ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਪਾਣੀ

ਪੁਰਾਣੇ ਸਮੇਂ ਦੀ ਗੱਲ ਹੈ, ਇਕ ਰਾਜ ਦਾ ਰਾਜਾ ਦਰਬਾਰ ਲਾਈ ਬੈਠਾ ਸੀ। ਅਚਾਨਕ ਉਸ ਨੇ ਸਾਰੇ ਦਰਬਾਰੀਆਂ ਨੂੰ ਮੁਖਾਤਿਬ ਹੁੰਦਿਆਂ ਇਕ ਸਵਾਲ ਕੀਤਾ, ‘ਕੋਈ ਮੈਨੂੰ ਇਹ ਦੱਸੇ ਕਿ ਦੁਨੀਆ ਵਿਚ ਸਭ ਤੋਂ ਕੀਮਤੀ ਚੀਜ਼ ਕਿਹੜੀ ਹੈ?’ ਇਹ ਸੁਣ ਕੇ ਸਾਰੇ ਦਰਬਾਰੀਆਂ ਨੇ ਆਪੋ-ਆਪਣੀ ਸੂਝ ਮੁਤਾਬਿਕ ਜਵਾਬ ਦੇਣੇ ਸ਼ੁਰੂ ਕੀਤੇ। ਇਕ ਨੇ ਕਿਹਾ, ‘ਮਹਾਰਾਜ, ਹੀਰਾ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਹੈ।’ ਹੋਰ ਨੇ ਕਿਹਾ, ‘ਮਹਾਰਾਜ, ਮੋਤੀ ਹੀਰੇ ਤੋਂ ਵੀ ਵੱਧ ਕੀਮਤੀ ਚੀਜ਼ ਹੈ।’ ਕਿਸੇ ਹੋਰ ਨੇ ਕਿਹਾ, ‘ਮਹਾਰਾਜ, ਸੋਨਾ ਸਭ ਤੋਂ ਵੱਧ ਕੀਮਤੀ ਚੀਜ਼ ਹੈ।’ ਅਖੀਰ ‘ਤੇ ਇਕ ਦਰਬਾਰੀ ਉੱਠਿਆ ਤੇ ਬੋਲਿਆ, ‘ਮਹਾਰਾਜ, ਪਾਣੀ ਦੁਨੀਆ ਦੀ ਸਭ ਤੋਂ ਵੱਧ ਕੀਮਤੀ ਚੀਜ਼ ਹੈ, ਜਿਸ ਦਾ ਕੋਈ ਮੁੱਲ ਹੀ ਨਹੀਂ।’ ਰਾਜਾ ਇਹ ਸੁਣ ਕੇ ਹੈਰਾਨ ਹੋ ਗਿਆ ਤੇ ਬੋਲਿਆ ਕਿ, ‘ਕੀ ਤੂੰ ਸਿੱਧ ਕਰ ਸਕਦਾ ਹੈਂ ਕਿ ਪਾਣੀ ਦਾ ਕੋਈ ਮੁੱਲ ਨਹੀਂ ਹੈ ਤੇ ਇਹੀ ਸਭ ਤੋਂ ਵੱਧ ਕੀਮਤੀ ਹੈ?’ ਦਰਬਾਰੀ ਨੇ ਕਿਹਾ, ‘ਮਹਾਰਾਜ, ਮੈਂ ਇਹ ਸਿੱਧ ਕਰ ਦਿਆਂਗਾ ਪਰ ਉਚਿਤ ਸਮਾਂ ਆਉਣ ‘ਤੇ ਹੀ ਸਿੱਧ ਕਰਾਂਗਾ।’ ਇਹ ਦਰਬਾਰੀ ਉਸ ਸਮੇਂ ਦੀ ਤਲਾਸ਼ ਵਿਚ ਸੀ, ਜਦੋਂ ਕਿ ਉਹ ਇਹ ਸਿੱਧ ਕਰ ਦੇਵੇ ਕਿ ਪਾਣੀ ਹੀ ਸਭ ਤੋਂ ਜ਼ਿਆਦਾ ਕੀਮਤੀ ਹੈ। ਕੁਝ ਸਮੇਂ ਬਾਅਦ ਇਕ ਦਿਨ ਰਾਜੇ ਦਾ ਦਿਲ ਸ਼ਿਕਾਰ ਖੇਡਣ ਨੂੰ ਕੀਤਾ। ਉਸ ਨੇ ਉਸ ਦਰਬਾਰੀ ਨੂੰ ਕਿਹਾ ਕਿ ਉਹ ਉਸ ਨਾਲ ਸ਼ਿਕਾਰ ਖੇਡਣ ਚੱਲੇ ਪਰ ਦਰਬਾਰੀ ਨੇ ਰਾਜੇ ਅੱਗੇ ਸ਼ਰਤ ਰੱਖ ਦਿੱਤੀ ਕਿ ਉਹ ਆਪ ਜੀ ਨਾਲ ਸ਼ਿਕਾਰ ਖੇਡਣ ਜਾ ਸਕਦਾ ਹੈ ਪਰ ਨਾਲ ਹੋਰ ਕੋਈ ਨਹੀਂ ਜਾਵੇਗਾ। ਰਾਜਾ ਮੰਨ ਗਿਆ ਤੇ ਉਹ ਦਰਬਾਰੀ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਚਲਾ ਗਿਆ। ਦਰਬਾਰੀ ਬੁੱਧੀਮਾਨ ਸੀ। ਉਸ ਨੇ ਸਾਫ਼ ਪਾਣੀ ਦਾ ਇਕ ਲੋਟਾ ਨਾਲ ਲੁਕੋ ਕੇ ਰੱਖ ਲਿਆ। ਸ਼ਿਕਾਰ ਖੇਡਦਿਆਂ-ਖੇਡਦਿਆਂ ਕਾਫੀ ਦੇਰ ਹੋ ਗਈ ਤਾਂ ਰਾਜੇ ਨੇ ਦਰਬਾਰੀ ਨੂੰ ਕਿਹਾ, ‘ਸ਼ਿਕਾਰ ਖੇਡਦਿਆਂ ਪਿਆਸ ਲੱਗ ਗਈ ਹੈ, ਕਿਤਿਓਂ ਪਾਣੀ ਦਾ ਪ੍ਰਬੰਧ ਕਰਕੇ ਲਿਆਵੇ।’ ਦਰਬਾਰੀ ਨੇ ਮੌਕਾ ਤਾੜਦਿਆਂ ਇਕ ਹੀਰਾ ਕੱਢਿਆ ਤੇ ਰਾਜੇ ਦੇ ਹੱਥ ‘ਤੇ ਰੱਖ ਕੇ ਬੋਲਿਆ, ‘ਮਹਾਰਾਜ! ਹੀਰਾ ਸਭ ਤੋਂ ਕੀਮਤੀ ਚੀਜ਼ ਹੈ, ਇਸ ਨਾਲ ਆਪ ਜੀ ਦੀ ਪਿਆਸ ਮਿਟ ਸਕਦੀ ਹੈ।’ ਰਾਜੇ ਨੂੰ ਗੁੱਸਾ ਆਇਆ ਤੇ ਉਹ ਬੋਲਿਆ ਕਿ ‘ਤੂੰ ਮੂਰਖਾਂ ਵਾਲੀਆਂ ਗੱਲਾਂ ਨਾ ਕਰ, ਸੋਨੇ, ਹੀਰੇ, ਮੋਤੀਆਂ ਨਾਲ ਪਿਆਸ ਨਹੀਂ ਮਿਟ ਸਕਦੀ, ਤੂੰ ਪਾਣੀ ਦਾ ਪ੍ਰਬੰਧ ਕਰਕੇ ਲਿਆ।’ ਦਰਬਾਰੀ ਚਲਾ ਗਿਆ ਤੇ ਕਾਫੀ ਦੇਰ ਬਾਅਦ ਮੁੜਿਆ। ਰਾਜੇ ਨੂੰ ਪਿਆਸ ਹੋਰ ਲੱਗ ਗਈ। ਪਿਆਸ ਨਾਲ ਉਸ ਦਾ ਬੁਰਾ ਹਾਲ ਹੋ ਰਿਹਾ ਸੀ। ਦਰਬਾਰੀ ਨੇ ਕਿਹਾ, ‘ਮਹਾਰਾਜ, ਪਾਣੀ ਤਾਂ ਕਿਤਿਓਂ ਵੀ ਨਹੀਂ ਮਿਲਿਆ।’ ਰਾਜੇ ਨੇ ਸੁੱਕੇ ਹੋਏ ਗਲੇ ਨਾਲ ਦਰਬਾਰੀ ਨੂੰ ਕਿਹਾ, ‘ਪਿਆਸ ਨਾਲ ਮੇਰਾ ਗਲਾ ਸੁੱਕ ਗਿਆ ਹੈ, ਪਿਆਸ ਨਾਲ ਮੇਰੀ ਜਾਨ ਨਿਕਲ ਰਹੀ ਹੈ ਤੇ ਤੂੰ ਕਿਤਿਓਂ ਪਾਣੀ ਨਹੀਂ ਲਿਆ ਰਿਹਾ।’ ਦਰਬਾਰੀ ਨੇ ਰਾਜੇ ਦੀ ਹਾਲਤ ਦੇਖੀ, ਵਾਕਿਆ ਹੀ ਉਹ ਪਾਣੀ ਤੋਂ ਬਿਨਾਂ ਤੜਫ ਰਿਹਾ ਸੀ। ਉਸ ਦਾ ਬੁਰਾ ਹਾਲ ਹੋ ਰਿਹਾ ਸੀ। ਦਰਬਾਰੀ ਨੇ ਪਾਣੀ ਦਾ ਲੋਟਾ ਕੱਢਿਆ ਤੇ ਰਾਜੇ ਦੇ ਹੱਥ ਫੜਾ ਦਿੱਤਾ। ਰਾਜਾ ਗਟਾਗਟ ਪਾਣੀ ਪੀਣ ਲੱਗਾ। ਰਾਜਾ ਕਾਫੀ ਸਾਰਾ ਪਾਣੀ ਪੀ ਗਿਆ ਤੇ ਉਸ ਦੀ ਜਾਨ ‘ਚ ਜਾਨ ਆਈ। ਦਰਬਾਰੀ ਬੋਲਿਆ ਕਿ ‘ਹੇ ਮਹਾਰਾਜ! ਤੁਹਾਨੂੰ ਥੋੜ੍ਹੀ ਦੇਰ ਪਾਣੀ ਨਾ ਮਿਲਦਾ ਤਾਂ ਤੁਹਾਨੂੰ ਪਤਾ ਹੈ ਕਿ ਤੁਹਾਡਾ ਕੀ ਹਾਲ ਹੋ ਸਕਦਾ ਸੀ। ਮਹਾਰਾਜ, ਹੁਣ ਤੁਸੀਂ ਆਪ ਹੀ ਦੱਸੋ ਕਿ ਪਾਣੀ ਹੀ ਦੁਨੀਆ ਦੀ ਸਭ ਤੋਂ ਵੱਧ ਕੀਮਤੀ ਚੀਜ਼ ਹੈ ਤੇ ਇਸ ਦਾ ਕੋਈ ਮੁੱਲ ਨਹੀਂ ਹੈ।’ ਰਾਜਾ ਖੁਸ਼ ਹੁੰਦਾ ਹੋਇਆ ਬੋਲਿਆ ਕਿ ਤੂੰ ਠੀਕ ਹੀ ਕਿਹਾ ਸੀ ਕਿ ਪਾਣੀ ਦਾ ਕੋਈ ਮੁੱਲ ਨਹੀਂ ਹੈ। ਵਾਕਿਆ ਹੀ ਇਹ ਬਹੁਤ ਕੀਮਤੀ ਹੈ। ਥੋੜ੍ਹੀ ਦੇਰ ਮੈਨੂੰ ਪਾਣੀ ਨਾ ਮਿਲਦਾ ਤਾਂ ਮੈਂ ਮਰ ਸਕਦਾ ਸੀ। ਸਿੱਖਿਆ : ਬੱਚਿਓ, ਪਾਣੀ ਪਰਮਾਤਮਾ ਦੀ ਬਖਸ਼ੀ ਹੋਈ ਉਹ ਵਡਮੁੱਲੀ ਦਾਤ ਹੈ, ਜਿਸ ਦੀ ਕੋਈ ਵੀ ਕੀਮਤ ਨਹੀਂ ਹੈ। ਇਸ ਕਰਕੇ ਪਾਣੀ ਦੀ ਵੱਧ ਤੋਂ ਵੱਧ ਸੰਭਾਲ ਕੀਤੀ ਜਾਵੇ। ਪਾਣੀ ਦੀ ਦੁਰਵਰਤੋਂ ਨਾ ਕੀਤੀ ਜਾਵੇ ਤੇ ਨਾ ਹੀ ਕਿਸੇ ਨੂੰ ਕਰਨ ਦਿਓ।