ਆਓ ਜਾਣੀਏ ਤਿੱਤਲੀ ਦੇ ਜੀਵਨ ਬਾਰੇ

-ਗੁਰਜੋਤ
ਤਿੱਤਲੀ ਸਾਨੂੰ ਸਾਰਿਆਂ ਨੂੰ ਹੀ ਬਹੁਤ ਸੁੰਦਰ ਲੱਗਦੀ ਹੈ। ਉਸਦੇ ਖੰਭਾਂ ਤੇ ਵੱਖੋ ਵੱਖਰੇ ਰੰਗਾਂ ਨਾਲ ਪਏ ਖੂਬਸੂਰਤ ਡਿਜ਼ਾਈਨ ਮਨ ਨੂੰ ਮੋਹ ਲੈਂਦੇ ਹਨ। ਤਿੱਤਲੀ  ਜਦੋਂ ਸੋਹਣੇ ਸੋਹਣੇ ਰੰਗ ਬਿਰੰਗੇ ਫੁੱਲਾਂ ‘ਤੇ ਬੈਠਦੀ ਹੈ ਤਾਂ ਹੋਰ ਵੀ ਪਿਆਰੀ ਲੱਗਦੀ ਹੈ। ਪਰ ਬੱਚਿਓ! ਕੀ ਤੁਸੀਂ ਉਸਦੇ ਜੀਵਨ ਚੱਕਰ ਬਾਰੇ ਜਾਣਦੇ ਹੋ? ਨਹੀਂ ਨਾ। ਸੋ ਆਓ ਅੱਜ ਤੁਹਾਨੂੰ ਤਿੱਤਲੀ ਦੇ ਜੀਵਨ ਚੱਕਰ ਬਾਰੇ ਦੱਸਦੇ ਹਾਂ ਕਿ ਕਿਵੇਂ ਉਹ ਆਪਣੇ ਜੀਵਨ ਦੇ ਵੱਖ ਵੱਖ ਪੜਾਵਾਂ ਵਿੱਚੋਂ ਗੁਜਰਕੇ ਇੱਕ ਸੁੰਦਰ ਤੇ ਖੂਬਸੂਰਤ ਤਿੱਤਲੀ ਦਾ ਰੂਪ ਧਾਰਨ ਕਰਦੀ ਹੈ।
ਬੱਚਿਓ! ਜੋ ਤਿੱਤਲੀਆਂ ਅਸੀਂ ਆਪਣੇ ਦੁਆਲੇ ਉੱਡਦੀਆਂ ਦੇਖਦੇ ਹਾਂ, ਉਹਨਾਂ ਦੀਆਂ ਹਜ਼ਾਰਾਂ ਹੀ ਕਿਸਮਾਂ ਹਨ ਅਤੇ ਇਨਾਂ ਦਾ ਜੀਵਨ ਚੱਕਰ ਇੱਕ ਹਫਤੇ ਤੋਂ ਲੈ ਕੇ ਇੱਕ ਸਾਲ ਤੱਕ ਦਾ ਹੁੰਦਾ ਹੈ। ਤਿੱਤਲੀ ਦੇ ਜੀਵਨ ਦੇ ਚਾਰ ਵੱਖ ਵੱਖ ਪੜਾਅ ਹਨ। ਜਿਸ ਵਿੱਚ ਮੁੱਖ ਤੌਰ ‘ਤੇ ਅੰਡਾ, ਲਾਰਵਾ, ਪਿਊਪਾ ਅਤੇ ਬਾਲਗ ਤਿੱਤਲੀ।
ਅੰਡਾ :-  ਤਿੱਤਲੀ ਦੇ ਜੀਵਨ ਦੀ ਸ਼ੁਰੂਆਤ ਅੰਡੇ ਤੋਂ ਹੁੰਦੀ ਹੈ। ਅੰਡੇ ਦਾ ਆਕਾਰ ਬਹੁਤ ਹੀ ਛੋਟਾ, ਗੋਲ, ਅੰਡਾਕਾਰ ਜਾਂ ਸ਼ੰਕੂ ਅਕਾਰ ਦਾ ਹੁੰਦਾ ਹੈ। ਅੰਡੇ ਦੀ ਬਣਤਰ ਤਿੱਤਲੀ ਦੀ ਕਿਸਮ ਤੇ ਨਿਰਭਰ ਕਰਦੀ ਹੈ। ਆਮ ਤੌਰ ‘ਤੇ ਤਿੱਤਲੀ ਆਪਣੇ ਅੰਡੇ ਪੱਤਿਆਂ ਦੇ ਹੇਠਾਂ ਦਿੰਦੀ ਹੈ, ਜੋ ਕਿ ਖਾਸ ਕਿਸਮ ਦੇ ਚਿਪਚਿਪੇ ਪਦਾਰਥ ਕਾਰਨ ਪੱਤੇ ਦੇ ਹੇਠਾਂ ਚਿਪਕ ਜਾਂਦੇ ਹਨ। ਇਸ ਤਰਾਂ ਉਸਦੇ ਅੰਡੇ ਦੁਸ਼ਮਣ ਕੀੜਿਆਂ ਤੋਂ ਬਚੇ ਰਹਿੰਦੇ ਹਨ, ਜੋ ਅੰਡਿਆਂ ਨੂੰ ਖਾਂਦੇ ਹਨ। ਇਨਾਂ ਅੰਡਿਆਂ ਵਿੱਚ ਧਿਆਨ ਨਾਲ ਦੇਖਣ ਤੇ ਲਾਰਵੇ ਵੱਧਦੇ ਦਿਖਾਈ ਦਿੰਦੇ ਹਨ।
