ਵਫਾਦਾਰੀ

ਇਕ ਦੇਸ਼ ਦਾ ਰਾਜਾ ਸੱਤਿਆਵਾਨ ਬੜਾ ਦਿਆਲੂ, ਸਮਝਦਾਰ ਅਤੇ ਦੂਰਅੰਦੇਸ਼ ਸੀ। ਇਕ ਦਿਨ ਜਦੋਂ ਉਹ ਜੰਗਲ ਵਿਚ ਸ਼ਿਕਾਰ ਖੇਡਣ ਗਿਆ ਤਾਂ ਉਸ ਨੂੰ ਇਕ ਬੁੱਢਾ ਗਰੀਬ ਲੱਕੜਹਾਰਾ ਮਿਲਿਆ, ਜੋ ਆਪਣੀ ਗਰੀਬੀ ਤੋਂ ਬਹੁਤ ਦੁਖੀ ਸੀ। ਉਸ ਦੀ ਜੀਵਨ-ਗਾਥਾ ਸੁਣ ਕੇ ਦਿਆਲੂ ਰਾਜਾ ਪਿਘਲ ਗਿਆ। ਉਸ ਨੂੰ ਇਹ ਸੁਣ ਕੇ ਬੇਹੱਦ ਦੁੱਖ ਹੋਇਆ ਕਿ ਬੁੱਢੇ ਲੱਕੜਹਾਰੇ ਦੀ ਆਪਣੀ ਕੋਈ ਔਲਾਦ ਨਹੀਂ ਸੀ। ਉਹ ਆਪਣੀ ਸਰੀਰਕ ਤੌਰ ‘ਤੇ ਬੇਹੱਦ ਕਮਜ਼ੋਰ ਪਤਨੀ ਨਾਲ ਇਕ ਝੁੱਗੀ ਵਿਚ ਰਹਿੰਦਾ ਸੀ। ਦੋ ਵੇਲੇ ਦਾ ਖਾਣਾ ਵੀ ਉਨ੍ਹਾਂ ਨੂੰ ਮੁਸ਼ਕਿਲ ਨਾਲ ਨਸੀਬ ਹੁੰਦਾ ਸੀ, ਜਿਸ ਦੇ ਲਈ ਲੱਕੜਹਾਰੇ ਨੂੰ ਜੰਗਲ ਵਿਚੋਂ ਲੱਕੜੀਆਂ ਕੱਟ ਕੇ ਤੇ ਸ਼ਹਿਰ ਦੇ ਬਾਜ਼ਾਰ ਵਿਚ ਵੇਚਣੀਆਂ ਪੈਂਦੀਆਂ ਸਨ। ਬੁੱਢਾ ਤੇ ਕਮਜ਼ੋਰ ਹੋਣ ਕਰਕੇ ਹੁਣ ਇਹ ਮੁਸ਼ੱਕਤ ਕਰਨੀ ਉਹਦੇ ਲਈ ਬਹੁਤ ਮੁਸ਼ਕਿਲ ਸੀ। ਇਸ ਦੁੱਖ ਦਾ ਸਤਾਇਆ ਲੱਕੜਹਾਰਾ ਜੰਗਲ ਵਿਚ ਜਦੋਂ ਜ਼ਾਰੋਜ਼ਾਰ ਰੋਂਦਾ ਹੋਇਆ ਰਾਜੇ ਸੱਤਿਆਵਾਨ ਨੂੰ ਮਿਲਿਆ ਤਾਂ ਉਸ ਨੇ ਉਸ ਨੂੰ ਦੂਜੇ ਦਿਨ ਆਪਣੇ ਮਹਿਲ ਵਿਚ ਸੱਦਿਆ। ਲੱਕੜਹਾਰਾ ਆਪਣੀ ਪਤਨੀ ਭਾਨੋ ਦੇਵੀ ਨੂੰ ਲੈ ਕੇ ਰਾਜੇ ਦੇ ਦਰਬਾਰ ਵਿਚ ਹਾਜ਼ਰ ਹੋ ਗਿਆ। ਰਾਜੇ ਨੇ ਆਪਣੇ ਨੌਕਰਾਂ-ਚਾਕਰਾਂ ਦੁਆਰਾ ਦੋਵੇਂ ਪਤੀ-ਪਤਨੀ ਦੀ ਖੂਬ ਸੇਵਾ ਕੀਤੀ। ਸੋਹਣੇ-ਸੋਹਣੇ ਕੱਪੜੇ ਪਹਿਨਣ ਵਾਸਤੇ ਦਿੱਤੇ। ਬੇਹੱਦ ਸੁੰਦਰ ਅਤੇ ਸਜੇ ਹੋਏ ਕਮਰੇ ਵਿਚ ਉਨ੍ਹਾਂ ਨੂੰ ਬੇਹੱਦ ਸੁਆਦੀ ਭੋਜਨ ਛਕਾਇਆ। ਦੋਵੇਂ ਪਤੀ-ਪਤਨੀ ਨੇ ਰੱਜ ਕੇ ਭੋਜਨ ਛਕਿਆ। ਆਪਣੀ ਸਿਆਣਪ ਲਈ ਆਪਣੀ ਪਰਜਾ ਵਿਚ ਬੇਹੱਦ ਸਤਿਕਾਰ ਭਰਿਆ ਦਰਜਾ ਰੱਖਣ ਵਾਲੇ ਰਾਜੇ ਸੱਤਿਆਵਾਨ ਨੇ ਉਸ ਬੁੱਢੇ ਲੱਕੜਹਾਰੇ ਪਤੀ ਅਤੇ ਪਤਨੀ ਦੀਆਂ ਹਰਕਤਾਂ ਤੋਂ ਮਹਿਸੂਸ ਕੀਤਾ ਕਿ ਉਹ ਦੋਵੇਂ ਬੇਹੱਦ ਬੇਸਬਰੇ ਅਤੇ ਲਾਲਚੀ ਸੁਭਾਅ ਵਾਲੇ ਹਨ। ਰਾਜੇ ਨੇ ਫੈਸਲਾ ਕੀਤਾ ਕਿ ਉਹ ਲੱਕੜਹਾਰੇ ਅਤੇ ਉਸ ਦੀ ਪਤਨੀ ਨੂੰ ਸਦਾ ਲਈ ਆਪਣੇ ਕੋਲ ਠਹਿਰਾਉਣ ਤੋਂ ਪਹਿਲਾਂ ਉਨ੍ਹਾਂ ਦੀ ਵਫਾਦਾਰੀ ਦੀ ਪਰਖ ਕਰੇਗਾ। ਇਹਦੇ ਲਈ ਉਸ ਨੇ ਇਕ ਯੋਜਨਾ ਬਣਾਈ। ਬੁੱਢਾ-ਬੁੱਢੀ ਨੂੰ ਰਾਜ ਮਹਿਲ ਵਿਚ ਰਹਿੰਦਿਆਂ ਜਦੋਂ ਦੋ ਮਹੀਨੇ ਹੋ ਗਏ ਤਾਂ ਰਾਜੇ ਨੇ ਉਨ੍ਹਾਂ ਦੀ ਪਰਖ ਲਈ ਭੋਜਨ ਵਾਲੇ ਕਮਰੇ ਵਿਚ ਇਕ ਵੱਡਾ ਪਿਆਲਾ ਨੁੱਕਰ ਵਿਚ ਰਖਵਾ ਦਿੱਤਾ, ਜਿਸ ਦਾ ਉੱਪਰੋਂ ਢੱਕਣ ਚੰਗੀ ਤਰ੍ਹਾਂ ਬੰਦ ਕੀਤਾ ਹੋਇਆ ਸੀ। ਰਾਜੇ ਨੇ ਲੱਕੜਹਾਰੇ ਅਤੇ ਉਸ ਦੀ ਪਤਨੀ ਨੂੰ ਕਿਹਾ, ‘ਦੇਖਣਾ, ਇਸ ਪਿਆਲੇ ਵਿਚ ਜੋ ਚੀਜ਼ ਪਈ ਹੈ, ਉਸ ਨੂੰ ਦੇਖਣ ਦਾ ਯਤਨ ਨਾ ਕਰਨਾ। ਤੁਸੀਂ ਮੇਰੇ ਮਹਿਮਾਨ ਹੋ। ਤੁਹਾਨੂੰ ਹਰ ਚੀਜ਼ ਮਿਲ ਜਾਇਆ ਕਰੇਗੀ।’ ਆਪਣੇ ਲਾਲਚੀ ਸੁਭਾਅ ਕਰਕੇ ਬੁੱਢਾ-ਬੁੱਢੀ ਅਕਸਰ ਖਾਣੇ ਵਾਲੇ ਕਮਰੇ ‘ਚੋਂ ਕੁਝ ਨਾ ਕੁਝ ਚੁਰਾ-ਲੁਕਾ ਕੇ ਆਪਣੇ ਕਮਰੇ ਵਿਚ ਲੈ ਜਾਂਦੇ। ਰਾਜੇ ਦੇ ਇਸ ਹੁਕਮ ਦੇ ਬਾਵਜੂਦ ਕਿ ਉਨ੍ਹਾਂ ਨੂੰ ਜੋ ਚਾਹੀਦਾ ਹੈ, ਉਹ ਮੰਗ ਲਿਆ ਕਰਨ, ਉਹ ਮੰਗਣ ਦੀ ਥਾਂ ਮਨਮਰਜ਼ੀ ਕਰਦੇ ਤੇ ਚੀਜ਼ਾਂ ਦੀ ਚੋਰੀ ਕਰਦੇ ਰਹਿੰਦੇ। ਇਕ ਦਿਨ ਉਨ੍ਹਾਂ ਦਾ ਇਹ ਲਾਲਚ ਏਨਾ ਵਧ ਗਿਆ ਕਿ ਉਨ੍ਹਾਂ ਰਾਜੇ ਦੇ ਹੁਕਮ ਦੀ ਪ੍ਰਵਾਹ ਕੀਤੇ ਬਿਨਾਂ ਉਸ ਕੱਪ ਤੋਂ ਢੱਕਣ ਚੁੱਕ ਕੇ ਉਸ ਵਿਚ ਪਈ ਚੀਜ਼ ਦੇਖਣ ਦਾ ਫੈਸਲਾ ਕਰ ਲਿਆ। ਅਗਲੇ ਦਿਨ ਉਤਸੁਕਤਾ ਕਾਰਨ ਉਸ ਬੁੱਢੇ ਲੱਕੜਹਾਰੇ ਨੇ ਸੱਤਿਆਵਾਨ ਦੇ ਹੁਕਮ ਨੂੰ ਅੱਖੋਂ-ਪਰੋਖੇ ਕਰਕੇ ਉਸ ਕੱਪ ਦਾ ਢੱਕਣ ਖੋਲ੍ਹ ਹੀ ਦਿੱਤਾ। ਢੱਕਣ ਖੁੱਲ੍ਹਦੇ ਸਾਰ ਉਸ ਵਿਚ ਬੰਦ ਕੀਤਾ ਇਕ ਚੂਹਾ ਬਾਹਰ ਆ ਗਿਆ ਅਤੇ ਖਾਣ ਵਾਲੇ ਉਸ ਸੁੰਦਰ ਕਮਰੇ ਵਿਚ ਪਈਆਂ ਖਾਣ ਵਾਲੀਆਂ ਵਸਤੂਆਂ ਦਾ ਸੱਤਿਆਨਾਸ ਕਰਨ ਲੱਗਾ। ਰਾਜੇ ਦੇ ਨੌਕਰਾਂ ਨੇ ਉਸ ਨੂੰ ਬੁੱਢੇ ਦੀ ਇਸ ਹਰਕਤ ਬਾਰੇ ਦੱਸਿਆ ਤਾਂ ਉਸ ਨੂੰ ਬਹੁਤ ਗੁੱਸਾ ਆਇਆ। ਉਸ ਨੇ ਦੋਵਾਂ ਨੂੰ ਆਪਣੇ ਸਾਹਮਣੇ ਬੁਲਾ ਕੇ ਖੂਬ ਝਾੜਿਆ ਅਤੇ ਸਜ਼ਾ ਦੇਣ ਦੀ ਧਮਕੀ ਦਿੱਤੀ। ਰਾਜਾ ਕਹਿਣ ਲੱਗਾ, ‘ਮੈਂ ਇਹੀ ਦੇਖਣਾ ਚਾਹੁੰਦਾ ਸਾਂ ਕਿ ਤੁਸੀਂ ਕਿੰਨੇ ਕੁ ਵਫਾਦਾਰ ਹੋ। ਮੈਂ ਤੁਹਾਨੂੰ ਜਿਸ ਕੰਮ ਤੋਂ ਰੋਕਿਆ ਸੀ, ਤੁਸੀਂ ਉਹੀ ਕੀਤਾ। ਤੁਸੀਂ ਭਰੋਸੇਯੋਗ ਨਹੀਂ ਹੋ।’ ਇਹ ਕਹਿ ਕੇ ਰਾਜੇ ਨੇ ਮੁੜ ਉਨ੍ਹਾਂ ਨੂੰ ਉਨ੍ਹਾਂ ਦੀ ਝੁੱਗੀ ਵੱਲ ਤੋਰ ਦਿੱਤਾ। ਉਨ੍ਹਾਂ ਬਹੁਤ ਤਰਲੇ-ਮਿੰਨਤਾਂ ਕੀਤੀਆਂ ਪਰ ਰਾਜੇ ‘ਤੇ ਕੋਈ ਅਸਰ ਨਾ ਹੋਇਆ।