ਸਮਝ ਆ ਗਈ ਕਿ ਤੇਰੀ ਤਨਖਾਹ ਬਚਨੋ ਤੋਂ ਘੱਟ ਕਿਉਂ ਹੈ? ਉਹ ਪਾਣੀ, ਲਾਈਟ ਤੇ ਹਰ ਚੀਜ਼ ਦੀ ਬੱਚਤ ਕਰਦੀ ਹੈ ਤੇ ਤੂੰ ਕਿਸੇ ਵੀ ਚੀਜ਼ ਦੀ ਬੱਚਤ ਨਹੀਂ ਕਰਦੀ।’ ਭੋਲੀ ਨੇ ਕਿਹਾ, ‘ਚੰਗਾ ਜੀ, ਅੱਗੇ ਤੋਂ ਮੈਂ ਵੀ ਇਨਾਂ ਚੀਜ਼ਾਂ ਦਾ ਧਿਆਨ ਰੱਖਾਂਗੀ ਤੇ ਤੁਹਾਨੂੰ ਕਿਸੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿਆਂਗੀ।’ ਸਰਪੰਚ ਸਾਹਿਬ ਨੇ ਹੱਸਦਿਆਂ ਕਿਹਾ, ‘ਫੇਰ ਭੋਲੀ ਤੇਰੀ ਤਨਖਾਹ ਵੀ ਵਧ ਜਾਵੇਗੀ ਤੇ ਤੈਨੂੰ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ।’