ਲਾਰਵਾ :  ਕਈ ਹਫਤਿਆਂ ਬਾਅਦ ਅੰਡਿਆਂ ਵਿੱਚੋਂ ਲਾਰਵੇ ਨਿਕਲ ਆਉਂਦੇ ਹਨ, ਜਿਨਾਂ ਨੂੰ ਕੈਟਰਪਿੱਲਰ ਕਿਹਾ ਜਾਂਦਾ ਹੈ। ਇਸ ਦੀ ਸ਼ਕਲ ਸੁੰਡੀ ਵਰਗੀ ਹੁੰਦੀ ਹੈ। ਅੰਡੇ ਵਿੱਚੋਂ ਨਿਕਲਣ ਤੋਂ ਤੁਰੰਤ ਬਾਅਦ ਇਹ ਲਾਰਵੇ ਉਹਨਾਂ ਪੱਤਿਆਂ ਨੂੰ ਖਾਣਾ ਸ਼ੁਰੂ ਕਰ ਦਿੰਦੇ ਹਨ, ਜਿਨਾਂ ਪੱਤਿਆਂ ਤੇ ਤਿੱਤਲੀ ਨੇ ਅੰਡੇ ਦਿੱਤੇ। ਇੱਥੋਂ ਇਹ ਪਤਾ ਲੱਗਦਾ ਹੈ ਕਿ ਤਿੱਤਲੀ ਆਪਣੇ ਅੰਡੇ ਪੱਤਿਆਂ ਉੱਤੇ ਹੀ ਕਿਉਂ ਦਿੰਦੀ ਹੈ? ਕਿਉਂਕਿ ਸ਼ੁਰੂ ਵਿੱਚ ਲਾਰਵੇ ਬਹੁਤ ਛੋਟੇ ਹੁੰਦੇ ਹਨ ਅਤੇ ਉਹ ਭੋਜਨ ਦੀ ਭਾਲ ਵਿੱਚ ਦੂਰ ਨਹੀਂ ਜਾ ਸਕਦੇ। ਇਹ ਲਾਰਵੇ ਪੱਤਿਆਂ ਨੂੰ ਲਗਾਤਾਰ ਖਾਂਦੇ ਰਹਿੰਦੇ ਹਨ, ਤਾਂ ਕਿ ਆਪਣਾ ਆਕਾਰ ਤੇਜੀ ਨਾਲ ਵੱਡਾ ਕਰ ਸਕਣ। ਇਹ ਵੀ ਦੇਖਿਆ ਗਿਆ ਹੈ ਕਿ ਕੁਝ ਤਿੱਤਲੀਆਂ ਦੇ ਲਾਰਵੇ ਆਪਣੀ ਸੁਰੱਖਿਆ ਲਈ ਕੀੜੀਆਂ ਨਾਲ ਸਹਿਚਾਰ ਕਰਦੇ ਹਨ, ਉਹ ਦਰੱਖਤ ਦੀਆਂ ਟਾਹਣੀਆਂ ਤੇ ਕੰਪਨ ਪੈਦਾ ਕਰਕੇ ਕੀੜੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ ਅਤੇ ਉਹਨਾਂ ਲਈ ਆਪਣੇ ਸਰੀਰ ਵਿੱਚੋਂ ਸ਼ਹਿਦ ਦੀਆਂ ਬੂੰਦਾਂ ਦਾ ਰਿਸਾਓ ਕਰਦੇ ਹਨ ਤੇ ਬਦਲੇ ਵਿੱਚ ਕੀੜੀਆਂ ਕੈਟਰਪਿੱਲਰ ਨੂੰ ਦੁਸ਼ਮਣ ਜਾਨਵਰਾਂ ਤੋਂ ਸੁਰੱਖਿਆ ਪ੍ਰਦਾਨ ਕਰਦੀਆਂ ਹਨ।
ਪਿਊਪਾ:- ਜਦੋਂ ਲਾਰਵੇ ਦਾ ਆਕਾਰ ਪੂਰਾ ਵੱਧ ਜਾਂਦਾ ਹੈ ਤਾਂ ਉਹ ਪੱਤਿਆਂ ਨੂੰ ਖਾਣਾ ਬੰਦ ਕਰ ਦਿੰਦਾ ਹੈ, ਤੇ ਆਪਣੇ ਅਗਲੇ ਪੜਾਅ ਵਿੱਚ ਜਾਣ ਦੀ ਤਿਆਰੀ ਕਰਦਾ ਹੈ। ਕਿਸੇ ਸੁਰੱਖਿਅਤ ਥਾਂ ਤੇ ਜਾ ਕੇ ਉਹ ਆਪਣੇ ਸਰੀਰ ਵਿੱਚੋਂ ਇੱਕ ਖਾਸ ਕਿਸਮ ਦੇ ਪਦਾਰਥ ਦਾ ਰਿਸਾਓ ਕਰਦਾ ਹੈ, ਜੋ ਉਸਦੇ ਸਰੀਰ ਦੇ ਦੁਆਲੇ ਪਰਤ ਬਣਾ ਕੇ ਢੱਕ ਦਿੰਦਾ ਹੈ। ਇਸ ਤਰਾਂ ਉਹ ਹੁਣ ਇੱਕ ਥਾਂ ਤੇ ਚਿਪਕ ਜਾਂਦਾ ਹੈ ਅਤੇ ਤੁਰ ਫਿਰ ਨਹੀਂ ਸਕਦਾ। ਇਸ ਅਵਸਥਾ ਨੂੰ ਪਿਊਪਾ ਕਹਿੰਦੇ ਹਨ। ਇਸ ਪੜਾਅ ਤੇ ਪਿਊਪੇ ਦੇ ਸਰੀਰ ਅੰਦਰ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਹਨ। ਉਸਦੇ ਖੰਭ ਅਤੇ ਲੱਤਾਂ ਆਦਿ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ। ਭਾਵ ਉਸ ਅੰਦਰ ਛੋਟੀ ਤਿੱਤਲੀ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ।
ਬਾਲਗ ਤਿੱਤਲੀ:- ਕਈ ਹਫਤਿਆਂ ਬਾਅਦ ਜਦੋਂ ਪਿਊਪੇ ਦੇ ਸਰੀਰ ਵਿੱਚ ਇੱਕ ਤਿੱਤਲੀ ਦਾ ਪੂਰੀ ਤਰਾਂ ਵਿਕਾਸ ਹੋ ਜਾਂਦਾ ਹੈ ਤਾਂ ਉਸਦੇ ਖੋਲ ਵਿੱਚੋਂ ਇੱਕ ਬਾਲਗ ਤਿੱਤਲੀ ਬਾਹਰ ਨਿਕਲਦੀ ਹੈ। ਇਸ ਪ੍ਰਕਿਰਿਆ ਨੂੰ ਲਗਭਗ 20 ਤੋਂ 25 ਮਿੰਟ ਲੱਗਦੇ ਹਨ। ਖੋਲ ਵਿੱਚੋਂ ਬਾਹਰ ਨਿਕਲੀ ਤਿੱਤਲੀ ਦੇ ਖੰਭ ਅਤੇ ਲੱਤਾਂ ਬਹੁਤ ਥੋੜੀ ਥਾਂ ਵਿੱਚ ਬੰਦ ਰਹਿਣ ਕਾਰਨ ਸੁੰਗੜੀਆਂ ਹੁੰਦੀਆਂ ਹਨ। ਫਿਰ ਤਿੱਤਲੀ ਆਪਣੇ ਖੰਭਾਂ ਵਿੱਚ ਹਵਾ ਭਰਦੀ ਹੈ ਅਤੇ ਉਹਨਾਂ ਨੂੰ ਸੁਕਾਉਂਦੀ ਹੈ। ਇਸ ਤਰਾਂ ਕੁਝ ਸਮੇਂ ਵਿੱਚ ਹੀ ਉਸਦੇ ਖੰਭ ਅਤੇ ਲੱਤਾਂ ਮਜ਼ਬੂਤ ਹੋ ਜਾਂਦੀਆਂ ਹਨ ਅਤੇ ਉਹ ਉਡਾਰੀ ਭਰ ਲੈਂਦੀ ਹੈ। ਇਸ ਪੜਾਅ ਵਿੱਚ ਤਿੱਤਲੀ ਬਾਲਗ ਹੋਣ ਕਾਰਨ ਆਪਣੀ ਅਗਲੀ ਸੰਤਾਨ ਪੈਦਾ ਕਰਨ ਲਈ ਆਪਣੇ ਸਾਥੀ ਦੀ ਭਾਲ ਵਿੱਚ ਫੁੱਲਾਂ ਦਾ ਰਸ ਪੀਂਦੀ ਫਿਰਦੀ ਹੈ ਅਤੇ ਇਸ ਤਰਾਂ ਤਿੱਤਲੀ ਸਾਡਾ ਸਾਰਿਆਂ ਦਾ ਮਨ ਮੋਹ ਲੈਂਦੀ ਹੈ।